ਚੀਨ ਨੇ ਦੋਸਤ ਰੂਸ ਦੇ ਇਲਾਕਿਆਂ ’ਤੇ ਹੀ ਦਾਅਵਾ ਠੋਕਿਆ

06/11/2022 2:14:09 PM

ਚੀਨ- ਚੀਨ ਦਾ ਜ਼ੋਰ ਚੱਲੇ ਤਾਂ ਪੂਰੀ ਦੁਨੀਆ ’ਤੇ ਆਪਣਾ ਕਬਜ਼ਾ ਪ੍ਰਗਟਾਉਣ ਤੋਂ ਵੀ ਬਾਜ਼ ਨਾ ਆਵੇ। ਚੀਨ ਇਕ ਅਜਿਹਾ ਦੇਸ਼ ਹੈ ਜਿਸ ਨੂੰ ਜਾਪਦਾ ਹੈ ਕਿ ਪੂਰੀ ਧਰਤੀ ਉਸ ਦੀ ਹੈ ਅਤੇ ਜਿੱਥੇ ਉਹ ਹੱਥ ਰੱਖੇ, ਉਹ ਇਲਾਕਾ ਚੀਨ ਦਾ ਹੋ ਜਾਵੇ। ਇਸ ’ਚ ਚੀਨ ਦੇ ਦੋਸਤ-ਦੁਸ਼ਮਣ ਸਾਰੇ ਇਕੋ ਜਿਹੇ ਹਨ। ਹਾਲ ਹੀ ’ਚ ਇਕ ਖਬਰ ਫਿਰ ਚਰਚਾ ’ਚ ਆਈ। ਚੀਨ ਨੇ ਆਪਣੇ ਦੋਸਤ ਰੂਸ ਦੀ ਉਸੂਰੀ ਨਦੀ ਅਤੇ ਉਸ ਦੇ ਨੇੜੇ ਦੀ ਕੁਝ ਜ਼ਮੀਨ ’ਤੇ ਆਪਣਾ ਦਾਅਵਾ ਠੋਕ ਦਿੱਤਾ ਹੈ। ਇਸ ਦੇ ਇਲਾਵਾ ਉਸ ਨੇ ਰੂਸ-ਚੀਨ ਹੱਦ ਦੇ ਨੇੜੇ ਖਬਰੋਵਸਕ ਇਲਾਕੇ ’ਤੇ ਅਤੇ 16ਵੀਂ ਸਦੀ ਦੀ ਕੋਈ ਇਤਿਹਾਸਕ ਉਦਾਹਰਣ ਦੇ ਕੇ ਰੂਸ ਦੇ ਦੂਰ-ਦੁਰੇਡੇ ਪੂਰਬੀ ਸ਼ਹਿਰ ਵਲਾਦੀਵੋਸਤੋਕ ’ਤੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ। ਉਸੂਰੀ ਨਦੀ ਦੇ ਦਰਮਿਆਨ ਟਾਪੂ ਅਤੇ ਦੇਮੇਨੇਸਕੀ ਨੂੰ ਲੈ ਕੇ ਚੀਨ ਅਤੇ ਸੋਵੀਅਤ ਸੰਘ ਦਰਮਿਆਨ ਲੰਬੇ ਸਮੇਂ ਤੱਕ ਝੜਪ ਚੱਲੀ ਸੀ, ਫਿਰ ਅਚਾਨਕ ਚੀਨ ਨੇ ਸੋਵੀਅਤ ਸੰਘ ’ਤੇ ਸਾਲ 1969 ਦੇ ਮਾਰਚ ਮਹੀਨੇ ’ਚ ਹਮਲਾ ਵੀ ਕੀਤਾ ਸੀ। ਇਸ ਮੁੱਦੇ ’ਤੇ ਦੋਵੇਂ ਦੇਸ਼ਾਂ ਦੀ ਝੜਪ ਨੇ ਜੰਗ ਦਾ ਰੂਪ ਲੈ ਲਿਆ ਸੀ। ਇਸ ’ਚ 31 ਰੂਸੀ ਗਾਰਡਸ ਦੀ ਮੌਤ ਹੋ ਗਈ ਸੀ ਜਿਸ ਦੇ ਬਾਅਦ ਜੰਗ ਸ਼ੁਰੂ ਹੋਈ ਸੀ। ਇਸ ਦੇ ਬਾਅਦ 1991 ’ਚ ਦੋਵਾਂ ਦੇਸ਼ਾਂ ’ਚ ਇਸ ਨੂੰ ਲੈ ਕੇ ਇਕ ਸਮਝੌਤਾ ਵੀ ਹੋਇਆ ਸੀ। ਜਿਸ ਦੇਮੇਨੇਸਕੀ ਦੀਪ ਨੂੰ ਲੈ ਕੇ ਦੋਵਾਂ ’ਚ ਜੰਗ ਹੋਈ ਸੀ, ਚੀਨ ਨੇ ਉਸ ਦਾ ਨਾਂ ਝੇਨਬਾਓ ਦਾਓ ਟਾਪੂ ਰੱਖਿਆ ਹੈ ਅਤੇ ਅੰਤ ’ਚ ਇਹ ਟਾਪੂ ਚੀਨ ਦੇ ਕਬਜ਼ੇ ’ਚ ਆ ਗਿਆ। ਇਸ ਤੋਂ ਪਤਾ ਲੱਗਦਾ ਹੈ ਕਿ ਚੀਨ ਜ਼ਮੀਨ ਹੜੱਪਣ ’ਚ ਮਾਹਿਰ ਖਿਡਾਰੀ ਹੈ।

ਚੀਨ ਨੇ ਇਕ ਵਾਰ ਫਿਰ ਰੂਸ ਦੀ ਪੂਰਬੀ ਸਰਹੱਦ ਨਾਲ ਲੱਗਦੇ ਆਪਣੇ ਇਲਾਕੇ ’ਚ ਥਲ ਅਤੇ ਹਵਾਈ ਫੌਜ ਦਾ ਜੰਗੀ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਹੈ, ਖਾਸ ਕਰ ਕੇ ਉਸ ਸਮੇਂ ਜਦੋਂ ਰੂਸ ਨੇ ਆਪਣਾ ਸਾਰਾ ਧਿਆਨ ਯੂਕ੍ਰੇਨ ਜੰਗ ’ਚ ਲਾਇਆ ਹੋਇਆ ਹੈ। ਇਹ ਜੰਗੀ ਅਭਿਆਸ ਚੀਨ ਨੇ ਲੰਬੇ ਸਮੇਂ ਤੱਕ ਜਾਰੀ ਰੱਖਿਆ ਜਿਸ ਦੀ ਸ਼ੁਰੂਆਤ ਚੀਨ ਨੇ ਇਸ ਸਾਲ ਫਰਵਰੀ ਦੇ ਮਹੀਨੇ ’ਚ ਕੀਤੀ ਸੀ। ਉਸ ਸਮੇਂ ਉੱਥੇ ਮੌਸਮ ਹੱਡੀਆਂ ਜਮਾ ਦੇਣ ਵਾਲੀ ਸਰਦੀ ਦਾ ਹੁੰਦਾ ਹੈ। ਕੁਝ ਜਾਣਕਾਰ ਇਹ ਵੀ ਕਿਆਸਅਰਾਈਆਂ ਲਾ ਰਹੇ ਹਨ ਕਿ ਲੱਦਾਖ ਨਾਲ ਲੱਗਦੀ ਚੀਨ ਦੀ ਸਰਹੱਦ ’ਚ ਪੀਪਲਜ਼ ਲਿਬਰੇਸ਼ਨ ਆਰਮੀ ਦੇ ਜਮੇ ਰਹਿਣ ’ਚ ਕਾਫੀ ਦਿੱਕਤ ਆ ਰਹੀ ਹੈ ਅਤੇ ਆਪਣੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਚੀਨ ਨੇ ਦੂਰ-ਦੁਰੇਡੇ ਪੂਰਬ ’ਚ ਜੰਗੀ ਅਭਿਆਸ ਕੀਤਾ। ਇਸ ਜੰਗੀ ਅਭਿਆਸ ’ਚ ਚੀਨੀ ਏਅਰਫੋਰਸ ਦੇ ਲੜਾਕੂ ਜਹਾਜ਼, ਬੰਬ ਵਰ੍ਹਾਊ ਜਹਾਜ਼ਾਂ ਦੀ ਵਰਤੋਂ ਕੀਤੀ ਗਈ। ਲੜਾਕੂ ਜਹਾਜ਼ਾਂ ਨੇ ਘੱਟ ਉੱਚਾਈ ’ਤੇ ਉਡਾਣ ਭਰੀ ਅਤੇ ਜੰਗੀ ਹੁਨਰ ਦਿਖਾਏ, ਨਾਲ ਹੀ ਅਸਲੀ ਗੋਲੀਆਂ ਅਤੇ ਅਸਲੀ ਬੰਬ ਚਲਾਏ ਗਏ। ਚੀਨ ਨੇ ਆਪਣੇ ਉੱਤਰ-ਪੂਰਬੀ ਹਾਰਪਿਨ ਏਅਰਬੇਸ ਦੀ ਵਰਤੋਂ ਕੀਤੀ ਸੀ। ਚੀਨ ਨੇ 78ਵੀਂ ਗਰੁੱਪ ਆਰਮੀ ਦੇ ਟੈਂਕਾਂ ਅਤੇ ਹਥਿਆਰਾਂ ਨਾਲ ਲੈਸ ਵਾਹਨਾਂ ਦੀ ਵਰਤੋਂ ਇਸ ਮਿਲਟਰੀ ਡ੍ਰਿਲ ’ਚ ਕੀਤੀ। ਚੀਨ ਦੀ ਸ਼ਰਾਰਤੀ ਚਾਲ ਨੂੰ ਸਮਝਣਾ ਵਾਕਈ ਬੜਾ ਔਖਾ ਕੰਮ ਹੈ। ਇਕ ਪਾਸੇ ਉਸ ਨੇ 24 ਫਰਵਰੀ ਨੂੰ ਖੁੱਲ੍ਹੇ ਤੌਰ ’ਤੇ ਯੂਕ੍ਰੇਨ ਜੰਗ ’ਚ ਰੂਸ ਦਾ ਪੱਖ ਲਿਆ ਸੀ ਤੇ ਓਧਰ ਉਸੇ ਮਹੀਨੇ ’ਚ ਚੀਨ ਰੂਸ ਦੀ ਸਰਹੱਦ ਦੇ ਨੇੜੇ ਜੰਗੀ ਅਭਿਆਸ ਕਰ ਰਿਹਾ ਸੀ।

4 ਫਰਵਰੀ ਨੂੰ ਪੁਤਿਨ ਨੇ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਸੀ ਜਿਸ ’ਚ ਦੋਵਾਂ ਦੇਸ਼ਾਂ ਨੇ ਆਪਸੀ ਸਾਂਝੇਦਾਰੀ ਦੇ ਉਪਰੋਂ ਹੱਦ ਨੂੰ ਹਟਾ ਲਿਆ ਸੀ ਅਤੇ ਉਸ ਸਮੇਂ ਵੀ ਚੀਨ ਨੇ ਯੂਕ੍ਰੇਨ ਜੰਗ ’ਚ ਜਨਤਕ ਤੌਰ ’ਤੇ ਰੂਸ ਦਾ ਸਾਥ ਦਿੱਤਾ ਸੀ ਜਿਸ ਦੇ ਬਦਲੇ ’ਚ ਰੂਸ ਨੇ ਚੀਨ ਦਾ ਤਾਈਵਾਨ ਮੁੱਦੇ ’ਤੇ ਸਾਥ ਿਦੱਤਾ ਸੀ। ਚੀਨ ਦਾ ਜੰਗੀ ਅਭਿਆਸ ਮਾਰਚ ਮਹੀਨੇ ’ਚ ਵੀ ਜਾਰੀ ਰਿਹਾ ਜਿਸ ’ਚ ਚੀਨ ਨੇ ਆਪਣੇ ਬੰਬ ਵਰ੍ਹਾਊ ਜਹਾਜ਼ ਸ਼ਿਆਨ ਐੱਚ-6 ਦੀ ਵਰਤੋਂ ਕੀਤੀ। ਇਸ ’ਚ ਸ਼ਿਆਨ ਨੂੰ ਬਹੁਤ ਘੱਟ ਅਤੇ ਦਰਮਿਆਨੀ ਉਚਾਈ ’ਤੇ ਉਡਾਇਆ ਗਿਆ। ਇਕ ਸਮਾਂ ਸੀ ਜਦੋਂ ਚੀਨ ਹਥਿਆਰਾਂ ਲਈ ਪੂਰੀ ਤਰ੍ਹਾਂ ਨਾਲ ਰੂਸ ’ਤੇ ਨਿਰਭਰ ਸੀ ਪਰ ਪਿਛਲੇ 2 ਦਹਾਕਿਆਂ ’ਚ ਚੀਨ ਨੇ ਜਿਸ ਤਰ੍ਹਾਂ ਤਰੱਕੀ ਕੀਤੀ ਹੈ, ਉਸ ਦੇ ਬਾਅਦ ਚੀਨ ਅਤੇ ਰੂਸ ’ਚ ਸਮੀਕਰਨ ਇਕਦਮ ਬਦਲ ਗਏ ਹਨ। ਰੂਸ ਅੱਜ ਵੀ ਇਕ ਵੱਡੀ ਫੌਜੀ ਸ਼ਕਤੀ ਜ਼ਰੂਰ ਹੈ ਪਰ ਆਰਥਿਕ ਮਹਾਸ਼ਕਤੀ ਨਹੀਂ ਰਿਹਾ। ਓਧਰ ਚੀਨ ਹੁਣ ਇਕ ਵੱਡੀ ਫੌਜੀ ਸ਼ਕਤੀ ਹੋਣ ਦੇ ਨਾਲ-ਨਾਲ ਦੂਸਰੀ ਵੱਡੀ ਆਰਥਿਕ ਮਹਾਸ਼ਕਤੀ ਵੀ ਹੈ। ਅੱਜ ਚੀਨ ’ਚ ਬਣੇ ਰੱਖਿਆ ਯੰਤਰ ਰੂਸ ਨੂੰ ਬਰਾਮਦ ਕੀਤੇ ਜਾਂਦੇ ਹਨ। ਰੂਸ ਚੀਨ ’ਤੇ ਨਿਰਭਰ ਹੋ ਚੁੱਕਾ ਹੈ, ਇਸ ਲਈ ਉਹ ਚੀਨ ਦੇ ਵਿਰੁੱਧ ਨਹੀਂ ਜਾ ਸਕਿਆ ਅਤੇ ਇਸੇ ਗੱਲ ਦਾ ਫਾਇਦਾ ਚੀਨ ਨੇ ਚੁੱਕਿਆ ਹੈ।

ਚੀਨ ਨੇ ਉਸੂਰੀ ਨਦੀ ਦਰਮਿਆਨ ਟਾਪੂ ਖਬਰੋਵਸਕ ਦੇ ਨਾਲ-ਨਾਲ ਵਲਾਦੀਵੋਸਤੋਕ ’ਤੇ ਵੀ ਆਪਣਾ ਦਾਅਵਾ ਠੋਕ ਦਿੱਤਾ ਹੈ, ਜਿਸ ਦੇ ਕਾਰਨ ਦੋਵਾਂ ਦੇਸ਼ਾਂ ’ਚ ਸਬੰਧ ਉਪਰੀ ਤੌਰ ’ਤੇ ਜ਼ਰੂਰ ਚੰਗੇ ਦਿਸਦੇ ਹਨ ਪਰ ਅਸਲੀਅਤ ਇਸ ਦੇ ਉਲਟ ਹੈ। ਸੱਚਾਈ ਇਹ ਹੈ ਕਿ ਰੂਸ ਚੀਨ ਦੇ ਉਪਰ ਰੱਤੀ ਭਰ ਭਰੋਸਾ ਨਹੀਂ ਕਰਦਾ। ਰੂਸ ਜਦੋਂ ਪਿਛਲੇ 100 ਦਿਨਾਂ ਤੋਂ ਯੂਕ੍ਰੇਨ ਦੇ ਨਾਲ ਜੰਗ ’ਚ ਰੁੱਝਿਆ ਹੈ, ਠੀਕ ਉਸ ਸਮੇਂ ਚੀਨ ਨੇ ਰੂਸ ਦੀ ਪਿੱਠ ’ਚ ਛੁਰਾ ਮਾਰ ਦਿੱਤਾ। ਅਜਿਹਾ ਕੋਈ ਮਿੱਤਰ ਦੇਸ਼ ਨਹੀਂ ਕਰਦਾ ਪਰ ਚੀਨ ਇਸ ਸਮੇਂ ਆਪਣੇ ਨਿੱਜੀ ਸਵਾਰਥ ਨੂੰ ਲੈ ਕੇ ਅੰਨ੍ਹਾ ਹੋ ਚੁੱਕਾ ਹੈ। ਇਸ ਸਵਾਰਥ ਦੇ ਕਾਰਨ ਚੀਨ ਨੇ ਦੁਨੀਆ ਦੇ ਕਈ ਦੇਸ਼ਾਂ ਨਾਲ ਦੁਸ਼ਮਣੀ ਮੁੱਲ ਲੈ ਲਈ ਹੈ। ਬਾਕੀ ਦੇਸ਼ ਵੀ ਇਸ ਉਡੀਕ ’ਚ ਹਨ ਕਿ ਕਦੋਂ ਚੀਨ ਦਾ ਉਹ ਦਿਨ ਆਵੇਗਾ, ਜਦੋਂ ਉਹ ਆਪਣੇ ਨਾਲ ਹੋਈ ਬੇਇਨਸਾਫੀ ਦਾ ਪਲਟ ਕੇ ਜਵਾਬ ਦੇ ਸਕਣਗੇ।


DIsha

Content Editor

Related News