ਜਿਊਣਾ ਹੈ ਤਾਂ ਪੀਣ ਦੀਆਂ ਆਦਤਾਂ ਬਦਲੋ
Tuesday, Jan 28, 2025 - 04:10 PM (IST)
ਸ਼ਰਬਤ ਅਤੇ ਲੱਸੀ ਦੇ ਦੇਸ਼ ਭਾਰਤ ਦੇ ਵਧੇਰੇ ਲੋਕ ਪੱਛਮੀ ਬਾਜ਼ਾਰ ਤੋਂ ਪ੍ਰਭਾਵਿਤ ਹੋ ਰਹੇ ਹਨ ਅਤੇ ਆਪਣੇ ਆਪ ਨੂੰ ਆਧੁਨਿਕ ਸਾਬਤ ਕਰਨ ਲਈ ‘ਦੂਸ਼ਿਤ’ ਸਾਫਟ ਡਰਿੰਕਸ (ਪੀਣ ਵਾਲੇ ਪਦਾਰਥ) ਦਾ ਸੇਵਨ ਕਰ ਰਹੇ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਫਟ ਡਰਿੰਕਸ ਰਾਹੀਂ ਅਸੀਂ ਕੀਟਨਾਸ਼ਕਾਂ ਨੂੰ ਨਿਗਲ ਰਹੇ ਹਾਂ, ਜਿਨ੍ਹਾਂ ਦਾ ਲੰਮੇ ਸਮੇਂ ਤੱਕ ਸੇਵਨ ਕਰਨ ਨਾਲ ਕੈਂਸਰ, ਦਿਮਾਗੀ ਅਤੇ ਪ੍ਰਜਨਨ ਪ੍ਰਣਾਲੀਆਂ ਨੂੰ ਨੁਕਸਾਨ, ਬੱਚਿਆਂ ਵਿਚ ਜਮਾਂਦਰੂ ਵਿਗਾੜ ਅਤੇ ਇਮਿਊਨ ਸਿਸਟਮ ਨੂੰ ਵੀ ਨੁਕਸਾਨ ਹੋ ਸਕਦਾ ਹੈ।
ਕੁਝ ਸਮਾਂ ਪਹਿਲਾਂ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਬਹੁ-ਰਾਸ਼ਟਰੀ ਕੰਪਨੀਆਂ ਆਕਰਸ਼ਕ ਇਸ਼ਤਿਹਾਰਾਂ ਰਾਹੀਂ ਆਮ ਭਾਰਤੀਆਂ ਦੇ ਗਲੇ ਵਿਚ ਜੋ ਸਾਫਟ ਡਰਿੰਕਸ ਪਾ ਰਹੀਆਂ ਹਨ, ਉਹ ਸਿਹਤ ਲਈ ਬਿਲਕੁਲ ਵੀ ਚੰਗੇ ਨਹੀਂ ਹਨ, ਪਰ ਬਹੁ-ਰਾਸ਼ਟਰੀ ਕੰਪਨੀਆਂ ਇਸ ਤੱਥ ਤੋਂ ਇਨਕਾਰ ਕਰਦੀਆਂ ਹਨ। ਅਸਲੀਅਤ ਕੀ ਹੈ, ਇਹ ਤਾਂ ਵਿਸਥਾਰਿਤ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਗੈਰ-ਸਰਕਾਰੀ ਸੰਗਠਨ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਨਮੈਂਟ (ਸੀ. ਐੱਸ. ਈ.) ਦੇ ਅਨੁਸਾਰ ਇਹ ਵਿਦੇਸ਼ੀ ਕੰਪਨੀਆਂ ਭਾਰਤ ਨਾਲ ਵਿਤਕਰਾ ਕਰ ਰਹੀਆਂ ਹਨ। ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਉਨ੍ਹਾਂ ਦੇ ਉਤਪਾਦਾਂ ਦੀ ਗੁਣਵੱਤਾ ’ਤੇ ਨੇੜਿਓਂ ਨਜ਼ਰ ਰੱਖੀ ਜਾਂਦੀ ਹੈ, ਜਦੋਂ ਕਿ ਭਾਰਤ ਵਿਚ ਪੈਸੇ ਬਚਾਉਣ ਲਈ ਉਹ ਲੋਕਾਂ ਨੂੰ ਕੀਟਨਾਸ਼ਕਾਂ ਦਾ ਘੋਲ ਪਿਆਉਂਦੇ ਹਨ।
ਪੀਣ ਵਾਲੇ ਪਦਾਰਥਾਂ ’ਚ ਰਹਿੰਦ-ਖੂੰਹਦ ਦੀ ਮਿਲਾਵਟ ਸਿਰਫ਼ ਵਿਦੇਸ਼ੀ ਕੰਪਨੀਆਂ ਦੇ ਇਨ੍ਹਾਂ ਸਾਫਟ ਡਰਿੰਕਸ ਤੱਕ ਸੀਮਿਤ ਨਹੀਂ ਹੈ। ਕੁਝ ਸਾਲ ਪਹਿਲਾਂ ਬੋਤਲਬੰਦ ਮਿਨਰਲ ਵਾਟਰ ਦੇ ਦੂਸ਼ਿਤ ਹੋਣ ’ਤੇ ਬਹੁਤ ਹੰਗਾਮਾ ਹੋਇਆ ਸੀ। ਉਸ ਸਮੇਂ ਸੀ. ਐੱਸ. ਈ. ਨੇ ਦਿੱਲੀ ਵਿਚ ਮਸ਼ਹੂਰ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਦੇ 17 ਬੋਤਲਬੰਦ ਪਾਣੀ ਉਤਪਾਦਾਂ ਅਤੇ ਮੁੰਬਈ ਵਿਚ 13 ਦੀ ਜਾਂਚ ਕੀਤੀ ਸੀ ਅਤੇ ਉਨ੍ਹਾਂ ਵਿਚ ਲਿੰਡੇਨ, ਡੀ. ਡੀ. ਟੀ., ਕਲੋਰੋਪਾਈਰੋਫੋਸ ਅਤੇ ਮੈਲਾਥੀਅਨ ਵਰਗੇ ਕੀਟਨਾਸ਼ਕਾਂ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ ਸੀ।
ਇਸ ਤੋਂ ਬਾਅਦ ਸਰਕਾਰ ਨੂੰ ਹੋਸ਼ ਆਈ ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਦੀ ਸਿਫ਼ਾਰਸ਼ ਦੇ ਆਧਾਰ ’ਤੇ ਬੋਤਲਬੰਦ ਪਾਣੀ ਦੀ ਸ਼ੁੱਧਤਾ ਬਣਾਈ ਰੱਖਣ ਲਈ ਫੂਡ ਐਡਲਟਰੇਸ਼ਨ ਐਕਟ ਵਿਚ ਕੁਝ ਬਦਲਾਅ ਕੀਤੇ ਅਤੇ ਇਨ੍ਹਾਂ ਨੂੰ ਲਾਗੂ ਕਰਵਾ ਦਿੱਤਾ। ਹਾਲਾਂਕਿ, ਭਾਰਤ ਵਿਚ ਵਧੇਰੇ ਲੋਕ ਨਗਰ ਪਾਲਿਕਾਵਾਂ ਜਾਂ ਨਗਰ ਨਿਗਮਾਂ ਵੱਲੋਂ ਸਪਲਾਈ ਕੀਤਾ ਜਾਂਦਾ ਪਾਣੀ ਜਾਂ ਨਦੀਆਂ ਦਾ ਪਾਣੀ ਹੀ ਪੀਂਦੇ ਹਨ।
ਇਹ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਨਗਰ ਪਾਲਿਕਾਵਾਂ ਜਾਂ ਨਗਰ ਨਿਗਮ ਇਸ ਪਾਣੀ ਨੂੰ ਸਾਫ਼ ਕਰਨ ਲਈ ਕੀ ਕਦਮ ਚੁੱਕਦੇ ਹਨ। ਬਾਹਰੀ ਪਾਣੀ ਦੀ ਗੱਲ ਤਾਂ ਛੱਡ ਦਿਓ, ਧਰਤੀ ’ਤੇ ਵਧਦੇ ਪ੍ਰਦੂਸ਼ਣ ਕਾਰਨ ਧਰਤੀ ਹੇਠਲਾ ਪਾਣੀ ਵੀ ਹੁਣ ਸਾਫ਼ ਨਹੀਂ ਰਿਹਾ।
ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਅਨਾਜ, ਸਬਜ਼ੀਆਂ ਅਤੇ ਫਲ ਵੀ ਦੂਸ਼ਿਤ ਹੋ ਗਏ ਹਨ। ਜੇਕਰ ਇਨ੍ਹਾਂ ਨੂੰ ਬਿਨਾਂ ਸਫ਼ਾਈ ਦੇ ਖਾਧਾ ਜਾਵੇ, ਤਾਂ ਸਿਹਤ ਵਿਚ ਸੁਧਾਰ ਹੋਣ ਦੀ ਬਜਾਏ ਇਹ ਇਸ ਦਾ ਬੇੜਾ ਗਰਕ ਕਰ ਦੇਣਗੇ। ਵੱਧ ਝਾੜ ਦੀ ਭਾਲ ਵਿਚ ਕਿਸਾਨ ਰਸਾਇਣਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ। ਇਸ ਦੇ ਨੁਕਸਾਨਦੇਹ ਪ੍ਰਭਾਵ ਵੀ ਦਿਖਾਈ ਦੇਣ ਲੱਗ ਪਏ ਹਨ। ਜ਼ਮੀਨ ਬੰਜਰ ਹੁੰਦੀ ਜਾ ਰਹੀ ਹੈ। ਉਪਜ ਦੀ ਗੁਣਵੱਤਾ ਵਿਚ ਗਿਰਾਵਟ ਆਈ ਹੈ। ਮਿੱਟੀ ਆਦਿ ਵਿਚੋਂ ਲਾਭਦਾਇਕ ਤੱਤ ਨਸ਼ਟ ਹੋ ਰਹੇ ਹਨ।
ਜਿੱਥੇ ਕਦੇ ਇਸ ਦੇਸ਼ ਵਿਚ ਦੁੱਧ ਅਤੇ ਦਹੀਂ ਦੀਆਂ ਨਦੀਆਂ ਵਗਦੀਆਂ ਸਨ, ਹੁਣ ਹਰ ਚੀਜ਼ ਵਿਚ ਮਿਲਾਵਟ ਹੈ। ਦੁੱਧ ਵੀ ਇਸ ਤੋਂ ਅਛੂਤਾ ਨਹੀਂ ਰਿਹਾ। ਥੋੜ੍ਹੇ ਜਿਹੇ ਮੁਨਾਫ਼ੇ ਲਈ ਲੋਕ ਸਿਹਤ ਲਈ ਬਹੁਤ ਨੁਕਸਾਨਦੇਹ ਪਦਾਰਥਾਂ ਦੀ ਵਰਤੋਂ ਕਰ ਕੇ ਨਕਲੀ ਦੁੱਧ ਤਿਆਰ ਕਰ ਰਹੇ ਹਨ ਅਤੇ ਇਸ ਨੂੰ ਲੋਕਾਂ ਨੂੰ ਪਿਆ ਰਹੇ ਹਨ। ਇਹ ਦੁੱਧ ਜੋ ਕਿ ਯੂਰੀਆ, ਸਾਬਣ ਅਤੇ ਤੇਲ ਵਰਗੀਆਂ ਖਤਰਨਾਕ ਚੀਜ਼ਾਂ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ, ਵਿਚ ਦੁੱਧ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ।
ਲੋਕ ਅਗਿਆਨਤਾ ਕਾਰਨ ਮਨੁੱਖੀ ਸਭਿਅਤਾ ਲਈ ਖ਼ਤਰਾ ਪੈਦਾ ਕਰ ਰਹੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਦੁੱਧ ਨੂੰ ਪੀਣ ਨਾਲ ਸਾਡੇ ਬੱਚੇ, ਜੋ ਦੇਸ਼ ਦਾ ਭਵਿੱਖ ਹਨ, ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ। ਭਾਰਤ ਵਿਚ ‘ਆਪ੍ਰੇਸ਼ਨ ਫਲੱਡ’ ਸ਼ੁਰੂ ਕਰਦੇ ਸਮੇਂ ਡਾ. ਵਰਗੀਜ਼ ਕੁਰੀਅਨ ਨੇ ਵੀ ਇਹ ਨਹੀਂ ਸੋਚਿਆ ਹੋਵੇਗਾ ਕਿ ਜਿਨ੍ਹਾਂ ਡੇਅਰੀਆਂ ਨੂੰ ਉਹ ਆਮ ਲੋਕਾਂ ਨੂੰ ਦੁੱਧ ਮੁਹੱਈਆ ਕਰਵਾਉਣ ਲਈ ਖੋਲ੍ਹਣ ਦੀ ਗੱਲ ਕਰ ਰਹੇ ਸਨ, ਉਨ੍ਹਾਂ ਵਿਚ ਦਿਖਾਈ ਗਈ ਲਾਪ੍ਰਵਾਹੀ ਗਾਵਾਂ ਅਤੇ ਮੱਝਾਂ ਲਈ ਤਾਂ ਨੁਕਸਾਨਦੇਹ ਹੋਵੇਗੀ ਹੀ, ਉੱਥੋਂ ਮਿਲਣ ਵਾਲਾ ਦੁੱਧ ਵੀ ਆਮ ਆਦਮੀ ਲਈ ਮੁਫੀਦ ਨਹੀਂ ਰਹੇਗਾ। ਭਾਰਤ ਵਿਚ ਡੇਅਰੀਆਂ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਵਧੇਰੇ ਦੁੱਧ ਪ੍ਰਾਪਤ ਕਰਨ ਦੇ ਚੱਕਰ ’ਚ ਗਾਵਾਂ ਨੂੰ ਹਰ ਸਾਲ ਗਰਭਵਤੀ ਕਰਵਾ ਦਿੱਤਾ ਜਾਂਦਾ ਹੈ, ਕਿਉਂਕਿ ਵੱਛੇ ਨੂੰ ਜਨਮ ਦੇਣ ਤੋਂ ਬਾਅਦ ਉਹ 10 ਮਹੀਨਿਆਂ ਤੱਕ ਵਧੇਰੇ ਦੁੱਧ ਦਿੰਦੀਆਂ ਹਨ।
ਹਰ ਰੋਜ਼ ਉਨ੍ਹਾਂ ਨੂੰ ਆਕਸੀਟੋਸਿਨ ਟੀਕੇ ਦਿੱਤੇ ਜਾਂਦੇ ਹਨ ਤਾਂ ਜੋ ਉਹ ਜ਼ਿਆਦਾ ਦੁੱਧ ਦੇ ਸਕਣ, ਪਰ ਦੁੱਧ ਵਾਲੇ ਅਤੇ ਡੇਅਰੀ ਮਾਲਕ ਸ਼ਾਇਦ ਇਸ ਗੱਲ ਤੋਂ ਅਣਜਾਣ ਹਨ ਕਿ ਇਹ ਟੀਕੇ ਉਨ੍ਹਾਂ ਲਈ ਕਿੰਨੇ ਨੁਕਸਾਨਦੇਹ ਹਨ। ਜੇ ਉਹ ਇਹ ਜਾਣਦੇ ਹਨ, ਤਾਂ ਉਹ ਇਕ ਹੋਰ ਗੰਭੀਰ ਅਪਰਾਧ ਕਰ ਰਹੇ ਹਨ, ਕਿਉਂਕਿ ਜਾਣਬੁੱਝ ਕੇ ਕਿਸੇ ਨੂੰ ਮੌਤ ਵੱਲ ਧੱਕਣਾ ਨਾ ਸਿਰਫ਼ ਭਾਰਤੀ ਸਗੋਂ ਵਿਦੇਸ਼ੀ ਕਾਨੂੰਨ ਵਿਚ ਵੀ ਇਕ ਅਪਰਾਧ ਹੈ। ਇਹ ਸਾਰੇ ਤਰੀਕੇ ਨਾ ਸਿਰਫ਼ ਇਨ੍ਹਾਂ ਗੂੰਗੇ ਜਾਨਵਰਾਂ ਲਈ ਖ਼ਤਰਨਾਕ ਹਨ, ਸਗੋਂ ਉਨ੍ਹਾਂ ਦਾ ਦੁੱਧ ਪੀਣ ਵਾਲਿਆਂ ਲਈ ਵੀ ਘੱਟ ਨੁਕਸਾਨਦੇਹ ਨਹੀਂ ਹਨ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵੱਲੋਂ 7 ਸਾਲਾਂ ਦੀ ਖੋਜ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਗਾਂ ਦਾ ਦੁੱਧ, ਜਿਸ ਨੂੰ ਅਸੀਂ ਸਦੀਆਂ ਤੋਂ ਇਕ ਸੰਪੂਰਨ ਖੁਰਾਕ ਵਜੋਂ ਪੀਂਦੇ ਆ ਰਹੇ ਹਾਂ, ਉਹ ਵੀ ਕੀਟਨਾਸ਼ਕਾਂ ਨਾਲ ਦੂਸ਼ਿਤ ਹੈ। ਇਸ ਵਿਚ ਵੀ ਡਾਈਕਲੋਰੋ ਡਾਈਫੀਨਾਇਲ ਟ੍ਰਾਈਕਲੋਰੋਈਥੇਨ (ਡੀ. ਡੀ.ਟੀ.), ਹੈਕਸਾਕਲੋਰੋ ਸਾਈਕਲੋਹੈਕਸੇਨ (ਐੱਚ. ਸੀ. ਐੱਚ.), ਡੈਲਡ੍ਰਿਨ, ਐਲਡ੍ਰਿਨ ਵਰਗੇ ਖਤਰਨਾਕ ਕੀਟਨਾਸ਼ਕ ਵੱਡੀ ਮਾਤਰਾ ਵਿਚ ਮੌਜੂਦ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇਕਰ ਅਲਸਰ ਤੋਂ ਪੀੜਤ ਵਿਅਕਤੀ ਨੂੰ ਡੇਅਰੀ ਦੁੱਧ ਅਤੇ ਇਸ ਤੋਂ ਬਣੇ ਉਤਪਾਦ ਖਾਣ ਜਾਂ ਪੀਣ ਲਈ ਦਿੱਤੇ ਜਾਂਦੇ ਹਨ, ਤਾਂ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ 2 ਤੋਂ 6 ਗੁਣਾ ਵਧ ਜਾਂਦੀ ਹੈ।
ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨਾਲ ਪੈਦਾ ਹੋਈਆਂ ਇਨ੍ਹਾਂ ਸਥਿਤੀਆਂ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਨੇ ਇਨ੍ਹਾਂ ਦੀ ਵਰਤੋਂ ਲਗਭਗ ਬੰਦ ਕਰ ਦਿੱਤੀ ਹੈ ਅਤੇ ਕੁਦਰਤੀ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ, ਪਰ ਭਾਰਤ ਅਜੇ ਵੀ ਪੱਛਮ ਦੇ ਨਕਸ਼ੇ-ਕਦਮਾਂ ’ਤੇ ਚੱਲ ਰਿਹਾ ਹੈ। ਜਿਸ ਤਕਨੀਕ ਦੀ ਉਹ ਵਰਤੋਂ ਕਰ ਕੇ ਉਸ ਦੇ ਮਾੜੇ ਪ੍ਰਭਾਵਾਂ ਨੂੰ ਦੇਖ ਕੇ ਿਤਆਗ ਚੁੱਕੇ ਹਨ, ਭਾਰਤੀ ਉਸ ਦੀ ਅੰਨ੍ਹੇਵਾਹ ਨਕਲ ਕਰ ਰਹੇ ਹਨ।