ਦੁਨੀਆ ਨੂੰ ਟਰੰਪ ਨਾਲ ਜਿਊਣਾ ਸਿੱਖਣਾ ਪਵੇਗਾ
Thursday, May 01, 2025 - 04:57 PM (IST)

ਡੋਨਾਲਡ ਟਰੰਪ, ਜਿਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ 100 ਦਿਨ ਪੂਰੇ ਕੀਤੇ ਹਨ, ਨੇ ਦਿਖਾਇਆ ਹੈ ਕਿ ਕਿਵੇਂ ਇਕ ਵਿਅਕਤੀ ਆਪਣੇ ਕੰਮਾਂ ਨਾਲ ਦੁਨੀਆ ਅਤੇ ਲੱਖਾਂ ਲੋਕਾਂ ਦੀ ਕਿਸਮਤ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਉਹ ਬਿਨਾਂ ਸ਼ੱਕ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਆਦਮੀ ਹਨ ਪਰ ਉਨ੍ਹਾਂ ਤੋਂ ਪਹਿਲਾਂ ਦੇ ਕਿਸੇ ਵੀ ਰਾਸ਼ਟਰਪਤੀ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਇੰਨਾ ਵਿਘਨ ਨਹੀਂ ਪਾਇਆ ਜਿੰਨਾ ਉਨ੍ਹਾਂ ਨੇ ਪਾਇਆ ਹੈ।
ਹਾਲ ਹੀ ਵਿਚ ਭਾਵੇਂ ਟਰੰਪ ਨੂੰ ਖੁਦ ਇਹ ਪਸੰਦ ਨਾ ਆਵੇ ਪਰ ਕੈਨੇਡਾ ਵਿਚ ਲਿਬਰਲ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ, ਜਿੱਥੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਇਨ੍ਹਾਂ ਐਲਾਨਾਂ ਕਿ ਉਹ ਕੈਨੇਡਾ ਨੂੰ ਸੰਯੁਕਤ ਰਾਜ ਅਮਰੀਕਾ ਦਾ 51ਵਾਂ ਰਾਜ ਬਣਾਉਣਾ ਚਾਹੁੰਦੇ ਹਨ, ਕਾਰਨ ਜ਼ਿਆਦਾ ਬਹੁਮਤ ਨਾਲ ਸੱਤਾ ਵਿਚ ਵਾਪਸੀ ਕੀਤੀ ਹੈ । ਕੈਨੇਡਾ ਨੂੰ ਆਪਣੇ ਨਾਲ ਜੋੜਨ ਦੀ ਉਨ੍ਹਾਂ ਦੀ ਧਮਕੀ ਨੇ ਸਪੱਸ਼ਟ ਤੌਰ ’ਤੇ ਲਿਬਰਲ ਪਾਰਟੀ ਲਈ ਹਮਾਇਤ ਨੂੰ ਵਧਾਇਆ, ਜਦੋਂ ਕਿ ਜਸਟਿਨ ਟਰੂਡੋ ਦੇ ਕਾਰਜਕਾਲ ਦੌਰਾਨ ਲਿਬਰਲ ਪਾਰਟੀ ਦਾ ਸਟਾਕ ਡਿੱਗ ਗਿਆ ਸੀ, ਜਿਨ੍ਹਾਂ ਨੇ ਟਰੰਪ ਦੇ ਨਾਲ-ਨਾਲ ਭਾਰਤ ਨਾਲ ਵੀ ਟਕਰਾਅ ਕੀਤਾ ਸੀ।
ਉਸ ਸਮੇਂ ਲਿਬਰਲਾਂ ਦੀ ਹਾਰ ਯਕੀਨੀ ਮੰਨੀ ਜਾ ਰਹੀ ਸੀ ਪਰ ਰਾਸ਼ਟਰਵਾਦੀਆਂ ਦੇ ਜੋਸ਼ ਅਤੇ ਟਰੰਪ ਪ੍ਰਤੀ ਗੁੱਸੇ ਨੇ ਪਾਰਟੀ ਨੂੰ ਵਾਪਸੀ ਕਰਨ ਵਿਚ ਮਦਦ ਕੀਤੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ੁਰੂਆਤੀ ਹਫ਼ਤਿਆਂ ਤੋਂ ਬਾਅਦ, ਜਦੋਂ ਉਹ ਅਤੇ ਉਨ੍ਹਾਂ ਦਾ ਪ੍ਰਸ਼ਾਸਨ ਲਗਭਗ ਰੋਜ਼ਾਨਾ ਦੁਨੀਆ ਭਰ ਵਿਚ ਅਪਮਾਨਜਨਕ ਫੈਸਲਿਆਂ ਅਤੇ ਟਿੱਪਣੀਆਂ ਨਾਲ ਸੁਰਖੀਆਂ ਵਿਚ ਆਉਂਦੇ ਸਨ, ਟਰੰਪ ਦੀ ਰਫਤਾਰ ਹੌਲੀ ਹੋ ਗਈ ਹੈ ਅਤੇ ਪਿਛਲੇ ਕੁਝ ਦਿਨਾਂ ਵਿਚ ਉਨ੍ਹਾਂ ਨੇ ਕੁਝ ਵਿਵਾਦਪੂਰਨ ਫੈਸਲਿਆਂ ਨੂੰ ਉਲਟਾਉਣ ਦਾ ਸੰਕੇਤ ਵੀ ਦਿੱਤਾ ਹੈ।
ਸਾਰੇ ਦੇਸ਼ਾਂ ’ਤੇ ਟੈਰਿਫ ਲਾਉਣਾ ਪਰ ਸਭ ਤੋਂ ਵੱਧ ਚੀਨ ਨੂੰ ਨਿਸ਼ਾਨਾ ਬਣਾਉਣਾ, ਉਨ੍ਹਾਂ ਫੈਸਲਿਆਂ ਵਿਚੋਂ ਇਕ ਸੀ ਜਿਸ ਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਟਰੰਪ ਨੂੰ ਸ਼ਾਇਦ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ, ਚੀਨ ਤੋਂ ਇੰਨੀ ਤਿੱਖੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ। ਹਾਲ ਹੀ ਵਿਚ ਉਨ੍ਹਾਂ ਨੇ ਟਿੱਪਣੀ ਕੀਤੀ ਹੈ ਕਿ ਚੀਨ ਵਿਰੁੱਧ ਉਨ੍ਹਾਂ ਵਲੋਂ ਐਲਾਨਿਆ ਗਿਆ 245 ਫੀਸਦੀ ਟੈਰਿਫ ‘ਬਹੁਤ ਜ਼ਿਆਦਾ’ ਹੈ ਅਤੇ ਉਹ ਇਸ ’ਤੇ ਮੁੜ ਵਿਚਾਰ ਕਰਨਗੇ।
ਉਨ੍ਹਾਂ ਨੇ 3 ਮਹੀਨਿਆਂ ਦੀ ਮਿਆਦ ਲਈ ਦੂਜੇ ਦੇਸ਼ਾਂ ’ਤੇ ਉੱਚ ਟੈਰਿਫ ਲਾਉਣ ’ਤੇ ਵੀ ਰੋਕ ਲਾ ਦਿੱਤੀ ਹੈ ਅਤੇ ਆਪਸੀ ਲਾਭਕਾਰੀ ਟੈਰਿਫ ’ਤੇ ਪਹੁੰਚਣ ਲਈ ਗੱਲਬਾਤ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਇਹ ਕਦਮ ਸਪੱਸ਼ਟ ਤੌਰ ’ਤੇ ਅਮਰੀਕੀ ਨਾਗਰਿਕਾਂ ਵਿਚ ਵਧ ਰਹੀ ਨਾਰਾਜ਼ਗੀ ਕਾਰਨ ਚੁੱਕਿਆ ਗਿਆ ਸੀ, ਜੋ ਮਹਿੰਗਾਈ ਦੀ ਲਪੇਟ ਵਿਚ ਆਉਣ ਲੱਗ ਪਏ ਸਨ।
ਇਸ ਨਾਲ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਹੋਏ ਅਤੇ ਟਰੰਪ ਦੇ ਪਸੰਦੀਦਾ ਐਲੋਨ ਮਸਕ ਵਲੋਂ ਨਿਰਮਿਤ ਟੈਸਲਾ ਕਾਰਾਂ ਦਾ ਵੀ ਬਾਈਕਾਟ ਕੀਤਾ ਗਿਆ। ਇਹ ਸਪੱਸ਼ਟ ਹੈ ਕਿ ਟਰੰਪ ਨੇ ਆਪਣੇ ਪੈਰ ’ਤੇ ਖੁਦ ਹਥੌੜਾ ਮਾਰ ਲਿਆ ਹੈ। ਮਸਕ, ਜਿਨ੍ਹਾਂ ਨੂੰ ਸ਼ਾਸਨ ਦੀ ਕੁਸ਼ਲਤਾ ਵਿਚ ਸੁਧਾਰ ਕਰਨ ਦਾ ਕੰਮ ਸੌਂਪਿਆ ਗਿਆ ਸੀ, ਨੇ ਵੱਡੀ ਗਿਣਤੀ ਵਿਚ ਨਾਗਰਿਕਾਂ ਨੂੰ ਬੇਰੋਜ਼ਗਾਰ ਕਰ ਦਿੱਤਾ ਸੀ। ਇਹ ਉਨ੍ਹਾਂ ਲਈ ਦੋਹਰੀ ਮਾਰ ਸੀ, ਇਕ ਤਾਂ ਨੌਕਰੀ ਜਾਣ ਦੀ ਅਤੇ ਦੂਜਾ ਵਧਦੀ ਮਹਿੰਗਾਈ ਦਾ ਸਾਹਮਣਾ ਕਰਨ ਦੀ।
ਟਰੰਪ ਦੇ ਹੋਰ ਵੱਡੇ ਐਲਾਨ ਕਿ ਉਹ ਰੂਸ-ਯੂਕ੍ਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਯੁੱਧ ਨੂੰ ਖਤਮ ਕਰ ਦੇਣਗੇ, ਵੀ ਹੁਣ ਤੱਕ ਅਸਫਲ ਰਹੇ ਹਨ। ਰੂਸੀ ਰਾਸ਼ਟਰਪਤੀ ਪੁਤਿਨ ਨਾਲ ਉਨ੍ਹਾਂ ਦੀ ਲੰਮੀ ਗੱਲਬਾਤ ਅਤੇ ਯੂਕ੍ਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਉਨ੍ਹਾਂ ਦੀਆਂ ਧਮਕੀਆਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਨਾ ਹੀ ਗਾਜ਼ਾ ਪੱਟੀ ’ਤੇ ਕਬਜ਼ਾ ਕਰਨ ਦੀ ਉਨ੍ਹਾਂ ਦੀ ਧਮਕੀ ਅਤੇ ਇਜ਼ਰਾਈਲ ਅਤੇ ਹਮਾਸ ਨੂੰ ਉਨ੍ਹਾਂ ਦੀਆਂ ਚਿਤਾਵਨੀਆਂ ਕੰਮ ਆਈਆਂ ਹਨ। ਉਨ੍ਹਾਂ ਦਾ ਇਕ ਹੋਰ ਵੱਡਾ ਫੈਸਲਾ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਸਬੰਧਤ ਸੀ।
ਅਮਰੀਕੀ ਹਵਾਈ ਫੌਜ ਦੇ ਜਹਾਜ਼ਾਂ ਰਾਹੀਂ ਪ੍ਰਵਾਸੀਆਂ ਨੂੰ ਜ਼ੰਜੀਰਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਦੇਸ਼ ਨਿਕਾਲਾ ਦੇਣ ਦਾ ਉਨ੍ਹਾਂ ਦਾ ਸ਼ੁਰੂਆਤੀ ਹਮਲਾਵਰ ਤਰੀਕਾ ਹੁਣ ਆਪਣਾ ਪ੍ਰਭਾਵ ਗੁਆ ਚੁੱਕਾ ਹੈ। ਉਨ੍ਹਾਂ ਦੇ ਇਸ ਐਲਾਨ ਕਿ ਉਹ ਵਿਦੇਸ਼ੀ ਹੁਨਰਮੰਦ ਅਤੇ ਗੈਰ-ਹੁਨਰਮੰਦ ਕਾਮਿਆਂ ਦੇ ਵੀਜ਼ੇ ਵੀ ਰੱਦ ਕਰ ਦੇਣਗੇ ਅਤੇ ਸਿਰਫ਼ ਸਥਾਨਕ ਲੋਕਾਂ ਲਈ ਨੌਕਰੀਆਂ ਰਾਖਵੀਆਂ ਕਰ ਦੇਣਗੇ, ਨੇ ਵੀ ਅਜਿਹੇ ਕਾਰਪੋਰੇਟਾਂ ਵਿਚ ਨਾਰਾਜ਼ਗੀ ਪੈਦਾ ਕੀਤੀ ਜੋ ਅਜਿਹੇ ਕਾਮਿਆਂ ’ਤੇ ਨਿਰਭਰ ਹਨ।
ਭਾਰਤ ਨੇ ਹੁਣ ਤੱਕ ਟਰੰਪ ਵਲੋਂ ਕੀਤੇ ਗਏ ਐਲਾਨਾਂ ਦਾ ਜਵਾਬ ਨਾ ਦੇ ਕੇ ਜਾਂ ਪ੍ਰਤੀਕਿਰਿਆ ਨਾ ਦੇ ਕੇ ਸੰਤੁਲਿਤ ਰੁਖ਼ ਬਣਾਈ ਰੱਖ ਕੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਇਕ ਚੰਗਾ ਵਿਚਾਰ ਹੈ ਕਿ ਉਨ੍ਹਾਂ ਨੂੰ ਸ਼ਾਂਤ ਹੋਣ ਦਿੱਤਾ ਜਾਵੇ ਅਤੇ ਇਕ ਹੋਰ ਯਥਾਰਥਵਾਦੀ ਪਹੁੰਚ ਅਪਣਾਈ ਜਾਵੇ। ਇਹ ਸਪੱਸ਼ਟ ਹੈ ਕਿ ਉਹ ਆਪਣੇ ਹਮਾਇਤੀਆਂ ਨੂੰ ਖੁਸ਼ ਕਰਨ ਲਈ ਅਜਿਹੇ ਸਖ਼ਤ ਕਦਮ ਚੁੱਕ ਰਹੇ ਸਨ ਅਤੇ ਇਹ ਗੱਲ ਮੀਡੀਆ ਹਾਊਸਾਂ ਵਲੋਂ ਉਨ੍ਹਾਂ ਦੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ’ਤੇ ਕਰਵਾਏ ਗਏ ਵੱਖ-ਵੱਖ ਓਪੀਨੀਅਨ ਪੋਲਾਂ (ਜਨਮਤ ਸਰਵੇਖਣ) ਵਿਚ ਝਲਕਦੀ ਹੈ।
ਇਨ੍ਹਾਂ ਸਰਵੇਖਣਾਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵਿਚ ਜਨਤਕ ਰਾਇ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੰਡੀ ਹੋਈ ਹੈ। ਜ਼ਿਆਦਾਤਰ ਅਮਰੀਕੀ ਸੋਚਦੇ ਹਨ ਕਿ ਉਹ ਆਪਣੇ ਪਹਿਲੇ ਕਾਰਜਕਾਲ ਨਾਲੋਂ ਥੋੜ੍ਹਾ ਬਿਹਤਰ ਕਰ ਰਹੇ ਹਨ। ਹਾਲਾਂਕਿ, ਉਹ ਅਰਥਵਿਵਸਥਾ, ਸਰਕਾਰੀ ਖਰਚ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ’ਤੇ ਅਜੇ ਵੀ ਆਲੋਚਨਾਤਮਕ ਹਨ। ਜਿਸ ਦਿਨ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੁਣਿਆ ਗਿਆ, ਮੈਂ ਨਵਤੇਜ ਸਰਨਾ ਦੇ ਨਾਲ ਸੀ, ਜੋ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਅਮਰੀਕਾ ਵਿਚ ਭਾਰਤੀ ਰਾਜਦੂਤ ਵਜੋਂ ਕੰਮ ਕਰਦੇ ਸਨ।
ਜਦੋਂ ਇਸ ਵਿਕਾਸ ਬਾਰੇ ਟਿੱਪਣੀ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਬਹੁਤ ਸੰਖੇਪ ਵਿਚ ਕਿਹਾ ਕਿ ਦੁਨੀਆ ਨੂੰ ਟਰੰਪ ਦੇ ਨਾਲ ਰਹਿਣਾ ਸਿੱਖਣਾ ਪਵੇਗਾ। ਇਸ ਤੋਂ ਵੱਧ ਸੱਚ ਕੁਝ ਨਹੀਂ ਹੋ ਸਕਦਾ।
–ਵਿਪਿਨ ਪੱਬੀ