ਮੁਸੀਬਤ ’ਚ ਭਾਰਤ ਨੂੰ ਚੀਨ ਨੇ ਦਿੱਤਾ ਧੋਖਾ, ਤਾਈਵਾਨ ਨਿਭਾਅ ਰਿਹਾ ਸਾਥ

05/18/2021 11:38:12 AM

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਜਦੋਂ ਕਈ ਦੇਸ਼ਾਂ ’ਚ ਇਸ ਦੀ ਵੈਕਸੀਨ ਬਣਨ ਲੱਗੀ ਸੀ, ਉਸ ਸਮੇਂ ਭਾਰਤ ਨੇ ਲਗਭਗ 70 ਦੇਸ਼ਾਂ ਨੂੰ ਵੈਕਸੀਨ ਦੇ ਕੇ ਉਨ੍ਹਾਂ ਦੀ ਮਦਦ ਕੀਤੀ ਸੀ। ਉਸ ਸਮੇਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਇਹ ਆਵਾਜ਼ ਉੱਠ ਰਹੀ ਸੀ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਆਪਣੇ ਨਾਗਰਿਕਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ, ਉਸ ਤੋਂ ਬਾਅਦ ਦੁਨੀਆ ਦੇ ਦੂਸਰੇ ਦੇਸ਼ਾਂ ਨੂੰ ਵੈਕਸੀਨ ਭੇਜਣੀ ਚਾਹੀਦੀ ਹੈ ਪਰ ਅੱਜ ਜਦੋਂ ਹਾਲਾਤ ਇਕਦਮ ਉਲਟ ਹਨ ਅਤੇ ਭਾਰਤ ’ਚ ਰੋਜ਼ਾਨਾ 3500 ਲੋਕਾਂ ਦੀ ਮੌਤ ਕੋਰੋਨਾ ਨਾਲ ਹੋ ਰਹੀ ਹੈ ਅਤੇ ਲੱਖਾਂ ਦੀ ਗਿਣਤੀ ’ਚ ਨਵੇਂ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ, ਅਜਿਹੇ ’ਚ ਭਾਰਤ ਦੀ ਮਦਦ ਲਈ 40 ਦੇਸ਼ ਸਾਹਮਣੇ ਆਏ ਹਨ।

ਦੇਸ਼ ਭਾਰਤ ਦੀ ਮਦਦ ਕਰ ਰਹੇ ਹਨ
ਇਕ ਪਾਸੇ ਜਿਥੇ ਦੁਨੀਆ ਭਰ ਦੇ ਦੇਸ਼ ਭਾਰਤ ਦੀ ਮਦਦ ਕਰ ਰਹੇ ਹਨ, ਉਥੇ ਗੁਆਂਢੀ ਦੇਸ਼ ਚੀਨ ਇਕ ਪਾਸੇ ਤਾਂ ਭਾਰਤ ਨੂੰ ਮਦਦ ਦੇਣ ਦੀ ਗੱਲ ਕਹਿੰਦਾ ਹੈ, ਉਥੇ ਦੂਜੇ ਪਾਸੇ ਚੀਨ ਦੀ ਵੈਕਸੀਨ, ਰਸਾਇਣ ਅਤੇ ਦਵਾਈ ਵਾਲੀਆਂ ਕੰਪਨੀਆਂ ਨੇ ਆਪਣੇ ਉਤਪਾਦਾਂ ਦੀ ਕੀਮਤ ’ਚ 50 ਫੀਸਦੀ ਦਾ ਵਾਧਾ ਕਰ ਦਿੱਤਾ ਹੈ ਅਤੇ ਕਾਰਗੋ ਕੰਪਨੀਆਂ ਨੇ ਆਪਣੇ ਮਾਲ ਭਾੜੇ ’ਚ 40 ਫੀਸਦੀ ਦਾ ਵਾਧਾ ਕਰ ਦਿੱਤਾ, ਇਸ ਤੋਂ ਚੀਨ ਦੀ ਨੀਅਤ ਸਪੱਸ਼ਟ ਹੋ ਜਾਂਦੀ ਹੈ ਕਿ ਉਹ ਮਨੁੱਖੀ ਮੁਸੀਬਤ ਦੀ ਇਸ ਤ੍ਰਾਸਦੀ ਦੇ ਸਮੇਂ ’ਚ ਮਦਦ ਦੇ ਨਾਂ ’ਤੇ ਪੈਸੇ ਕਮਾਉਣੇ ਚਾਹ ਰਿਹਾ ਹੈ। ਖੈਰ, ਭਾਰਤ ਨੇ ਚੀਨ ਦੇ ਇਸ ਰੁਖ ਨੂੰ ਦੇਖਦੇ ਹੋਏ ਅਜੇ ਤਕ ਚੀਨ ਦੀ ਮਦਦ ਦੀ ਪੇਸ਼ਕਸ਼ ਦਾ ਕੋਈ ਜਵਾਬ ਨਹੀਂ ਦਿੱਤਾ।

ਬਾਕੀ ਦੇਸ਼ ਇਸ ਸਮੇਂ ਭਾਰਤ ਨੂੰ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਭੇਜ ਰਹੇ ਹਨ
ਦੂਜੇ ਪਾਸੇ ਬਾਕੀ ਦੇਸ਼ ਇਸ ਸਮੇਂ ਭਾਰਤ ਨੂੰ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਭੇਜ ਰਹੇ ਹਨ। ਇਨ੍ਹਾਂ ਦੇਸ਼ਾਂ ਨੂੰ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਕੋਰੋਨਾ ਮਹਾਮਾਰੀ ਨਾਲ ਕੋਈ ਦੇਸ਼ ਇਕੱਲਾ ਨਹੀਂ ਲੜ ਸਕਦਾ ਅਤੇ ਇਸ ਦੇ ਲਈ ਸਮੂਹਿਕ ਯਤਨ ਜ਼ਰੂਰੀ ਹਨ। ਜਿਸ ਤਰ੍ਹਾਂ ਕੋਰੋਨਾ ਵਾਇਰਸ ਕਿਸੇ ਵੀ ਦੇਸ਼ ਜਾ ਕੇ ਇਕ ਨਵਾਂ ਰੂਪ ਲੈ ਰਿਹਾ ਹੈ, ਉਸ ਨੂੰ ਦੇਖਦੇ ਹੋਏ ਸਾਰੇ ਦੇਸ਼ਾਂ ਨੂੰ ਇਕ-ਦੂਸਰੇ ਦੀ ਮਦਦ ਕਰਨੀ ਪਵੇਗੀ। ਇਹ ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਦੀ ਸਫਲਤਾ ਹੈ ਕਿ ਭਾਰਤ ਦੀ ਮਦਦ ਲਈ ਅੱਜ ਪੂਰੀ ਦੁਨੀਆ ਇਕੱਠੀ ਖੜ੍ਹੀ ਹੈ। ਇਸ ਸਮੇਂ ਹਰ ਛੋਟਾ ਦੇਸ਼ ਭਾਰਤ ਦੀ ਮਦਦ ਕਰ ਰਿਹਾ ਹੈ। ਜਿਥੇ ਇਕ ਪਾਸੇ ਅਮਰੀਕਾ, ਇੰਗਲੈਂਡ, ਫਰਾਂਸ, ਰੂਸ ਭਾਰਤ ਦੀ ਮਦਦ ਕਰ ਰਹੇ ਹਨ ਤਾਂ ਉਥੇ ਦੂਸਰੇ ਪਾਸੇ ਮਾਰੀਸ਼ਸ ਵਰਗਾ ਛੋਟਾ ਦੇਸ਼ ਵੀ ਭਾਰਤ ਨੂੰ ਰਾਹਤ ਸਮੱਗਰੀ ਭੇਜ ਰਿਹਾ ਹੈ।

ਤਾਈਵਾਨ ਮੈਡੀਕਲ ਯੰਤਰ ਭਾਰਤ ਨੂੰ ਭੇਜ ਰਿਹਾ
ਹੁਣ ਇਸ ਸੂਚੀ ’ਚ ਤਾਈਵਾਨ ਵੀ ਸ਼ਾਮਲ ਹੋ ਗਿਆ ਹੈ। ਚੀਨ ਦੇ ਨਾਲ ਗਲਵਾਨ ਘਾਟੀ ’ਚ ਭਾਰਤ ਦੇ ਸੰਘਰਸ਼ ਦੇ ਬਾਅਦ ਤਾਈਵਾਨ ਨਾਲ ਭਾਰਤ ਦੇ ਸੰਬੰਧ ਦਿਨੋ-ਦਿਨ ਗੂੜ੍ਹੇ ਹੁੰਦੇ ਜਾ ਰਹੇ ਹਨ। ਤਾਈਵਾਨ ਨੇ ਵੀ 2 ਮਈ ਨੂੰ ਭਾਰਤ ਨੂੰ ਸਮੱਗਰੀ ਦੀ ਇਕ ਖੇਪ ਭੇਜੀ, ਜਿਸ ’ਤੇ ਇਕ ਭਾਵਨਾਤਮਕ ਸੰਦੇਸ਼ ਵੀ ਲਿਖਿਆ ਸੀ। ‘ਲਵ ਫਰਾਮ ਤਾਈਵਾਨਜ਼’ ਭਾਵ ਤਾਈਵਾਨ ਵਲੋਂ ਬੜੇ ਪ੍ਰੇਮ ਸਹਿਤ। ਇਸ ’ਚ ਮੈਡੀਕਲ ਯੰਤਰ ਅਤੇ ਦਵਾਈਆਂ ਦਿੱਲੀ ਪਹੁੰਚਾਈਆਂ ਗਈਆਂ। ਮਦਦ ਦੇ ਤੌਰ ’ਤੇ ਤਾਈਵਾਨ ਨੇ ਭਾਰਤ ਨੂੰ 150 ਆਕਸੀਜਨ ਕੰਸਨਟ੍ਰੇਟਰਜ਼ ਅਤੇ 500 ਆਕਸੀਜਨ ਸਿਲੰਡਰ ਭੇਜੇ ਹਨ। ਇਸ ਦੇ ਨਾਲ ਹੀ ਦਿੱਲੀ ’ਚ ਸਥਿਤ ਦਿ ਤਾਈਪੇਈ ਇਕਨਾਮਿਕ ਐਂਡ ਕਲਚਰਲ ਸੈਂਟਰ ਵਲੋਂ ਇਕ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਕੋਰੋਨਾ ਮਹਾਮਾਰੀ ਨਾਲ ਸੰਘਰਸ਼ ’ਚ ਭਾਰਤ ਦੇ ਨਾਲ ਮਜ਼ਬੂਤ ਦੋਸਤੀ ਨੂੰ ਦਰਸਾਉਣ ਲਈ ਤਾਈਵਾਨ ਇਹ ਮੈਡੀਕਲ ਯੰਤਰ ਭਾਰਤ ਨੂੰ ਭੇਜ ਰਿਹਾ ਹੈ।

ਤਾਈਵਾਨ ਹੋਰ ਮਦਦ ਭਾਰਤ ਨੂੰ ਭੇਜਦਾ ਰਹੇਗਾ
ਇਸ ਦੇ ਨਾਲ ਹੀ ਸੈਂਟਰ ਵਲੋਂ ਇਸ ਬਿਆਨ ’ਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੂੰ 500 ਆਕਸੀਜਨ ਸਿਲੰਡਰ ਅਤੇ 150 ਆਕਸੀਜਨ ਕੰਸਨਟ੍ਰੇਟਰਜ਼ ਦੀ ਮਦਦ ਦੀ ਪਹਿਲੀ ਖੇਪ ਦਿੱਲੀ ਪਹੁੰਚ ਚੁੱਕੀ ਹੈ। ਅੱਗੇ ਵੀ ਤਾਈਵਾਨ ਕਈ ਹੋਰ ਸਮੂਹਾਂ ’ਚ ਇਸ ਤਰ੍ਹਾਂ ਦੀ ਮਦਦ ਭਾਰਤ ਨੂੰ ਭੇਜਦਾ ਰਹੇਗਾ। ਇਸ ਦਾ ਭਾਵ ਇਹ ਹੋਇਆ ਕਿ ਤਾਈਵਾਨ ਭਾਰਤ ਦੀ ਅੱਗੇ ਵੀ ਮਦਦ ਕਰਦਾ ਰਹੇਗਾ। ਦਿ ਤਾਈਪੇਈ ਇਕਨਾਮਿਕ ਐਂਡ ਕਲਚਰਲ ਸੈਂਟਰ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੂੰ ਤਾਈਵਾਨ ਵਲੋਂ ਦਿੱਤੀ ਜਾ ਰਹੀ ਇਹ ਮਦਦ ਬੜੀ ਛੋਟੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਹਾਇਤਾ ਮੁਸੀਬਤ ’ਚ ਫਸੇ ਭਾਰਤੀਆਂ ਲਈ ਮਦਦ ਅਤੇ ਰਾਹਤ ਸਾਬਿਤ ਹੋਵੇਗੀ ਅਤੇ ਭਾਰਤ ’ਚ ਕੋਰੋਨਾ ਮਹਾਮਾਰੀ ਨਾਲ ਲੜ ਰਹੇ ਸਿਹਤ ਕਰਮਚਾਰੀਆਂ ਦੇ ਉੱਪਰੋਂ ਬੋਝ ਥੋੜ੍ਹਾ ਘੱਟ ਜ਼ਰੂਰ ਹੋਵੇਗਾ।

ਤਾਈਵਾਨ ਭਾਰਤ ਦੀ ਮਦਦ ਲਈ ਤਤਪਰ ਹੈ
ਤਾਈਵਾਨ ਵਲੋਂ ਇਹ ਸੰਦੇਸ਼ ਬਹੁਤ ਹੀ ਭਾਵੁਕ ਹੈ। ਅੱਜ ਦੇ ਸਮੇਂ ’ਚ ਦੁਨੀਆ ਦੇ ਕਈ ਹੋਰ ਦੇਸ਼ ਵੀ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਹਨ, ਜੋ ਮਦਦ ਦੇ ਤੌਰ ’ਤੇ ਮੈਡੀਕਲ ਯੰਤਰ ਅਤੇ ਦਵਾਈਆਂ ਭਾਰਤ ਨੂੰ ਭੇਜ ਰਹੇ ਹਨ। ਉਹ ਇਥੋਂ ਦੀ ਕੋਰੋਨਾ ਮਹਾਮਾਰੀ ’ਚ ਫਸੀ ਆਬਾਦੀ ਲਈ ਬਹੁਤ ਘੱਟ ਹੈ ਪਰ ਤਾਈਵਾਨ ਵਲੋਂ ਭੇਜੇ ਗਏ 500 ਆਕਸੀਜਨ ਕੰਸਨਟ੍ਰੇਟਰਜ਼ ਅਤੇ 150 ਸਿਲੰਡਰ ਦੋ ਤੋਂ 3 ਹਜ਼ਾਰ ਗੰਭੀਰ ਕੋਰੋਨਾ ਮਰੀਜ਼ਾਂ ਨੂੰ ਜ਼ਿੰਦਗੀ ਦੇਣ ਲਈ ਕਾਫੀ ਹਨ। ਇਸ ਮੁਸੀਬਤ ਸਮੇਂ ਹਰ ਛੋਟੀ-ਵੱਡੀ ਵਿਦੇਸ਼ੀ ਮਦਦ ਭਾਰਤ ਲਈ ਮਾਇਨੇ ਰੱਖਦੀ ਹੈ। ਤਾਈਵਾਨ ਦੀ ਰਾਸ਼ਟਰਪਤੀ ਤਸਾਈ ਇੰਗ ਵੇਨ ਨੇ ਮੁਸੀਬਤ ਦੀ ਇਸ ਘੜੀ ’ਚ ਭਾਰਤ ਦੇ ਨਾਲ ਖੜ੍ਹੇ ਹੋਣ ਦੀ ਗੱਲ ਵੀ ਕਹੀ ਅਤੇ ਕਿਹਾ ਕਿ ਤਾਈਵਾਨ ਭਾਰਤ ਦੀ ਮਦਦ ਲਈ ਤਤਪਰ ਹੈ।

ਭਾਰਤ ਸਰਕਾਰ ਨੇ ਚੀਨ ਸਰਕਾਰ ਤੋਂ ਅਜੇ ਤਕ ਕੋਈ ਮਦਦ ਨਹੀਂ ਲਈ
ਓਧਰ ਦੂਜੇ ਪਾਸੇ ਭਾਰਤ ਸਰਕਾਰ ਨੇ ਚੀਨ ਸਰਕਾਰ ਤੋਂ ਅਜੇ ਤਕ ਕੋਈ ਮਦਦ ਨਹੀਂ ਲਈ, ਇਸ ਦੇ ਨਾਲ ਹੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਇਕ ਚਿੱਠੀ ਅਤੇ ਫੋਨ ਕਾਲ ਦੇ ਨਾਲ ਸ਼ੀ ਜਿਨਪਿੰਗ ਦਾ ਸੰਦੇਸ਼ ਵੀ ਭਾਰਤ ਆ ਚੁੱਕਾ ਹੈ ਪਰ ਭਾਰਤ ਨੇ ਚੀਨ ਦੀ ਕੋਈ ਵੀ ਮਦਦ ਪ੍ਰਵਾਨ ਨਹੀਂ ਕੀਤੀ ਹੈ। ਗਲਵਾਨ ਘਾਟੀ ’ਚ ਜਿਸ ਤਰ੍ਹਾਂ ਚੀਨ ਨੇ ਘਾਤ ਲਗਾ ਕੇ ਭਾਰਤੀ ਫੌਜੀਆਂ ਨੂੰ ਸ਼ਹੀਦ ਕੀਤਾ ਸੀ, ਉਸੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਚੀਨ ਨਾਲ ਹੁਣ ਕੋਈ ਸੰਬੰਧ ਨਹੀਂ ਰੱਖਣਾ ਚਾਹੁੰਦੀ। ਦੂਜੇ ਪਾਸੇ ਭਾਰਤ ਸਰਕਾਰ ਤਾਈਵਾਨ ਦੇ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਉਧਰ ਤਾਈਵਾਨ ਵੀ ਮੁਸੀਬਤ ਦੀ ਇਸ ਘੜੀ ’ਚ ਭਾਰਤ ਦੀ ਪੂਰੀ ਮਦਦ ਕਰ ਰਿਹਾ ਹੈ।


DIsha

Content Editor

Related News