‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!

Saturday, Jun 06, 2026 - 03:12 AM (IST)

‘ਕਿਹੋ ਜਿਹਾ ਆਇਆ ਇਹ ਜ਼ਮਾਨਾ’ ਮ੍ਰਿਤਕਾਂ ਦੀਆਂ ਅਸਥੀਆਂ ਵੀ ਹੋਣ ਲੱਗੀਆਂ ਚੋਰੀ!

ਆਜ਼ਾਦੀ ਦੇ 79 ਸਾਲਾਂ ਬਾਅਦ ਵੀ ਕਈ ਲੋਕ ਵਹਿਮਾਂ-ਭਰਮਾਂ ਤੋਂ ਮੁਕਤ ਨਹੀਂ ਹੋ ਸਕੇ ਹਨ ਅਤੇ ਅੰਧਵਿਸ਼ਵਾਸਾਂ ’ਚ ਪੈ ਕੇ ਆਪਣੇ ਸਵਾਰਥ ਦੀ ਪੂਰਤੀ ਲਈ ਅਜਿਹੇ-ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਸੱਭਿਅਕ ਸਮਾਜ ’ਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇੱਥੋਂ ਤੱਕ ਕਿ ਕੁਝ ਲੋਕ ਤੰਤਰ-ਮੰਤਰ ਲਈ ਸ਼ਮਸ਼ਾਨਘਾਟਾਂ ’ਚੋਂ ਮ੍ਰਿਤਕਾਂ ਦੀਆਂ ਅਸਥੀਆਂ ਤੱਕ ਚੋਰੀ ਕਰ ਰਹੇ ਹਨ, ਜਿਨ੍ਹਾਂ ਦੀਆਂ ਇਸੇ ਸਾਲ ਸਾਹਮਣੇ ਆਈਆਂ ਘਟਨਾਵਾਂ ਹੇਠਾਂ ਦਰਜ ਹਨ :

* 7 ਜਨਵਰੀ ਨੂੰ ‘ਪਟਿਆਲਾ’ (ਪੰਜਾਬ) ’ਚ ‘ਘਲੌੜੀ ਗੇਟ’ ਸਥਿਤ ਸ਼ਮਸ਼ਾਨਘਾਟ ’ਚ ਇਕ ਮ੍ਰਿਤਕ ਦੇ ਅੰਤਿਮ ਸੰਸਕਾਰ ਤੋਂ ਬਾਅਦ ਉੱਥੇ ਰੱਖੀਆਂ ਅਸਥੀਆਂ ਚੋਰੀ ਕਰ ਲਈਆਂ ਗਈਆਂ।

* 9 ਜਨਵਰੀ ਨੂੰ ‘ਕੋਟਾ’ (ਰਾਜਸਥਾਨ) ’ਚ ‘ਕਮਲਾ ਦੇਵੀ’ ਨਾਂ ਦੀ ਇਕ ਔਰਤ ਦੀ ਮੌਤ ਤੋਂ ਬਾਅਦ ਜਦੋਂ ਉਸਦੇ ਪਰਿਵਾਰਕ ਮੈਂਬਰ ਤੀਜੇ ਦਿਨ ਦੀ ਰਸਮ ਦੇ ਸਿਲਸਿਲੇ ’ਚ ਸ਼ਮਸ਼ਾਨਘਾਟ ਪਹੁੰਚੇ, ਤਾਂ ਉੱਥੇ ਨਾ ਹੀ ਮ੍ਰਿਤਕਾ ਦੀਆਂ ਅਸਥੀਆਂ ਮਿਲੀਆਂ ਅਤੇ ਨਾ ਹੀ ਰਾਖ।

* 30 ਜਨਵਰੀ ਨੂੰ ‘ਕੈਰਾਨਾ’ (ਉੱਤਰ ਪ੍ਰਦੇਸ਼) ਦੇ ‘ਝਾੜਖੇੜ’ ਪਿੰਡ ਦੇ ਸ਼ਮਸ਼ਾਨਘਾਟ ’ਚ ਰੱਖੀਆਂ ‘ਮਿਥਨ ਸਿੰਘ’ ਨਾਂ ਦੇ ਬਜ਼ੁਰਗ ਦੀਆਂ ਅਸਥੀਆਂ ਚੋਰੀ ਕਰਨ ਦੇ ਦੋਸ਼ ’ਚ ਪੁਲਸ ਨੇ 2 ਔਰਤਾਂ ਨੂੰ ਗ੍ਰਿਫ਼ਤਾਰ ਕੀਤਾ।

* 10 ਮਾਰਚ ਨੂੰ ‘ਕੋਟਾ’ (ਰਾਜਸਥਾਨ) ਦੀ ‘ਰਾਮਗੰਜ ਮੰਡੀ’ ਦੇ ਮੁਕਤੀਧਾਮ ’ਚ ਅੰਤਿਮ ਰਸਮਾਂ ਲਈ ਰੱਖੀਆਂ ਇਕ ਮਹਿਲਾ ਦੀਆਂ ਅਸਥੀਆਂ ਚੋਰੀ ਕਰ ਲਈਆਂ ਗਈਆਂ ਅਤੇ ਉਨ੍ਹਾਂ ਦੀ ਜਗ੍ਹਾ ਤੰਤਰ-ਮੰਤਰ ’ਚ ਕੰਮ ਆਉਣ ਵਾਲੀਆਂ ਚੀਜ਼ਾਂ ਰੱਖੀਆਂ ਮਿਲੀਆਂ।

* 17 ਅਪ੍ਰੈਲ ਨੂੰ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਮੋਰਨਾ’ ਪਿੰਡ ਸਥਿਤ ਸ਼ਮਸ਼ਾਨਘਾਟ ਤੋਂ ‘ਅਜਬ ਸਿੰਘ’ ਨਾਂ ਦੇ ਨੌਜਵਾਨ ਦੀਆਂ ਅਸਥੀਆਂ ਚੋਰੀ ਕਰ ਲੈਣ ਦੇ ਦੋਸ਼ ’ਚ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਇਕ ਤਾਂਤਰਿਕ ਦੇ ਵਿਰੁੱਧ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

* 18 ਅਪ੍ਰੈਲ ਨੂੰ ‘ਬੂੰਦੀ’ (ਰਾਜਸਥਾਨ) ਦੇ ‘ਲਖੇਰੀ’ ਕਸਬੇ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਤੋਂ ਬਾਅਦ ਅਗਲੀਆਂ ਰਸਮਾਂ ਲਈ ਰੱਖੀਆਂ ਇਕ ਬਜ਼ੁਰਗ ਦੀਆਂ ਅਸਥੀਆਂ ਚੋਰੀ ਕਰ ਲਈਆਂ ਗਈਆਂ। ਮ੍ਰਿਤਕ ਦੇ ਵਾਰਿਸ ਜਦੋਂ ਅਸਥੀਆਂ ਲੈਣ ਗਏ ਤਾਂ ਉੱਥੇ ਅਸਥੀਆਂ ਦੀ ਬਜਾਏ ਉਨ੍ਹਾਂ ਨੂੰ ਤੰਤਰ-ਮੰਤਰ ’ਚ ਵਰਤੀਆਂ ਜਾਣ ਵਾਲੀਆਂ ਵਸਤਾਂ- ਮਟਕੀ, ਸ਼ਰਾਬ ਦੀ ਬੋਤਲ, ਮਾਸ ਅਤੇ ਕੁਝ ਹੋਰ ਚੀਜ਼ਾਂ ਪਈਆਂ ਮਿਲੀਆਂ।

* 18 ਅਪ੍ਰੈਲ ਨੂੰ ਹੀ ‘ਮੇਰਠ’ (ਉੱਤਰ ਪ੍ਰਦੇਸ਼) ਦੇ ‘ਭਾਵਨਪੁਰ’ ’ਚ ਜਦੋਂ ਇਕ ਬਜ਼ੁਰਗ ਦੇ ਪਰਿਵਾਰ ਵਾਲੇ ਮੁਕਤੀਧਾਮ ’ਚ ਰੱਖੀਆਂ ਉਸਦੀਆਂ ਅਸਥੀਆਂ ਲੈਣ ਗਏ, ਤਾਂ ਅਸਥੀਆਂ ਗਾਇਬ ਦੇਖ ਕੇ ਹੈਰਾਨ ਰਹਿ ਗਏ। ਪਰਿਵਾਰ ਦੀ ਸ਼ਿਕਾਇਤ ’ਤੇ ਅਸਥੀਆਂ ਚੋਰੀ ਕਰਨ ਦੇ ਦੋਸ਼ ’ਚ ‘ਮੋਰਨਾ’ ਪਿੰਡ ਦੇ ਰਹਿਣ ਵਾਲੇ ‘ਤਾਹਿਰ’ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 5 ਮਈ ਨੂੰ ‘ਹਾਪੁੜ’ (ਉੱਤਰ ਪ੍ਰਦੇਸ਼) ’ਚ ਪੁਲਸ ਨੇ ਇਕ ਬਲਦੀ ਚਿਤਾ ’ਚੋਂ ਮਨੁੱਖੀ ਖੋਪੜੀ ਚੋਰੀ ਕਰਨ ਵਾਲੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਵੱਲੋਂ ਪੁੱਛਗਿੱਛ ਕਰਨ ’ਤੇ ਮੁੱਖ ਮੁਲਜ਼ਮ ‘ਅਰਮਾਨ’ ਨੇ ਦੱਸਿਆ ਕਿ ਉਸ ਨੇ ਆਪਣੀ ਗਰਲਫ੍ਰੈਂਡ ਅਤੇ ਉਸ ਦੇ ਮਾਤਾ-ਪਿਤਾ ਨੂੰ ਤੰਤਰ-ਮੰਤਰ ਦੇ ਜ਼ਰੀਏ ਵੱਸ ’ਚ ਕਰਨ ਲਈ ਇਕ ਤਾਂਤਰਿਕ ਬਾਬਾ ‘ਅਵਧੇਸ਼ ਸ਼ਰਮਾ’ ਦੀ ਸਲਾਹ ’ਤੇ ਇਹ ਕਦਮ ਚੁੱਕਿਆ। ਪੁਲਸ ਜਦੋਂ ਤਾਂਤਰਿਕ ‘ਅਵਧੇਸ਼ ਸ਼ਰਮਾ’ ਦੇ ਘਰ ਪਹੁੰਚੀ ਤਾਂ ਉੱਥੇ ਭਾਰੀ ਮਾਤਰਾ ’ਚ ਹੱਡੀਆਂ, ਚਿਤਾ ਦੀ ਰਾਖ ਅਤੇ ਤੰਤਰ ਕਿਰਿਆ ਦੀਆਂ ਹੋਰ ਚੀਜ਼ਾਂ ਰੱਖੀਆਂ ਮਿਲੀਆਂ।

* 1 ਜੂਨ ਨੂੰ ‘ਮੰਦਸੌਰ’ (ਮੱਧ ਪ੍ਰਦੇਸ਼) ਦੇ ‘ਸ਼ਾਮਗੜ੍ਹ’ ਸਥਿਤ ਮੁਕਤੀਧਾਮ ’ਚ ਇਕ ਸੜਕ ਹਾਦਸੇ ’ਚ ਮਾਰੇ ਗਏ ਮੁਕੇਸ਼ ਸਿੰਘ ਨਾਂ ਦੇ ਨੌਜਵਾਨ ਦੀਆਂ ਅਸਥੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦੋਂ ਉਹ ਰੀਤੀ-ਰਿਵਾਜਾਂ ਅਨੁਸਾਰ ਅਸਥੀਆਂ ਚੁਗਣ ਸ਼ਮਸ਼ਾਨਘਾਟ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਉੱਥੇ ਚਿਤਾ ਦੇ ਕੋਲ ਤੰਤਰ ਕਿਰਿਆਵਾਂ ਕੀਤੀਆਂ ਗਈਆਂ ਸਨ।

* ਅਤੇ ਹੁਣ 4 ਜੂਨ ਨੂੰ ਨਕੋਦਰ (ਪੰਜਾਬ) ਦੇ ਇਕ ਸ਼ਮਸ਼ਾਨਘਾਟ ਤੋਂ ਅਸਥੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ‘ਕੈਲਾਸ਼ ਨਾਥ ਸ਼ਰਮਾ’ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੀ ਮਾਤਾ ‘ਸ਼੍ਰੀਮਤੀ ਕਾਂਤਾ ਰਾਣੀ ਸ਼ਰਮਾ’ ਦੀਆਂ ਅਸਥੀਆਂ ਨੂੰ ਸੰਭਾਲ ਗ੍ਰਹਿ ’ਚ ਸੁਰੱਖਿਅਤ ਰੱਖ ਦਿੱਤਾ ਗਿਆ ਸੀ। ਬਾਅਦ ’ਚ ਜਦੋਂ ਉਹ ਅਸਥੀਆਂ ਲੈਣ ਆਏ ਤਾਂ ਅਸਥੀਆਂ ਅਤੇ ਰਾਖ ਵਾਲੀ ਬੋਰੀ ਗਾਇਬ ਮਿਲੀ।

ਸਮਾਜ ਵਿਰੋਧੀ ਅਨਸਰਾਂ ਦੀਆਂ ਅਜਿਹੀਆਂ ਹਰਕਤਾਂ ਬੇਹੱਦ ਨਿੰਦਣਯੋਗ ਹਨ। ਇਨ੍ਹਾਂ ਤੋਂ ਸਿਵਾਏ ਮ੍ਰਿਤਕਾਂ ਦੇ ਪਰਿਵਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਇਲਾਵਾ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਇਸ ਲਈ, ਅਜਿਹੇ ਘਿਨੌਣੇ ਕੰਮ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਸ਼ਮਸ਼ਾਨਘਾਟਾਂ ’ਚ ਮ੍ਰਿਤਕਾਂ ਦੀਆਂ ਅਸਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News