ਚਿਰਾਗ ਨੇ ਬਿਹਾਰ ਵਿਚ ਦਾਅਵੇਦਾਰੀ ਲਈ ਬੰਨ੍ਹਿਆ ਲੱਕ
Saturday, Jun 07, 2025 - 06:18 PM (IST)

ਬਿਹਾਰ ਵਿਚ ਰਾਜਨੀਤਿਕ ਗਤੀਵਿਧੀਆਂ ਤੇਜ਼ ਹੋ ਗਈਆਂ ਹਨ ਕਿਉਂਕਿ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਆਪਣੀ ਤਾਕਤ ਦਿਖਾਉਣ ਲਈ ਤਿਆਰ ਹੈ ਅਤੇ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਘੱਟੋ-ਘੱਟ 35-40 ਸੀਟਾਂ ’ਤੇ ਦਾਅਵਾ ਕਰ ਸਕਦੀ ਹੈ।
ਚਿਰਾਗ ਦਾ ਉਦੇਸ਼ ਪਾਰਟੀ ਦੀ ਪਿਛਲੀ ਸ਼ਾਨ ਨੂੰ ਬਹਾਲ ਕਰਨਾ ਅਤੇ ਰਾਜ ਵਿਚ ਮੁੱਖ ਮੰਤਰੀ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨਾ ਹੈ।
ਭਾਜਪਾ ਅਜੇ ਵੀ ਇਕ ਕੁੱਲ ਰਾਜ ਪੱਧਰੀ ਨੇਤਾ ਬਣਾਉਣ ਲਈ ਸੰਘਰਸ਼ ਕਰ ਰਹੀ ਹੈ, ਇਸ ਲਈ ਚਿਰਾਗ ਦਾ ਸਿੱਧਾ ਮੁਕਾਬਲਾ ਤੇਜਸਵੀ ਯਾਦਵ ਨਾਲ ਹੋਵੇਗਾ। ਪਾਰਟੀ ਨੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਤੋਂ ਪਹਿਲਾਂ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ 8 ਜੂਨ ਤੋਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿਚ ਸੰਕਲਪ ਸਭਾਵਾਂ ਦੀ ਯੋਜਨਾ ਬਣਾਈ ਹੈ ਜਦੋਂ ਕਿ ਚਿਰਾਗ ਨੇ ਸੋਮਵਾਰ ਨੂੰ ਵਿਧਾਨ ਸਭਾ ਚੋਣਾਂ ਲੜਨ ਦਾ ਆਪਣਾ ਇਰਾਦਾ ਜ਼ਾਹਿਰ ਕਰਦਿਆਂ ਕਿਹਾ, ‘‘ਮੈਂ ਆਪਣੇ ਆਪ ਨੂੰ ਲੰਬੇ ਸਮੇਂ ਤੋਂ ਕੇਂਦਰੀ ਰਾਜਨੀਤੀ ਵਿਚ ਨਹੀਂ ਦੇਖਦਾ। ਰਾਜਨੀਤੀ ਵਿਚ ਸ਼ਾਮਲ ਹੋਣ ਦਾ ਮੇਰਾ ਕਾਰਨ ਬਿਹਾਰ ਅਤੇ ਬਿਹਾਰ ਦੇ ਲੋਕ ਸਨ। ਮੈਂ ‘ਬਿਹਾਰ ਪਹਿਲਾਂ, ਬਿਹਾਰੀ ਪਹਿਲਾਂ’ ਦੇ ਆਪਣੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣਾ ਚਾਹੁੰਦਾ ਹਾਂ।’’
ਲੋਜਪਾ (ਆਰ. ਵੀ.) ਨੇ ਜਦ (ਯੂ) ਦੇ ਨਿਤੀਸ਼ ਕੁਮਾਰ ਨਾਲ ਮਤਭੇਦਾਂ ਕਾਰਨ 2020 ਦੀਆਂ ਵਿਧਾਨ ਸਭਾ ਚੋਣਾਂ ਰਾਜਗ ਤੋਂ ਬਾਹਰ ਲੜੀਆਂ ਸਨ। 135 ਸੀਟਾਂ ’ਤੇ ਚੋਣ ਲੜਨ ਦੇ ਬਾਵਜੂਦ, ਲੋਜਪਾ ਜਦ (ਯੂ) ਦੇ ਚੋਣ ਪ੍ਰਦਰਸ਼ਨ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ’ਚ ਸਫਲ ਰਹੀ ਸੀ। ਲੋਜਪਾ (ਆਰ. ਵੀ.) 2024 ਦੀਆਂ ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ, 2023 ਵਿਚ ਰਾਜਗ ਵਿਚ ਵਾਪਸ ਆ ਗਈ। ਇਸ ਸਾਂਝੇਦਾਰੀ ਦਾ ਫਾਇਦਾ ਚਿਰਾਗ ਨੂੰ ਮਿਲਿਆ ਕਿਉਂਕਿ ਉਸ ਦੀ ਪਾਰਟੀ ਨੇ ਇਸ ਦੁਆਰਾ ਲੜੀਆਂ ਗਈਆਂ ਸਾਰੀਆਂ ਪੰਜ ਲੋਕ ਸਭਾ ਸੀਟਾਂ ਜਿੱਤ ਲਈਆਂ ਅਤੇ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਰਾਜਗ ਸਰਕਾਰ 3.0 ਵਿਚ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਲੋਜਪਾ (ਆਰ. ਵੀ.) ਦੀ ਕਿਸਮਤ ਵਿਚ ਤਬਦੀਲੀ ਤੋਂ ਬਾਅਦ, ਚਿਰਾਗ ਤੋਂ ਹੁਣ ਸੀਟ-ਵੰਡ ਗੱਲਬਾਤ ਵਿਚ ਹਮਲਾਵਰੀ ਰੁਖ਼ ਅਪਣਾਉਣ ਦੀ ਉਮੀਦ ਹੈ।
ਚੰਦਰਸ਼ੇਖਰ ਦੀ ਨਜ਼ਰ ਸਪਾ ਦੇ ਮੂਲ ਵੋਟ ਬੈਂਕ ’ਤੇ! : ਨਗੀਨਾ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਆਜ਼ਾਦ ਸਮਾਜ ਪਾਰਟੀ (ਏ. ਐਸ. ਪੀ.) ਦੇ ਨੇਤਾ ਚੰਦਰਸ਼ੇਖਰ ਆਜ਼ਾਦ ਇਕ ਪ੍ਰਮੁੱਖ ਦਲਿਤ ਨੇਤਾ ਵਜੋਂ ਉੱਭਰ ਰਹੇ ਹਨ ਜਿਨ੍ਹਾਂ ਦਾ ਮਹੱਤਵਪੂਰਨ ਪ੍ਰਭਾਵ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ (ਸਪਾ) ਅਤੇ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ (ਬਸਪਾ) ਦੋਵਾਂ ਲਈ ਇਕ ਸ਼ਕਤੀਸ਼ਾਲੀ ਚੁਣੌਤੀ ਸਾਬਤ ਹੋ ਰਿਹਾ ਹੈ। ਚੰਦਰਸ਼ੇਖਰ ਨੂੰ ਲੰਬੇ ਸਮੇਂ ਤੋਂ ਇਕ ਦਲਿਤ ਅਧਿਕਾਰ ਕਾਰਕੁੰਨ ਵਜੋਂ ਦੇਖਿਆ ਜਾਂਦਾ ਰਿਹਾ ਹੈ ਪਰ ਉਨ੍ਹਾਂ ਦੇ ਹਾਲੀਆ ਰਾਜਨੀਤਿਕ ਕਦਮ, ਖਾਸ ਕਰ ਕੇ ਮੁਸਲਿਮ ਭਾਈਚਾਰੇ ਤੱਕ ਉਨ੍ਹਾਂ ਦੀ ਪਹੁੰਚ, ਇਹ ਦਰਸਾਉਂਦੇ ਹਨ ਕਿ ਉਹ ਹੁਣ ਸਪਾ ਦੇ ਮੁੱਖ ਵੋਟ ਬੈਂਕ ’ਤੇ ਨਜ਼ਰ ਰੱਖ ਰਹੇ ਹਨ ਅਤੇ ਅਜਿਹਾ ਕਰ ਕੇ ਰਾਜ ਵਿਚ ਦਲਿਤ-ਮੁਸਲਿਮ ਰਾਜਨੀਤਿਕ ਸਮੀਕਰਨ ਨੂੰ ਮੁੜ ਪਰਿਭਾਸ਼ਤ ਕਰ ਰਹੇ ਹਨ।
ਦੂਜੇ ਪਾਸੇ, ਸਪਾ ਅਤੇ ਬਸਪਾ ਦਲਿਤ ਵੋਟਰਾਂ ਦਾ ਭਰੋਸਾ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਪੱਛੜੇ, ਦਲਿਤ, ਆਦਿਵਾਸੀ, ਔਰਤਾਂ ਅਤੇ ਸਾਡੇ ਸਾਰੇ ਘੱਟਗਿਣਤੀ ਭਰਾਵਾਂ ਨੇ ਫੈਸਲਾ ਕੀਤਾ ਹੈ ਕਿ ਉਹ ਪੀ. ਡੀ. ਏ. ਦੀ ਤਾਕਤ ਨੂੰ ਅੱਗੇ ਵਧਾਉਣਗੇ। ਬਸਪਾ ਦੀ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਦਾ ਮੁੱਖ ਰਾਸ਼ਟਰੀ ਕੋਆਰਡੀਨੇਟਰ ਨਿਯੁਕਤ ਕੀਤਾ ਹੈ। ਹਾਲਾਂਕਿ ਆਨੰਦ ਇਕ ਨੌਜਵਾਨ ਚਿਹਰਾ ਹੈ ਜੋ ਦਲਿਤ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਅਤੇ ਬਸਪਾ ਵਰਕਰਾਂ ਦੇ ਮਨੋਬਲ ਅਤੇ ਦਿਸ਼ਾ ਨੂੰ ਵਧਾਉਣ ਵਿਚ ਮਦਦ ਕਰ ਸਕਦਾ ਹੈ, ਅਸਲ ਚੁਣੌਤੀ ਬਸਪਾ ਦੀ ਸੰਗਠਨਾਤਮਕ ਤਾਕਤ ਨੂੰ ਦੁਬਾਰਾ ਬਣਾਉਣਾ ਅਤੇ ਇਸ ਦੇ ਮੁੱਖ ਆਧਾਰ ਨਾਲ ਦੁਬਾਰਾ ਜੁੜਨਾ ਹੈ ਪਰ ਵੱਡਾ ਸਵਾਲ ਇਹ ਹੈ ਕਿ ਕੀ ਬਸਪਾ ਜਾਂ ਏ. ਐੱਸ. ਪੀ. ਭਾਜਪਾ ਅਤੇ ਇੰਡੀਆ ਬਲਾਕ ਦੀਆਂ ਵੋਟਾਂ ਖੋਹਣ ’ਚ ਸਫਲ ਹੋਣਗੇ?
ਆਪ੍ਰੇਸ਼ਨ ਸਿੰਧੂਰ ’ਤੇ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ : ਕਾਂਗਰਸ ਦੀ ਅਗਵਾਈ ਹੇਠ 16 ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਆਪ੍ਰੇਸ਼ਨ ਸਿੰਧੂਰ ’ਤੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ, ਜਦੋਂ ਕਿ ਇੰਡੀਆ ਬਲਾਕ ਦੀਆਂ ਪਾਰਟੀਆਂ ਨੇ ਇਸ ਮੁੱਦੇ ’ਤੇ ਦਿੱਲੀ ਵਿਚ ਇਕ ਮੀਟਿੰਗ ਕੀਤੀ। ਦੂਜੇ ਪਾਸੇ, ਆਮ ਆਦਮੀ ਪਾਰਟੀ (ਆਪ) ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.-ਐੱਸ. ਪੀ.) ਨੇ ਮੀਟਿੰਗ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ‘ਆਪ’ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਕਿਹਾ ਕਿ ‘ਆਪ’ ਨੇ ਵਿਰੋਧੀ ਧਿਰ ਨੂੰ 240 ਸੀਟਾਂ ’ਤੇ ਲਿਜਾਣ ਵਿਚ ਆਪਣੀ ਭੂਮਿਕਾ ਨਿਭਾਈ ਹੈ ਅਤੇ ਹੁਣ ਸੁਤੰਤਰ ਤੌਰ ’ਤੇ ਕੰਮ ਕਰਨ ਦਾ ਇਰਾਦਾ ਰੱਖਦੀ ਹੈ।
ਇੰਡੀਆ ਬਲਾਕ ਦੇ ਭਾਈਵਾਲ ਹੋਣ ਦੇ ਬਾਵਜੂਦ, ‘ਆਪ’ ਅਤੇ ਕਾਂਗਰਸ ਦਾ ਇਕ ਗੜਬੜ ਵਾਲਾ ਸਮੀਕਰਨ ਰਿਹਾ ਹੈ। ਸੀਟਾਂ ਦੀ ਵੰਡ ਬਾਰੇ ਗੱਲਬਾਤ ’ਤੇ ਬਹੁਤ ਉਤਰਾਅ-ਚੜ੍ਹਾਅ ਅਤੇ ਕਾਂਗਰਸ ਦੀ ਦਿੱਲੀ ਇਕਾਈ ਵੱਲੋਂ ਗੱਠਜੋੜ ਦੇ ਬਹੁਤ ਵਿਰੋਧ ਤੋਂ ਬਾਅਦ, ਦੋਵਾਂ ਪਾਰਟੀਆਂ ਨੇ ਅੰਤ ਵਿਚ ਦਿੱਲੀ, ਗੁਜਰਾਤ ਅਤੇ ਹਰਿਆਣਾ ਵਿਚ ਸਹਿਯੋਗੀਆਂ ਵਜੋਂ ਲੋਕ ਸਭਾ ਚੋਣਾਂ ਲੜੀਆਂ, ਪਰ ਪੰਜਾਬ ਵਿਚ ਇਕ-ਦੂਜੇ ਦੇ ਵਿਰੁੱਧ ਖੜ੍ਹੇ ਹੋ ਗਏ। ਦੂਜੇ ਪਾਸੇ, ਐੱਨ. ਸੀ. ਪੀ. (ਐੱਸ. ਪੀ.) ਦੇ ਮੁਖੀ ਸ਼ਰਦ ਪਵਾਰ ਨੇ ਪਹਿਲਾਂ ਹੀ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ’ਤੇ ਆਪਣਾ ਇਤਰਾਜ਼ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਇਹ ਇਕ ਸੰਵੇਦਨਸ਼ੀਲ ਅਤੇ ਗੰਭੀਰ ਮੁੱਦਾ ਹੈ ਅਤੇ ਸੰਸਦ ਵਿਚ ਇਸ ’ਤੇ ਚਰਚਾ ਕਰਨਾ ਸੰਭਵ ਨਹੀਂ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੇ ਗਏ ਸਾਂਝੇ ਪੱਤਰ ’ਤੇ ਕਾਂਗਰਸ, ਸਪਾ, ਟੀ. ਐੱਮ. ਸੀ., ਡੀ. ਐੱਮ. ਕੇ., ਸ਼ਿਵ ਸੈਨਾ (ਯੂ. ਬੀ. ਟੀ.), ਰਾਜਦ, ਜੰਮੂ-ਕਸ਼ਮੀਰ ਨੈਸ਼ਨਲ ਕਾਨਫਰੰਸ, ਸੀ. ਪੀ. ਆਈ. (ਐੱਮ), ਆਈ. ਯੂ. ਐੱਮ. ਐੱਲ., ਸੀ. ਪੀ. ਆਈ., ਆਰ. ਐੱਸ. ਪੀ., ਜੇ. ਐੱਮ. ਐੱਮ., ਵੀ. ਸੀ. ਕੇ., ਕੇਰਲ ਕਾਂਗਰਸ, ਐੱਮ. ਡੀ. ਐੱਮ. ਕੇ. ਅਤੇ ਸੀ. ਪੀ. ਆਈ. (ਐੱਮ. ਐੱਲ.) ਨੇ ਦਸਤਖਤ ਕੀਤੇ ਹਨ।
ਤੇਜਸਵੀ ਵੀ ਚੋਣ ਮੋਡ ਵਿਚ : ਦੂਜੇ ਪਾਸੇ, ਰਾਜਦ ਨੇਤਾ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲਿਖੇ 2 ਪੰਨਿਆਂ ਦੇ ਪੱਤਰ ਵਿਚ ਮੰਗ ਕੀਤੀ ਹੈ ਕਿ ਸਾਰੇ ਵਾਂਝੇ ਵਰਗਾਂ ਲਈ 85 ਫੀਸਦੀ ਰਾਖਵਾਂਕਰਨ ਪ੍ਰਦਾਨ ਕਰਨ ਵਾਲੇ ਬਿੱਲ ਨੂੰ ਪਾਸ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸੰਵਿਧਾਨ ਦੇ 9ਵੀਂ ਸ਼ਡਿਊਲ ਵਿਚ ਇਸ ਨੂੰ ਸ਼ਾਮਲ ਕਰਨ ਦਾ ਪ੍ਰਸਤਾਵ 3 ਹਫ਼ਤਿਆਂ ਦੇ ਅੰਦਰ ਕੇਂਦਰ ਸਰਕਾਰ ਨੂੰ ਭੇਜਿਆ ਜਾਣਾ ਚਾਹੀਦਾ ਹੈ। ਰਾਜ ਵਿਚ ਰਾਜਦ ਦਾ ਜਨ ਅਾਧਾਰ ਮੁੱਖ ਤੌਰ ’ਤੇ ਓ. ਬੀ. ਸੀ. ਯਾਦਵ ਅਤੇ ਘੱਟਗਿਣਤੀ ਮੁਸਲਮਾਨ ਹਨ ਅਤੇ ਤੇਜਸਵੀ ਬਹੁਤ ਪੱਛੜੇ ਅਤੇ ਦਲਿਤਾਂ ਵਿਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਖਵੇਂਕਰਨ ਦੇ ਪੱਧਰ ਨੂੰ ਵਧਾਉਣ ਲਈ ਨਵੇਂ ਕਾਨੂੰਨ ਦੀ ਮੰਗ ਕਰਨਾ ਗੈਰ-ਯਾਦਵ ਪੱਛੜੇ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ ਜਾਪਦੀ ਹੈ, ਜਿਸ ਨੂੰ ਨਿਤੀਸ਼ ਦਾ ਵੋਟ ਅਾਧਾਰ ਮੰਨਿਆ ਜਾਂਦਾ ਹੈ।
ਰਾਹੁਲ ਗਾਂਧੀ ਦੇ ਘੋੜੇ : ਮੱਧ ਪ੍ਰਦੇਸ਼ ਕਾਂਗਰਸ ਵਿਚ ਇਕ ਵੱਡੇ ਬਦਲਾਅ ਦਾ ਸੰਕੇਤ ਦਿੰਦੇ ਹੋਏ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਪੁਨਰ-ਸੁਰਜੀਤੀ ਯੋਜਨਾ ਦੀ ਰੂਪਰੇਖਾ ਨੂੰ ਪ੍ਰਗਟ ਕਰਨ ਲਈ ਇਕ ਰੂਪਕ ਦੀ ਵਰਤੋਂ ਕੀਤੀ। ਪਾਰਟੀ ਦੇ ਪੁਰਾਣੇ ਆਗੂਆਂ, ਜਿਨ੍ਹਾਂ ਨੇ ਦਹਾਕਿਆਂ ਤੋਂ ਪਾਰਟੀ ’ਤੇ ਦਬਦਬਾ ਬਣਾਇਆ ਹੋਇਆ ਹੈ, ’ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ‘‘ਤਿੰਨ ਤਰ੍ਹਾਂ ਦੇ ਘੋੜੇ ਹੁੰਦੇ ਹਨ - ਰੇਸ ਦਾ ਘੋੜਾ, ਵਿਆਹ ਦਾ ਘੋੜਾ ਅਤੇ ਲੰਗੜਾ ਘੋੜਾ। ਰੇਸ ਦੇ ਘੋੜੇ ਨੂੰ ਰੇਸ ’ਚ ਉਤਾਰਿਆ ਜਾਵੇਗਾ, ਵਿਆਹ ਦੇ ਘੋੜੇ ਨੂੰ ਵਿਆਹ ਵਿਚ ਅਤੇ ਲੰਗੜੇ ਘੋੜੇ ਨੂੰ ਸੇਵਾਮੁਕਤ ਹੋਣ ਲਈ ਕਿਹਾ ਜਾਵੇਗਾ।’’
ਮੱਧ ਪ੍ਰਦੇਸ਼ ਵਿਚ ਕਾਂਗਰਸ ਨੂੰ ਕਈ ਚੋਣ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਕਾਰਨ ਡੂੰਘੇ ਸੰਗਠਨਾਤਮਕ ਸੁਧਾਰ ਦੀ ਮੰਗ ਕੀਤੀ ਜਾ ਰਹੀ ਹੈ। ਗਾਂਧੀ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਜ਼ਿਲ੍ਹਾ ਪ੍ਰਧਾਨਾਂ ਨੂੰ ਸ਼ਕਤੀ ਦਿੱਤੀ ਜਾਵੇ ਅਤੇ ਉਨ੍ਹਾਂ ਨੂੰ ਪ੍ਰਦਰਸ਼ਨ ਲਈ ਜਵਾਬਦੇਹ ਬਣਾਇਆ ਜਾਵੇ, ਤਾਂ ਜੋ ਪਾਰਟੀ ਦੀਆਂ ਨਵੀਆਂ ਉਮੀਦਾਂ ਦੀ ਇਕ ਪਾਰਦਰਸ਼ੀ ਤਸਵੀਰ ਸਾਹਮਣੇ ਆ ਸਕੇ। ਭੋਪਾਲ ਪਹੁੰਚਣ ਤੋਂ ਤੁਰੰਤ ਬਾਅਦ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਰਾਜ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ।
ਰਾਹਿਲ ਨੋਰਾ ਚੋਪੜਾ