ਦਿੱਲੀ ਪੁਲਸ ਦਾ ਆਪਣੇ ਮੁਲਾਜ਼ਮਾਂ ਨੂੰ ਵਰਦੀ ’ਚ ‘ਰੀਲ’ ਨਾ ਬਣਾਉਣ ਦਾ ਨਿਰਦੇਸ਼

Monday, Jun 09, 2025 - 06:57 AM (IST)

ਦਿੱਲੀ ਪੁਲਸ ਦਾ ਆਪਣੇ ਮੁਲਾਜ਼ਮਾਂ ਨੂੰ ਵਰਦੀ ’ਚ ‘ਰੀਲ’ ਨਾ ਬਣਾਉਣ ਦਾ ਨਿਰਦੇਸ਼

ਹੁਣ ਭਾਰਤ ’ਚ ਚਰਚਾ ’ਚ ਆਉਣ ਲਈ ਲੋਕ ਆਪਣੀਆਂ ਛੋਟੀਆਂ-ਵੱਡੀਆਂ ਸਰਗਰਮੀਆਂ ਦੀ ‘ਰੀਲ’ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਰਹਿੰਦੇ ਹਨ। ਇਨ੍ਹਾਂ ’ਚ ਰਿਕਸ਼ਾ ਵਾਲਿਆਂ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਸ਼ਾਮਲ ਪਾਏ ਜਾ ਰਹੇ ਹਨ।

ਹਾਲਾਂਕਿ ‘ਰੀਲ’ ਬਣਾਉਣਾ ਅਤੇ ਸੋਸ਼ਲ ਮੀਡੀਆ ’ਤੇ ਪਾਉਣਾ ਕਾਨੂੰਨੀ ਅਪਰਾਧ ਨਹੀਂ ਹੈ ਪਰ ਦਿੱਕਤ ਉਦੋਂ ਹੁੰਦੀ ਹੈ ਜਦੋਂ ਪੁਲਸ ਵਰਗੇ ਨਾਜ਼ੁਕ ਵਿਭਾਗ ਦੇ ਮੈਂਬਰ ਡਿਊਟੀ ਦੌਰਾਨ ਵਰਦੀ ’ਚ ਅਜਿਹੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਂਦੇ ਹਨ ਜਿਨ੍ਹਾਂ ’ਚ ਉਨ੍ਹਾਂ ਨੂੰ ਥਾਣੇ ਦੇ ਅੰਦਰ ਮੁਲਜ਼ਮਾਂ ਤੋਂ ਪੁੱਛਗਿੱਛ ਕਰਦੇ ਅਤੇ ਪਿਛੋਕੜ ’ਚ ਵੱਜ ਰਹੇ ਅਸ਼ਲੀਲ ਗੀਤਾਂ ਦੇ ਨਾਲ ਮੁੱਛਾਂ ਨੂੰ ਤਾਅ ਦਿੰਦੇ ਹੋਏ ਦਿਖਾਇਆ ਜਾਂਦਾ ਹੈ।

ਕੁਝ ਪੁਲਸ ਮੁਲਾਜ਼ਮ ਤਾਂ ਫਨੀ ਡਾਇਲਾਗ ’ਤੇ ਐਕਟਿਗ ਕਰਦੇ ਅਤੇ ਕੁਝ ਮਾਮਲਿਆਂ ’ਚ ਸੰਵੇਦਨਸ਼ੀਲ ਵਿਭਾਗੀ ਸਰਗਰਮੀਆਂ ਨੂੰ ਉਜਾਗਰ ਕਰਦੇ ਹੋਏ ਵੀ ਰੀਲ ਬਣਾਉਂਦੇ ਨਜ਼ਰ ਆਉਂਦੇ ਹਨ। ਇਹ ਮੁੱਦਾ ਸਿਰਫ ਅਨੁਸ਼ਾਸਨ ਦਾ ਹੀ ਨਹੀਂ ਸਗੋਂ ਪੁਲਸ ਵਿਭਾਗ ਦੀ ਸਾਖ ਨਾਲ ਵੀ ਜੁੜਿਆ ਹੋਇਆ ਹੈ ਅਤੇ ਉਨ੍ਹਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ’ਚ ਫਰਕ ਹੁੰਦਾ ਹੈ।

ਜਦੋਂ ਕੋਈ ਵਰਦੀਧਾਰੀ ਜਵਾਨ ਡਾਂਸ ਕਰਦਾ ਹੋਇਆ ਆਪਣਾ ਵੀਡੀਓ ਸੋਸ਼ਲ ਮੀਡੀਆ ’ਤੇ ਪਾਉਂਦਾ ਹੈ ਤਾਂ ਇਸ ਨਾਲ ਲੋਕਾਂ ’ਚ ਪੁਲਸ ਦੀ ਨਕਾਰਾਤਮਕ ਦਿੱਖ ਬਣਦੀ ਹੈ ਅਤੇ ਉਹ ਕਾਨੂੰਨ ਅਤੇ ਪੁਲਸ ਦੀ ਸਖਤ ਦਿੱਖ ਨੂੰ ਕਮਜ਼ੋਰ ਹੁੰਦੀ ਹੋਏ ਦੇਖਦੇ ਹਨ।

ਇਸੇ ਕਾਰਨ ਦਿੱਲੀ ਦੇ ਪੁਲਸ ਕਮਿਸ਼ਨਰ ਸੰਜੇ ਅਰੋੜਾ ਨੇ 24 ਅਗਸਤ, 2023 ਨੂੰ ਪੁਲਸ ਮੁਲਾਜ਼ਮਾਂ ਨੂੰ ਵਰਦੀ, ਹਥਿਆਰ ਅਤੇ ਸਰਕਾਰੀ ਵਾਹਨ ਦੇ ਨਾਲ ਰੀਲ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਕਰਨ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਸਨ।

ਇਸ ਦੇ ਨਾਲ ਹੀ ਰਾਸ਼ਟਰੀ ਅਤੇ ਅੰਦਰੂਨੀ ਸੁਰੱਖਿਆ ਨਾਲ ਸੰਬੰਧਤ ਨਾਜਾਇਜ਼, ਅਸ਼ਲੀਲ, ਅਪਮਾਨਜਨਕ ਅਤੇ ਕਾਪੀ ਰਾਈਟ ਦੀ ਉਲੰਘਣਾ ਵਾਲੇ ਪੋਸਟ ਕਰਨ, ਕਿਸੇ ਸੁਰੱਖਿਅਤ ਵਿਅਕਤੀ, ਸੁਰੱਖਿਅਤ ਕੰਪਲੈਕਸ, ਨਾਬਾਲਗ ਜਾਂ ਯੌਨ ਸ਼ੋਸ਼ਣ ਦੇ ਸ਼ਿਕਾਇਤਕਰਤਾ ਦੀ ਵੀਡੀਓ ਜਾਂ ਫੋਟੋ ਲੈਣ ਜਾਂ ਵਾਇਰਲ ਕਰਨ ਤੋਂ ਬਚਣ ਤੋਂ ਇਲਾਵਾ ਪੁਲਸ ਦੀ ਦਿੱਖ ਨੂੰ ਨਕਾਰਾਤਮਕ ਦਰਸਾਉਣ ਵਾਲੀ ਭੁਲੇਖਾਪਾਊ ਅਤੇ ਅਫਵਾਹ ਵਾਲੀ ਪੋਸਟ ਤੋਂ ਦੂਰ ਰਹਿਣ ਲਈ ਵੀ ਕਿਹਾ ਗਿਆ ਸੀ।

ਇਸ ਸੰਬੰਧ ’ਚ 24 ਮਈ ਨੂੰ ਜਾਰੀ ਕੀਤੇ ਗਏ ਮੈਮੋਰੰਡਮ ਦੇ ਨਾਲ ਪੁਲਸ ਕਮਿਸ਼ਨਰ ਨੇ ਸੋਸ਼ਲ ਮੀਡੀਆ ’ਤੇ ਵਰਦੀ ਪਹਿਨ ਕੇ ਸਰਗਰਮ ਰਹਿਣ ਵਾਲੇ ਪੁਲਸ ਮੁਲਾਜ਼ਮਾਂ ਦੇ ਨਾਵਾਂ ਦੀ ਸੂਚੀ ਵੀ ਦਿੱਤੀ ਅਤੇ ਕਿਹਾ ਕਿ ਉਸ ਸੂਚੀ ’ਚ ਸ਼ਾਮਲ ਸਟਾਫ ਨੂੰ ਸਹੀ ਢੰਗ ਨਾਲ ਸਮਝਾ ਦੇਣ ਕਿ ਸੋਸ਼ਲ ਮੀਡੀਆ ’ਤੇ ਵਰਦੀ ਦੀ ਦੁਰਵਰਤੋਂ ਸਹਿਣ ਨਹੀਂ ਕੀਤੀ ਜਾਵੇਗੀ।

ਪੁਲਸ ਵਿਭਾਗ ਦੀ ਪ੍ਰਭਾਵਸ਼ੀਲਤਾ ਅਤੇ ਵੱਕਾਰ ਬਣਾਈ ਰੱਖਣ ਲਈ ਉਕਤ ਹੁਕਮ ਸਹੀ ਹੈ ਜਿਸ ਨੂੰ ਦੇਸ਼ ਭਰ ’ਚ ਲਾਗੂ ਕੀਤਾ ਜਾਣਾ ਚਾਹੀਦਾ ਹੈ।


author

Sandeep Kumar

Content Editor

Related News