ਨਵੇਂ ਨਵਾਬ ਬਣਨ ਦਾ ਸੁਪਨਾ ਤੁਰੰਤ ਛੱਡ ਦਿਉ

Monday, Jun 02, 2025 - 05:21 PM (IST)

ਨਵੇਂ ਨਵਾਬ ਬਣਨ ਦਾ ਸੁਪਨਾ ਤੁਰੰਤ ਛੱਡ ਦਿਉ

ਇਹ ਦਹਾਕਿਆਂ ਪਹਿਲਾਂ ਦੀ ਗੱਲ ਹੈ। ਇਕ ਸੱਜਣ ਅਤੇ ਸਰਕਾਰ ਦੇ ਸਿਖਰਲੇ ਅਧਿਕਾਰੀਆਂ ਦੇ ਬਹੁਤ ਨੇੜੇ ਇਕ ਬਹੁਤ ਹੀ ਸ਼ਕਤੀਸ਼ਾਲੀ ਅਧਿਕਾਰੀ ਚੰਗੇ ਪ੍ਰਸ਼ਾਸਨ ਬਾਰੇ ਆਪਣੀ ਰਾਏ ਦੇ ਰਿਹਾ ਸੀ। ਜਦੋਂ ਮਾਮਲਾ ਪੁਲਸ ਕੋਲ ਆਇਆ ਤਾਂ ਉਸਨੇ ਕਿਹਾ ਕਿ ਲੋਕਾਂ ਨੂੰ ‘ਨਿਜ਼ਾਮ ਦਾ ਡਰ’ ਹੋਣਾ ਚਾਹੀਦਾ ਹੈ। ਸਿਖਲਾਈ ਦੌਰਾਨ, ਮੈਂ ਇਕ ਆਈ. ਆਈ. ਟੀ. ਤੋਂ ਪੜ੍ਹੇ-ਲਿਖੇ, ਬਹੁਤ ਉਤਸ਼ਾਹੀ ਪੁਲਸ ਅਧਿਕਾਰੀ ਨੂੰ ਮਿਲਿਆ।

ਉਹ 6 ਸਾਲਾਂ ਤੋਂ ਲੋਕਾਂ ਨੂੰ ਇਨਸਾਫ਼ ਦੇ ਰਿਹਾ ਸੀ। ਉਸ ਨੇ ਜੁੱਤੀ ਦੇ ਸਿਧਾਂਤ ਨੂੰ ਵੀ ਵਿਸਥਾਰ ਵਿਚ ਦੱਸਿਆ ਕਿ ਕਿਵੇਂ ਜੁੱਤੀ ਕਿੱਲ ਕੰਢੇ ਤੋਂ ਬਚਣ-ਬਚਾਉਣ ਤੋਂ ਵੀ ਇਲਾਵਾ ਇਕ ਪ੍ਰਭਾਵਸ਼ਾਲੀ ਵਰਤੋਂ ’ਚ ਕਿਵੇਂ ਆਉਂਦੀ ਹੈ। ਇਹ ਕੁੱਟਮਾਰ ਦਾ ਇਕ ਦੋਹਰੀ-ਵਰਤੋਂ ਵਾਲਾ ਹਥਿਆਰ ਹੈ ਜੋ ਸਰੀਰ ਤੋਂ ਪਰ੍ਹੇ ਆਤਮਾ ਤੱਕ ਝੰਜੋੜਦਾ ਹੈ। ਡੰਡਿਆਂ, ਥੱਪੜਾਂ ਅਤੇ ਮੁੱਕਿਆਂ ਵਿਚ ਉਹ ਤਿੱਖਾਪਨ ਕਿੱਥੇ ਹੈ?

ਬੇਸ਼ੱਕ, ਉਹ ਇਹ ਗੱਲਾਂ ਉਨ੍ਹਾਂ ਲੋਕਾਂ ਦੇ ਸੰਦਰਭ ਵਿਚ ਕਹਿ ਰਿਹਾ ਸੀ ਜਿਨ੍ਹਾਂ ਨੇ ਧੋਖਾਦੇਹੀ ਅਤੇ ਧੱਕੇਸ਼ਾਹੀ ਨੂੰ ਆਪਣਾ ਪੇਸ਼ਾ ਬਣਾਇਆ ਹੈ। ਜੋ ਲੋਕਤੰਤਰ ਦੀ ਉਦਾਰਤਾ ਕਿ ਹਜ਼ਾਰ ਦੋਸ਼ੀ ਛੱਡੇ ਜਾ ਸਕਦੇ ਹਨ ਪਰ ਇਕ ਵੀ ਨਿਰਦੋਸ਼ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ ਦਾ ਜੰਮ ਕੇ ਇਸਤੇਮਾਲ ਕਰਦੇ ਹਨ। ਭਾਵੇਂ ਜੁੱਤੀਆਂ, ਚੱਪਲਾਂ, ਲੱਤਾਂ ਅਤੇ ਮੁੱਕਿਆਂ ਦੀ ਵਰਤੋਂ ਕੀਤੀ ਜਾਵੇ ਪਰ ਆਮ ਰਾਏ ਹੈ ਕਿ ਇਸ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਮੰਨਿਆ ਜਾਣਾ ਚਾਹੀਦਾ।

ਇਕ ਚੰਗਾ ਥਾਣੇਦਾਰ ਕਿਉਂ ਅਤੇ ਕਿਵੇਂ ਬਣਨਾ ਹੈ? ਸਵਾਲ ਇਹ ਹੈ ਕਿ ਜਿਸ ਵਿਅਕਤੀ ’ਤੇ ਇਹ ਜ਼ਿੰਮੇਵਾਰੀ ਆਈ ਹੈ, ਯਾਨੀ ਥਾਣੇਦਾਰ, ਉਹ ਇਸ ਸੱਪ ਨੂੰ ਬਿਨਾਂ ਸੋਟੀ ਤੋੜੇ ਕਿਵੇਂ ਮਾਰ ਸਕਦਾ ਹੈ? ਸੁਰੱਖਿਆ ਦੀ ਮੰਗ ਇੰਨੀ ਤੀਬਰ ਹੈ ਕਿ ਜੇਕਰ ਇਸ ਦੀ ਸਪਲਾਈ ਵਿਚ ਥੋੜ੍ਹੀ ਜਿਹੀ ਵੀ ਰੁਕਾਵਟ ਆਉਂਦੀ ਹੈ ਤਾਂ ਲੋਕ ਸੜਕਾਂ ’ਤੇ ਨਿਕਲ ਆਉਂਦੇ ਹਨ। ਅਖ਼ਬਾਰ ਸਨਸਨੀ ਫੈਲਾਉਣ ਲਈ ਆਪਣੀਆਂ ਕਲਮਾਂ ਤੋੜ ਦਿੰਦੇ ਹਨ। ਅਦਾਲਤ ਖੁਦ ਨੋਟਿਸ ਲੈਂਦੀ ਹੈ। ਇਸ ਹੰਗਾਮੇ ਵਿਚ, ਥਾਣੇਦਾਰ ਦੀ ਕਿਸ਼ਤੀ ਪਹਿਲਾਂ ਡੁੱਬਦੀ ਹੈ।

ਇਹ ਸੰਕਟ ਪ੍ਰਬੰਧਨ ਦੀ ਇਕ ਵਿਲੱਖਣ ਉਦਾਹਰਣ ਹੈ ਕਿ ਜੇਕਰ ਕੋਈ ਤੇਜ਼ ਤੂਫ਼ਾਨ ਆਉਂਦਾ ਹੈ ਤਾਂ ਪਹਿਲਾਂ ਘਰ ਦੇ ਛੱਪਰ ਨੂੰ ਖੁਦ ਉਡਾ ਦਿਓ। ਸ਼ਾਇਦ ਇਸੇ ਲਈ ਇਹ ਚੱਕਰ ਜਾਰੀ ਰਹਿੰਦਾ ਹੈ। ਸਨਸਨੀਖੇਜ਼ ਘਟਨਾ, ਜਨਤਕ ਗੁੱਸੇ ਦਾ ਪ੍ਰਗਟਾਵਾ ਕਰਨ ਵਾਲੀ ਭੀੜ, ਥਾਣੇਦਾਰ ਮੁਅੱਤਲੀ ਰਾਹੀਂ ਸਭ ਨੂੰ ਮਨਜ਼ੂਰ, ਆਸਾਨ ਸੰਕਟ ਪ੍ਰਬੰਧਨ, ਕੁਝ ਮਹੀਨਿਆਂ ਦਾ ਸਤਹੀ ਠਹਿਰਾਅ ਅਤੇ ਫਿਰ ਉਹੀ ਕੰਮ।

ਹਰ ਕੋਈ ਆਪਣੇ-ਆਪਣੇ ਸਥਾਨ ’ਤੇ ਸੈਟਲ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿਚ ਥਾਣੇਦਾਰ ਨੂੰ ਇਕ ਕੁਦਰਤੀ ਉਤਸੁਕਤਾ ਹੁੰਦੀ ਹੈ ਕਿ ਕੀ ਉਹ ਆਪਣੀ ਕਿਸਮਤ ਬਦਲ ਸਕਦਾ ਹੈ? ਮੈਂ ਕਹਿੰਦਾ ਹਾਂ ਕਿ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਹਿਲਾਂ ਆਪਣਾ ਕੰਮ ਦੀ ਪ੍ਰਕਿਰਤੀ ਨੂੰ ਸਮਝੋ। ਜਦੋਂ ਹਜ਼ਾਰਾਂ ਸਾਲਾਂ ਦੇ ਰਾਜੇ, ਸੁਲਤਾਨ, ਨਵਾਬ ਅਤੇ ਤਾਨਾਸ਼ਾਹ ਅਸਫਲ ਹੋਏ, ਲੋਕਤੰਤਰ ਹੋਂਦ ਵਿਚ ਆਇਆ। ਇਸ ਪ੍ਰਣਾਲੀ ਵਿਚ, ਲੋਕ ਫੈਸਲਾ ਕਰਦੇ ਹਨ ਕਿ ਕੌਣ ਕੀ ਕਰੇਗਾ।

ਇਸ ਲਈ, ਨਵਾਂ ਨਵਾਬ ਬਣਨ ਦਾ ਸੁਫਨਾ ਅਤੇ ਕੋਸ਼ਿਸ਼ ਦੋਵਾਂ ਨੂੰ ਤੁਰੰਤ ਛੱਡ ਦਿਓ। ਫਿਲਮ ਨਿਰਮਾਤਾ ਆਪਣੇ ਕੰਮ ਲਈ ਕਾਲੇ ਬਾਜ਼ਾਰ ਤੋਂ ਪੈਸੇ ਲੈਂਦੇ ਹਨ। ਠੱਗਾਂ ਅਤੇ ਬਦਮਾਸ਼ਾਂ ਨੂੰ ਗਲੈਮਰਸ ਦਿਖਾਉਣਾ ਉਨ੍ਹਾਂ ਦੀ ਪੇਸ਼ੇਵਰ ਮਜਬੂਰੀ ਹੈ, ਜੋ ਸਮੇਂ ਦੇ ਨਾਲ ਲੋਕਾਂ ਦੀ ਪਸੰਦ ਬਣ ਗਈ ਹੈ।

ਤੁਹਾਡੇ ਕੋਲ ਇਕ ਅਜਿਹਾ ਖੇਤਰ ਹੈ ਜਿੱਥੇ ਜ਼ਿਆਦਾਤਰ ਲੋਕ ਫਸਾਦ ਨਹੀਂ ਚਾਹੁੰਦੇ। ਉਹ ਉਮੀਦ ਕਰਦੇ ਹਨ ਕਿ ਜੇਕਰ ਤੁਸੀਂ ਉਨ੍ਹਾਂ ਨੂੰ ਆਉਂਦੇ ਜਾਂ ਜਾਂਦੇ ਸਮੇਂ ਮਿਲਦੇ ਹੋ ਤਾਂ ਉਨ੍ਹਾਂ ਨਾਲ ਚੰਗਾ ਵਿਵਹਾਰ ਕਰੋ, ਮੁਸੀਬਤ ਵਿਚ ਉਨ੍ਹਾਂ ਦੀ ਮਦਦ ਕਰੋ, ਠੱਗਾਂ ਅਤੇ ਬਦਮਾਸ਼ਾਂ ਦੀ ਜ਼ਿੰਦਗੀ ਨੂੰ ਮੁਸ਼ਕਲ ਬਣਾਓ ਅਤੇ ਇਹ ਸਭ ਇਸ ਤਰੀਕੇ ਨਾਲ ਕਰੋ ਕਿ ਉਹ ਸ਼ਾਂਤੀ ਨਾਲ ਸੌਂ ਸਕਣ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਰਸਤੇ ’ਤੇ ਚੱਲ ਸਕਣ।

ਇਸ ਲਈ, ਬੁੱਧੀ ਅਤੇ ਵਿਵੇਕ ਦੀ ਲੋੜ ਹੈ। ਸਭ ਤੋਂ ਪਹਿਲਾਂ, ਇਹ ਸਵੀਕਾਰ ਕਰੋ ਕਿ ਤੁਹਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ, ਨਾ ਹੀ ਤੁਹਾਨੂੰ ਇਹ ਕਿਤੇ ਤੋਂ ਮਿਲਣ ਵਾਲੀ ਹੈ। ਫਿਰ ‘ਪਬਲਿਕ’ ਕੋਈ ਵੱਡਾ ਪੱਥਰ ਨਹੀਂ ਹੈ। ਇਹ ਇਕ ਜੰਗਲ ਵਾਂਗ ਹੈ ਜਿੱਥੇ ਕਈ ਤਰ੍ਹਾਂ ਦੇ ਜੀਵ ਰਹਿੰਦੇ ਹਨ। 100 ਵਿਚੋਂ 90 ਜੋ ਅਮਨ ਪਸੰਦ ਹਨ ਉਨ੍ਹਾਂ ਨੂੰ ਆਪਣੇ ਵੱਲ ਰੱਖਣ ਦਾ ਜੁਗਾੜ ਲਗਾਓ।

ਠੱਗ ਅਤੇ ਬਦਮਾਸ਼ ਅਕਸਰ ਇਨ੍ਹਾਂ ਨੂੰ ਤੁਹਾਡੇ ਪਿੱਛੇ ਲਗਾ ਦਿੰਦੇ ਹਨ। ਤੁਸੀਂ ਸਮੇਂ ਸਿਰ ਇਨ੍ਹਾਂ ਨੂੰ ਠੱਗਾਂ ਅਤੇ ਬਦਮਾਸ਼ਾਂ ਦੇ ਵਿਰੁੱਧ ਕਰ ਦਿਓ। ਜੇਕਰ ਤੁਸੀਂ ਮਿਲਣ ਵਾਲਿਅਾਂ ਨਾਲ ਸੁਹਿਰਦਤਾ ਨਾਲ ਪੇਸ਼ ਆਓ, ਜੋ ਹੋ ਸਕੇ ਉਹ ਖੁਸ਼ੀ-ਖੁਸ਼ੀ ਕਰੋ ਤਾਂ ਇਹ ਆਸਵੰਦ ਹੋ ਜਾਣਗੇ ਕਿ ਤੁਸੀਂ ਉਨ੍ਹਾਂ ਵੱਲ ਹੋ। ਇਹ ਬਹੁਤ ਸੰਭਵ ਹੈ ਕਿ ਉਹ ਇਹ ਵੀ ਸਵੀਕਾਰ ਕਰਨਗੇ ਕਿ ਉਨ੍ਹਾਂ ਨੂੰ ਤੁਹਾਡੇ ਪੱਖ ਵਿਚ ਹੋਣਾ ਚਾਹੀਦਾ ਹੈ।

ਕੁਝ ਗਰੀਬੀ ਦੇ ਮਾਰਿਆਂ ਨੂੰ ਜੋ ਕਰਨਾ ਪੈਂਦਾ ਹੈ ਉਹ ਕਰ ਲੈਂਦੇ ਹਨ। ਉਨ੍ਹਾਂ ਨੂੰ ਕੁਝ ਫਿਲਮਾਂ ਅਤੇ ਨਾਵਲਾਂ ਦੇ ਭਟਕਾਏ ਹੋਏ ਹਨ ਕਿ ਇੱਧਰ ਬੜਾ ਰੋਮਾਂਚ ਹੈ, ਫਟਾਫਟ ਤਰੱਕੀ ਹੈ। ਇਨ੍ਹਾਂ ਨੂੰ ਜੇਲ ਭੇਜਣਾ ਇਨ੍ਹਾਂ ਨੂੰ ਬਦਮਾਸ਼ਾਂ ਲਈ ਟ੍ਰੇਨਿੰਗ ਕੇਂਦਰ ਭੇਜਣ ਵਰਗਾ ਹੈ। ਇਨ੍ਹਾਂ ਨੂੰ ਕੋਈ ਨਾ ਕੋਈ ਉਸਤਾਦ ਮਿਲ ਹੀ ਜਾਵੇਗਾ।

ਉਹ ਮਜ਼ਬੂਤੀ ਨਾਲ ਬਾਹਰ ਆਉਣਗੇ। ਸਰਕਾਰ ਲੱਖਾਂ ਕਰੋੜਾਂ ਦੀਆਂ ਯੋਜਨਾਵਾਂ ਚਲਾਉਂਦੀ ਹੈ ਤਾਂ ਜੋ ਕੋਈ ਭੁੱਖ ਜਾਂ ਬੀਮਾਰੀ ਨਾਲ ਨਾ ਮਰ ਜਾਵੇ। ਉਨ੍ਹਾਂ ਨੂੰ ਉੱਥੇ ਦਾ ਰਸਤਾ ਦਿਖਾਓ। ਅਪਰਾਧ ਤਰੱਕੀ ਦਾ ਸਾਧਨ ਨਹੀਂ ਹੈ ਇਹ ਦੱਸੋ। ਜੇ ਉਹ ਥੋੜ੍ਹਾ ਜਿਹਾ ਵੀ ਬਦਲਦੇ ਹਨ, ਤਾਂ ਤੁਹਾਡਾ ਬੋਝ ਘੱਟ ਜਾਵੇਗਾ।

ਅਤੇ ਅੰਤ ਵਿਚ, ਸਾਰੀ ਮੁਸੀਬਤ ਦੀ ਜੜ੍ਹ ਸੌ ਵਿਚੋਂ ਇਕ ਜਾਂ ਦੋ ਹਨ ਜਿਨ੍ਹਾਂ ਲਈ ਅਪਰਾਧ ਇਕ ਪੇਸ਼ਾ ਹੈ। ਉਹ ਇਸ ਨੂੰ ਇਕ ਸੰਗਠਿਤ ਅਤੇ ਯੋਜਨਾਬੱਧ ਤਰੀਕੇ ਨਾਲ ਚਲਾਉਂਦੇ ਹਨ। ਉਹ ਤਕਨਾਲੋਜੀ ਦੀ ਵਰਤੋਂ ਕਰਦੇ ਹਨ, ਇਕ ਸਿਸਟਮ ਸਥਾਪਤ ਕਰਦੇ ਹਨ। ਉਹ ਪ੍ਰਭਾਵਸ਼ਾਲੀ ਲੋਕਾਂ ਨਾਲ ਗੱਠਜੋੜ ਬਣਾਈ ਰੱਖਦੇ ਹਨ। ਉਹ ਆਪਣਾ ਕੰਮ ਕਰਦੇ ਹਨ। ਉਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ।

ਅਪਰਾਧ ਰਿਪੋਰਟਿੰਗ ਟੌਮ ਐਂਡ ਜੈਰੀ ਕਾਰਟੂਨ ਸ਼ੋਅ ਵਾਂਗ ਹੈ ਜਿੱਥੇ ਲੋਕਾਂ ਨੂੰ ਭਿਆਨਕ ਤਰੀਕੇ ਨਾਲ ਸਿਖਾਇਆ-ਦਿਖਾਇਆ-ਉਕਸਾਇਆ ਜਾਂਦਾ ਹੈ ਕਿ ਕਿਵੇਂ ਮੁੱਠੀ ਭਰ ਅਪਰਾਧੀ ਪੁਲਸ ਨੂੰ ਮੂਰਖ ਬਣਾ ਰਹੇ ਹਨ। ਅਜਿਹੇ ਅਪਰਾਧੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਥਾਣੇਦਾਰ ਉਨ੍ਹਾਂ ਦੇ ਹਿਸਾਬ ਨਾਲ ਨਹੀਂ ਚੱਲ ਰਿਹਾ, ਉਹ ਟਿਕ ਹੀ ਨਾ ਸਕੇ। ਭ੍ਰਿਸ਼ਟਾਚਾਰ, ਪੁਲਸ ਦੀ ਬੇਰਹਿਮੀ ਅਤੇ ਕਾਨੂੰਨ ਵਿਵਸਥਾ ਦੇ ਟੁੱਟਣ ਦੀਆਂ ਕਹਾਣੀਆਂ ਅਕਸਰ ਉਨ੍ਹਾਂ ਦੁਆਰਾ ਫੈਲਾਈਆਂ ਜਾਂਦੀਆਂ ਹਨ।

ਇਹ ਉਹ ਲੋਕ ਹਨ ਜੋ ਪੁਲਸ ਦੀ ਅਸਫਲਤਾ ਵਿਰੁੱਧ ਭੀੜ ਨੂੰ ਸੜਕਾਂ ’ਤੇ ਆਉਣ ਲਈ ਉਕਸਾਉਂਦੇ ਹਨ। ਤੁਹਾਡੀ ਮੁਕਤੀ ਉਨ੍ਹਾਂ ਦੀ ਬਦਕਿਸਮਤੀ ਵਿਚ ਹੈ। ਇਸ ਦੇ ਉਲਟ ਵੀ ਓਨਾ ਹੀ ਸੱਚ ਹੈ।

ਕਰਨ ਲਈ ਤਾਂ ਹਜ਼ਾਰਾਂ ਚੀਜ਼ਾਂ ਹਨ ਪਰ ਜੇ ਤੁਸੀਂ ਉੱਪਰ ਤੋਂ ਸ਼ੁਰੂਆਤ ਕਰਦੇ ਹੋ, ਤਾਂ ਤੁਹਾਡੀਆਂ ਜੜ੍ਹਾਂ ਮਜ਼ਬੂਤ ​​ਹੋਣਗੀਆਂ। ਚੰਗੇ ਲੋਕ ਮਹਿਸੂਸ ਕਰਨਗੇ ਕਿ ਦੇਸ਼ ਸੱਚਮੁੱਚ ਆਜ਼ਾਦ ਹੈ, ਸਰਕਾਰ ਉਨ੍ਹਾਂ ਦੀ ਸ਼ੁਭਚਿੰਤਕ ਹੈ ਅਤੇ ਅਸੀਂ ਅਗਲੇ 22 ਸਾਲਾਂ ਵਿਚ ਇਕ ਵਿਕਸਤ ਦੇਸ਼ ਬਣ ਕੇ ਅਤੇ ਜੀ-8 ਨੂੰ ਜੀ-9 ਵਿਚ ਬਦਲ ਦੇਵਾਂਗੇ। ਇਸ ਮਹਾਨ ਮੁਹਿੰਮ ਵਿਚ ਤੁਹਾਡੇ ਯੋਗਦਾਨ ਦਾ ਸਮਾਂ ਸ਼ੁਰੂ ਹੁੰਦਾ ਹੈ।

-ਓ.ਪੀ. ਸਿੰਘ (ਡੀ.ਜੀ.ਪੀ., ਹਰਿਆਣਾ (ਨਾਰਕੋਟਿਕਸ ਕੰਟਰੋਲ ਬਿਊਰੋ)


author

Harpreet SIngh

Content Editor

Related News