ਹਾਰ ਦੇ ਡਰ ਤੋਂ ਬੌਖਲਾਏ ਡੋਨਾਲਡ ਟਰੰਪ ਕਰ ਰਹੇ ਕਮਲਾ ਹੈਰਿਸ ’ਤੇ ਬੇਹੂਦਾ ਟਿੱਪਣੀਆਂ

Saturday, Aug 31, 2024 - 02:40 AM (IST)

ਹਾਰ ਦੇ ਡਰ ਤੋਂ ਬੌਖਲਾਏ ਡੋਨਾਲਡ ਟਰੰਪ ਕਰ ਰਹੇ ਕਮਲਾ ਹੈਰਿਸ ’ਤੇ ਬੇਹੂਦਾ ਟਿੱਪਣੀਆਂ

ਇਸੇ ਸਾਲ ਨਵੰਬਰ ’ਚ ਹੋ ਰਹੀਆਂ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ‘ਡੋਨਾਲਡ ਟਰੰਪ’ ਅਤੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ‘ਕਮਲਾ ਹੈਰਿਸ’ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ। ਇਸ ਦੌੜ ’ਚ ‘ਡੋਨਾਲਡ ਟਰੰਪ’ ਅੱਗੇ ਚੱਲ ਰਹੇ ਸਨ ਪਰ ਡੈਮੋਕ੍ਰੇਟਿਕ ਪਾਰਟੀ ਵਲੋਂ ‘ਜੋਅ ਬਾਈਡੇਨ’ ਦੇ ਸਥਾਨ ’ਤੇ ‘ਕਮਲਾ ਹੈਰਿਸ’ ਨੂੰ ਉਮੀਦਵਾਰ ਬਣਾਉਣ ਨਾਲ ਹੁਣ ਪਾਸਾ ਪਲਟ ਗਿਆ ਹੈ।

ਰਾਸ਼ਟਰਪਤੀ ਦੀ ਦੌੜ ਵਿਚ ‘ਕਮਲਾ ਹੈਰਿਸ’ ਨੂੰ ਮਿਲ ਰਿਹਾ ਭਾਰੀ ਜਨ ਸਮਰਥਨ ਦੇਖ ਕੇ ਦੂਜੀ ਵਾਰ ਰਾਸ਼ਟਰਪਤੀ ਬਣਨ ਦੀ ਕੋਸ਼ਿਸ਼ ਕਰ ਰਹੇ ‘ਡੋਨਾਲਡ ਟਰੰਪ’ ਬੌਖਲਾ ਗਏ ਹਨ। ਇਸੇ ਬੌਖਲਾਹਟ ’ਚ ਉਹ ‘ਕਮਲਾ ਹੈਰਿਸ’ ’ਤੇ ਅਸ਼ਲੀਲ ਟਿੱਪਣੀਆਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਅਪਮਾਨਜਨਕ ਨਾਵਾਂ ਨਾਲ ਸੰਬੋਧਨ ਕਰ ਰਹੇ ਹਨ।

ਕਦੀ ਉਹ ਉਨ੍ਹਾਂ ਨੂੰ ‘ਲਾਇੰਗ ਕਮਲਾ’ (ਝੂਠੀ ਕਮਲਾ), ਕਦੇ ‘ਲਾਫਿੰਗ ਕਮਲਾ’ (ਹੱਸਦੀ ਕਮਲਾ), ‘ਕਾਮਬਲਾ’, ‘ਪਾਗਲ ਖੱਬੇਪੱਖੀ’ ਅਤੇ ਕਦੇ ‘ਕ੍ਰੇਜ਼ੀ ਕਮਲਾ’ (ਪਾਗਲ ਕਮਲਾ) ਤਕ ਕਹਿ ਚੁੱਕੇ ਹਨ।

ਡੈਮੋਕ੍ਰੇਟਿਕ ਪਾਰਟੀ ਦੇ ਬੁਲਾਰੇ ‘ਸਟੀਫਨ ਚਿਊਂਗ’ ਨੇ ਕਿਹਾ ਹੈ ਕਿ ‘ਕਮਲਾ ਹੈਰਿਸ’ ਲਈ ‘ਟਰੰਪ’ ਜਿਹੋ ਜਿਹੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਸੋਭਦਾ ਨਹੀਂ।

28 ਅਗਸਤ ਨੂੰ ‘ਡੋਨਾਲਡ ਟਰੰਪ’ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੁੱਥ ਸੋਸ਼ਲ’ ’ਤੇ ‘ਕਮਲਾ ਹੈਰਿਸ’ ਦੇ ਸਾਨ ਫਰਾਂਸਿਸਕੋ ਦੇ ਮੇਅਰ ‘ਵਿਲੀ ਬ੍ਰਾਊਨ’ ਨਾਲ ਪੁਰਾਣੇ ਸਬੰਧਾਂ ਦਾ ਹਵਾਲਾ ਦਿੰਦੇ ਹੋਏ ਲਿਖਿਆ ਕਿ :

‘‘ਕਮਲਾ ਹੈਰਿਸ ਨੇ ਆਪਣੇ ਸਿਆਸੀ ਕਰੀਅਰ ਨੂੰ ਅੱਗੇ ਵਧਾਉਣ ਲਈ ਸਰੀਰਕ ਸਬੰਧਾਂ ਦੀ ਵਰਤੋਂ ਕੀਤੀ ਹੈ ਅਤੇ ‘ਵਿਲੀ ਬ੍ਰਾਊਨ’ ਰਾਹੀਂ ‘ਕਮਲਾ ਹੈਰਿਸ’ ਨੂੰ ਇਸ ’ਚ ਮਦਦ ਮਿਲੀ।’’

28 ਅਗਸਤ ਨੂੰ ਹੀ ‘ਡੋਨਾਲਡ ਟਰੰਪ’ ਨੇ ਇਕ ਹੋਰ ਯੂਜ਼ਰ ਦੀ ਪੋਸਟ ਸ਼ੇਅਰ ਕੀਤੀ, ਜਿਸ ’ਚ ‘ਕਮਲਾ ਹੈਰਿਸ’ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਬਿਲ ਕਲਿੰਟਨ’ ਦੀ ਪਤਨੀ ‘ਹਿਲੇਰੀ’ ਦੀ ਤਸਵੀਰ ਨਾਲ ਇਤਰਾਜ਼ਯੋਗ ਅਤੇ ਅਸ਼ਲੀਲ ਗੱਲਾਂ ਲਿਖੀਆਂ ਗਈਆਂ ਹਨ। ਇਸ ਵਿਚ ਲਿਖਿਆ ਹੈ, ‘‘ਇਹ ਦੇਖਣਾ ਹਾਸੋਹੀਣਾ ਹੈ ਕਿ ਜਿਨਸੀ ਸਰਗਰਮੀਆਂ ਨੇ ਦੋਵਾਂ ਦੇ ਕਰੀਅਰ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ।’’

ਇਸ ਤੋਂ ਪਹਿਲਾਂ 18 ਅਗਸਤ ਨੂੰ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਕਮਲਾ ਹੈਰਿਸ ਦੀ ਐਂਟਰੀ ’ਤੇ ਚੁਟਕੀ ਲੈਂਦਿਆਂ ਡੋਨਾਲਡ ਟਰੰਪ ਨੇ ਕਿਹਾ, ‘‘ਮੈਂ ਤਾਂ ਬਾਈਡੇਨ ਵਿਰੁੱਧ ਚੋਣ ਲੜ ਰਿਹਾ ਸੀ। ਆਖਰ ਇਹ ਕਮਲਾ ਹੈਰਿਸ ਕੌਣ ਹੈ ?’’

18 ਅਗਸਤ ਨੂੰ ਹੀ ‘ਟਰੰਪ’ ਨੇ ਲਿਖਿਆ ਕਿ ‘‘ਕਮਲਾ ਹੈਰਿਸ ਕਾਲੀ ਹਨ ਜਾਂ ਭਾਰਤੀ ਪਤਾ ਨਹੀਂ। ਮੈਨੂੰ ਕਈ ਸਾਲਾਂ ਤਕ ਲੱਗਦਾ ਰਿਹਾ ਕਿ ਉਹ ਭਾਰਤੀ ਮੂਲ ਦੀ ਹਨ। ਹੁਣ ਕੁਝ ਸਾਲਾਂ ਤੋਂ ਕਮਲਾ ਆਪਣੇ ਆਪ ਨੂੰ ਕਾਲੀ ਕਹਿਣ ਲੱਗ ਪਈ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਦੁਨੀਆ ਵਿਚ ਕਾਲੀ ਔਰਤ ਵਜੋਂ ਜਾਣਿਆ ਜਾਵੇ।’’

18 ਅਗਸਤ ਨੂੰ ਹੀ ‘ਟਰੰਪ’ ਨੇ ‘ਕਮਲਾ ਹੈਰਿਸ’ ਦੇ ਸਬੰਧ ਵਿਚ ਰਾਈਟਵਿੰਗ ਦੇ ਕੰਟੈਂਟ ਕ੍ਰਿਏਟਰਾਂ ਦੀ ਇਕ ਟੀਮ ਵਲੋਂ ਤਿਆਰ ਕੀਤਾ ਇਕ ‘ਮੀਮ’ ਰਿਲੀਜ਼ ਕੀਤਾ। ਇਸ ਵਿਚ ਇਕ ਮਸ਼ਹੂਰ ਗੀਤ ਦੀ ਪੈਰੋਡੀ ਸ਼ਾਮਲ ਕੀਤੀ ਗਈ ਸੀ, ਜਿਸ ਦੇ ਬੋਲ ਸਨ, ‘‘ਉਸ ਨੇ ਆਪਣੀ ਸਾਰੀ ਬੇਹੂਦਾ ਜ਼ਿੰਦਗੀ ਗੋਡਿਆਂ ਦੇ ਭਾਰ ਝੁਕ ਕੇ ਬਿਤਾਈ।’

ਇਸੇ ਦਿਨ ‘ਡੋਨਾਲਡ ਟਰੰਪ’ ਨੇ ਪੈਨਸਿਲਵੇਨੀਆ ’ਚ ਇਕ ਰੈਲੀ ’ਚ ‘ਕਮਲਾ ਹੈਰਿਸ’ ਵਿਰੁੱਧ ਨਿੱਜੀ ਹਮਲਾ ਕੀਤਾ। ‘ਟਰੰਪ’ ਨੇ ਕਿਹਾ : ‘‘ਮੈਂ ਕਮਲਾ ਨਾਲੋਂ ਕਿਤੇ ਚੰਗਾ ਦਿਸਦਾ ਹਾਂ।’’

13 ਅਗਸਤ ਨੂੰ ‘ਡੋਨਾਲਡ ਟਰੰਪ’ ਨੇ ਕਿਹਾ, ‘‘ਜੇਕਰ ‘ਕਮਲਾ ਹੈਰਿਸ’ ਰਾਸ਼ਟਰਪਤੀ ਚੁਣੀ ਜਾਂਦੀ ਹੈ ਤਾਂ ਉਹ ਸਾਡੇ ਦੇਸ਼ ਨੂੰ ਤਬਾਹ ਕਰ ਦੇਵੇਗੀ।’’

‘ਡੋਨਾਲਡ ਟਰੰਪ’ ਵਲੋਂ ‘ਕਮਲਾ ਹੈਰਿਸ’ ਵਿਰੁੱਧ ਇਸ ਤਰ੍ਹਾਂ ਦੇ ਬੇਹੂਦਾ ਬਿਆਨਾਂ ਦੇ ਬਾਵਜੂਦ ‘ਕਮਲਾ ਹੈਰਿਸ’ ਅਮਰੀਕਾ ਦੇ ਪ੍ਰਮੁੱਖ ਸੂਬਿਆਂ ’ਚ ‘ਡੋਨਾਲਡ ਟਰੰਪ’ ਤੋਂ ਅੱਗੇ ਨਿਕਲ ਚੁੱਕੀ ਹੈ ਅਤੇ ਪ੍ਰਸਿੱਧੀ ਦੇ ਮਾਮਲੇ ਵਿਚ ਰਾਸ਼ਟਰੀ ਪੱਧਰ ’ਤੇ ‘ਡੋਨਾਲਡ ਟਰੰਪ’ ਦੀ ਬੜ੍ਹਤ ਨੂੰ ਉਨ੍ਹਾਂ ਨੇ ਲਗਭਗ ਖਤਮ ਕਰ ਦਿੱਤਾ ਹੈ। ਸਿਆਸੀ ਆਬਜ਼ਰਵਰਾਂ ਅਨੁਸਾਰ ‘ਡੋਨਾਲਡ ਟਰੰਪ’ ਦੀ ਹਾਰ ਅਤੇ ‘ਕਮਲਾ ਹੈਰਿਸ’ ਦੀ ਸਫ਼ਲਤਾ ਤੈਅ ਹੈ।

ਇਹ ਦੇਖਣਾ ਵੀ ਦਿਲਚਸਪ ਹੋਵੇਗਾ ਕਿ ‘ਕਮਲਾ ਹੈਰਿਸ’ ਦੇ ਜਿੱਤਣ ’ਤੇ ਕੀ ਉਨ੍ਹਾਂ ਦੇ ਪਿਤਾ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ ਜਾਂ ਨਹੀਂ ਕਿਉਂਕਿ ‘ਕਮਲਾ’ ਨੂੰ ਜ਼ਿਆਦਾਤਰ ਉਨ੍ਹਾਂ ਦੀ ਮਾਂ ‘ਸ਼ਿਆਮਲਾ ਗੋਪਾਲਨ’ ਨੇ ਹੀ ਪਾਲਿਆ ਹੈ ਅਤੇ ‘ਕਮਲਾ ਹੈਰਿਸ’ ਨੇ ਖੁਦ ਮੰਨਿਆ ਹੈ ਕਿ ਆਪਣੇ ਪਿਤਾ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਨਹੀਂ ਹਨ।

-ਵਿਜੇ ਕੁਮਾਰ


author

Harpreet SIngh

Content Editor

Related News