ਅਕਾਲੀ ਦਲ ਬਾਦਲ ਅਤੇ ''ਭਰਤੀ ਕਮੇਟੀ'' ਦਰਮਿਆਨ ਟਕਰਾਅ ਸਿਖ਼ਰ ’ਤੇ
Saturday, Mar 08, 2025 - 05:39 PM (IST)

ਪਿਛਲੇ ਤਿੰਨ ਮਹੀਨਿਆਂ ਤੋਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦੇ ਮਾਮਲੇ ’ਤੇ ਅਕਾਲੀ ਦਲ ਬਾਦਲ ਦੇ ਆਗੂਆਂ ਅਤੇ ਅਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਭਰਤੀ ਕਮੇਟੀ ਦਰਮਿਆਨ ਚੱਲ ਰਹੀ ਰੱਸਾਕਸ਼ੀ ਉਦੋਂ ਸਿੱਧੇ ਟਕਰਾਅ ਦੇ ਰਾਹ ’ਤੇ ਆ ਗਈ ਜਦੋਂ ਬੀਤੇ ਮੰਗਲਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮ ਨੂੰ ਮੰਨਦੇ ਹੋਏ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖੜ੍ਹੇ ਹੋ ਕੇ ਅਰਦਾਸ ਕਰਨ ਉਪਰੰਤ 18 ਮਾਰਚ ਤੋਂ ਨਵੀਂ ਭਰਤੀ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ।
ਸ਼੍ਰੋਮਣੀ ਅਕਾਲੀ ਦਲ ਦੀ ਸਥਾਪਤੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਸੰਨ 1920 ਨੂੰ ਹੋਈ ਸੀ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਕਿਸੇ ਵਿਅਕਤੀ ਦੇ ਨਾਂ ਨਾਲ ਨਹੀਂ ਸੀ ਜੋੜਿਆ ਜਾਂਦਾ ਪ੍ਰੰਤੂ ਹੌਲੀ-ਹੌਲੀ ਅਕਾਲੀ ਦਲ ਦੇ ਆਗੂਆਂ ਦੀ ਆਪਸੀ ਲੜਾਈ ਕਾਰਨ ਅਕਾਲੀ ਦਲ ਕਈ ਵਾਰ ਧੜਿਆਂ ’ਚ ਵੰਡਿਆ ਜਾਂਦਾ ਰਿਹਾ ਅਤੇ ਜਿਹੜਾ ਲੀਡਰ ਜਿਹੜੇ ਧੜੇ ਦਾ ਪ੍ਰਧਾਨ ਹੁੰਦਾ, ਅਕਾਲੀ ਦਲ ਦਾ ਨਾਂ ਵੀ ਉਸੇ ਲੀਡਰ ਦੇ ਨਾਂ ਨਾਲ ਜੋੜ ਦਿੱਤਾ ਜਾਂਦਾ। ਇਸੇ ਤਰ੍ਹਾਂ ਸੰਨ 1997 ਦੀ ਅਕਾਲੀ ਸਰਕਾਰ ਸਮੇਂ ਗੁਰਚਰਨ ਸਿੰਘ ਟੌਹੜਾ ਦੇ ਪ੍ਰਕਾਸ਼ ਸਿੰਘ ਬਾਦਲ ਨਾਲ ਮਤਭੇਦ ਹੋਣ ਕਰਨ ਅਕਾਲੀ ਦਲ ਦੋਫਾੜ ਹੋ ਗਿਆ। ਇਕ ਧੜੇ ਦੀ ਅਗਵਾਈ ਗੁਰਚਰਨ ਸਿੰਘ ਟੌਹੜਾ ਕਰਨ ਲੱਗੇ ਜਿਸ ਦਾ ਨਾਂ ਸਰਬ ਹਿੰਦ ਅਕਾਲੀ ਦਲ ਰੱਖਿਆ ਗਿਆ, ਜਦ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਜੋਂ ਪ੍ਰਚਲਿਤ ਹੋ ਗਿਆ। ਅਕਾਲੀ ਵਰਕਰਾਂ, ਆਮ ਸਿੱਖਾਂ ਅਤੇ ਪੰਜਾਬੀਆਂ ਨੇ ਅਕਾਲੀ ਦਲ ਬਾਦਲ ਨੂੰ ਭਰਵਾਂ ਹੁੰਗਾਰਾ ਦਿੱਤਾ ਤੇ ਕਈ ਵਾਰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਪ੍ਰੰਤੂ ਪਿਛਲੇ ਦੋ ਦਹਾਕਿਆਂ ਤੋਂ ਆਮ ਪੰਜਾਬੀ ਤੇ ਖਾਸ ਕਰਕੇ ਸਿੱਖ ਸੰਗਤ ਅਕਾਲੀ ਦਲ ਬਾਦਲ ਵਲੋਂ ਕੀਤੇ ਗਏ ਕਈ ਫੈਸਲਿਆਂ ਤੋਂ ਡਾਹਢੀ ਨਾਖੁਸ਼ ਚੱਲ ਰਹੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਵੱਡੇ ਆਗੂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਨਾਰਾਜ਼ ਹੋ ਗਏ ਅਤੇ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਹੋਰ ਆਗੂਆਂ ਵਿਰੁੱਧ ਸ਼ਿਕਾਇਤ ਕੀਤੀ ਗਈ।
ਅਕਾਲੀ ਆਗੂਆਂ ਦੀ ਸ਼ਿਕਾਇਤ ਤੋਂ ਬਾਅਦ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਸਾਥੀ ਆਪਣੇ ਲਈ ਸੁਰੱਖਿਅਤ ਮਾਹੌਲ ਸਿਰਜਣ ਵੱਲ ਵਧਣ ਲੱਗੇ ਅਤੇ ਇਸੇ ਕੜੀ ਤਹਿਤ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਪ੍ਰੰਤੂ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਅਸਤੀਫ਼ੇ ’ਤੇ ਕੋਈ ਫੈਸਲਾ ਲੈਣ ਤੋਂ ਪਹਿਲਾਂ ਹੀ ਅਕਾਲ ਤਖਤ ਸਾਹਿਬ ਨੇ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ, ਅਕਾਲੀ ਆਗੂਆਂ ਨੂੰ ਇਕੱਠੇ ਹੋਣ ਅਤੇ ਜਥੇਦਾਰ ਵੱਲੋਂ ਥਾਪੇ ਗਏ ਸੱਤ ਮੈਂਬਰਾਂ ਦੀ ਨਿਗਰਾਨੀ ਹੇਠ ਅਕਾਲੀ ਦਲ ਦੀ ਨਵੀਂ ਭਰਤੀ ਕਰਨ ਦੇ ਹੁਕਮ ਦੇ ਦਿੱਤੇ ਪ੍ਰੰਤੂ ਅਕਾਲੀ ਦਲ ਬਾਦਲ ਨੇ ਸੰਵਿਧਾਨਕ ਬੰਧਿਸ਼ਾਂ ਦਾ ਹਵਾਲਾ ਦਿੰਦੇ ਹੋਏ ਭਰਤੀ ਆਪਣੇ ਤੌਰ ’ਤੇ ਕਰਵਾ ਲਈ। ਇਸ ਭਰਤੀ ਕਰਨ ਦੀ ਕਾਰਵਾਈ ਤੋਂ ਨਾਰਾਜ਼ ਭਰਤੀ ਕਮੇਟੀ ਦੇ ਪੰਜ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਨੂੰ ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਸਹਿਯੋਗ ਨਾ ਦੇਣ ਦੀ ਰਿਪੋਰਟ ਬੀਬੀ ਸਤਵੰਤ ਕੌਰ ਰਾਹੀਂ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤੀ। ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਥੇਦਾਰ ਸਾਹਿਬ ਨੇ ਪੰਜ ਮੈਂਬਰੀ ਕਮੇਟੀ ਵੱਲੋਂ ਆਪਣੇ ਤੌਰ ’ਤੇ ਭਰਤੀ ਕਰਨ ਦੀ ਮੰਗ ਨੂੰ ਮੰਨਦੇ ਹੋਏ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ। ਅਸੀਂ ਪਿਛਲੇ ਲੇਖ ਵਿਚ ਲਿਖ ਦਿੱਤਾ ਸੀ ਕਿ ਜੇਕਰ ਜਥੇਦਾਰ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਦੀ ਇਜਾਜ਼ਤ ਦੇ ਦਿੰਦੇ ਹਨ ਤਾਂ ਅਕਾਲੀ ਦਲ ਲਈ ਮੁਸ਼ਕਲ ਖੜ੍ਹੀ ਹੋ ਜਾਵੇਗੀ।
ਇਸੇ ਮੁਸ਼ਕਲ ਨੂੰ ਭਾਂਪਦੇ ਹੋਏ ਭਰਤੀ ਕਮੇਟੀ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਵੱਲੋਂ ਭਰਤੀ ਕਮੇਟੀ ਦੇ ਆਗੂਆਂ ਦਾ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਅਕਾਲੀ ਦਲ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਕਰਦੇ ਸੋਸ਼ਲ ਮੀਡੀਆ ਖਾਸ ਕਰਕੇ ‘ਅਕਾਲੀ ਅਾਵਾਜ਼’ ਰਾਹੀਂ ਵਡਾਲਾ, ਇਆਲੀ ਅਤੇ ਝੂੰਦਾਂ ਖਿਲਾਫ ਇਕ ਮੁਹਿੰਮ ਛੇੜ ਦਿੱਤੀ ਗਈ ਹੈ। ਇਨ੍ਹਾਂ ਲੀਡਰਾਂ ਖਿਲਾਫ ਫੋਟੋਆਂ ਤੇ ਹੋਰ ਸਮੱਗਰੀ ਪਾ ਕੇ ਸਵਾਲ ਪੁੱਛੇ ਜਾ ਰਹੇ ਹਨ ਅਤੇ ਸੱਤ ਮੈਂਬਰੀ ਭਰਤੀ ਕਮੇਟੀ ’ਤੇ ਜ਼ਿੰਮੇਵਾਰੀ ਸਹੀ ਤਰ੍ਹਾਂ ਨਾ ਨਿਭਾਉਣ ਦੇ ਦੋਸ਼ ਲਗਾਏ ਜਾ ਰਹੇ ਹਨ।
ਦੂਜੇ ਪਾਸੇ ਭਰਤੀ ਕਮੇਟੀ ਵੱਲੋਂ ਭਰਤੀ ਕਰਨ ਲਈ ਰਸੀਦ ਬੁੱਕਾਂ ਛਾਪਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਭਰਤੀ ਕਰਨ ਨਾਲ ਆਉਣ ਵਾਲੀ ਸੰਵਿਧਾਨਕ ਉਲਝਣ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਭਰਤੀ ਨੂੰ ਗੈਰ-ਕਾਨੂੰਨੀ ਦੱਸਣ ਕਾਰਨ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਂ ’ਤੇ ਭਰਤੀ ਨਹੀਂ ਕਰੇਗੀ। ਇਸ ਕਾਰਨ ਇਹ ਭਰਤੀ ਸ਼੍ਰੋਮਣੀ ਅਕਾਲੀ ਦਲ ਦੀ ਥਾਂ ’ਤੇ ‘ਅਕਾਲੀ ਦਲ’ ਦੇ ਨਾਂ ’ਤੇ ਕੀਤੀ ਜਾਵੇਗੀ। ਇਹ ਭਰਤੀ ਕਮੇਟੀ ਨਵੀਂ ਭਰਤੀ ਅਕਾਲ ਤਖਤ ਦੇ ਫ਼ੈਸਲੇ ਅਨੁਸਾਰ ਆਧਾਰ ਕਾਰਡ ਦਾ ਨੰਬਰ ਅਤੇ ਟੈਲੀਫੋਨ ਨੰਬਰ ਲਿਖ ਕੇ ਕਰਨ ਦੀ ਵਿਉਂਤਬੰਦੀ ਕਰ ਰਹੀ ਹੈ, ਤਾਂ ਜੋ ਉਨ੍ਹਾਂ ਵੱਲੋਂ ਕੀਤੀ ਗਈ ਭਰਤੀ ’ਤੇ ਬੋਗਸ ਹੋਣ ਦਾ ਇਲਜ਼ਾਮ ਨਾ ਲੱਗੇ ਅਤੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਹੋਵੇ। ਜਿਵੇਂ ਕਿ ਪਹਿਲਾਂ ਚਰਚਾ ਚੱਲ ਰਹੀ ਸੀ ਕਿ ਪੰਜ ਮੈਂਬਰੀ ਕਮੇਟੀ ਆਪਣਾ ਕਨਵੀਨਰ ਚੁਣ ਕੇ ਕੰਮ ਕਰੇਗੀ ਪਰ ਜਾਣਕਾਰੀ ਮੁਤਾਬਕ ਹੁਣ ਇਹ ਕਮੇਟੀ ਕੋਈ ਕਨਵੀਨਰ ਨਹੀਂ ਚੁਣੇਗੀ ਸਗੋਂ ਪੰਚ ਪ੍ਰਧਾਨੀ ਪ੍ਰਥਾ ਅਨੁਸਾਰ ਹੀ ਕੰਮ ਕਰੇਗੀ।
ਅੱਜ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਅਹੁਦੇ ਤੋਂ ਫਾਰਗ ਕਰਨ ਦੇ ਫੈਸਲੇ ’ਤੇ ਪੰਜ ਮੈਂਬਰੀ ਕਮੇਟੀ, ਅਕਾਲੀ ਦਲ ਬਾਦਲ ਅਤੇ ਹੋਰ ਪੰਥਕ ਕਹਾਉਣ ਵਾਲੇ ਸਿਆਸੀ ਅਤੇ ਧਾਰਮਿਕ ਦਲ ਇਸ ਨੂੰ ਕਿਵੇਂ ਵੀ ਦੇਖਣ ਪਰ ਇਨ੍ਹਾਂ ਹਾਲਾਤ ਕਾਰਨ ਸਿੱਖ ਸੰਗਤ ਨਿਰਾਸ਼ਾ ਦੇ ਆਲਮ ’ਚ ਹੈ ਤੇ ਆਸ ਕਰ ਰਹੀ ਹੈ ਕਿ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਦੋਵੇਂ ਧੜੇ ਇਹ ਟਕਰਾਅ ਜਲਦੀ ਹੀ ਖਤਮ ਕਰ ਦੇਣਗੇ।
ਇਕਬਾਲ ਸਿੰਘ ਚੰਨੀ