ਸਿੱਖਿਆ ਬੱਚਿਆਂ ਨੂੰ ਜ਼ਿੰਦਗੀ ਲਈ ਤਿਆਰ ਕਰਨ ਵਾਲੀ ਹੋਣੀ ਚਾਹੀਦੀ ਹੈ, ਉਨ੍ਹਾਂ ਦਾ ਬਚਪਨ ਖੋਹਣ ਵਾਲੀ ਨਹੀਂ
Monday, Jan 26, 2026 - 04:25 PM (IST)
ਇਹ ਬਹੁਤ ਦੁਖਦਾਈ ਦ੍ਰਿਸ਼ ਹੁੰਦਾ ਹੈ ਜਦੋਂ ਤੁਸੀਂ ਛੋਟੇ ਬੱਚਿਆਂ ’ਤੇ ਇੰਨਾ ਜ਼ਿਆਦਾ ਦਬਾਅ ਦੇਖਦੇ ਹੋ। ਨਰਸਰੀ ਫਾਰਮ ਤੋਂ ਲੈ ਕੇ ਕਾਲਜ ਕੱਟ-ਆਫ ਤੱਕ-ਚਿੰਤਾ ਦਾ ਇਕ ਲੰਬਾ ਸਫ਼ਰ। ਇਹ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਲਦੀ ਸ਼ੁਰੂ ਹੋ ਜਾਂਦਾ ਹੈ। ਇਹ ਇਕ ਡਰਾਉਣੀ ਕਹਾਣੀ ਹੈ ਜਦੋਂ ਤੁਸੀਂ ਨੌਜਵਾਨ ਮਾਪਿਆਂ ਨੂੰ ਟੈਂਸ਼ਨ ਵਿਚ ਦੇਖਦੇ ਹੋ, ਬੋਰਡ ਪ੍ਰੀਖਿਆਵਾਂ ਜਾਂ ਕਰੀਅਰ ਚੁਣਨ ਲਈ ਨਹੀਂ, ਸਗੋਂ ਨਰਸਰੀ ਐਡਮਿਸ਼ਨ ਫਾਰਮਾਂ ਲਈ। ਇਕ ਬੱਚਾ ਜੋ ਅਜੇ-ਅਜੇ ਡਾਇਪਰਾਂ ਵਿਚੋਂ ਬਾਹਰ ਨਿਕਲਿਆ ਹੈ, ਉਸ ਤੋਂ ਅਚਾਨਕ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿੱਧਾ ਬੈਠੇ, ਸਵਾਲਾਂ ਦੇ ਜਵਾਬ ਦੇਵੇ ਅਤੇ ਕਲਾਸਰੂਮ ਇੰਟਰਵਿਊ ਵਿਚ ਅਜਨਬੀਆਂ ਨੂੰ ਪ੍ਰਭਾਵਿਤ ਕਰੇ। ਮਾਪਿਆਂ ਲਈ, ਖਾਸ ਕਰਕੇ ਮਾਵਾਂ ਲਈ, ਇਹ ਸਿੱਖਿਆ ਪ੍ਰਣਾਲੀ ਦਾ ਪਹਿਲਾ ਤਜਰਬਾ ਹੁੰਦਾ ਹੈ ਜੋ ਨਾ ਸਿਰਫ਼ ਬੱਚੇ ਦਾ, ਸਗੋਂ ਪੂਰੇ ਪਰਿਵਾਰ ਦੇ ਸਬਰ ਦਾ ਇਮਤਿਹਾਨ ਲੈਂਦੀ ਹੈ।
ਸਕੂਲ ਐਡਮਿਸ਼ਨ ਦਾ ਸਟ੍ਰੈੱਸ ਚੁੱਪ-ਚੁਪੀਤੇ ਮਾਡਰਨ ਪੇਰੈਂਟਿੰਗ ਦੇ ਸਭ ਤੋਂ ਥਕਾ ਦੇਣ ਵਾਲੇ ਸਫ਼ਰਾਂ ਵਿਚੋਂ ਇਕ ਬਣ ਗਿਆ ਹੈ। ਇਹ ਫਾਊਂਡੇਸ਼ਨ ਕਲਾਸ ਅਤੇ ਨਰਸਰੀ ਸਕੂਲ ਤੋਂ ਸ਼ੁਰੂ ਹੁੰਦਾ ਹੈ ਅਤੇ ਬਿਨਾਂ ਰੁਕੇ ਕਾਲਜ ਐਡਮਿਸ਼ਨ ਤੱਕ ਚੱਲਦਾ ਰਹਿੰਦਾ ਹੈ। ਜੋ ਕਦੇ ਇਕ ਪੜਾਅ ਸੀ, ਉਹ ਹੁਣ ਫਾਰਮ, ਇੰਟਰਵਿਊ, ਕੋਚਿੰਗ ਕਲਾਸਾਂ, ਤੁਲਨਾ ਅਤੇ ਲਗਾਤਾਰ ਖੁਦ ’ਤੇ ਸ਼ੱਕ ਕਰਨ ਦੀ 10 ਸਾਲ ਲੰਬੀ ਮੈਰਾਥਨ ਬਣ ਗਿਆ ਹੈ। ਇਹ ਹਰ ਕਿਸੇ ਨੂੰ ਚਿੰਤਤ ਅਤੇ ਗੁੱਸਾ ਦਿਵਾਉਂਦਾ ਹੈ, ਪਰ ਫਿਰ ਵੀ ਉਹ ਲਾਚਾਰ ਹੁੰਦੇ ਹਨ।
ਬੱਚੇ ਲਈ, ਨਰਸਰੀ ਐਡਮਿਸ਼ਨ ਇੰਟਰਵਿਊ ਅਕਸਰ ਡਰਾਉਣੇ ਹੋਣ ਦੀ ਬਜਾਏ ਉਲਝਣ ਵਾਲੇ ਹੁੰਦੇ ਹਨ। ਬੱਚਾ ਨਹੀਂ ਸਮਝ ਪਾਉਂਦਾ ਕਿ ਅਣਜਾਣ ਵੱਡਿਆਂ ਨਾਲ ਭਰਿਆ ਕਮਰਾ ਅਚਾਨਕ ਉਸ ਤੋਂ ਉਸਦਾ ਨਾਂ, ਮਨਪਸੰਦ ਰੰਗ, ਜਾਂ ਅਜਿਹੀਆਂ ਚੀਜ਼ਾਂ ਦੀ ਪਛਾਣ ਕਰਨ ਲਈ ਕਿਉਂ ਕਹਿ ਰਿਹਾ ਹੈ, ਜਿਨ੍ਹਾਂ ਨੂੰ ਉਸਨੇ ਸਿਰਫ ਪਿਕਚਰ ਬੁੱਕ ਵਿਚ ਦੇਖਿਆ ਹੈ। ਕੁਝ ਬੱਚੇ ਸੁੰਨ ਹੋ ਜਾਂਦੇ ਹਨ, ਕੁਝ ਰੋਂਦੇ ਹਨ, ਕੁਝ ਬੋਲਣ ਤੋਂ ਮਨ੍ਹਾ ਕਰ ਦਿੰਦੇ ਹਨ। ‘ਸ਼ਰਮੀਲਾ’, ‘ਆਤਮਵਿਸ਼ਵਾਸ ਦੀ ਕਮੀ’ ਜਾਂ ‘ਤਿਆਰ ਨਹੀਂ’ ਦਾ ਲੇਬਲ ਚੁੱਪ-ਚੁਪੀਤੇ ਲਗਾ ਦਿੱਤਾ ਜਾਂਦਾ ਹੈ, ਇਸ ਤੋਂ ਬਹੁਤ ਪਹਿਲਾਂ ਕਿ ਬੱਚੇ ਨੂੰ ਵੱਡਾ ਹੋਣ ਦਾ ਮੌਕਾ ਮਿਲੇ।
ਮਾਂ ਲਈ, ਇਹ ਦੌਰ ਭਾਵਨਾਤਮਕ ਤੌਰ ’ਤੇ ਬਹੁਤ ਮੁਸ਼ਕਿਲ ਹੁੰਦਾ ਹੈ। ਇਹ ਇਕ ਤਰ੍ਹਾਂ ਦਾ ਤਸੀਹਾ ਹੈ। ਉਸ ਨੂੰ ਸਿੱਧੇ ਜਾਂ ਅਸਿੱਧੇ ਤੌਰ ’ਤੇ ਦੱਸਿਆ ਜਾਂਦਾ ਹੈ ਕਿ ਉਸਦੀ ਪੇਰੈਂਟਿੰਗ ਦੀ ਪ੍ਰੀਖਿਆ ਹੋ ਰਹੀ ਹੈ। ਕੀ ਉਸਨੇ ਕਾਫ਼ੀ ਕਹਾਣੀਆਂ ਪੜ੍ਹੀਆਂ? ਕੀ ਉਸਨੇ ਘਰ ਵਿਚ ਕਾਫ਼ੀ ਇੰਗਲਿਸ਼ ਬੋਲੀ? ਕੀ ਉਸਨੇ ‘ਸਹੀ’ ਪਲੇਅ ਸਕੂਲ ਚੁਣਿਆ? ਮਾਵਾਂ ਇਸ ਅਣਦੇਖੇ ਦਬਾਅ ਨੂੰ ਮਹਿਸੂਸ ਕਰਦੀਆਂ ਹਨ ਕਿ 10 ਮਿੰਟ ਦੀ ਗੱਲਬਾਤ ਵਿਚ ਉਨ੍ਹਾਂ ਦਾ ਬੱਚਾ ਕਿਵੇਂ ਪ੍ਰਫਾਰਮ ਕਰਦਾ ਹੈ, ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਪਿਤਾ ਵੀ ਚਿੰਤਾ ਕਰਦੇ ਹਨ ਪਰ ਅਕਸਰ ਮਾਂ ਹੀ ਫਾਰਮ ਭਰਦੀ ਹੈ, ਇੰਟਰਵਿਊ ’ਤੇ ਜਾਂਦੀ ਹੈ, ਸਕੂਲਾਂ ਤੋਂ ਫਾਲੋ-ਅਪ ਲੈਂਦੀ ਹੈ ਅਤੇ ਚੁੱਪਚਾਪ ਜੱਜਮੈਂਟ ਸਹਿੰਦੀ ਹੈ।
ਛੋਟੇ ਬੱਚਿਆਂ ਲਈ ਕੋਚਿੰਗ ਕਲਾਸ ਇਕ ਕੌੜਾ ਸੱਚ ਬਣ ਗਈ ਹੈ। ਨੰਨ੍ਹੇ ਬੱਚੇ ‘ਇੰਟਰਵਿਊ ਦੀ ਤਿਆਰੀ’ ਸੈਸ਼ਨਾਂ ਵਿਚ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇਣ ਅਤੇ ਸਿੱਧੇ ਬੈਠਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮਾਪੇ ਜਾਣਦੇ ਹਨ ਕਿ ਇਹ ਗਲਤ ਲੱਗਦਾ ਹੈ, ਫਿਰ ਵੀ ਉਨ੍ਹਾਂ ਨੂੰ ਡਰ ਹੁੰਦਾ ਹੈ ਕਿ ਉਹ ਇਕੱਲੇ ਅਜਿਹੇ ਹੋਣ ਜੋ ਇਸ ਵਿਚ ਹਿੱਸਾ ਨਾ ਲੈਣ। ਇੱਥੋਂ ਹੀ ਪਹਿਲਾ ਦਬਾਅ ਸ਼ੁਰੂ ਹੁੰਦਾ ਹੈ-ਮੁਕਾਬਲਾ ਕਰਨ ਦਾ ਦਬਾਅ, ਜਲਦੀ ਤਿਆਰੀ ਕਰਨ ਦਾ ਦਬਾਅ, ਪਿੱਛੇ ਨਾ ਰਹਿ ਜਾਣ ਦਾ ਦਬਾਅ।
ਜਿਵੇਂ-ਜਿਵੇਂ ਬੱਚੇ ਪ੍ਰਾਇਮਰੀ ਸਕੂਲ ਵਿਚ ਜਾਂਦੇ ਹਨ, ਤਣਾਅ ਖਤਮ ਨਹੀਂ ਹੁੰਦਾ, ਬਸ ਆਪਣਾ ਰੂਪ ਬਦਲ ਲੈਂਦਾ ਹੈ। ਅਸੈੱਸਮੈਂਟ, ਰੈਂਕਿੰਗ ਅਤੇ ਤੁਲਨਾ ਹੌਲੀ-ਹੌਲੀ ਸਾਹਮਣੇ ਆਉਣ ਲੱਗਦੀ ਹੈ। ਮਾਪੇ ਸੈਕਸ਼ਨ, ਟੀਚਰ ਅਤੇ ਪੀਅਰ ਗਰੁੱਪ ਬਾਰੇ ਚਿੰਤਾ ਕਰਨ ਲੱਗਦੇ ਹਨ। ਰਿਪੋਰਟ ਕਾਰਡ ਵਿਚ ਇਕ ਮਾੜੀ ਟਿੱਪਣੀ ਅਚਾਨਕ ਲੋੜ ਤੋਂ ਵੱਧ ਭਾਰੀ ਲੱਗਣ ਲੱਗਦੀ ਹੈ।
ਜਦੋਂ ਤੱਕ ਮਿਡਲ ਸਕੂਲ ਆਉਂਦਾ ਹੈ, ਮੁਕਾਬਲਾ ਹੁਣ ਲੁਕਿਆ ਨਹੀਂ ਰਹਿੰਦਾ। ਓਲੰਪਿਆਡ, ਐਕਸਟਰਾ ਕਲਾਸਾਂ, ਟਿਊਸ਼ਨਾਂ ਅਤੇ ਪ੍ਰਫਾਰਮੈਂਸ ਚਾਰਟ ਰੁਟੀਨ ਬਣ ਜਾਂਦੇ ਹਨ। ਮਾਪੇ ਆਪਣੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ’ਤੇ ਦਬਾਅ ਪਾਉਣ ਵਿਚਾਲੇ ਤਾਲਮੇਲ ਬਿਠਾਉਂਦੇ ਹਨ। ਇਸ ਦੌਰਾਨ, ਬੱਚੇ ਤਾਰੀਫ਼ ਨੂੰ ਨੰਬਰਾਂ ਨਾਲ ਜੋੜਨ ਲੱਗਦੇ ਹਨ। ਆਤਮਵਿਸ਼ਵਾਸ ਸ਼ਰਤਾਂ ’ਤੇ ਟਿਕ ਜਾਂਦਾ ਹੈ।
ਅਸਲੀ ਪ੍ਰੈਸ਼ਰ ਕੁੱਕਰ ਵਾਲਾ ਦੌਰ ਬੋਰਡ ਪ੍ਰੀਖਿਆਵਾਂ ਅਤੇ ਕਾਲਜ ਐਡਮਿਸ਼ਨ ਦੇ ਨਾਲ ਆਉਂਦਾ ਹੈ। ਸਾਲਾਂ ਦਾ ਇਕੱਠਾ ਹੋਇਆ ਤਣਾਅ ਸਿਖਰ ’ਤੇ ਪਹੁੰਚ ਜਾਂਦਾ ਹੈ। ਉਹੀ ਬੱਚਾ ਜੋ ਕਦੇ ਨਰਸਰੀ ਦੇ ਇੰਟਰਵਿਊ ਵਿਚ ਲੜਖੜਾਉਂਦਾ ਸੀ, ਹੁਣ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਨੂੰ ਪਾਸ ਕਰੇ ਜਿਨ੍ਹਾਂ ਵਿਚ ਲੱਖਾਂ ਵਿਦਿਆਰਥੀ ਬੈਠਦੇ ਹਨ। ਦਾਅ ਬਹੁਤ ਉੱਚੇ ਲੱਗਦੇ ਹਨ। ਮਾਪੇ ਕੱਟ-ਆਫ, ਫਾਰਮ, ਕਾਊਂਸਲਿੰਗ ਦੀਆਂ ਤਰੀਕਾਂ ਅਤੇ ਪੈਸਿਆਂ ਬਾਰੇ ਚਿੰਤਾ ਕਰਦੇ ਹਨ; ਬੱਚੇ ਫੇਲ ਹੋਣ, ਤੁਲਨਾ ਅਤੇ ਆਪਣੇ ਪਰਿਵਾਰ ਨੂੰ ਨਿਰਾਸ਼ ਕਰਨ ਬਾਰੇ।
ਜਿਸ ਗੱਲ ਨੂੰ ਸ਼ਾਇਦ ਹੀ ਕਦੇ ਮੰਨਿਆ ਜਾਂਦਾ ਹੈ, ਉਹ ਇਹ ਹੈ ਕਿ ਇਕ ਚਿੰਤਤ ਮਾਪੇ ਅਣਜਾਣੇ ਵਿਚ ਬੱਚੇ ਵਿਚ ਡਰ ਪੈਦਾ ਕਰ ਦਿੰਦੇ ਹਨ। ਇਕ ਚਿੰਤਤ ਬੱਚਾ ਮਾਪਿਆਂ ਨੂੰ ਹੋਰ ਜ਼ਿਆਦਾ ਘਬਰਾਹਟ ’ਚ ਪਾ ਦਿੰਦਾ ਹੈ। ਦੋਵੇਂ ਇਕ ਹੀ ਚੀਜ਼ ਚਾਹੁੰਦੇ ਹਨ—ਇਕ ਸੁਰੱਖਿਅਤ, ਖੁਸ਼ਹਾਲ ਭਵਿੱਖ-ਪਰ ਸਿਸਟਮ ਉਨ੍ਹਾਂ ਨੂੰ ‘ਸਰਵਾਈਵਲ ਮੋਡ’ ਵਿਚ ਪਾ ਦਿੰਦਾ ਹੈ।
ਅਤੇ ਫਿਰ ਵੀ, ਇਸ ਸਾਰੇ ਦਬਾਅ ਦੇ ਵਿਚਾਲੇ, ਮਾਪਿਆਂ ਤੋਂ ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਵਿਚ ਆਤਮਵਿਸ਼ਵਾਸ ਪੈਦਾ ਕਰਨ। ਉਨ੍ਹਾਂ ਨੂੰ ਕਿਹਾ ਜਾਂਦਾ ਹੈ, ‘ਤੂੰ ਇਹ ਕਰ ਲਵੇਂਗਾ,’ ਭਾਵੇਂ ਉਹ ਖੁਦ ਅਨਿਸ਼ਚਿਤ ਹੋਣ। ਇਹ ਸ਼ਾਇਦ ਸਭ ਤੋਂ ਮੁਸ਼ਕਿਲ ਭੂਮਿਕਾ ਹੈ-ਅਨਿਸ਼ਚਿਤਤਾ ਦੇ ਵਿਚਾਲੇ ਸ਼ਾਂਤ, ਆਸ਼ਾਵਾਦੀ ਅਤੇ ਭਰੋਸਾ ਦਿਵਾਉਣ ਵਾਲੇ ਬਣੇ ਰਹਿਣਾ। ਬੱਚਿਆਂ ਨੂੰ ਅਜਿਹੇ ਸਿਸਟਮ ਵਿਚ ਲਚਕੀਲਾਪਣ ਸਿਖਾਉਣਾ, ਜੋ ਸਿਰਫ ਨਤੀਜਿਆਂ ਨੂੰ ਇਨਾਮ ਦਿੰਦਾ ਹੈ।
ਸਿੱਖਿਆ ਦਾ ਸਫ਼ਰ ਆਦਰਸ਼ਕ ਤੌਰ ’ਤੇ ਸਿੱਖਣ ਅਤੇ ਵਿਕਾਸ ਬਾਰੇ ਹੋਣਾ ਚਾਹੀਦਾ ਹੈ। ਇਸ ਦੀ ਬਜਾਏ, ਇਹ ਅਕਸਰ ਸਹਿਣਸ਼ੀਲਤਾ ਦੀ ਪ੍ਰੀਖਿਆ ਬਣ ਜਾਂਦਾ ਹੈ। ਰਿਸ਼ਤੇਦਾਰਾਂ, ਸਕੂਲਾਂ, ਸਮਾਜ ਅਤੇ ਸੋਸ਼ਲ ਮੀਡੀਆ ਤੋਂ ਮਿਲਣ ਵਾਲੇ ਦਬਾਅ ਪਰਿਵਾਰਾਂ ਨੂੰ ਲਗਾਤਾਰ ਯਾਦ ਦਿਵਾਉਂਦੇ ਰਹਿੰਦੇ ਹਨ ਕਿ ‘ਸਭ ਤੋਂ ਵਧੀਆ’ ਕੀ ਹੈ। ਬਹੁਤ ਘੱਟ ਲੋਕ ਇਹ ਪੁੱਛਣ ਲਈ ਰੁਕਦੇ ਹਨ ਕਿ ਬੱਚੇ ਲਈ ਸਹੀ ਕੀ ਹੈ।
ਇਸ ਪ੍ਰਕਿਰਿਆ ਵਿਚ ਹਮਦਰਦੀ ਦੀ ਬਹੁਤ ਲੋੜ ਹੈ। ਸਕੂਲਾਂ ਨੂੰ ਇਸ ਬਾਰੇ ਫਿਰ ਤੋਂ ਸੋਚਣਾ ਚਾਹੀਦਾ ਹੈ ਕਿ ਉਹ ਬੱਚਿਆਂ ਦਾ ਮੁਲਾਂਕਣ ਕਿੰਨੀ ਜਲਦੀ ਸ਼ੁਰੂ ਕਰਦੇ ਹਨ। ਪਾਲਿਸੀ ਬਣਾਉਣ ਵਾਲਿਆਂ ਨੂੰ ਐਡਮਿਸ਼ਨ ਸਿਸਟਮ ਨੂੰ ਆਸਾਨ ਬਣਾਉਣਾ ਚਾਹੀਦਾ ਹੈ ਅਤੇ ਚੰਗੇ ਅਦਾਰਿਆਂ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਮੁਕਾਬਲਾ ਨਿਰਦਈ ਨਾ ਹੋ ਜਾਵੇ। ਮਾਪਿਆਂ ਨੂੰ ਖੁਦ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਆਤਮਵਿਸ਼ਵਾਸ ਦਬਾਅ ਨਾਲ ਨਹੀਂ, ਸਗੋਂ ਭਰੋਸੇ, ਸਬਰ ਅਤੇ ਸਵੀਕਾਰ ਕਰਨ ਨਾਲ ਬਣਦਾ ਹੈ।
ਪਰ ਜੇਕਰ ਮਾਪੇ ਇਸ ਪੂਰੇ ਸਫ਼ਰ ਵਿਚ ਇਕ ਪੱਕਾ ਸੁਨੇਹਾ ਦੇ ਸਕਣ ਕਿ ਉਨ੍ਹਾਂ ਦੇ ਬੱਚੇ ਦੀ ਕੀਮਤ ਰੈਂਕ ਅਤੇ ਨਤੀਜਿਆਂ ਤੋਂ ਕਿਤੇ ਜ਼ਿਆਦਾ ਹੈ, ਤਾਂ ਇਹ ਥੋੜ੍ਹਾ ਘੱਟ ਡਰਾਉਣਾ ਹੋ ਸਕਦਾ ਹੈ। ਐਡਮਿਸ਼ਨ ਆਉਂਦੇ-ਜਾਂਦੇ ਰਹਿਣਗੇ। ਬੱਚੇ ਜੋ ਯਾਦ ਰੱਖਣਗੇ, ਉਹ ਇਹ ਹੈ ਕਿ ਉਨ੍ਹਾਂ ਨੂੰ ਸਹਾਰਾ ਮਿਲਿਆ ਜਾਂ ਉਨ੍ਹਾਂ ਦਾ ਮੁਲਾਂਕਣ ਕੀਤਾ ਗਿਆ, ਉਨ੍ਹਾਂ ਨੂੰ ਸਮਝਿਆ ਗਿਆ ਜਾਂ ਜੱਜ ਕੀਤਾ ਗਿਆ, ਉਨ੍ਹਾਂ ਨੂੰ ਪਿਆਰ ਕੀਤਾ ਗਿਆ ਜਾਂ ਪਰਖਿਆ ਗਿਆ।
ਅਖੀਰ ’ਚ, ਸਿੱਖਿਆ ਨੂੰ ਬੱਚਿਆਂ ਨੂੰ ਜ਼ਿੰਦਗੀ ਲਈ ਤਿਆਰ ਕਰਨਾ ਚਾਹੀਦਾ ਹੈ ਨਾ ਕਿ ਉਨ੍ਹਾਂ ਤੋਂ ਉਨ੍ਹਾਂ ਦਾ ਬਚਪਨ ਖੋਹਣਾ ਚਾਹੀਦਾ ਹੈ।
-ਦੇਵੀ ਚੇਰੀਅਨ
