ਔਰਤਾਂ ਦੀ ਪਛਾਣ ਨੂੰ ਸਿਰਫ ਘਰੇਲੂ ਮੁੱਦਿਆਂ ਤੱਕ ਹੀ ਸੀਮਤ ਨਾ ਰੱਖੋ

Sunday, Feb 04, 2024 - 05:10 PM (IST)

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਅੰਤਰਿਮ ਬਜਟ 2024 ਨੂੰ ਪੇਸ਼ ਕਰਦੇ ਹੋਏ ਇਕ ਅਹਿਮ ਗੱਲ ਰੱਖੀ ਕਿ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸ. ਟੀ. ਈ. ਐੱਮ.) ਸਿਲੇਬਸਾਂ ’ਚ ਔਰਤਾਂ ਦੀ ਨਾਮਜ਼ਦਗੀ 43 ਫੀਸਦੀ ਤੱਕ ਪਹੁੰਚ ਗਈ ਹੈ। ਇਹ ਤੱਥ ਹੋਰ ਵੀ ਅਹਿਮ ਇਸ ਲਈ ਬਣ ਜਾਂਦਾ ਹੈ ਕਿਉਂਕਿ ਇਹ ਦੁਨੀਆ ਦੇ ਸਰਵੋਤਮ ਅੰਕੜਿਆਂ ’ਚੋਂ ਇਕ ਹੈ। ਨਾਲ ਹੀ ਇਹ ਵੀ ਕਿ ਮਹਿਲਾ ਉੱਦਮੀਆਂ ਨੂੰ 30 ਕਰੋੜ ਕਰੰਸੀ ਯੋਜਨਾ ਕਰਜ਼ੇ ਦਿੱਤੇ ਗਏ ਹਨ। ਇਸ ਨੂੰ ਸਮਝਣਾ ਅਹਿਮ ਇਸ ਲਈ ਵੀ ਹੈ ਕਿਉਂਕਿ ਇਹ ਸਿੱਖਿਆ ਅਤੇ ਰੋਜ਼ਗਾਰ ਦੋਹਾਂ ਦੀ ਬਦਲਦੀ ਪ੍ਰਕਿਰਤੀ ਨਾਲ ਸਬੰਧਤ ਹੈ।

ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਤਕਨੀਕੀ ਵਿਸ਼ਿਆਂ ਦਾ ਇਕ ਅਨੋਖਾ ਦ੍ਰਿਸ਼ਟੀਕੋਣ ਹੈ। ਸਿੱਖਿਆ ਨੀਤੀ ਜਾਂ ਸਿਲੇਬਸ ਬਦਲਾਂ ਦੇ ਸੰਦਰਭ ’ਚ ਉਨ੍ਹਾਂ ਦਾ ਇਕੋ ਵੇਲੇ ਸੰਯੋਜਨ ਭਵਿੱਖ ਲਈ ਬਹੁਤ ਵੱਡੇ ਨਿੱਜੀ ਹਿੱਤ ਰੱਖਦਾ ਹੈ। ਪੂਰਵਗ੍ਰਹਿ ਅਤੇ ਰੂੜੀਵਾਦਿਤਾ ਇੱਥੇ ਅਹਿਮ ਕੜੀ ਹੈ।

ਅਕਸਰ ਇਹ ਸਿੱਖਿਆ ਦੀ ਸਮਝ ’ਚ ਵੀ ਪਾਇਆ ਜਾਂਦਾ ਹੈ। ਕੁਝ ਅਜਿਹੇ ਵਿਸ਼ੇ ਹਨ ਜਿਨ੍ਹਾਂ ਬਾਰੇ ਸੋਚਿਆ ਗਿਆ ਹੈ ਕਿ ਉਹ ਮਰਦਾਂ ਦੇ ਅਧਿਕਾਰ ਖੇਤਰ ਅਤੇ ਗਲਬੇ ’ਚ ਹਨ। ਲਿੰਗ ਵਿਸ਼ਲੇਸ਼ਣ ਪਿਤਾ-ਪੁਰਖੀ ਅਤੇ ਔਰਤਾਂ ਦੇ ਹਾਸ਼ੀਏ ’ਤੇ ਹੋਣ ਦੀ ਆਲੋਚਨਾ ਸਬੰਧੀ ਨਹੀਂ ਹੈ। ਇਹ ਇਕ ਸਮਾਵੇਸ਼ੀ ਸਮਾਜ ਦੇ ਯਤਨਾਂ ਬਾਰੇ ਹੈ, ਮਰਦਾਂ ਅਤੇ ਔਰਤਾਂ ਦੋਹਾਂ ਲਈ ਵਿਤਕਰੇ ਭਰੇ ਪੈਮਾਨਿਆਂ ’ਚ ਸੁਧਾਰ। ਜਿਸ ਤਰ੍ਹਾਂ ਅਸੀਂ ਔਰਤਾਂ ਦੀ ਪਛਾਣ ਨੂੰ ਸਿਰਫ ਘਰੇਲੂ ਮੁੱਦਿਆਂ ਤੱਕ ਸੀਮਤ ਨਹੀਂ ਰੱਖ ਸਕਦੇ, ਉਸੇ ਤਰ੍ਹਾਂ ਅਸੀਂ ਰੋਜ਼ੀ-ਰੋਟੀ ਪ੍ਰਦਾਨ ਕਰਨ ਦੇ ਰੂਪ ’ਚ ਮਰਦਾਂ ਦੀ ਪਛਾਣ ਨੂੰ ਵੀ ਘੱਟ ਨਹੀਂ ਕਰ ਸਕਦੇ।

ਸਿੱਖਿਆ ਅਤੇ ਰੋਜ਼ੀ-ਰੋਟੀ ਅੱਜ ਚੌਥੀ ਉਦਯੋਗਿਕ ਕ੍ਰਾਂਤੀ ਦੇ ਢਾਂਚੇ ’ਚ ਮੌਜੂਦ ਹੈ। ਇਹ ਤਬਦੀਲੀ ਵਿੱਦਿਅਕ ਵਿਸ਼ਿਆਂ ਨੂੰ ਵੱਧ ਤੋਂ ਵੱਧ ਏਕੀਕ੍ਰਿਤ ਕਰਦੀ ਹੈ। ਤਕਨਾਲੋਜੀ ਨੇ ਵੱਖ-ਵੱਖ ਦ੍ਰਿਸ਼ਾਂ ਨੂੰ ‘ਟੁੱਟ-ਭੱਜ’ ਦੇ ਪੜਾਅ ’ਚ ਪਾ ਦਿੱਤਾ ਹੈ। ਘਰੇਲੂ ਅਤੇ ਕੌਮਾਂਤਰੀ ਅਰਥਵਿਵਸਥਾ ’ਚ ਅਹਿਮ ਭੂਮਿਕਾ ਨਿਭਾਉਣ ਲਈ ਕੋਈ ਵੀ ਦੇਸ਼ ਖਰਾਬ ਢੰਗ ਨਾਲ ਤਿਆਰ ਮਨੁੱਖੀ ਸੋਮਿਆਂ ਅਤੇ ਟਾਸਕ ਫੋਰਸ ਨੂੰ ਨਹੀਂ ਚਾਹੇਗਾ।

ਉੱਚ ਪੱਧਰੀ ਸੋਚ, ਹੁਨਰ ’ਤੇ ਕੰਮ ਕਰਨ ’ਤੇ ਧਿਆਨ, ਜਮਾਤ ਦੀ ਸਿੱਖਿਆ ਨੂੰ ਬਾਹਰੀ ਅਸਲ ਦੁਨੀਆ ਨਾਲ ਜੋੜਨ ’ਤੇ ਜ਼ੋਰ, ਇਹ ਸਭ ਕਾਰਨ ਐੱਸ. ਟੀ. ਈ. ਐੱਮ. ਸਿਲੇਬਸ ਨੂੰ ਜ਼ਰੂਰੀ ਬਣਾਉਂਦੇ ਹਨ। ਪ੍ਰਸ਼ਾਸਨਿਕ ਅਤੇ ਸਹਾਇਤਾ ਸੇਵਾਵਾਂ, ਸਿਹਤ ਸੇਵਾ, ਵਿੱਤੀ ਸੇਵਾਵਾਂ ਵਰਗੇ ਸਭ ਉਦਯੋਗ ਉਹ ਹੁਣ ਕੰਮ ਕਰਨ ਲਈ ਇਕ ਨਵੇਂ ਦ੍ਰਿਸ਼ਟੀਕੋਣ ਦੀ ਮੰਗ ਕਰਦੇ ਹਨ।

ਇਸ ਅਭਿਨਵ ਕੰਮ ਲਈ ਟਾਸਕ ਫੋਰਸ ਦੀ ਵੰਨ-ਸੁਵੰਨਤਾ, ਮਰਦਾਂ ਅਤੇ ਔਰਤਾਂ ਲਈ ਸੰਤੁਲਨ ਅਹਿਮ ਹੈ। ਇਹ ਨਾ ਸਿਰਫ ਔਰਤਾਂ ਨੂੰ ਹੁਣ ਤੱਕ ਬੰਦ ਬਾਜ਼ਾਰ ’ਚ ਦਾਖਲ ਹੋਣ ਦੇ ਸਮਰੱਥ ਬਣਾਵੇਗਾ ਸਗੋਂ ਮਰਦਾਂ ਲਈ ਵੀ ਕਾਰੋਬਾਰੀ ਸੰਚਾਲਨ ਦੀ ਭਾਰ ਵਾਲੀ ਪ੍ਰਕਿਰਤੀ ਨੂੰ ਘੱਟ ਕਰਨ ’ਚ ਲਾਹੇਵੰਦ ਹੋਵੇਗਾ।

ਸਿਲੇਬਸ ’ਚ ਕਿਸੇ ਦੀ ਨਾਮਜ਼ਦਗੀ ਅਤੇ ਉਦਯੋਗ ’ਚ ਰੋਜ਼ਗਾਰ ਦੇ ਆਪਸੀ ਸਬੰਧ ਅਹਿਮ ਹਨ। ਅਕਸਰ ਵਿਦਿਆਰਥੀ ਦਾਖਲਾ ਤਾਂ ਲੈ ਲੈਂਦੇ ਹਨ ਪਰ ਡਿਗਰੀ ਪੂਰੀ ਨਹੀਂ ਕਰ ਸਕਦੇ। ਲਿੰਗ ਦੇ ਸੰਦਰਭ ਦੇ ਨਾਲ-ਨਾਲ ਐੱਸ. ਟੀ. ਈ. ਐੱਮ. ’ਤੇ ਧਿਆਨ ਕੇਂਦ੍ਰਿਤ ਕਰਨਾ ਇਸ ਫਰਕ ਨੂੰ ਘਟਾਉਣ ਲਈ ਬਹੁਤ ਢੁੱਕਵਾਂ ਹੋਵੇਗਾ, ਜਿੱਥੇ ਮਰਦ ਅਤੇ ਔਰਤ ਦੋਵੇਂ ਪ੍ਰਭਾਵਿਤ ਹੁੰਦੇ ਹਨ। ਭਵਿੱਖ ਦਾ ਰਾਹ ਨਵਾਂਚਾਰ ਅਤੇ ਉਸਾਰੂ ਸਮੱਸਿਆ ਦੇ ਹੱਲ ਦੇ ਦ੍ਰਿਸ਼ਟੀਕੋਣ ਦੀ ਮੰਗ ਕਰਦਾ ਹੈ। ਲਿੰਗਕ ਬਰਾਬਰੀ ਅਤੇ ਐੱਸ. ਟੀ. ਈ. ਐੱਮ. ਸਿੱਖਿਆ ਨੂੰ ਹੱਲਾਸ਼ੇਰੀ ਦੇਣ ’ਤੇ ਕੰਮ ਕਰਨਾ ਵਧੇਰੇ ਢੁੱਕਵਾਂ ਹੋਵੇਗਾ।

ਖੁਸ਼ਹਾਲ ਭਵਿੱਖ ਦਾ ਲਾਭ ਉਠਾਉਣ ਲਈ ਚੁਣੌਤੀਆਂ ਤੋਂ ਪਾਰ ਹੋਣ ਲਈ ਸਹਿਯੋਗ ਦੀ ਦ੍ਰਿਸ਼ਟੀ ਦੀ ਲੋੜ ਹੈ। ਲਿੰਗਕ ਮੁੱਦੇ ਸਿਰਫ ਔਰਤਾਂ ਦਾ ਖੇਤਰ ਨਹੀਂ ਹੋ ਸਕਦੇ, ਇਸ ’ਚ ਵਧੇਰੇ ਮਰਦਾਂ ਨੂੰ ਸ਼ਾਮਲ ਕਰਨ ਦੀ ਲੋੜ ਹੈ। ਇਹੀ ਕਾਰਨ ਹੈ ਕਿ ਲਿੰਗਕ ਸਮਾਵੇਸ਼ੀ ਦ੍ਰਿਸ਼ਟੀਕੋਣ, ਔਰਤਾਂ ਦੀ ਵਧੇਰੇ ਭਾਈਵਾਲੀ ਐੱਸ. ਟੀ. ਈ. ਐੱਮ. ਸਿੱਖਿਆ ਪੱਖੋਂ ਲਾਭਕਾਰੀ ਹੈ।

ਇਹ ਪੂਰਵਗ੍ਰਹਿ ਨੂੰ ਦੂਰ ਕਰਨ ਸਬੰਧੀ ਨਹੀਂ ਹੈ ਸਗੋਂ ਸਭ ਲਈ ਸਸਟੇਨੇਬਲ ਭਵਿੱਖ ਬਾਰੇ ਹੈ। ਇਹੀ ਕਾਰਨ ਹੈ ਕਿ ਇਸ ਖੇਤਰ ’ਚ ਉਸਾਰੂ ਸਰਕਾਰੀ ਹਮਾਇਤ ਵਧਾਉਣ ਲਈ ਹੋਰ ਵਧੇਰੇ ਆਵਾਜ਼ਾਂ ਉੱਠਣੀਆਂ ਚਾਹੀਦੀਆਂ ਹਨ। ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਿੱਤਾਂ ਲਈ ਲਾਹੇਵੰਦ ਹੋਵੇਗਾ।

ਆਮਨਾ ਮਿਰਜ਼ਾ


Rakesh

Content Editor

Related News