ਦੱਖਣੀ ਏਸ਼ੀਆ ਲਈ ਅਗਲਾ ਵੱਡਾ ਮੌਕਾ ਹੈ ਫੂਡ ਪ੍ਰੋਸੈਸਿੰਗ
Friday, Jun 05, 2026 - 04:23 PM (IST)
ਦੱਖਣੀ ਏਸ਼ੀਆ ਖੁਰਾਕ ਪ੍ਰਣਾਲੀਆਂ ਦੀ ਆਪਣੀ ਯਾਤਰਾ ’ਚ ਇਕ ਮਹੱਤਵਪੂਰਨ ਮੋੜ ’ਤੇ ਖੜ੍ਹਾ ਹੈ। ਖੁਸ਼ਹਾਲ ਖੇਤੀ-ਜੈਵ ਵਿਭਿੰਨਤਾ ਵਾਲਾ ਇਕ ਪ੍ਰਮੁੱਖ ਖੇਤਰ ਹੋਣ ਦੇ ਬਾਵਜੂਦ, ਖੇਤ ਤੋਂ ਖਪਤਕਾਰਾਂ ਤੱਕ ਪਹੁੰਚਣ ਦੀ ਪ੍ਰਕਿਰਿਆ ਵਿਚ ਹੁਣ ਤੱਕ ਬਹੁਤ ਵੱਧ ਮੁੱਲ ਖਰਾਬ ਹੋ ਜਾਂਦਾ ਹੈ, ਜੋ ਕਿਸਾਨਾਂ, ਰੁਜ਼ਗਾਰ ਅਤੇ ਪੋਸ਼ਣ ਲਈ ਇਕ ਖੁੰਝਿਆ ਹੋਇਆ ਮੌਕਾ ਹੈ।
ਭਾਰਤ ਇਸ ਵਿਰੋਧਾਭਾਸ ਦੀ ਇਕ ਸਪੱਸ਼ਟ ਉਦਾਹਰਣ ਪੇਸ਼ ਕਰਦਾ ਹੈ। ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫ. ਏ. ਓ.) ਅਨੁਸਾਰ, ਭਾਰਤ ਦੁਨੀਆ ਦਾ ਦੁੱਧ ਅਤੇ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਫਲਾਂ ਅਤੇ ਸਬਜ਼ੀਆਂ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਬਾਵਜੂਦ, ਵਾਢੀ ਤੋਂ ਬਾਅਦ ਦੀਆਂ ਪ੍ਰਕਿਰਿਆਵਾਂ, ਸਟੋਰੇਜ, ਲੌਜਿਸਟਿਕਸ ਅਤੇ ਪ੍ਰੋਸੈਸਿੰਗ ਵਿਚ ਕਮੀਆਂ ਕਾਰਨ ਖੁਰਾਕ ਪਦਾਰਥਾਂ ਦਾ ਕਾਫ਼ੀ ਮਾਤਰਾ ਵਿਚ ਨੁਕਸਾਨ ਹੁੰਦਾ ਰਹਿੰਦਾ ਹੈ। ਇਸ ਨਾਲ ਟਿਕਾਊ ਵਿਕਾਸ ਟੀਚਿਆਂ ਸਮੇਤ ਵਿਸ਼ਵਵਿਆਪੀ ਵਿਕਾਸ ਤਰਜੀਹਾਂ ਵੱਲ ਤਰੱਕੀ ’ਚ ਰੁਕਾਵਟ ਪੈਂਦਾ ਹੈ। ਇਹ ਸਿਰਫ਼ ਇਕ ਅਕੁਸ਼ਲਤਾ ਹੀ ਨਹੀਂ, ਸਗੋਂ ਇਕ ਖੁੰਝੇ ਹੋਏ ਮੌਕੇ ਨੂੰ ਵੀ ਦਰਸਾਉਂਦਾ ਹੈ। ਬਰਬਾਦ ਹੋਈ ਹਰ ਇਕ ਟਨ ਖੁਰਾਕ ਕਿਸਾਨਾਂ ਲਈ ਗੁਆਚੀ ਆਮਦਨ, ਨੌਜਵਾਨਾਂ ਲਈ ਗੁਆਚੇ ਰੁਜ਼ਗਾਰ ਦੇ ਮੌਕੇ ਅਤੇ ਪਰਿਵਾਰਾਂ ਲਈ ਗੁਆਚੇ ਪੋਸ਼ਣ ਦਾ ਪ੍ਰਤੀਕ ਹੈ। ਇਸ ਲਈ, ਇਨ੍ਹਾਂ ਨੁਕਸਾਨਾਂ ਨੂੰ ਮੁੱਲ ਵਿਚ ਬਦਲਣਾ ਹੁਣ ਇਕ ਖੇਤਰੀ ਤਰਜੀਹ ਬਣ ਜਾਣਾ ਚਾਹੀਦਾ ਹੈ।
ਫੂਡ ਪ੍ਰੋਸੈਸਿੰਗ, ਵੈਲਿਊ ਐਡੀਸ਼ਨ ਖੇਤੀਬਾੜੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦੀ ਕੁੰਜੀ ਹੈ। ਇਹ ਖੇਤਾਂ ਨੂੰ ਬਾਜ਼ਾਰਾਂ ਨਾਲ, ਕਿਸਾਨਾਂ ਨੂੰ ਉਦਯੋਗਾਂ ਨਾਲ ਅਤੇ ਸਥਾਨਕ ਉਤਪਾਦਨ ਨੂੰ ਖੇਤਰੀ ਅਤੇ ਵਿਸ਼ਵਵਿਆਪੀ ਵੈਲਿਊ ਚੇਨਸ ਨਾਲ ਜੋੜਦਾ ਹੈ। ਇਸ ਤਰ੍ਹਾਂ, ਇਹ ਖੇਤੀਬਾੜੀ ਅਤੇ ਵਿਆਪਕ ਆਰਥਿਕ ਪਰਿਵਰਤਨ ਵਿਚਕਾਰ ਇਕ ਮਹੱਤਵਪੂਰਨ ਪੁਲ ਵਜੋਂ ਕੰਮ ਕਰਦਾ ਹੈ।
ਮਾਤਰਾ ਤੋਂ ਮੁੱਲ ਵੱਲ : ਵਰਤਮਾਨ ਵਿਚ ਭਾਰਤ ਵਿਚ, ਖੇਤੀਬਾੜੀ ਉਪਜ ਦਾ ਸਿਰਫ 17 ਫੀਸਦੀ ਹਿੱਸਾ ਹੀ ਪ੍ਰੋਸੈੱਸ ਕੀਤਾ ਜਾਂਦਾ ਹੈ। ਖੇਤਰ ਦੀ ਪੂਰੀ ਆਰਥਿਕ ਸਮਰੱਥਾ ਦਾ ਲਾਭ ਲੈਣ ਲਈ, 2030 ਤੱਕ ਇਸ ਹਿੱਸੇ ਨੂੰ ਲਗਭਗ 25 ਫੀਸਦੀ ਤੱਕ ਵਧਾਉਣਾ ਜ਼ਰੂਰੀ ਹੈ। ਇਸਦੇ ਨਾਲ ਹੀ, ਵਾਢੀ ਤੋਂ ਬਾਅਦ ਦੇ ਖੁਰਾਕ ਦੇ ਨੁਕਸਾਨ ਨੂੰ ਘੱਟ ਕਰਨਾ ਅਤੇ ਪ੍ਰੋਸੈਸਿੰਗ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਮਹੱਤਵਪੂਰਨ ਹੋਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਰਥਵਿਵਸਥਾ ਦੇ ਅੰਦਰ ਵੱਧ ਤੋਂ ਵੱਧ ਆਰਥਿਕ ਮੁੱਲ ਬਰਕਰਾਰ ਰੱਖਿਆ ਜਾਵੇ। ਫੂਡ ਪ੍ਰੋਸੈਸਿੰਗ ਉਤਪਾਦਾਂ ਦੀ ਸ਼ੈਲਫ ਲਾਈਫ ਨੂੰ ਵਧਾਉਂਦੀ ਹੈ, ਖੁਰਾਕ ਸੁਰੱਖਿਆ ਨੂੰ ਵਧਾਉਂਦੀ ਹੈ ਅਤੇ ਨਵੇਂ ਅਤੇ ਘਰੇਲੂ ਬਰਾਮਦ ਬਾਜ਼ਾਰਾਂ ਤੱਕ ਪਹੁੰਚ ਦੇ ਮੌਕੇ ਖੋਲ੍ਹਦੀ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਉਤਪਾਦਕ ਦੇਸ਼ਾਂ ਦੇ ਅੰਦਰ ਆਰਥਿਕ ਮੁੱਲ ਦੇ ਵੱਡੇ ਹਿੱਸੇ ਨੂੰ ਬਰਕਰਾਰ ਰੱਖਣ ’ਚ ਮਦਦ ਕਰਦੀ ਹੈ, ਜਿਸ ਨਾਲ ਕਿਸਾਨਾਂ, ਉੱਦਮਾਂ ਅਤੇ ਪੇਂਡੂ ਭਾਈਚਾਰਿਆਂ ਨੂੰ ਸਿੱਧਾ ਲਾਭ ਮਿਲਦਾ ਹੈ।
ਬਾਜ਼ਾਰ ਆਧਾਰਿਤ ਵੈਲਿਊ ਚੇਨਸ ਨੂੰ ਆਕਾਰ ਦੇਣਾ : ਦੱਖਣੀ ਏਸ਼ੀਆ ਦੀ ਅਮੀਰ ਖੇਤੀ-ਜੈਵ ਵਿਭਿੰਨਤਾ ਉੱਚ-ਮੁੱਲ ਵਾਲੇ ਉਤਪਾਦਾਂ ਦੇ ਵਿਕਾਸ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ ਕਰਦੀ ਹੈ, ਖਾਸ ਤੌਰ ’ਤੇ ਅਜਿਹੇ ਸਮੇਂ ਜਦੋਂ ਵਿਸ਼ਵਵਿਆਪੀ ਮੰਗ ਵਧੇਰੇ ਵਿਭਿੰਨ, ਪੌਸ਼ਟਿਕ ਅਤੇ ਵਿਸ਼ੇਸ਼ ਖੁਰਾਕ ਉਤਪਾਦਾਂ ਵੱਲ ਵਧ ਰਹੀ ਹੈ। ਇਸ ਤੋਂ ਇਲਾਵਾ, ਡਿਜੀਟਲ ਹੱਲ ਟ੍ਰੇਸੇਬਿਲਿਟੀ ਨੂੰ ਮਜ਼ਬੂਤ ਕਰਨ, ਗੁਣਵੱਤਾ ਦੇ ਮਿਆਰਾਂ ਨੂੰ ਬਿਹਤਰ ਬਣਾਉਣ ਅਤੇ ਲਗਾਤਾਰ ਗੁੰਝਲਦਾਰ ਹੁੰਦੇ ਵਿਸ਼ਵ ਬਾਜ਼ਾਰਾਂ ਵਿਚ ਮੁਕਾਬਲੇਬਾਜ਼ੀ ਨੂੰ ਵਧਾਉਣ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਇਸ ’ਚ ਜਨਤਕ ਨਿਵੇਸ਼ ਦੀ ਮਹੱਤਵਪੂਰਨ ਭੂਮਿਕਾ ਹੈ, ਪਰ ਇਸੇ ਨਿਜੀ ਖੇਤਰ ਦੀ ਵੱਧ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਭਾਰਤ ਨੇ ਇਸ ਦਿਸ਼ਾ ਵਿਚ ਪਹਿਲਾਂ ਹੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ, ਪ੍ਰਧਾਨ ਮੰਤਰੀ ਸੂਖਮ ਫੂਡ ਪ੍ਰੋਸੈਸਿੰਗ ਉੱਦਮਾਂ ਦਾ ਰਸਮੀਕਰਨ ਯੋਜਨਾ ਅਤੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਵਰਗੀਆਂ ਪ੍ਰਮੁੱਖ ਯੋਜਨਾਵਾਂ ਰਾਹੀਂ ਫੂਡ ਪ੍ਰੋਸੈਸਿੰਗ ਉੱਦਮਾਂ ਲਈ ਇਸ ਦਿਸ਼ਾ ’ਚ ਜ਼ਰੂਰੀ ਕਦਮ ਚੁੱਕੇ ਹਨ।
ਰੁਜ਼ਗਾਰ ਦੇ ਮੌਕੇ ਉੱਥੇ ਹੀ, ਜਿੱਥੇ ਉਨ੍ਹਾਂ ਦੀ ਸਭ ਤੋਂ ਵੱਧ ਜ਼ਰੂਰਤ ਹੈ : ਫੂਡ ਪ੍ਰੋਸੈਸਿੰਗ ਸਿਰਫ਼ ਆਰਥਿਕ ਕੁਸ਼ਲਤਾ ਬਾਰੇ ਹੀ ਨਹੀਂ ਹੈ, ਇਹ ਆਜੀਵਿਕਾ ਨਾਲ ਵੀ ਜੁੜੀ ਹੋਈ ਹੈ। ਪੂਰੇ ਦੱਖਣੀ ਏਸ਼ੀਆ ’ਚ ਲੱਖਾਂ ਨੌਜਵਾਨ ਹਰ ਵਰ੍ਹੇ ਕਿਰਤ ਬਾਜ਼ਾਰ ’ਚ ਦਾਖਲ ਹੁੰਦੇ ਹਨ, ਜਦੋਂ ਕਿ ਇਕੱਲਾ ਖੇਤੀਬਾੜੀ ਖੇਤਰ ਹੁਣ ਇਸ ਵਧ ਰਹੇ ਕਾਰਜਬਲ ਨੂੰ ਜਜ਼ਬ ਕਰਨ ਦੇ ਸਮਰੱਥ ਨਹੀਂ ਹੈ। ਇਸ ਸੰਦਰਭ ਵਿਚ, ਫੂਡ ਪ੍ਰੋਸੈਸਿੰਗ ਇਕ ਪ੍ਰਭਾਵਸ਼ਾਲੀ ਹੱਲ ਪੇਸ਼ ਕਰਦੀ ਹੈ।ਉਤਪਾਦਨ ਕੇਂਦਰਾਂ ਦੇ ਨੇੜੇ ਉਦਯੋਗਾਂ ਦੀ ਸਥਾਪਨਾ ਕਰਕੇ ਇਹ ਲੌਜਿਸਟਿਕਸ, ਪੈਕੇਜਿੰਗ, ਖੁਰਾਕ ਤਕਨਾਲੋਜੀ ਅਤੇ ਸਬੰਧਤ ਸੇਵਾਵਾਂ ਦੇ ਖੇਤਰਾਂ ਵਿਚ ਵਿਕੇਂਦਰੀਕ੍ਰਿਤ ਰੁਜ਼ਗਾਰ ਦੇ ਮੌਕੇ ਪੈਦਾ ਕਰਦਾ ਹੈ।
ਬਦਲਦੇ ਆਲਮੀ ਬਾਜ਼ਾਰ ’ਚ ਮੁਕਾਬਲੇਬਾਜ਼ੀ : ਭਾਰਤ ਦੇ ਪ੍ਰੋਸੈਸਿੰਗ ਫੂਡ ਪ੍ਰੋਡਕਟਸ ਦੀ ਬਰਾਮਦ ’ਚ ਨਿਰੰਤਰ ਵਾਧਾ ਹੋਇਆ ਹੈ, ਜੋ ਆਲਮੀ ਬਾਜ਼ਾਰਾਂ ’ਚ ਇਸ ਦੀ ਵਧਦੀ ਭੂਮਿਕਾ ਨੂੰ ਦਰਸਾਉਂਦਾ ਹੈ। ਜਿਸ ਤਰ੍ਹਾਂ ਨਵੇਂ ਵਪਾਰ ਸਮਝੌਤੇ ਬਾਜ਼ਾਰ ਦੇ ਮੌਕੇ ਪੈਦਾ ਕਰ ਰਹੇ ਹਨ, ਅਜਿਹੇ ’ਚ ਹੁਣ ਧਿਆਨ ਕੱਚੇ ਖੇਤੀਬਾੜੀ ਉਤਪਾਦਾਂ ਦੇ ਬਰਾਮਦਕਾਰ ਤੋਂ ਹਟ ਕੇ ਉੱਚ ਮੁੱਲ ਵਾਲੇ ਪ੍ਰੋਸੈਸਿੰਗ ਪ੍ਰੋਡਕਟਸ ਦੇ ਬਰਾਮਦ ਵੱਲ ਕੇਂਦ੍ਰਿਤ ਹੋਣਾ ਚਾਹੀਦਾ ਹੈ। ਆਲਮੀ ਉਪਭੋਗਤਾ ਹੁਣ ਅਜਿਹੇ ਖੁਰਾਕ ਪਦਾਰਥਾਂ ਦੀ ਮੰਗ ਕਰ ਰਹੇ ਹਨ ਜੋ ਸੁਰੱਖਿਅਤ, ਪੌਸ਼ਟਿਕ, ਟ੍ਰੇਸ ਕਰਨ ਯੋਗ ਅਤੇ ਟਿਕਾਊ ਤੌਰ ’ਤੇ ਉਤਪਾਦਿਤ ਹੋਣ। ਇਸ ਨਾਲ ਗੁਣਵੱਤਾ, ਮਿਆਰਾਂ ਅਤੇ ਨਵੀਨਤਾ ਦਾ ਮਹੱਤਵ ਹੋਰ ਵਧ ਜਾਂਦਾ ਹੈ-ਇਹ ਅਜਿਹੇ ਖੇਤਰ ਹਨ, ਜਿਨ੍ਹਾਂ ’ਚ ਭਾਰਤ ਆਪਣੀਆਂ ਸਮਰੱਥਾਵਾਂ ਨੂੰ ਨਿਰੰਤਰ ਮਜ਼ਬੂਤ ਕਰ ਰਿਹਾ ਹੈ।
ਦੱਖਣੀ ਏਸ਼ੀਆ ਦੀ ਅਗਵਾਈ ਲਈ ਇਕ ਮੌਕਾ : ਇਸ ਸਮੇਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਿਰਫ਼ ਕਿਸੇ ਇਕ ਦੇਸ਼ ਬਾਰੇ ਨਹੀਂ ਹੈ-ਸਗੋਂ ਪੂਰੇ ਖੇਤਰ ਨਾਲ ਮਿਲ ਕੇ ਅੱਗੇ ਵਧਣ ਦਾ ਮੌਕਾ ਹੈ।
ਦੱਖਣੀ ਏਸ਼ੀਆਈ ਦੇਸ਼ ਸਾਂਝੀਆਂ ਚੁਣੌਤੀਆਂ- ਖੰਡਿਤ ਸਪਲਾਈ ਚੇਨਾਂ, ਸੀਮਤ ਪ੍ਰੋਸੈਸਿੰਗ ਸਮਰੱਥਾ ਅਤੇ ਵਾਢੀ ਤੋਂ ਬਾਅਦ ਹੋਣ ਵਾਲੇ ਉੱਚ ਪੱਧਰ ’ਤੇ ਖੁਰਾਕ ਦੇ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ; ਹਾਲਾਂਕਿ, ਇਹ ਸਾਂਝੀਆਂ ਰੁਕਾਵਟਾਂ ਸਾਂਝੇ ਹੱਲਾਂ ਲਈ ਮੌਕੇ ਵੀ ਪੈਦਾ ਕਰਦੀਆਂ ਹਨ।
ਉਤਪਾਦਨ ਅਤੇ ਨੀਤੀਗਤ ਨਵੀਨਤਾ ਦੋਵਾਂ ’ਚ ਮੋਹਰੀ ਹੋਣ ਦੇ ਨਾਤੇ ਭਾਰਤ ਨੂੰ ਇਸ ਖੇਤਰੀ ਤਬਦੀਲੀ ਨੂੰ ਆਕਾਰ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ।
ਚਿਰਾਗ ਪਾਸਵਾਨ (ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ)
