ਭਾਰਤ ਤੋਂ ਹੱਜ ਯਾਤਰੀਆਂ ਦਾ ਡਿਜੀਟਲ ਸਸ਼ਕਤੀਕਰਨ

Saturday, May 17, 2025 - 03:49 PM (IST)

ਭਾਰਤ ਤੋਂ ਹੱਜ ਯਾਤਰੀਆਂ ਦਾ ਡਿਜੀਟਲ ਸਸ਼ਕਤੀਕਰਨ

ਭਾਰਤ ਸਰਕਾਰ ਨੇ ਹਾਲ ਦੇ ਵਰ੍ਹਿਆਂ ਵਿਚ ਸਮਾਵੇਸ਼ੀ ਸ਼ਾਸਨ ’ਤੇ ਕਾਫੀ ਜ਼ੋਰ ਦਿੱਤਾ ਹੈ। ਇਕ ਅਜਿਹਾ ਸ਼ਾਸਨ, ਜੋ ਭੂਗੋਲ, ਪਿਛੋਕੜ ਜਾਂ ਵਿਸ਼ਵਾਸ ਦੀ ਪਰਵਾਹ ਕੀਤੇ ਬਿਨਾਂ ਹਰ ਨਾਗਰਿਕ ਤੱਕ ਪਹੁੰਚਦਾ ਹੋਵੇ। ਇਹ ਗੱਲ ਸਾਲਾਨਾ ਹੱਜ ਯਾਤਰਾ ਦੇ ਸੰਚਾਲਨ ਵਿਚ ਵੀ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ।

ਇਕ ਨਿਯਮਿਤ ਪ੍ਰਸ਼ਾਸਨਿਕ ਅਭਿਆਸ ਤੋਂ ਦੂਰ, ਇਹ ਇਕ ਵਿਸ਼ਾਲ ਮਨੁੱਖੀ, ਕੂਟਨੀਤਕ ਅਤੇ ਤਾਰਕਿਕ ਸੰਚਾਲਨ ਹੈ, ਜੋ ਅਨੇਕ ਰਾਸ਼ਟਰਾਂ ਅਤੇ ਸੱਭਿਆਚਾਰਾਂ ਤੱਕ ਫੈਲਿਆ ਹੋਇਆ ਹੈ। ‘ਸਬਕਾ ਸਾਥ, ਸਬਕਾ ਵਿਕਾਸ’ ਦੇ ਲੋਕਾਚਾਰ ਤੋਂ ਪ੍ਰੇਰਿਤ ਹੋ ਕੇ ਸਰਕਾਰ ਨੇ ਹੱਜ ਪ੍ਰਬੰਧਨ ਨੂੰ 21ਵੀਂ ਸਦੀ ਦੀ ਸੇਵਾ ਵੰਡ ਦੇ ਮਾਡਲ ਦੇ ਰੂਪ ਵਿਚ ਬਦਲ ਦਿੱਤਾ ਹੈ।

ਭਾਰਤ ਤੋਂ ਹਰ ਸਾਲ ਲਗਭਗ 1.75 ਲੱਖ ਤੀਰਥ ਯਾਤਰੀ ਪਵਿੱਤਰ ਹੱਜ ਯਾਤਰਾ ’ਤੇ ਜਾਂਦੇ ਹਨ। ਸਾਊਦੀ ਅਰਬ ਸਾਮਰਾਜ (ਕੇ. ਐੱਸ. ਏ.) ਨਾਲ ਗੂੜ੍ਹੇ ਤਾਲਮੇਲ ਵਿਚ, ਭਾਰਤੀ ਹੱਜ ਕਮੇਟੀ ਦੇ ਮਾਧਿਅਮ ਨਾਲ ਚਾਰ ਮਹੀਨੇ ਤੱਕ ਚੱਲਣ ਵਾਲੇ ਇੰਨੇ ਵਿਆਪਕ ਅਤੇ ਸੰਵੇਦਨਸ਼ੀਲ ਆਪ੍ਰੇਸ਼ਨ ਦਾ ਪ੍ਰਬੰਧਨ ਕਰਨਾ ਰਾਸ਼ਟਰੀ ਤਾਲਮੇਲ, ਕੂਟਨੀਤੀ ਅਤੇ ਸੇਵਾ ਦਾ ਇਕ ਮਹੱਤਵਪੂਰਨ ਨਮੂਨਾ ਹੈ।

ਘੱਟਗਿਣਤੀ ਮਾਮਲੇ ਮੰਤਰਾਲੇ ਦੇ ਮਾਧਿਅਮ ਨਾਲ ਭਾਰਤ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਇਹ ਅਧਿਆਤਮਿਕ ਯਾਤਰਾ ਨਿਰਵਿਘਨ ਹੋਣ ਦੇ ਨਾਲ-ਨਾਲ ਮਾਣ-ਮੱਤੀ, ਸਮਾਵੇਸ਼ੀ ਅਤੇ ਤਕਨੀਕੀ ਤੌਰ ’ਤੇ ਮਜ਼ਬੂਤ ਵੀ ਹੋਵੇ। ਬਿਨਾਂ ਕਿਸੇ ਪੱਖਪਾਤ ਦੇ ਸਾਰੇ ਭਾਈਚਾਰਿਆਂ ਦੀ ਸੇਵਾ ਕਰਨ ਦੀ ਆਪਣੀ ਦ੍ਰਿੜ੍ਹ ਵਚਨਬੱਧਤਾ ਦੇ ਨਾਲ, ਸਰਕਾਰ ਹੱਜ ਦੇ ਅਨੁਭਵ ਨੂੰ ਵਿਦੇਸ਼ਾਂ ਵਿਚ ਹੁਣ ਤੱਕ ਕੀਤੇ ਗਏ ਸਭ ਤੋਂ ਐਡਵਾਂਸਡ ਜਨਤਕ ਸੇਵਾ ਸੰਚਾਲਨ ਵਿਚੋਂ ਇਕ ਦੇ ਰੂਪ ਵਿਚ ਬਦਲ ਰਹੀ ਹੈ।

ਹੱਜ ਸੁਵਿਧਾ ਐਪ ਨੂੰ ਭਾਰਤ ਸਰਕਾਰ ਨੇ 2024 ਵਿਚ ਲਾਂਚ ਕੀਤਾ ਸੀ। ਇਸ ਦਾ ਉਦੇਸ਼ ਤੀਰਥ ਯਾਤਰੀਆਂ ਦੇ ਅਨੁਭਵ ਨੂੰ ਸਰਲ ਅਤੇ ਬਿਹਤਰ ਬਣਾਉਣਾ ਸੀ। ਇਸ ਦੇ ਮਾਧਿਅਮ ਨਾਲ ਹਰੇਕ ਤੀਰਥ ਯਾਤਰੀ ਨਾਲ ਜੁੜੇ ਰਾਜ ਹੱਜ ਇੰਸਪੈਕਟਰਾਂ ਦੇ ਵੇਰਵੇ ਦੇ ਨਾਲ-ਨਾਲ ਨੇੜਲੀ ਸਿਹਤ ਸੇਵਾ ਅਤੇ ਟ੍ਰਾਂਸਪੋਰਟ ਸੁਵਿਧਾਵਾਂ ਸਹਿਤ ਆਵਾਸ, ਟ੍ਰਾਂਸਪੋਰਟ ਅਤੇ ਉਡਾਣ ਸਬੰਧੀ ਵੇਰਵੇ ਜਿਹੀਆਂ ਸੂਚਨਾਵਾਂ ਤੱਕ ਤਤਕਾਲ ਪਹੁੰਚ ਕਾਇਮ ਕਰਨਾ ਸੰਭਵ ਹੋ ਰਿਹਾ ਹੈ।

ਇਹ ਐਪ ਸ਼ਿਕਾਇਤ ਪੇਸ਼ ਕਰਨ, ਉਸ ਦੀ ਟ੍ਰੈਕਿੰਗ ਕਰਨ, ਬੈਗੇਜ ਟ੍ਰੈਕਿੰਗ, ਐਮਰਜੈਂਸੀ ਐੱਸ. ਓ. ਐੱਸ. ਸੁਵਿਧਾਵਾਂ, ਅਧਿਆਤਮਿਕ ਸਮੱਗਰੀ ਅਤੇ ਤਤਕਾਲ ਸੂਚਨਾਵਾਂ ਪ੍ਰਾਪਤ ਕਰਨ ਵਿਚ ਵੀ ਸਮਰੱਥ ਬਣਾਉਂਦਾ ਹੈ। ਪਿਛਲੇ ਸਾਲ 67,000 ਤੋਂ ਵੱਧ ਤੀਰਥ ਯਾਤਰੀਆਂ ਨੇ ਐਪ ਇੰਸਟਾਲ ਕੀਤਾ ਸੀ, ਜੋ ਸਵੀਕ੍ਰਿਤੀ ਦੀ ਉੱਚ ਦਰ ਦਾ ਸੰਕੇਤ ਦਿੰਦਾ ਹੈ। ਕੇ. ਐੱਸ. ਏ. ਵਿਚ ਭਾਰਤ ਸਰਕਾਰ ਦੁਆਰਾ ਹਾਜੀਆਂ ਲਈ ਸਥਾਪਿਤ ਪ੍ਰਸ਼ਾਸਨਿਕ ਢਾਂਚੇ ਦੁਆਰਾ 8000 ਤੋਂ ਵੱਧ ਸ਼ਿਕਾਇਤਾਂ ਅਤੇ 2000 ਤੋਂ ਵੱਧ ਐੱਸ. ਓ. ਐੱਸ. ਉਠਾਏ ਗਏ ਅਤੇ ਉਨ੍ਹਾਂ ਦਾ ਜਵਾਬ ਦਿੱਤਾ ਗਿਆ।

ਹੱਜ 2.0 ਵਿਚ ਹੱਜ ਯਾਤਰੀਆਂ ਦੇ ਡਿਜੀਟਲ ਬਿਨੈਪੱਤਰ, ਚੋਣ, ਉਡੀਕ ਸੂਚੀ ਦਾ ਪ੍ਰਕਾਸ਼ਨ, ਭੁਗਤਾਨ ਏਕੀਕਰਨ, ਅਦਾਹੀ ਕੂਪਨ ਜਾਰੀ ਕਰਨ ਅਤੇ ਰੱਦੀਕਰਨ ਅਤੇ ਧਨ ਵਾਪਸੀ ਦੀਆਂ ਪ੍ਰਕਿਰਿਆਵਾਂ ਤੋਂ ਲੈ ਕੇ ਹੱਜ ਦੀ ਪੂਰੀ ਪ੍ਰਕਿਰਿਆ ਸ਼ਾਮਲ ਹੈ। ਅਪਡੇਟ ਕੀਤਾ ਗਿਆ ਐਪ ਬੈਂਕਿੰਗ ਨੈੱਟਵਰਕ ਦੇ ਨਾਲ ਸਹਿਜ ਏਕੀਕਰਨ ਪ੍ਰਦਾਨ ਕਰਦਾ ਹੈ, ਜਿਸ ਨਾਲ ਤੀਰਥ ਯਾਤਰੀ ਯੂ. ਪੀ. ਆਈ., ਡੈਬਿਟ/ਕ੍ਰੈਡਿਟ ਕਾਰਡ ਅਤੇ ਇੰਟਰਨੈੱਟ ਬੈਂਕਿੰਗ ਦੇ ਮਾਧਿਅਮ ਨਾਲ ਭੁਗਤਾਨ ਕਰ ਸਕਦੇ ਹਨ।

ਯਾਤਰਾ ਦੌਰਾਨ ਸੁਵਿਧਾ ਲਈ ਤਤਕਾਲ ਉਡਾਣ ਸਬੰਧੀ ਸੂਚੀ ਅਤੇ ਇਲੈਕਟ੍ਰਾਨਿਕ ਬੋਰਡਿੰਗ ਪਾਸ ਵੀ ਪ੍ਰਦਾਨ ਕੀਤੇ ਜਾਂਦੇ ਹਨ। ਐਪ ਨੂੰ ਪੇਡੋਮੀਟਰ ਸੁਵਿਧਾ ਨਾਲ ਸੰਵਰਧਿਤ ਕੀਤਾ ਗਿਆ ਹੈ। ਇਸ ਦਾ ਉਦੇਸ਼ ਤੀਰਥ ਯਾਤਰੀਆਂ ਵਿਚ ਪੈਦਲ ਚੱਲਣ ਦੀ ਆਦਤ ਪਾਉਣਾ ਹੈ, ਤਾਂ ਕਿ ਉਨ੍ਹਾਂ ਵਿਚ ਅੱਗੇ ਦੀ ਕਠਿਨ ਯਾਤਰਾ ਲਈ ਜ਼ਰੂਰੀ ਸਹਿਣ-ਸ਼ਕਤੀ ਵਿਕਸਿਤ ਹੋ ਸਕੇ।

ਤੀਰਥ ਯਾਤਰੀਆਂ ਦੀ ਸਹਾਇਤਾ ਲਈ ਤਤਕਾਲ ਮੌਸਮ ਦੇ ਅਪਡੇਟ ਵੀ ਜੋੜੇ ਗਏ ਹਨ, ਤਾਂ ਕਿ ਤੀਰਥ ਯਾਤਰੀਆਂ ਨੂੰ ਜਲਵਾਯੂ ਸਬੰਧੀ ਪ੍ਰਤੀਕੂਲ ਸਥਿਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਮਿਲ ਸਕੇ ਅਤੇ ਨਾਲ ਹੀ ਉਨ੍ਹਾਂ ਨੂੰ ਸਿਹਤ ਅਤੇ ਹਾਈਡ੍ਰੇਟੇਡ ਰੱਖਿਆ ਜਾ ਸਕੇ।

ਭਾਰਤੀ ਹੱਜ ਮੈਡੀਕਲ ਦਲ ਨੂੰ ਸਰਵਸ੍ਰੇਸ਼ਠ ਮੰਨਿਆ ਜਾਂਦਾ ਹੈ ਅਤੇ ਇਹ ਮੱਕਾ ਅਤੇ ਮਦੀਨਾ ਵਿਚ ਹੱਜ ਦੌਰਾਨ ਸਥਾਪਿਤ ਖੇਤਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਨੈੱਟਵਰਕ ਦੇ ਮਾਧਿਅਮ ਨਾਲ ਤੀਰਥ ਯਾਤਰੀਆਂ ਨੂੰ ਵਿਸ਼ਵ ਪੱਧਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਦਾ ਹੈ।

ਐਂਬੂਲੈਂਸ ਦਾ ਇਕ ਨੈੱਟਵਰਕ ਐਮਰਜੈਂਸੀ ਮੈਡੀਕਲ ਸਹਾਇਤਾ ਪ੍ਰਦਾਨ ਕਰਦਾ ਹੈ। ਸਿਹਤ ਮੰਤਰਾਲੇ ਦੇ ਈ-ਹੈਲਥ ਕਾਰਡ ਅਤੇ ਈ-ਹਾਸਪੀਟਲ ਮਾਡਿਊਲ ਨੂੰ ਇਸ ਵਰ੍ਹੇ ਐਪ ਨਾਲ ਜੋੜ ਦਿੱਤਾ ਗਿਆ ਹੈ। ਇਸ ਦਾ ਟੀਚਾ ਤੀਰਥ ਯਾਤਰੀਆਂ ਲਈ ਨਿਰਵਿਘਨ ਪ੍ਰਵੇਸ਼ ਅਤੇ ਇਲਾਜ ਯਕੀਨੀ ਬਣਾਉਣਾ ਹੈ।

ਇਸ ਨਾਲ ਡਾਕਟਰਾਂ ਨੂੰ ਇਲਾਜ ਲਈ ਉਪਲਬਧ ਡੇਟਾ ਦੀ ਗੁਣਵੱਤਾ ਵਿਚ ਵੀ ਵਾਧਾ ਹੋਵੇਗਾ ਅਤੇ ਹੱਜ 2025 ਲਈ ਤੀਰਥ ਯਾਤਰੀਆਂ ਨੂੰ ਸਮੁੱਚੀ ਮੈਡੀਕਲ ਸੇਵਾ ਪ੍ਰਦਾਨ ਕੀਤੀ ਜਾਵੇਗੀ।

ਐਪ ਦੀ ਬਹੁ-ਸ਼ਲਾਘਾ ਯੋਗ ਲਗੇਜ ਟ੍ਰੈਕਿੰਗ ਪ੍ਰਣਾਲੀ ਨੂੰ ਆਰ. ਐੱਫ. ਆਈ. ਡੀ. ਅਾਧਾਰਿਤ ਟੈਗਿੰਗ ਦੇ ਨਾਲ ਹੋਰ ਅਪਗ੍ਰੇਡ ਕੀਤਾ ਗਿਆ ਹੈ। ਇਹ ਗੁੰਮ ਹੋਏ ਸਾਮਾਨ ਨੂੰ ਟ੍ਰੈਕ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਵੇਗਾ ਅਤੇ ਉੱਚਤਮ ਪੱਧਰ ਦੀ ਸੇਵਾ ਯਕੀਨੀ ਬਣਾਵੇਗਾ।

ਏ. ਆਈ. ਦੁਆਰਾ ਸੰਚਾਲਿਤ ਇਕ ਚੈਟਬੌਟ ਨੂੰ ਡਿਜੀਟਲ ਪਰਸਨਲ ਅਸਿਸਟੈਂਟ ਦੇ ਰੂਪ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਚੈਟਬੌਟ ਸੰਵਾਦਾਤਮਕ ਲਹਿਜ਼ੇ ਵਿਚ ਨਿਯਮਿਤ ਸਵਾਲਾਂ ਦਾ ਜਵਾਬ ਦੇਣ, ਤਤਕਾਲ ਸਹਾਇਤਾ ਅਤੇ ਸਲਾਹ ਪ੍ਰਦਾਨ ਕਰਨ ਲਈ ਹੈ।

ਸੁਵਿਧਾਵਾਂ ਦਾ ਇਹ ਸਮੁੱਚਾ ਸੈੱਟ ਸਰਕਾਰ ਦੇ ਇਰਾਦੇ ਦਾ ਸੰਕੇਤ ਹੈ ਕਿ ਉਹ ਨਾ ਸਿਰਫ ਸਰਵਿਸ ਡਲਿਵਰੀ ਦੇ ਸਾਧਨ ਦੇ ਰੂਪ ਵਿਚ ਟੈਕਨਾਲੋਜੀ ਦਾ ਲਾਭ ਉਠਾਉਣਾ ਚਾਹੁੰਦੀ ਹੈ, ਸਗੋਂ ਇਕ ਅਜਿਹੇ ਉਪਕਰਣ ਦੇ ਰੂਪ ਵਿਚ ਵੀ ਹੈ ਜੋ ਅਧਿਆਤਮਿਕ ਰਾਹ ’ਤੇ ਚੱਲਣ ਵਾਲਿਆਂ ਸਹਿਤ ਸਾਰਿਆਂ ਲਈ ਸਨਮਾਨ, ਸੁਵਿਧਾ ਅਤੇ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ।

ਹੱਜ ਸੁਵਿਧਾ ਐਪ 2.0 ਭਾਰਤ ਦੇ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਵਿਚ ਮੋਹਰੀ ਹੈ ਅਤੇ ਇਹ ਭਾਰਤ ਸਰਕਾਰ ਦੇ ਇਸ ਦ੍ਰਿਸ਼ਟੀਕੋਣ ਦਾ ਪ੍ਰਮਾਣ ਹੈ ਕਿ ਸ਼ਾਸਨ ਹਰੇਕ ਨਾਗਰਿਕ ਤੱਕ ਸਾਰਥਕ ਤਰੀਕੇ ਨਾਲ ਪਹੁੰਚੇ। ਟੈਕਨਾਲੋਜੀ ਦੀ ਸ਼ਕਤੀ ਦਾ ਇਸਤੇਮਾਲ ਕਰਦੇ ਹੋਏ ਭਾਰਤ ਤੀਰਥ ਯਾਤਰੀਆਂ ਦੇ ਪ੍ਰਬੰਧਨ ਲਈ ਨਵੇਂ ਅੰਤਰਰਾਸ਼ਟਰੀ ਮਿਆਰ ਸਥਾਪਿਤ ਕਰ ਰਿਹਾ ਹੈ, ਜਿਸ ਨਾਲ ਆਪਣੇ ਨਾਗਰਿਕਾਂ ਨੂੰ ਨਿਰਵਿਘਨ, ਸੁਰੱਖਿਅਤ ਅਤੇ ਅਧਿਆਤਮਿਕ ਤੌਰ ’ਤੇ ਬਿਹਤਰ ਅਨੁਭਵ ਮਿਲ ਰਿਹਾ ਹੈ।

-ਸੀ. ਪੀ. ਐੱਸ. ਬਖਸ਼ੀ (ਸੰਯੁਕਤ ਸਕੱਤਰ, ਘੱਟਗਿਣਤੀ ਮਾਮਲੇ ਮੰਤਰਾਲਾ, ਭਾਰਤ ਸਰਕਾਰ)


author

Harpreet SIngh

Content Editor

Related News