ਬਾਜ਼ਾਰ ’ਚ ਉੱਲੀ ਲੱਗੇ ਕੇਲੇ ਅਤੇ ਹਾਨੀਕਾਰਕ ਚੀਨੀ ਲਸਣ ਦੀ ਵਿਕਰੀ
Tuesday, Sep 17, 2024 - 03:27 AM (IST)
ਇਕ ਪਾਸੇ ਤਾਂ ਦੇਸ਼ ’ਚ ਨਕਲੀ ਦਵਾਈਆਂ, ਨਕਲੀ ਖਾਦਾਂ ਅਤੇ ਕੀਟਨਾਸ਼ਕਾਂ, ਨਕਲੀ ਕਰੰਸੀ ਆਦਿ ਦੀ ਗੱਲ ਹੀ ਸੁਣੀ ਜਾਂਦੀ ਸੀ ਅਤੇ ਦੂਜੇ ਪਾਸੇ ਹੁਣ ਇਹ ਬੀਮਾਰੀ ਨਕਲੀ ਖਾਧ ਪਦਾਰਥਾਂ, ਫਲਾਂ ਅਤੇ ਮਸਾਲਿਆਂ ਤਕ ਆ ਪੁੱਜੀ ਹੈ।
ਦੇਸ਼ ’ਚ ਕਈ ਸਥਾਨਾਂ ’ਤੇ ਘਾਤਕ ਕੈਮੀਕਲਾਂ ਨਾਲ ਪਕਾਏ ਹੋਏ ਜ਼ਹਿਰੀਲੀ ਉੱਲੀ ਲੱਗੇ ਕੇਲਿਆਂ ਦੇ ਇਲਾਵਾ ਹਾਨੀਕਾਰਕ ਚੀਨੀ ਲਸਣ ਵਿਕ ਰਿਹਾ ਹੈ ਜਿਨ੍ਹਾਂ ਦੇ ਸੇਵਨ ਨਾਲ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।
ਵੱਧ ਲਾਭ ਕਮਾਉਣ ਦੇ ਲਾਲਚ ’ਚ ਵਪਾਰੀ ਕੇਲੇ ਦੀ ਕੱਚੀ ਫਸਲ ਸਟੋਰ ਕਰ ਕੇ ਰੱਖ ਲੈਂਦੇ ਹਨ। ਇਨ੍ਹਾਂ ਨੂੰ ਛੇਤੀ ਤੋਂ ਛੇਤੀ ਪਕਾਉਣ ਲਈ ਜ਼ਹਿਰੀਲੇ ਰਸਾਇਣਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕੁਝ ਹੀ ਘੰਟਿਆਂ ’ਚ ਰਾਤੋ-ਰਾਤ ਕੱਚੇ ਕੇਲਿਆਂ ਦਾ ਰੰਗ ਬਾਹਰ ਤੋਂ ਅਸਲੀ ਵਰਗਾ ਹੋ ਜਾਂਦਾ ਹੈ। ਕੁਝ ਹੋਰ ਫਲਾਂ ਨੂੰ ਵੀ ਇਸੇ ਤਰ੍ਹਾਂ ਤਿਆਰ ਕਰ ਕੇ ਵੇਚਿਆ ਜਾ ਰਿਹਾ ਹੈ।
ਪੰਜਾਬ ਦੇ ਉਦਯੋਗਿਕ ਸ਼ਹਿਰ ਫਗਵਾੜਾ ਅਤੇ ਹੋਰ ਅਨੇਕ ਸਥਾਨਾਂ ’ਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਨੱਕ ਹੇਠ ਉੱਲੀ ਲੱਗੇ ਜ਼ਹਿਰੀਲੇ ਕੇਲਿਆਂ ਦੀ ਵਿਕਰੀ ਖੁੱਲ੍ਹੇਆਮ ਹੋ ਰਹੀ ਹੈ ਪਰ ਨਾ ਤਾਂ ਸਰਕਾਰੀ ਅਧਿਕਾਰੀਆਂ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾ ਹੀ ਕਿਤੇ ਕੋਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹੀ ਨਹੀਂ ਹੁਣ ਤਾਂ ਸਿਹਤ ਲਈ ਖਤਰਨਾਕ ਚੀਨ ਦਾ ਜ਼ਹਿਰੀਲਾ ਲਸਣ ਬਾਜ਼ਾਰ ’ਚ ਆ ਚੁੱਕਾ ਹੈ ਅਤੇ ਭਾਰਤ ਦੇ ਇਲੈਕਟ੍ਰਾਨਿਕਸ ਬਾਜ਼ਾਰ ’ਚ ਘੁਸਪੈਠ ਕਰਨ ਪਿੱਛੋਂ ਚੀਨ ਨੇ ਭਾਰਤ ’ਚ ਨਕਲੀ ਖਾਧ ਪਦਾਰਥਾਂ ਦੇ ਬਾਜ਼ਾਰ ’ਚ ਵੀ ਐਂਟਰੀ ਕਰ ਲਈ ਹੈ।
ਇਸ ਲਸਣ ’ਚ ਕੀਟਨਾਸ਼ਕਾਂ ਦੇ ਉੱਚ ਪੱਧਰ ਅਤੇ ਇਸ ਦੇ ਉੱਲੀ ਲੱਗੇ ਹੋਣ ਦੇ ਖਤਰੇ ਕਾਰਨ ਭਾਰਤ ’ਚ 2014 ’ਚ ਇਸ ’ਤੇ ਬੈਨ ਲਾ ਦਿੱਤਾ ਗਿਆ ਸੀ ਪਰ ਦੇਸੀ ਲਸਣ ਦੀ ਤੁਲਨਾ ’ਚ ਕਾਫੀ ਸਸਤਾ ਹੋਣ ਕਾਰਨ ਵੱਧ ਮੁਨਾਫੇ ਦੇ ਲਾਲਚ ’ਚ ਵਪਾਰੀ ਇਸ ਨੂੰ ਚੋਰੀ-ਛੁਪੇ ਮੰਗਵਾ ਕੇ ਨਾਜਾਇਜ਼ ਤਰੀਕੇ ਨਾਲ ਬਾਜ਼ਾਰ ’ਚ ਵੇਚ ਰਹੇ ਹਨ।
ਪੂਰਬੀ ਭਾਰਤ ’ਚ ਖਪਾਉਣ ਲਈ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ’ਚ ਭਾਰਤ-ਨੇਪਾਲ ਸਰਹੱਦ ’ਤੇ ਕੁਝ ਦਿਨ ਪਹਿਲਾਂ ਲਿਆਂਦੇ ਜਾਂ ਰਹੇ ਨਕਲੀ ਤਰੀਕੇ ਨਾਲ ਉਗਾਏ ਗਏ ਚੀਨੀ ਲਸਣ ਦੀ 1400 ਕੁਇੰਟਲ ਦੀ ਵੱਡੀ ਖੇਪ ਕਸਟਮ ਵਿਭਾਗ ਨੇ ਜ਼ਬਤ ਕੀਤੀ ਸੀ।
ਪ੍ਰਯੋਗਸ਼ਾਲਾ ’ਚ ਜਾਂਚ ਕਰਨ ’ਤੇ ਇਸ ਲਸਣ ’ਚ ਫੰਗਸ ਪਾਈ ਗਈ।
ਗੁਜਰਾਤ ਦੇ ਰਾਜਕੋਟ ’ਚ ‘ਗੋਂਡਲ’ ਸਥਿਤ ‘ਐਗਰੀਕਲਚਰ ਮਾਰਕੀਟ ਪ੍ਰੋਡਿਊਸ ਕਮੇਟੀ’ ’ਚ ਵੀ ਚੀਨੀ ਲਸਣ ਦੇ 30 ਬੈਗ ਬਰਾਮਦ ਕੀਤੇ ਗਏ ਹਨ। ਅਖਬਾਰਾਂ ਅਨੁਸਾਰ ਇਸ ਦੀ ਵਰਤੋਂ ਨਾਲ ਸਰੀਰ ’ਚ ਕੈਂਸਰ ਅਤੇ ਨਰਵਸ ਸਿਸਟਮ ਨਾਲ ਜੁੜੀਆਂ ਬੀਮਾਰੀਆਂ ਹੋ ਸਕਦੀਆਂ ਹਨ।
ਚੀਨ ਦੁਨੀਆ ਦਾ ਸਭ ਤੋਂ ਵੱਡਾ ਲਸਣ ਉਤਪਾਦਕ ਹੈ। ਬਾਜ਼ਾਰਾਂ ’ਚ ਵਿਕ ਰਹੇ ਚੀਨੀ ਲਸਣ ਬਾਰੇ ਬਾਜ਼ਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਦ ਤੋਂ ਦੇਸੀ ਲਸਣ ਮਹਿੰਗਾ ਹੋਇਆ ਹੈ ਤਦ ਤੋਂ ਚੀਨੀ ਲਸਣ ਦਾ ਕਾਰੋਬਾਰ ਵਧ ਗਿਆ ਹੈ। ਇਹ ਨਕਲੀ ਲਸਣ ਅਸਲੀ ਲਸਣ ਦੀ ਤੁਲਨਾ ’ਚ ਆਕਾਰ ’ਚ ਵੱਡਾ ਹੁੰਦਾ ਹੈ।
ਚੀਨ ’ਚ ਸਿਰਫ ਹਾਨੀਕਾਰਕ ਲਸਣ ਹੀ ਨਹੀਂ ਸਗੋਂ ਵੱਖ-ਵੱਖ ਰਾਸਾਇਣਕ ਪਦਾਰਥਾਂ ਦੀ ਵਰਤੋਂ ਨਾਲ ਬਿਲਕੁਲ ਅਸਲੀ ਨਾਲ ਮੇਲ ਖਾਂਦੀ ਨਕਲੀ ਬੰਦਗੋਭੀ, ਆਂਡੇ, ਚੌਲ ਅਤੇ ਹਦਵਾਣੇ ਵਰਗੇ ਕਈ ਖਾਧ ਪਦਾਰਥ ਤਿਆਰ ਕੀਤੇ ਜਾ ਰਹੇ ਹਨ। ਚੀਨ ’ਚ ‘ਤਿਆਰ’ ਨਕਲੀ ਹਦਵਾਣੇ ਉਪਰੋਂ ਬਿਲਕੁਲ ਅਸਲੀ ਵਰਗੇ ਦਿਖਾਈ ਦਿੰਦੇ ਹਨ ਪਰ ਟੁਕੜਿਆਂ ’ਚ ਕੱਟਣ ’ਤੇ ਅਜੀਬ ਜਿਹੇ ਦਿਖਾਈ ਦਿੰਦੇ ਹਨ।
ਹਾਲਾਂਕਿ ਖਾਧ ਪਦਾਰਥਾਂ ’ਚ ਮਿਲਾਵਟ ਕਰਨਾ ਘੋਰ ਅਪਰਾਧ ਹੈ, ਇਸ ਦੇ ਬਾਵਜੂਦ ਸਮਾਜ ਵਿਰੋਧੀ ਤੱਤਾਂ ਵਲੋਂ ਮਿਲਾਵਟੀ ਪਦਾਰਥਾਂ ਦਾ ਧੰਦਾ ਕਰ ਕੇ ਲੋਕਾਂ ਦੀ ਜਾਨ ਨਾਲ ਖਿਲਵਾੜ ਲਗਾਤਾਰ ਜਾਰੀ ਹੈ ਅਤੇ ਅਪਰਾਧੀ ਤੱਤ ਗਿਣੇ-ਮਿੱਥੇ ਤਰੀਕੇ ਨਾਲ ਦੇਸ਼ ’ਚ ਲੁੱਟ ਅਤੇ ਠੱਗੀ ਦਾ ਕਾਰੋਬਾਰ ਚਲਾ ਰਹੇ ਹਨ। ਇਸ ਲਈ ਅਜਿਹੇ ਤੱਤਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਕਿ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ।
-ਵਿਜੇ ਕੁਮਾਰ