ਚੋਣ ਕਮਿਸ਼ਨ ਨੂੰ ‘ਮ੍ਰਿਤ’ ਮੰਨਦੇ ਹਨ ਅਖਿਲੇਸ਼ ਯਾਦਵ

Saturday, Feb 08, 2025 - 04:39 PM (IST)

ਚੋਣ ਕਮਿਸ਼ਨ ਨੂੰ ‘ਮ੍ਰਿਤ’ ਮੰਨਦੇ ਹਨ ਅਖਿਲੇਸ਼ ਯਾਦਵ

ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਵੀਰਵਾਰ ਨੂੰ ਭਾਜਪਾ ’ਤੇ ਗੰਭੀਰ ਦੋਸ਼ ਲਾਏ, ਚੋਣ ਦੁਰਵਿਵਹਾਰ ਦਾ ਦੋਸ਼ ਲਗਾਇਆ ਅਤੇ ਚੋਣ ਕਮਿਸ਼ਨ ਨੂੰ ‘ਮ੍ਰਿਤ’ ਐਲਾਨ ਦਿੱਤਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ਪੁਲਸ ਦੀ ਮਦਦ ਨਾਲ ਮਿਲਕੀਪੁਰ ਉਪ-ਚੋਣ ’ਚ ਵੱਡੇ ਪੱਧਰ ’ਤੇ ਵੋਟਰਾਂ ਨੂੰ ਦਬਾਉਣ ਅਤੇ ਦੁਰਵਿਵਹਾਰ ’ਚ ਸ਼ਾਮਲ ਰਹੀ। ਸਦਨ ਦੇ ਬਾਹਰ, ਸਪਾ ਦੇ ਸੰਸਦ ਮੈਂਬਰਾਂ ਨੇ ਇਕ ਸ਼ਵ ਯਾਤਰਾ ਕੱਢੀ, ਜਿਸ ’ਚ ‘ਚੋਣ ਕਮਿਸ਼ਨ’ ਸ਼ਬਦਾਂ ਦੇ ਨਾਲ ਇਕ ਸਫੈਦ ਕੱਫਣ ਲਿਆ ਹੋਇਆ ਸੀ ਅਤੇ ਚੋਣ ਕਮਿਸ਼ਨ ਨੂੰ ਉਸ ਦੇ ਰਵੱਈਏ ਦੇ ਮੱਦੇਨਜ਼ਰ ਇਸ ਨੂੰ ਪਹਿਨਣ ਲਈ ਕਿਹਾ ਜਦਕਿ ਭਾਜਪਾ ਨੇ ਸਪਾ ’ਤੇ ਸੰਸਦ ਦੇ ਮਾਣ ਨੂੰ ਸੱਟ ਮਾਰਨ ਅਤੇ ਇਕ ਸੰਵਿਧਾਨਿਕ ਸੰਸਥਾ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ।

ਲਾਲੂ ਨੇ ਆਪਣੀ ਪਾਰਟੀ ਦੇ ਮੁੱਖ ਵਾਅਦਿਆਂ ’ਤੇ ਜ਼ੋਰ ਦਿੱਤਾ : ਬਿਹਾਰ ’ਚ ਸਿਆਸੀ ਹਲਚਲ ਬਹੁਤ ਵਧ ਗਈ ਹੈ, ਕਿਉਂਕਿ ਰਾਜਦ ਮੁਖੀ ਲਾਲੂ ਪ੍ਰਸਾਦ ਨੇ ਬਿਹਾਰ ਦੇ ਲੋਕਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਉਨ੍ਹਾਂ ਦੀ ਪਾਰਟੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਹੈ ਤਾਂ ਜੋ ਉਨ੍ਹਾਂ ਦਾ ਬੇਟਾ ਤੇਜਸਵੀ ਯਾਦਵ ਅਗਲੇ ਮੁੱਖ ਮੰਤਰੀ ਦੇ ਰੂਪ ’ਚ ਆਪਣੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਸਕੇ। ਨਾਲੰਦਾ ’ਚ ਇਕ ਸਮਾਰੋਹ ’ਚ ਬੋਲਦੇ ਹੋਏ ਲਾਲੂ ਨੇ ਆਉਣ ਵਾਲੇ ਕਾਰਜਕਾਲ ਲਈ ਆਪਣੀ ਪਾਰਟੀ ਦੇ ਮੁੱਖ ਵਾਅਦਿਆਂ ’ਤੇ ਜ਼ੋਰ ਦਿੱਤਾ ਜਿਸ ’ਚ ਔਰਤਾਂ ਦੇ ਬੈਂਕ ਖਾਤਿਆਂ ’ਚ 25,00 ਰੁਪਏ ਪ੍ਰਤੀ ਮਹੀਨਾ, ਝਾਰਖੰਡ ’ਚ ਪਹਿਲਾਂ ਤੋਂ ਹੀ ਲਾਗੂ ਇਕ ਯੋਜਨਾ ਅਤੇ ਸਾਰੇ ਸੂਬਾ ਵਾਸੀਆਂ ਲਈ 200 ਯੂਨਿਟ ਤੱਕ ਮੁਫਤ ਬਿਜਲੀ ਸ਼ਾਮਲ ਹੈ।

ਦੂਜੇ ਪਾਸੇ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੀ ‘ਪ੍ਰਗਤੀ ਯਾਤਰਾ’ ਦੇ ਚੌਥੇ ਪੜਾਅ ਦੇ ਹਿੱਸੇ ਦੇ ਰੂਪ ’ਚ ਮੁੰਗੇਰ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ 440 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਖੇਤਰ ’ਚ ਬੁਨਿਆਦੀ ਢਾਂਚੇ ਅਤੇ ਜਨਤਕ ਸੇਵਾਵਾਂ ਨੂੰ ਬੜ੍ਹਾਵਾ ਦੇਣ ਦੇ ਮਕਸਦ ਨਾਲ ਕੁੱਲ 1500 ਕਰੋੜ ਰੁਪਏ ਦੇ ਨਵੇਂ ਵਿਕਾਸ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ। ਇਹ ਯਾਤਰਾ ਨਿਤੀਸ਼ ਕੁਮਾਰ ਦੀ ‘ਪ੍ਰਗਤੀ ਯਾਤਰਾ’ ਰਾਹੀਂ ਸਰਕਾਰ ਨੂੰ ਅੱਗੇ ਵਧਾਉਣ ਲਈ ਨਿਰੰਤਰ ਕੋਸ਼ਿਸ਼ਾਂ ਨੂੰ ਦਰਸਾਉਂਦੀ ਹੈ ਜੋ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਕਰਨ ਅਤੇ ਨਵੇਂ ਪ੍ਰਾਜੈਕਟਾਂ ਦਾ ਐਲਾਨ ਕਰਨ ’ਤੇ ਕੇਂਦ੍ਰਿਤ ਇਕ ਰਾਜ ਪੱਧਰੀ ਪਹਿਲ ਹੈ।

ਬਿਹਾਰ ’ਚ ਦਲਿਤ ਭਾਈਚਾਰੇ ਨੂੰ ਵਾਪਸ ਲਿਆਉਣ ਲਈ ਜਾਗਰੂਕ ਕੋਸ਼ਿਸ਼ ਕਰ ਰਹੀ ਕਾਂਗਰਸ: ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਆਪਣੇ ਰਵਾਇਤੀ ਵੋਟਰਾਂ ਨੂੰ ਵਾਪਸ ਲਿਆਉਣ ’ਤੇ ਜ਼ੋਰ ਦੇ ਰਹੀ ਹੈ ਅਤੇ ਦਲਿਤ ਭਾਈਚਾਰੇ ਨੂੰ ਵਾਪਸ ਲਿਆਉਣ ਲਈ ਜਾਗਰੂਕ ਕੋਸ਼ਿਸ਼ ਕਰ ਰਹੀ ਹੈ। 2022 ਬਿਹਾਰ ਜਾਤੀ ਆਧਾਰਿਤ ਸਰਵੇਖਣ ਦੇ ਅਨੁਸਾਰ ਬਿਹਾਰ ਦੀ ਦਲਿਤ ਆਬਾਦੀ 19.65 ਫੀਸਦੀ ਹੈ। ਇਹ 2011 ਦੀ ਜਨਗਣਨਾ ਨਾਲੋਂ 3.75 ਫੀਸਦੀ ਦਾ ਵਾਧਾ ਹੈ।

ਹਾਲਾਂਕਿ, ਕਾਂਗਰਸ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਦਾ ਸੰਵਿਧਾਨ ਅਤੇ ਸ਼ਮੂਲੀਅਤ ’ਤੇ ਜ਼ੋਰ ਮੁਸਲਿਮ ਅਤੇ ਦਲਿਤ ਵੋਟਰਾਂ ਦੇ ਅੰਦਰ ਡੂੰਘਾਈ ਨਾਲ ਸਮਾ ਗਿਆ ਹੈ, ਜੋ ਉਨ੍ਹਾਂ ਨੂੰ ਆਪਣੇ ਮੁੱਦਿਆਂ ਨੂੰ ਆਵਾਜ਼ ਦੇਣ ਵਾਲੇ ਸਭ ਤੋਂ ਪ੍ਰਮੁੱਖ ਵਿਅਕਤੀ ਦੇ ਰੂਪ ’ਚ ਦੇਖਦੇ ਹਨ। ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਨ ਜਦ ਦਲਿਤ ਅਤੇ ਕਮਜ਼ੋਰ ਵਰਗ ਭਾਰਤ ਦੀ ਹਰ ਸੰਸਥਾ ’ਚ ਲੀਡਰਸ਼ਿਪ ਨੂੰ ਸੰਭਾਲਣਗੇ ਕਿਉਂਕਿ ਉਨ੍ਹਾਂ ਨੇ ਦੇਸ਼ ਪੱਧਰੀ ਜਾਤੀ ਜਨਗਣਨਾ ਦੀ ਲੋੜ ਦੁਹਰਾਈ।

ਯੂ. ਜੀ. ਸੀ. ਕਾਨੂੰਨ, 2025 ਦੇ ਖਰੜੇ ਦਾ ਵਿਰੋਧ ਕੀਤਾ ਬੀਜਦ ਨੇ : ਬੀਜੂ ਜਨਤਾ ਦਲ (ਬੀਜਦ) ਨੇ ਯੂ. ਜੀ. ਸੀ. ਕਾਨੂੰਨ, 2025 ਦੇ ਖਰੜੇ ਦਾ ਵਿਰੋਧ ਕੀਤਾ ਅਤੇ ਕੁਲਪਤੀਆਂ ਅਤੇ ਹੋਰ ਸਿੱਖਿਆ ਕਰਮਚਾਰੀਆਂ ਦੀ ਨਿਯੁਕਤੀ ਦੀ ਪ੍ਰਸਤਾਵਿਤ ਵਿਵਸਥਾ ਨੂੰ ਖਾਰਿਜ ਕਰ ਦਿੱਤਾ। ਬੀਜਦ ਤਾਲਮੇਲ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਮਰ ਪਟਨਾਇਕ ਨੇ ਮੀਡੀਆ ਨੂੰ ਦੱਸਿਆ ਕਿ ਖਰੜਾ ਨਿਯਮਾਂ ਦਾ ਸਭ ਤੋਂ ਖਤਰਨਾਕ ਪਹਿਲੂ ਸ਼ਕਤੀਆਂ ਦਾ ਬਹੁਤ ਜ਼ਿਆਦਾ ਕੇਂਦਰੀਕਰਨ ਅਤੇ ਰਾਜਪਾਲਾਂ ਨੂੰ ਪੂਰਨ ਅਧਿਕਾਰ ਦੇਣਾ ਹੈ ਜੋ ਯੂਨੀਵਰਸਿਟੀਆਂ ਦੇ ਕੁਲਪਤੀਆਂ ਅਤੇ ਸਿੱਖਿਆ ਕਰਮਚਾਰੀਆਂ ਦੀ ਨਿਯੁਕਤੀ ’ਚ ਕੇਂਦਰ ਦੇ ਪ੍ਰਭਾਵ ’ਚ ਕੰਮ ਕਰਦੇ ਹਨ।

ਨਿਤੀਸ਼ ਕੁਮਾਰ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਵਕਾਲਤ : ਇਸ ਸਾਲ ਅਕਤੂਬਰ-ਨਵੰਬਰ ’ਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ, ਸ਼ਿਵਹਰ ਤੋਂ ਜਦ-ਯੂ ਦੀ ਲੋਕ ਸਭਾ ਮੈਂਬਰ ਲਵਲੀ ਆਨੰਦ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੀ. ਐੱਮ. ਨਿਤੀਸ਼ ਕੁਮਾਰ ਨੂੰ ਸ਼ਾਸਨ ਅਤੇ ਵਿਕਾਸ ’ਚ ਉਨ੍ਹਾਂ ਦੇ ਯੋਗਦਾਨ ਲਈ ਭਾਰਤ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੀ ਮੰਗ ਕੀਤੀ। ਲੋਕ ਸਭਾ ’ਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਧੰਨਵਾਦ ਮਤੇ ’ਤੇ ਬਹਿਸ ’ਚ ਹਿੱਸਾ ਲੈਂਦੇ ਹੋਏ ਲਵਲੀ ਨੇ ਕਿਹਾ, ‘‘ਉਨ੍ਹਾਂ ਦੀ ਅਗਵਾਈ ’ਚ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਪ੍ਰਯਾਸ’ ਦਾ ਮੰਤਵ ਪੂਰੀ ਤਰ੍ਹਾਂ ਨਾਲ ਸਾਕਾਰ ਹੋ ਰਿਹਾ ਹੈ।’’

ਹਾਲਾਂਕਿ ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਨੂੰ ਭਾਰਤ ਰਤਨ ਿਦੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਰਗਰਮ ਸਿਆਸਤ ਤੋਂ ਹਟਾਉਣਾ ਸੌਖਾ ਹੋ ਸਕਦਾ ਹੈ। ਉਨ੍ਹਾਂ ਦੇ ਸਮਰਥਕਾਂ ਵਿਚਾਲੇ ਸਦਭਾਵਨਾ ਪੈਦਾ ਹੋ ਸਕਦੀ ਹੈ ਅਤੇ ਇਸ ਨਾਲ ਭਾਜਪਾ ਦੇ ਹੱਥਾਂ ’ਚ ਸਿਆਸੀ ਸੱਤਾ ਦਾ ਤਬਾਦਲਾ ਸੌਖਾ ਹੋ ਸਕਦਾ ਹੈ।

–ਰਾਹਿਲ ਨੋਰਾ ਚੋਪੜਾ
 


author

Tanu

Content Editor

Related News