ਚੀਨ ਵੱਲੋਂ ਤਿੱਬਤ ’ਚ ਬ੍ਰਹਮਪੁੱਤਰ ਨਦੀ ’ਤੇ ਬੰਨ੍ਹ ਦਾ ਨਿਰਮਾਣ ਭਾਰਤ ਲਈ ਚਿੰਤਾ ਦਾ ਵਿਸ਼ਾ
Monday, Dec 30, 2024 - 02:03 AM (IST)
ਚੀਨ ਨੇ ਭਾਰਤੀ ਸਰਹੱਦ ਦੇ ਨੇੜੇ ਤਿੱਬਤ ਪਠਾਰ ਦੇ ਪੂਰਬੀ ਕੰਢੇ ’ਤੇ ਬ੍ਰਹਮਪੁੱਤਰ ਨਦੀ, ਜਿਸ ਨੂੰ ਤਿੱਬਤ ’ਚ ‘ਯਾਰਲੁੰਗ ਜੰਗਬੋ’ ਨਦੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਹੇਠਲੀ ਪਹੁੰਚ ’ਚ 137 ਬਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਬੰਨ੍ਹ ਦੇ ਨਿਰਮਾਣ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਇਨਫਰਾ ਪ੍ਰਾਜੈਕਟ ਕਿਹਾ ਜਾ ਰਿਹਾ ਹੈ।
ਇਹ ਬੰਨ੍ਹ ਹਿਮਾਲਿਆ ਦੀ ਪਹੁੰਚ (ਰਿਚੇਸ) ’ਚ ਇਕ ਵਿਸ਼ਾਲ ਵਾਦੀ ’ਚ ਬਣਾਇਆ ਜਾਣਾ ਹੈ। ਜਿਥੇ ਬ੍ਰਹਮਪੁੱਤਰ ਨਦੀ ਅਰੁਣਾਚਲ ਪ੍ਰਦੇਸ਼ ਅਤੇ ਫਿਰ ਬੰਗਲਾਦੇਸ਼ ’ਚ ਵਹਿਣ ਲਈ ਇਕ ਵੱਡਾ ਯੂ-ਟਰਨ ਲੈਂਦੀ ਹੈ। ਬੰਗਲਾਦੇਸ਼ ’ਚ ਇਸ ਨੂੰ ਜਮੁਨਾ ਕਹਿੰਦੇ ਹਨ ਅਤੇ ਇਹ ਫਿਰ ਗੰਗਾ ਨਦੀ ’ਚ ਮਿਲ ਜਾਂਦੀ ਹੈ। ‘ਯਾਰਲੁੰਗ’ ਨਦੀ ਲੱਗਭਗ 50 ਕਿਲੋਮੀਟਰ ਦੇ ਇਕ ਹਿੱਸੇ ’ਚ ਲੱਗਭਗ 2000 ਮੀਟਰ ਦੀ ਉੱਚਾਈ ਤੋਂ ਡਿੱਗਦੀ ਹੈ। ਇਸ ਢਲਾਨ ਦੀ ਸਹਾਇਤਾ ਨਾਲ ਪਣ-ਬਿਜਲੀ ਉਤਪਾਦਨ ’ਚ ਸਹਾਇਤਾ ਮਿਲਦੀ ਹੈ।
ਇਸ ਦੇ ਸਾਹਮਣੇ ਦੁਨੀਆ ’ਚ ਸਭ ਤੋਂ ਵੱਡੇ ਮੰਨੇ ਜਾਣ ਵਾਲੇ ਚੀਨ ਦੇ ਆਪਣੇ ‘ਥ੍ਰੀ ਗੋਰਜੇਸ ਡੈਮ’ ਸਮੇਤ ਧਰਤੀ ’ਤੇ ਮੌਜੂਦ ਕੋਈ ਵੀ ਹੋਰ ਸਿੰਗਲ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਛੋਟਾ ਪੈ ਜਾਵੇਗਾ। ਅਜੇ ਦੁਨੀਆ ਦਾ ਸਭ ਤੋਂ ਵੱਡਾ ਪਣ-ਬਿਜਲੀ ਪਾਵਰ ਸਟੇਸ਼ਨ ‘ਥ੍ਰੀ ਗੋਰਜੇਸ ਡੈਮ’ ਮੱਧ ਚੀਨ ਦੇ ਹੁਬੇਈ ਸੂਬੇ ’ਚ ਯਾਂਗਚੀ ਨਦੀ ’ਤੇ ਬਣਿਆ ਹੈ।
ਭਾਰਤ ਅਤੇ ਚੀਨ ਨੇ ਸਰਹੱਦ ਪਾਰ ਨਦੀਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ’ਤੇ ਚਰਚਾ ਕਰਨ ਲਈ ਸਾਲ 2006 ’ਚ ਮਾਹਿਰ ਪੱਧਰੀ ਪ੍ਰਣਾਲੀ (ਈ.ਐੱਲ.ਐੱਮ.) ਦੀ ਸਥਾਪਨਾ ਕੀਤੀ ਸੀ, ਜਿਸ ਦੇ ਤਹਿਤ ਚੀਨ ਹੜ੍ਹ ਦੇ ਮੌਸਮ ਦੌਰਾਨ ਭਾਰਤ ਨੂੰ ਬ੍ਰਹਮਪੁੱਤਰ ਅਤੇ ਸਤਲੁਜ ਨਦੀ ’ਤੇ ਜਲ ਵਿਗਿਆਨ ਸਬੰਧੀ ਜਾਣਕਾਰੀ ਦਿੰਦਾ ਹੈ ਪਰ ਇਸ ਮਾਮਲੇ ’ਚ ਭਾਰਤ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ।
ਸਰਹੱਦੀ ਮੁੱਦੇ ’ਤੇ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀਆਂ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ 18 ਦਸੰਬਰ ਨੂੰ ਹੋਈ ਗੱਲਬਾਤ ’ਚ ਸਰਹੱਦ ਪਾਰ ਦੀਆਂ ਨਦੀਆਂ ਦੇ ਅੰਕੜਿਆਂ ਨੂੰ ਸਾਂਝਾ ਕਰਨ ਦਾ ਮੁੱਦਾ ਉੱਠਿਆ ਸੀ।
ਵਿਦੇਸ਼ ਮੰਤਰਾਲਾ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਵਿਸ਼ੇਸ਼ ਪ੍ਰਤੀਨਿਧੀਆਂ ਨੇ ਸਰਹੱਦ ਪਾਰ ਨਦੀਆਂ ’ਤੇ ਡਾਟਾ ਸਾਂਝਾ ਕਰਨ ਸਮੇਤ ਸਰਹੱਦ ਪਾਰ ਸਹਿਯੋਗ ਅਤੇ ਲੈਣ-ਦੇਣ ਲਈ ਹਾਂਪੱਖੀ ਦਿਸ਼ਾ-ਨਿਰਦੇਸ਼ ਦਿੱਤੇ।
ਬ੍ਰਹਮਪੁੱਤਰ ’ਤੇ ਇਹ ਬੰਨ੍ਹ ਇੰਜੀਨੀਅਰਿੰਗ ਸਬੰਧੀ ਭਾਰੀ ਚੁਣੌਤੀਆਂ ਪੇਸ਼ ਕਰਦਾ ਹੈ। ਟੈਕਟੋਨਿਕ ਪਲੇਟਾਂ ਦੇ ਉੱਤੇ ਸਥਿਤ ਹੋਣ ਕਾਰਨ ਦੁਨੀਆ ਦੀ ਛੱਤ ਮੰਨੇ ਜਾਣ ਵਾਲੇ ਤਿੱਬਤੀ ਪਠਾਰ ’ਚ ਅਕਸਰ ਭੂਚਾਲ ਆਉਂਦੇ ਰਹਿੰਦੇ ਹਨ। ਉਂਝ ਚੀਨ ਨੇ ਆਪਣੇ ਅਧਿਕਾਰਤ ਬਿਆਨ ’ਚ ਭੂਚਾਲ ਸਬੰਧੀ ਚਿੰਤਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਹੈ ਕਿ ਇਹ ਪਣ-ਬਿਜਲੀ ਪ੍ਰਾਜੈਕਟ ਸੁਰੱਖਿਅਤ ਹੈ ਅਤੇ ਇਸ ’ਚ ਚੌਗਿਰਦੇ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮਾਓ ਨਿੰਗ ਨੇ ਕਿਹਾ ਹੈ ਕਿ ਸੁਰੱਖਿਆ ਅਤੇ ਚੌਗਿਰਦੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦਹਾਕਿਆਂ ਤੋਂ ਵਿਆਪਕ ਅਧਿਐਨ ਕੀਤੇ ਗਏ ਹਨ। ਮਾਓ ਨੇ ਭਰੋਸਾ ਦਿਵਾਇਆ ਹੈ ਕਿ ਇਸ ਪ੍ਰਾਜੈਕਟ ਦਾ ਭਾਰਤ ਅਤੇ ਬੰਗਲਾਦੇਸ਼ ’ਤੇ ਕਿਸੇ ਤਰ੍ਹਾਂ ਦਾ ਨਾਂਹਪੱਖੀ ਅਸਰ ਨਹੀਂ ਪਵੇਗਾ ਅਤੇ ਇਸ ਦਾ ਮਕਸਦ ਨਦੀ ਦੇ ਕੰਢੇ ’ਤੇ ਰਹਿਣ ਵਾਲੇ ਭਾਈਚਾਰਿਆਂ ਨੂੰ ਲਾਭ ਪਹੁੰਚਾਉਣਾ ਹੈ ਪਰ ਮਨੁੱਖੀ ਅਧਿਕਾਰ ਗਰੁੱਪਾਂ ਅਤੇ ਜਾਣਕਾਰਾਂ ਨੇ ਇਸ ਘਟਨਾਕ੍ਰਮ ਦੇ ਮਾੜੇ ਨਤੀਜਿਆਂ ਨੂੰ ਲੈ ਕੇ ਚਿੰਤਾ ਜਤਾਈ ਹੈ।
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਭਾਰਤ ਵੀ ਅਰੁਣਾਚਲ ਪ੍ਰਦੇਸ਼ ’ਚ ਬ੍ਰਹਮਪੁੱਤਰ ਨਦੀ ’ਤੇ ਆਪਣੇ ਬੰਨ੍ਹ ਦਾ ਨਿਰਮਾਣ ਕਰ ਰਿਹਾ ਹੈ ਅਤੇ 18 ਦਸੰਬਰ ਨੂੰ ਹੋਈ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀਆਂ ਦੀ ਬੈਠਕ ’ਚ ਅੰਕੜਿਆਂ ਨੂੰ ਸਾਂਝਾ ਕਰਨ ’ਤੇ ਚਰਚਾ ਹੋਈ ਸੀ।
ਚੀਨ ਵੱਲੋਂ ਪ੍ਰਾਜੈਕਟ ਬਾਰੇ ਲੋੜੀਂਦੀ ਜਾਣਕਾਰੀ ਨਾ ਦੇਣ ਦੇ ਕਾਰਨ ਇਹ ਪ੍ਰਾਜੈਕਟ ਭਾਰਤ ਲਈ ਜ਼ਿਆਦਾ ਚਿੰਤਾਜਨਕ ਵਿਸ਼ਾ ਹੈ ਕਿਉਂਕਿ ਬ੍ਰਹਮਪੁੱਤਰ ਨਦੀ ’ਤੇ ਬੰਨ੍ਹ ਦਾ ਨਿਰਮਾਣ ਇਸ ਖੇਤਰ ਦੇ ਈਕੋ ਸਿਸਟਮ ’ਤੇ ਦਬਾਅ ਪਾ ਕੇ ਜ਼ਿਆਦਾ ਵਿਨਾਸ਼ਕਾਰੀ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ।
ਇਸ ਬੰਨ੍ਹ ਦੇ ਆਕਾਰ ਤੇ ਪੱਧਰ ਦੇ ਕਾਰਨ ਚੀਨ ਨੂੰ ਬ੍ਰਹਮਪੁੱਤਰ ਦੇ ਪਾਣੀ ਦੇ ਵਹਾਅ ਨੂੰ ਕਾਬੂ ਕਰਨ ਦਾ ਅਧਿਕਾਰ ਮਿਲਣ ਤੋਂ ਇਲਾਵਾ ਦੁਸ਼ਮਣੀ ਜਾਂ ਜੰਗ ਦੇ ਸਮੇਂ ਸਰਹੱਦੀ ਖੇਤਰਾਂ ’ਚ ਭਾਰਤ ’ਚ ਹੜ੍ਹ ਲਿਆਉਣ ਲਈ ਪਾਣੀ ਛੱਡਣ ’ਚ ਵੀ ਇਹ ਸਮਰੱਥ ਹੋ ਸਕਦਾ ਹੈ।
ਮਾਹਿਰਾਂ ਅਨੁਸਾਰ ਇਹ ਬੰਨ੍ਹ ਬ੍ਰਹਮਪੁੱਤਰ ਨਦੀ ’ਤੇ ਬਣੇਗਾ ਜੋ ਅਰੁਣਾਚਲ ਪ੍ਰਦੇਸ਼ ਵੱਲ ਮੁੜਦੀ ਹੈ। ਇਸ ਨਾਲ ਭਾਰਤ ’ਚ ਪਾਣੀ ਦੀ ਸਪਲਾਈ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਇਸ ਬੰਨ੍ਹ ਨੂੰ ਲੈ ਕੇ ਨਵੀਂ ਦਿੱਲੀ ਦੀ ਚਿੰਤਾ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਬੰਨ੍ਹ ਦੇ ਬਣਨ ਨਾਲ ਭਾਰਤ ਨੂੰ ਪਾਣੀ ਲਈ ਚੀਨ ’ਤੇ ਨਿਰਭਰ ਰਹਿਣਾ ਪੈ ਸਕਦਾ ਹੈ, ਜਿਸ ਨਾਲ ਚੀਨ ਨੂੰ ਭਾਰਤ ’ਤੇ ਦਬਾਅ ਬਣਾਉਣ ਦਾ ਮੌਕਾ ਮਿਲੇਗਾ।
ਇਹੀ ਨਹੀਂ ਚੀਨ ਇਸ ਬੰਨ੍ਹ ਦੇ ਕਾਰਨ ਨਦੀ ਦੇ ਪਾਣੀ ’ਤੇ ਕਾਬੂ ਰੱਖੇਗਾ, ਜਿਸ ਨਾਲ ਹੇਠਲੇ ਇਲਾਕਿਆਂ ’ਚ ਪਾਣੀ ਦੀ ਕਮੀ ਹੋ ਸਕਦੀ ਹੈ। ਸਿਆਸੀ ਆਬਜ਼ਰਵਰਾਂ ਅਨੁਸਾਰ ਇਹ ਪ੍ਰਾਜੈਕਟ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਾ ਕੇ ਦੋਵਾਂ ਦੇਸ਼ਾਂ ਵਿਚਾਲੇ ‘ਜਲ ਯੁੱਧ’ ਨੂੰ ਜਨਮ ਦੇ ਸਕਦਾ ਹੈ।
ਇਨ੍ਹਾਂ ਕਾਰਨਾਂ ਕਾਰਨ ਇਸ ਪ੍ਰਾਜੈਕਟ ਨਾਲ ਭਾਰਤ ਅਤੇ ਬੰਗਲਾਦੇਸ਼ ’ਚ ਚਿੰਤਾ ਵਧ ਗਈ ਹੈ। ਭਾਰਤ ਦੇ ਉੱਤਰ ਪੂਰਬੀ ਸੂਬੇ ਅਤੇ ਬੰਗਲਾਦੇਸ਼ ਪਹਿਲਾਂ ਤੋਂ ਹੀ ਭਿਆਨਕ ਹੜ੍ਹ ਵਰਗੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ ਅਤੇ ਜਲਵਾਯੂ ਤਬਦੀਲੀ ਦੇ ਕਾਰਨ ਉਨ੍ਹਾਂ ਨੂੰ ਜ਼ਮੀਨ ਧੱਸਣ, ਭੂਚਾਲ ਅਤੇ ਹੜ੍ਹ ਆਦਿ ਅਤੇ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦ ਕਿ ਅਰੁਣਾਚਲ ਪ੍ਰਦੇਸ਼ ਤਾਂ ਜ਼ਮੀਨ ਧੱਸਣ ਦੇ ਲਿਹਾਜ਼ ਨਾਲ ਪਹਿਲਾਂ ਹੀ ਜ਼ਿਆਦਾ ਸੰਵੇਦਨਸ਼ੀਲ ਹੈ ਅਤੇ ਅਕਸਰ ਉਥੇ ਭੂਚਾਲ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
-ਵਿਜੇ ਕੁਮਾਰ