2 ਔਰਤਾਂ ਵੱਲੋਂ ਬਲੈਕਮੇਲ ਕਰਨ ''''ਤੇ ਨੌਜਵਾਨ ਨੇ ਲੈ ਲਿਆ ਫਾਹਾ
Monday, Jun 23, 2025 - 05:42 PM (IST)

ਕਾਠਗੜ੍ਹ (ਰਾਜੇਸ਼ ਸ਼ਰਮਾ) : ਥਾਣਾ ਕਾਠਗੜ੍ਹ ਦੇ ਨਜ਼ਦੀਕੀ ਪਿੰਡ ਸੋਭੂਵਾਲ ਦੇ ਇਕ ਨੌਜਵਾਨ ਨੂੰ 2 ਮਹਿਲਾਵਾਂ ਵੱਲੋਂ ਤੰਗ ਪ੍ਰੇਸ਼ਾਨ ਅਤੇ ਬਲੈਕਮੇਲ ਇਥੇ ਜਾਣ ਨਾਲ ਨੌਜਵਾਨ ਨੇ ਚੰਡੀਗੜ੍ਹ ਦੇ ਇਕ ਹੋਟਲ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਚੰਡੀਗੜ੍ਹ ਪੁਲਸ ਨੇ ਮਾਮਲਾ ਦਰਜ ਕਰਕੇ ਦੋਵੇਂ ਮੁਲਜ਼ਮ ਔਰਤਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਚੰਡੀਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤ ਲਵਪ੍ਰੀਤ ਪੁੱਤਰ ਓਮ ਨਾਥ ਵਾਸੀ ਸੋਭੂਵਾਲ ਤਹਿਸੀਲ ਬਲਾਚੌਰ ਨੇ ਦੱਸਿਆ ਕਿ ਉਸਦੇ ਚਾਚੇ ਦਾ ਲੜਕਾ ਦੀਪਕ ਕੁਮਾਰ ਪੁੱਤਰ ਭੋਲਾ ਨਾਥ ਵਾਸੀ ਸੋਭੂਵਾਲ 18 ਜੂਨ ਨੂੰ ਘਰ ਤੋਂ ਨਿੱਜੀ ਫੈਕਟਰੀ ਰੈਲਮਾਜਰਾ ਡਿਊਟੀ ''ਤੇ ਗਿਆ ਸੀ ਪਰ ਸ਼ਾਮ ਨੂੰ 5.20 ''ਤੇ ਡਿਊਟੀ ਖ਼ਤਮ ਹੋਣ ''ਤੇ ਉਹ ਘਰ ਆਉਣ ਦੀ ਬਜਾਏ ਆਪਣਾ ਮੋਟਰਸਾਈਕਲ ਕਿਸੇ ਜਾਣਕਾਰ ਨੂੰ ਦੇ ਗਿਆ ਅਤੇ ਆਪ ਪਤਾ ਨਹੀਂ ਕਿੱਥੇ ਚਲਾ ਗਿਆ ਪ੍ਰੰਤੂ ਜਦੋਂ ਉਹ ਘਰ ਨਾ ਪਹੁੰਚਿਆ ਤਾਂ ਇਸ ਦੀ ਸੂਚਨਾ ਉਨ੍ਹਾਂ ਕਾਠਗੜ੍ਹ ਪੁਲਸ ਨੂੰ ਦਿੱਤੀ।
ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਵੀ ਪਤਾ ਨਹੀਂ ਲੱਗਾ। ਦੂਜੇ ਦਿਨ 19 ਜੂਨ ਨੂੰ ਮਾਮੇ ਦੇ ਲੜਕੇ ਮਨਿੰਦਰ ਕੁਮਾਰ ਦੇ ਫੋਨ ਦੇ ਵਟਸਐਪ ਤੇ ਵਾਈਸ ਮੈਸੇਜ ਆਇਆ ਜਿਸ ਵਿਚ ਉਸ ਨੇ ਸਾਫ ਬੋਲ ਕੇ ਦੱਸਿਆ ਕਿ ਉਸ ਨੂੰ 2 ਮਹਿਲਾਵਾਂ ਪਿਛਲੇ ਕਈ ਮਹੀਨਿਆਂ ਤੋਂ ਬਲੈਕਮੇਲ ਕਰ ਰਹੀਆਂ ਸਨ ਅਤੇ ਮੈਂ ਉਨ੍ਹਾਂ ਤੋਂ ਪ੍ਰੇਸ਼ਾਨ ਹੋ ਕੇ ਬਿਨਾਂ ਦੱਸੇ ਆਪਣਾ ਘਰ ਛੱਡ ਕੇ ਕਿਤੇ ਬਾਹਰ ਆਇਆ ਹਾਂ। ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਦੀਪਕ ਕੁੱਝ ਸਮੇਂ ਤੋਂ ਉਕਤ ਹੋਟਲ ਵਿਚ ਰਹਿ ਰਿਹਾ ਸੀ ਤੇ ਹੋਟਲ ਵਾਲਿਆਂ ਨੇ ਇਹ ਕਹਿ ਦਿੱਤਾ ਕਿ ਦੀਪਕ ਇੱਥੋਂ ਚਲਾ ਗਿਆ ਪਰ ਜਦੋਂ ਪਰਿਵਾਰਕ ਮੈਬਰਾਂ ਨੇ ਉਨ੍ਹਾਂ ਤੋਂ ਹੋਟਲ ਦੇ ਕਮਰੇ ਦੀ ਚਾਬੀ ਮੰਗੀ ਤਾਂ ਉਨ੍ਹਾਂ ਨੇ ਚਾਬੀ ਨਾ ਦਿੱਤੀ । ਫਿਰ ਪਿੰਡ ਦੇ ਨੌਜਵਾਨਾਂ ਨੇ ਪੈਰ ਮਾਰ ਕੇ ਹੋਟਲ ਦਾ ਦਰਵਾਜ਼ਾ ਤੋੜ ਦਿੱਤਾ ਤਾਂ ਕਮਰੇ ਦੇ ਅੰਦਰ ਦੀਪਕ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਅਤੇ ਇਸ ਸਬੰਧੀ ਚੰਡੀਗੜ੍ਹ ਪੁਲਸ ਨੂੰ ਸੂਚਿਤ ਕੀਤਾ ਗਿਆ । ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤ ਪਰਿਵਾਰ ਨੇ ਚੰਡੀਗੜ੍ਹ ਪੁਲਸ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਆਰੋਪੀ ਮਹਿਲਾਵਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ।