ਨਵੇਂ ਸਾਲ (2025) ਦੀ ਖੂਨੀ ਸ਼ੁਰੂਆਤ, ਧਮਾਕਿਆਂ, ਹੱਤਿਆਵਾਂ, ਦੁਰਘਟਨਾਵਾਂ ’ਚ ਮੌਤਾਂ
Friday, Jan 03, 2025 - 02:56 AM (IST)
ਨਵੇਂ ਸਾਲ 2025 ਦੇ ਪਹਿਲੇ ਦਿਨ 1 ਜਨਵਰੀ ਨੂੰ ਜਦੋਂ ਲੋਕ ਨਵੇਂ ਸਾਲ ਦਾ ਸੁਆਗਤ ਕਰ ਹੀ ਰਹੇ ਸਨ, ਕਈ ਥਾਵਾਂ ’ਤੇ ਦੁਖਦਾਈ ਘਟਨਾਵਾਂ ਨੇ ਲੋਕਾਂ ਦੀਆਂ ਖੁਸ਼ੀਆਂ ਨੂੰ ਗਮ ’ਚ ਬਦਲ ਦਿੱਤਾ ਅਤੇ ਅਗਲੇ ਦਿਨ 2 ਜਨਵਰੀ ਨੂੰ ਵੀ ਇਹ ਸਿਲਸਿਲਾ ਜਾਰੀ ਰਿਹਾ ਜਿਸ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* ਅਮਰੀਕਾ ’ਚ ਸਾਲ ਦੇ ਪਹਿਲੇ ਦਿਨ 4 ਹਿੰਸਕ ਘਟਨਾਵਾਂ ਹੋਈਆਂ। ‘ਲੂਈਸੀਆਨਾ ਸਟੇਟ’ ’ਚ ਨਵਾਂ ਸਾਲ ਮਨਾ ਰਹੇ ਲੋਕਾਂ ’ਤੇ ਇਕ ਵਿਅਕਤੀ ਨੇ ਆਪਣਾ ਤੇਜ਼ ਰਫਤਾਰ ਪਿਕਅਪ ਟਰੱਕ ਚੜ੍ਹਾ ਦਿੱਤਾ ਜਿਸ ਨਾਲ ਘੱਟ ਤੋਂ ਘੱਟ 15 ਲੋਕਾਂ ਦੀ ਮੌਤ ਅਤੇ 35 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਹੋਨੋਲੁਲੂ ’ਚ ਇਕ ਬਲਾਸਟ ’ਚ 3 ਲੋਕਾਂ ਦੀ ਮੌਤ ਅਤੇ 20 ਹੋਰ ਜ਼ਖਮੀ ਹੋ ਗਏ ਅਤੇ ਲਾਸ ਵੇਗਾਸ ’ਚ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੋਟਲ ਦੇ ਬਾਹਰ ‘ਟੈਸਲਾ ਸਾਈਬਰਟਰੱਕ’ ’ਚ ਧਮਾਕਾ ਹੋਣ ਨਾਲ ਇਕ ਵਿਅਕਤੀ ਮਾਰਿਆ ਗਿਆ ਜਦ ਕਿ ਨਿਊਯਾਰਕ ’ਚ ਇਕ ਨਾਈਟ ਕਲੱਬ ਦੇ ਬਾਹਰ ਗੋਲੀਬਾਰੀ ’ਚ 10 ਲੋਕ ਜ਼ਖਮੀ ਹੋ ਗਈ।
* ਜਰਮਨੀ ’ਚ ਨਵੇਂ ਸਾਲ ’ਤੇ ਆਤਿਸ਼ਬਾਜ਼ੀ ਦੌਰਾਨ ਵੱਖ-ਵੱਖ ਸ਼ਹਿਰਾਂ ’ਚ ਹੋਈਆਂ ਦੁਰਘਟਨਾਵਾਂ ’ਚ 5 ਲੋਕਾਂ ਦੀ ਮੌਤ ਹੋ ਗਈ।
* ਯੂਰਪੀ ਦੇਸ਼ ‘ਮੋਂਟੇਨੇਗ੍ਰੋ’ ਦੀ ਰਾਜਧਾਨੀ ‘ਪਾਡਗੋਰਿਕਾ’ ਤੋਂ 30 ਕਿਲੋਮੀਟਰ ਦੂਰ ‘ਸੈਟਿਨਜੇ’ ਸ਼ਹਿਰ ’ਚ ਇਕ ਹਥਿਆਰਬੰਦ ਸ਼ੂਟਰ ਅੰਧਾ-ਧੁੰਦ ਗੋਲੀਬਾਰੀ ਕਰ ਕੇ 2 ਬੱਚਿਆਂ ਸਮੇਤ 10 ਲੋਕਾਂ ਦੀ ਹੱਤਿਆ ਕਰ ਕੇ ਫਰਾਰ ਹੋ ਗਿਆ।
* ਗਾਜ਼ਾ ਪੱਟੀ ’ਤੇ ਇਜ਼ਰਾਈਲੀ ਹਮਲੇ ’ਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 12 ਫਿਲਸਤੀਨੀਆਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।
* ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮ ’ਚ ਡੇਰਾ ਇਸਮਾਈਲ ਖਾਨ ਜ਼ਿਲੇ ’ਚ 3 ਵੱਖ-ਵੱਖ ਅੱਤਵਾਦੀ ਘਟਨਾਵਾਂ ’ਚ 1 ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ।
* ਫਰਾਂਸ ’ਚ ਨਵੇਂ ਸਾਲ ਦੀ ਰਾਤ ਹਿੰਸਾ ਅਤੇ ਹੁੜਦੰਗ ਦੌਰਾਨ ਲਗਭਗ 1000 ਕਾਰਾਂ ਨੂੰ ਸਾੜ ਦਿੱਤਾ ਗਿਆ ਅਤੇ ਕੁਝ ਇਲਾਕਿਆਂ ’ਚ ਵਿਖਾਵਾਕਾਰੀਆਂ ਨੇ ਜਨਤਕ ਜਾਇਦਾਦਾਂ ਨੂੰ ਹਾਨੀ ਵੀ ਪਹੁੰਚਾਈ।
* 2 ਜਨਵਰੀ ਨੂੰ ਗਾਜ਼ਾ ਪੱਟੀ ’ਚ ਇਜ਼ਰਾਈਲੀ ਹਮਲੇ ’ਚ 3 ਬੱਚਿਆਂ ਅਤੇ 2 ਪੁਲਸ ਅਧਿਕਾਰੀਆਂ ਸਮੇਤ 18 ਲੋਕ ਮਾਰੇ ਗਏ।
ਨਵੇਂ ਸਾਲ ’ਤੇ ਭਾਰਤ ਵੀ ਦੁਖਦਾਈ ਘਟਨਾਵਾਂ ਤੋਂ ਬਚ ਨਹੀਂ ਸਕਿਆ ਅਤੇ ਇੱਥੇ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ 1 ਅਤੇ 2 ਜਨਵਰੀ ਨੂੰ ਦਰਦਨਾਕ ਘਟਨਾਵਾਂ ਵਾਪਰੀਆਂ :
* ਲਖਨਊ ’ਚ ਅਰਸ਼ਦ ਨਾਂ ਦੇ ਇਕ ਨੌਜਵਾਨ ਨੂੰ ਘਰੇਲੂ ਝਗੜੇ ਕਾਰਨ ਆਪਣੀ ਮਾਂ ਅਤੇ 4 ਭੈਣਾਂ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* ਹਜ਼ਾਰੀਬਾਗ (ਝਾਰਖੰਡ) ’ਚ ਆਪਣੀ ਪਤਨੀ ਨਾਲ ਝਗੜ ਰਹੇ ਇਕ ਵਿਅਕਤੀ ਨੇ ਗੁੱਸੇ ’ਚ ਆ ਕੇ ਖੂਹ ’ਚ ਛਾਲ ਮਾਰ ਦਿੱਤੀ, ਜਿਸ ਨੂੰ ਬਚਾਉਣ ਲਈ 4 ਵਿਅਕਤੀਆਂ ਨੇ ਖੂਹ ’ਚ ਛਾਲ ਮਾਰੀ ਅਤੇ ਪੰਜਾਂ ਦੀ ਮੌਤ ਹੋ ਗਈ।
* ਉੱਤਰਾਖੰਡ ’ਚ ਵੱਖ-ਵੱਖ ਸੜਕ ਦੁਰਘਟਨਾਵਾਂ ’ਚ 8 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 1 ਔਰਤ ਲਾਪਤਾ ਅਤੇ 12 ਲੋਕ ਜ਼ਖਮੀ ਦੱਸੇ ਜਾਂਦੇ ਹਨ।
* ਨਵੇਂ ਸਾਲ ’ਤੇ ਸਵੇਰੇ-ਸਵੇਰੇ ਨਵੀਂ ਦਿੱਲੀ ’ਚ ਪਹਿਲਾਂ ਤਾਂ ਇਕ ਜੋੜੇ ਨੇ ਆਪਣੇ ਪਰਿਵਾਰ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਅਤੇ ਫਿਰ ਮਕਾਨ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਆਪਣੇ ਕਮਰੇ ’ਚ ਆ ਕੇ ਦੋਵਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
* ਨਵੀਂ ਦਿੱਲੀ ’ਚ ਨਵੇਂ ਸਾਲ ਦੀ ਪੂਰਬਲੀ ਸ਼ਾਮ ਇਕ ਕੈਫੇ ਦੇ ਮਾਲਿਕ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਲਈ ਉਸਦੇ ਪਰਿਵਾਰਿਕ ਮੈਂਬਰਾਂ ਨੇ ਉਸਦੀ ਪਤਨੀ ਅਤੇ ਸਹੁਰਿਆਂ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ।
* ਨਵੇਂ ਸਾਲ ਦੀ ਅੱਧੀ ਰਾਤ ਨੂੰ ਜਲਗਾਂਵ (ਮਹਾਰਾਸ਼ਟਰ) ਦੇ ਇਕ ਪਿੰਡ ’ਚ ਮੰਤਰੀ ਗੁਲਾਬ ਰਾਵ ਪਾਟਿਲ ਦੀ ਕਾਰ ਵਲੋਂ ਪਿੰਡ ਦੇ ਇਕ ਨੌਜਵਾਨ ਨੂੰ ਧੱਕਾ ਮਾਰ ਦੇਣ ਪਿੱਛੋਂ ਹੋਏ ਝਗੜੇ ’ਚ ਕ੍ਰੋਧ ’ਚ ਆਏ ਲੋਕਾਂ ਨੇ ਨਾ ਸਿਰਫ ਡਰਾਈਵਰ ਨੂੰ ਕੁੱਟ ਸੁੱਟਿਆ ਸਗੋਂ ਪਥਰਾਅ ਅਤੇ ਸਾੜ-ਫੂਕ ਸ਼ੁਰੂ ਕਰ ਦਿੱਤੀ। ਇਸ ਸਾਰੀ ਘਟਨਾ ’ਚ ਇਕ ਦਰਜਨ ਤੋਂ ਵੱਧ ਦੁਕਾਨਾਂ ਅਤੇ ਅੱਧੀ ਦਰਜਨ ਕਾਰਾਂ ਨੂੰ ਅੱਗ ਦੀ ਭੇਟ ਕਰ ਦਿੱਤਾ ਗਿਆ।
* 2 ਜਨਵਰੀ ਨੂੰ ‘ਬੇਲਗਾਵੀ’ (ਕਰਨਾਟਕ) ਜ਼ਿਲੇ ਦੇ ‘ਚਿੱਕੋਡੀ’ ’ਚ ਇਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਬੇਟੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਦੇ ਦੇਖ ਕੇ ਉਸ ਦੇ ਸਿਰ ’ਤੇ ਭਾਰੀ ਪੱਥਰ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 2 ਜਨਵਰੀ ਨੂੰ ‘ਮਾਲਦਾ’ ਜ਼ਿਲੇ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨੇੜਲੇ ਸਹਿਯੋਗੀ ਅਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ‘ਬਾਬਲਾ ਸਰਕਾਰ’ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸੇ ਦਿਨ ‘ਨਵੀ ਮੁੰਬਈ’ ’ਚ 2 ਅਣਪਛਾਤੇ ਲੋਕਾਂ ਨੇ ਇਕ ਪੁਲਸ ਮੁਲਾਜ਼ਮ ਨੂੰ ਰੇਲਗੱਡੀ ਅੱਗੇ ਧੱਕਾ ਦੇ ਕੇ ਮਾਰ ਦਿੱਤਾ।
ਸਾਲ 2025 ’ਚ ਖੂਨ-ਖਰਾਬੇ ਦੀ ਭਵਿੱਖਬਾਣੀ ਕੀਤੀ ਗਈ ਸੀ ਜੋ ਨਵੇਂ ਸਾਲ ਦੇ ਪਹਿਲੇ ਹੀ ਦੋ ਦਿਨਾਂ ’ਚ ਸਾਹਮਣੇ ਆਈਆਂ ਉਪਰੋਕਤ ਘਟਨਾਵਾਂ ਤੋਂ ਸੱਚ ਹੁੰਦੀ ਲੱਗਦੀ ਹੈ ਪਰ ਅਸੀਂ ਤਾਂ ਇਹੀ ਚਾਹਾਂਗੇ ਕਿ ਜੋ ਹੋਇਆ ਸੋ ਹੋਇਆ, ਬਾਕੀ ਸਾਲ ਚੰਗਾ ਬੀਤੇ, ਇਹੀ ਸਾਡੀ ਕਾਮਨਾ ਹੈ।
–ਵਿਜੇ ਕੁਮਾਰ