ਅੱਤਵਾਦ ਦਾ ਸਪਾਂਸਰ ਹੈ ਕੈਨੇਡਾ

Sunday, Oct 20, 2024 - 02:27 PM (IST)

ਅੱਤਵਾਦ ਦਾ ਸਪਾਂਸਰ ਹੈ ਕੈਨੇਡਾ

ਪਿਛਲੇ ਸਤੰਬਰ ’ਚ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਨਸਨੀਖੇਜ਼ ਦੋਸ਼ ਲਾਏ ਸਨ ਕਿ ਉਨ੍ਹਾਂ ਦੀ ਸਰਕਾਰ ਨੇ ਕੈਨੇਡਾ ਦੇ ਕੱਟੜਪੰਥੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ’ਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕੀਤੀ ਸੀ। ਨਿੱਜਰ ਉਨ੍ਹਾਂ ਭਾਰਤੀ ਖਾਲਿਸਤਾਨੀ ਵਰਕਰਾਂ ’ਚੋਂ ਇਕ ਸੀ, ਜੋ 1980 ਦੇ ਦਹਾਕੇ ’ਚ ਪੰਜਾਬ ’ਚ ਕੱਟੜਵਾਦ ’ਤੇ ਸਰਕਾਰ ਦੀ ਕਾਰਵਾਈ ਦੇ ਮੱਦੇਨਜ਼ਰ ਦੇਸ਼ ਛੱਡ ਕੇ ਭੱਜ ਗਿਆ ਸੀ।

ਨਿੱਜਰ ਦੀ ਹੱਤਿਆ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ’ਚ ਇਕ ਗੁਰਦੁਆਰੇ ਦੇ ਕੰਪਲੈਕਸ ’ਚ ਕੀਤੀ ਗਈ ਸੀ। ਰਾਇਲ ਕੈਨੇਡੀਅਨ ਮਾਊਟੇਂਡ ਪੁਲਸ (ਆਰ. ਸੀ. ਐੱਮ. ਪੀ.) ਨੇ ਜੁਰਮ ’ਚ ਸ਼ਾਮਲ ਹੋਣ ਦੇ ਦੋਸ਼ ’ਚ 4 ਸਿੱਖ ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਪਿਛਲੇ ਇਕ ਸਾਲ ’ਚ ਮਾਮਲਾ ਬਹੁਤ ਅੱਗੇ ਨਹੀਂ ਵਧਿਆ ਕਿਉਂਕਿ ਆਰ. ਸੀ. ਐੱਮ. ਪੀ. ਅਦਾਲਤਾਂ ਸਾਹਮਣੇ ਕੋਈ ਸਬੂਤ ਪੇਸ਼ ਕਰਨ ’ਚ ਅਸਫਲ ਰਹੀ ਹੈ।

ਹਾਲਾਂਕਿ ਆਰ. ਸੀ. ਐੱਮ. ਪੀ. ਅਧਿਕਾਰੀਆਂ ਅਤੇ ਖੁਦ ਟਰੂਡੋ ਨੇ ਇਕ ਵਾਰ ਫਿਰ ਭਾਰਤ ਦੀ ਸ਼ਮੂਲੀਅਤ ਬਾਰੇ ਸਨਸਨੀਖੇਜ਼ ਦਾਅਵੇ ਕਰਨੇ ਸ਼ੁਰੂ ਕਰ ਦਿੱਤੇ, ਇਸ ਵਾਰ ਉਨ੍ਹਾਂ ਨੇ ਭਾਰਤ ਦੇ ਸੀਨੀਅਰ ਅਧਿਕਾਰੀਆਂ ’ਤੇ ਉਂਗਲੀ ਚੁੱਕੀ।

ਪਿਛਲੇ ਹਫ਼ਤੇ, ਵਾਸ਼ਿੰਗਟਨ ਪੋਸਟ ਵਿਚ ਇਕ ਵਿਸਤ੍ਰਿਤ ਰਿਪੋਰਟ ਵਿਚ ਮੋਦੀ ਸਰਕਾਰ ਦੇ ਇਕ ਸੀਨੀਅਰ ਮੰਤਰੀ ਨੂੰ ਇਸ ਘਟਨਾ ਵਿਚ ਸਿੱਧੇ ਤੌਰ ’ਤੇ ਸ਼ਾਮਲ ਦੱਸਿਆ ਗਿਆ ਸੀ। ਇਹ ਸਪੱਸ਼ਟ ਹੈ ਕਿ ਟਰੂਡੋ ਸਰਕਾਰ ਨੇ ਭਾਰਤ ਸਰਕਾਰ ਦੇ ਵੱਡੇ ਨਾਵਾਂ ਨੂੰ ਇਸ ਸ਼ੱਕੀ ਵਿਵਾਦ ਵਿਚ ਘਸੀਟ ਕੇ ਇਕ ਗੈਰ-ਕੂਟਨੀਤਕ, ਜੇ ਅਸ਼ੋਭਨੀਕ ਨਹੀਂ, ਤਾਂ ਗਲਤ ਰਾਹ ਚੁਣਿਆ।

ਕਈ ਲੋਕਾਂ ਦਾ ਅੰਦਾਜ਼ਾ ਹੈ ਕਿ ਅਜਿਹਾ ਉਨ੍ਹਾਂ ਦੀ ਪਾਰਟੀ ਦੀਆਂ ਚੋਣ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ। ਟਰੂਡੋ ਸਰਕਾਰ ਪਿਛਲੇ 9 ਸਾਲਾਂ ਤੋਂ ਸੱਤਾ ’ਚ ਹੈ ਅਤੇ ਅੱਜ ਬਹੁਤ ਹੀ ਨਾਪਸੰਦ ਕੀਤੀ ਜਾ ਰਹੀ ਹੈ।

ਕੈਨੇਡਾ ਦੀ ਆਰਥਿਕਤਾ ਬੇਰੁਜ਼ਗਾਰੀ, ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੇ ਆਪਣੇ ਸਭ ਤੋਂ ਮਾੜੇ ਦੌਰ ਵਿਚੋਂ ਲੰਘ ਰਹੀ ਹੈ। ਕੈਨੇਡੀਅਨ ਮੀਡੀਆ ਰਿਪੋਰਟ ਕਰ ਰਿਹਾ ਹੈ ਕਿ ਟਰੂਡੋ ਦੀ ਪਾਰਟੀ ਓਪੀਨੀਅਨ ਪੋਲ ਵਿਚ ਕੰਜ਼ਰਵੇਟਿਵਾਂ ਤੋਂ 10 ਫੀਸਦੀ ਤੋਂ ਵੱਧ ਵੋਟਾਂ ਨਾਲ ਪਿੱਛੇ ਹੈ।

ਭਾਰਤ ’ਤੇ ‘‘ਕੈਨੇਡੀਅਨਾਂ ਲੋਕਾਂ ਦੇ ਜੀਵਨ’’ ਨੂੰ ਖਤਰੇ ਵਿਚ ਪਾਉਣ ਦਾ ਦੋਸ਼ ਲਗਾਉਣ ਲਈ ਲਾਪਰਵਾਹੀ ਵਰਤਣ ਦਾ ਬਦਲ ਚੁਣ ਕੇ, ਟਰੂਡੋ ਨੇ ਕੂਟਨੀਤਕ ਹੱਦਾਂ ਨੂੰ ਪਾਰ ਕੀਤਾ ਹੈ। ਹੁਣ ਜਦੋਂ ਤਲਵਾਰਾਂ ਖਿੱਚੀਆਂ ਗਈਆਂ ਹਨ, ਤਾਂ ਭਾਰਤ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਬਲਦ ਨੂੰ ਸਿੰਙਾਂ ਤੋਂ ਫੜਨਾ ਚਾਹੀਦਾ ਹੈ।

ਜਦੋਂ ਪਾਕਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੀ ਗੱਲ ਆਉਂਦੀ ਹੈ, ਤਾਂ ਅਸੀਂ ਇਸਲਾਮੀ ਅੱਤਵਾਦ ਨੂੰ ਸਪਾਂਸਰ ਕਰਨ, ਪਨਾਹ ਦੇਣ ਅਤੇ ਬਰਾਮਦ ਕਰਨ ਵਿਚ ਉਨ੍ਹਾਂ ਦੀ ਸ਼ੱਕੀ ਭੂਮਿਕਾ ਨੂੰ ਉਜਾਗਰ ਕਰਨ ਲਈ, ਦੁਵੱਲੇ ਅਤੇ ਬਹੁਪੱਖੀ ਤੌਰ ’ਤੇ ਸਾਰੇ ਮੰਚਾਂ ’ਤੇ ਆਵਾਜ਼ ਉਠਾਈ ਹੈ।

ਪਰ, ਕਿਸੇ ਤਰ੍ਹਾਂ, ਅਸੀਂ ਪੱਛਮੀ ਸ਼ਕਤੀਆਂ ਬਾਰੇ ਇਹੋ ਜਿਹੀਆਂ ਗੱਲਾਂ ਕਹਿਣ ਤੋਂ ਝਿਜਕਦੇ ਹਾਂ ਕਿਉਂਕਿ ਅਸੀਂ ਪ੍ਰਗਟਾਵੇ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੇ ਰੂਪ ਵਿਚ ਉਨ੍ਹਾਂ ਦੇ ਗਲਤ ਆਦਰਸ਼ਵਾਦੀ ਬਿਆਨਾਂ ਤੋਂ ਡਰਦੇ ਹਾਂ।

ਜਦੋਂ ਕਿ ਦੁਨੀਆ ਚੁੱਪਚਾਪ ਦੇਖਦੀ ਰਹੀ, ਕੈਨੇਡਾ ਪਿਛਲੇ ਕੁਝ ਦਹਾਕਿਆਂ ਤੋਂ ਅੱਤਵਾਦ ਲਈ ਸੁਰੱਖਿਅਤ ਪਨਾਹਗਾਹ ਬਣ ਗਿਆ। ਪਾਕਿਸਤਾਨ ’ਤੇ ਇਸਲਾਮਿਕ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਹੈ, ਜਦੋਂ ਕਿ ਕੈਨੇਡਾ ਦਹਾਕਿਆਂ ਤੋਂ ਨਾ ਸਿਰਫ ਇਸਲਾਮਵਾਦੀਆਂ ਨੂੰ ਸਗੋਂ ਕਈ ਹੋਰਾਂ ਨੂੰ ਪਨਾਹ ਦਿੰਦਾ ਰਿਹਾ ਹੈ।

ਦੁਨੀਆ ਦੇ ਲਗਭਗ ਸਾਰੇ ਪ੍ਰਮੱੁਖ ਅੱਤਵਾਦੀ ਸੰਗਠਨਾਂ ਦੇ ਗੁਰਗੇ ਦਹਾਕਿਆਂ ਤੋਂ ਕੈਨੇਡਾ ਦੇ ਸ਼ਹਿਰਾਂ ’ਚ ਆਜ਼ਾਦ ਤੌਰ ’ਤੇ ਕੰਮ ਕਰ ਰਹੇ ਹਨ।

ਅਰਮੀਨੀਆਈ ਅੱਤਵਾਦੀ ਕਥਿਤ ਤੌਰ ’ਤੇ 1980 ਦੇ ਦਹਾਕੇ ਵਿਚ ਆਏ ਅਤੇ ਕੈਨੇਡਾ ਨੂੰ ਆਪਣਾ ਦੂਰ ਦਾ ਕਿਨਾਰਾ ਬਣਾ ਲਿਆ ਹੈ। ਖਾਲਿਸਤਾਨੀ ਦੇਸ਼ ਵਿਚ ਦਾਖਲ ਹੋਏ ਅਤੇ 1985 ਵਿਚ ਏਅਰ ਇੰਡੀਆ ਦੀ ਫਲਾਈਟ 182 ਨੂੰ ਹਵਾ ਵਿਚ ਉਡਾਉਣ ਵਰਗੇ ਘਿਨਾਉਣੇ ਅਪਰਾਧਾਂ ਵਿਚ ਸ਼ਾਮਲ ਹੋਏ।

ਤਾਮਿਲ ਟਾਈਗਰਜ਼ 1980 ਦੇ ਅਖੀਰ ਵਿਚ ਆਏ ਸਨ। ਇਸ ਤੋਂ ਬਾਅਦ ਮੱਧ ਪੂਰਬ ਦੇ ਅੱਤਵਾਦੀ ਸਮੂਹਾਂ ਜਿਵੇਂ ਕਿ ਹਮਾਸ, ਹਿਜ਼ਬੁੱਲਾ ਅਤੇ ਹੋਰ ਫਿਲਿਸਤੀਨੀ ਸੰਗਠਨ ਆਏ। ਆਖਰਕਾਰ, ਇੱਥੋਂ ਤੱਕ ਕਿ ਅਲਕਾਇਦਾ ਦੇ ਕਾਰਕੁੰਨਾਂ ਨੇ ਵੀ ਕੈਨੇਡਾ ਨੂੰ ਆਪਣੀਆਂ ਅਮਰੀਕਾ ਵਿਰੋਧੀ ਕਾਰਵਾਈਆਂ ਲਈ ਇਕ ਸੁਰੱਖਿਅਤ ਮਾਧਿਅਮ ਲੱਭ ਲਿਆ।

ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (ਸੀ.ਐੱਸ.ਆਈ.ਐੱਸ.) ਦੇ ਸਾਬਕਾ ਡਾਇਰੈਕਟਰ ਵਾਰਡ ਅਲਕੌਕ ਨੇ 1998 ਵਿਚ ਗਵਾਹੀ ਦਿੱਤੀ ਸੀ ਕਿ ‘ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਇੱਥੇ ਜ਼ਿਆਦਾ ਅੰਤਰਰਾਸ਼ਟਰੀ ਅੱਤਵਾਦੀ ਸਮੂਹ ਸਰਗਰਮ ਹਨ।’

ਭਾਰਤ ਹੀ ਨਹੀਂ, ਕਈ ਹੋਰ ਦੇਸ਼ ਵੀ ਆਪਣੀ ਧਰਤੀ ’ਤੇ ਅੱਤਵਾਦੀ ਸਰਗਰਮੀਆਂ ਪ੍ਰਤੀ ਕੈਨੇਡਾ ਸਰਕਾਰ ਦੇ ਉਦਾਸੀਨ ਰਵੱਈਏ ਦਾ ਸ਼ਿਕਾਰ ਹੋ ਚੁੱਕੇ ਹਨ। ਇੱਥੋਂ ਤੱਕ ਕਿ ਕੈਨੇਡਾ ਦਾ ਸਭ ਤੋਂ ਨਜ਼ਦੀਕੀ ਭਾਈਵਾਲ ਅਮਰੀਕਾ ਵੀ ਆਪਣੇ ਗੁਆਂਢ ਤੋਂ ਪੈਦਾ ਹੋਣ ਵਾਲੇ ਖਤਰੇ ਤੋਂ ਬਚ ਨਹੀਂ ਸਕਿਆ। ਐੱਫ. ਬੀ. ਆਈ. ਇਸ ਗੱਲ ਤੋਂ ਬਹੁਤ ਚਿੰਤਿਤ ਹੋ ਗਈ ਅਤੇ ਉਸ ਨੇ ਇਕ ਕਲਾਸੀਫਾਈਡ ਬੁਲੇਟਿਨ ਜਾਰੀ ਕਰ ਕੇ ਚਿਤਾਵਨੀ ਦਿੱਤੀ। ਸਾਡਾ ਮੰਨਣਾ ਹੈ ਕਿ ਅਲਕਾਇਦਾ ਦਾ ਕੈਨੇਡਾ ਵਿਚ ਇਕ ਅੱਤਵਾਦੀ ਢਾਂਚਾ ਹੈ ਜਿਸ ਦੇ ਅਮਰੀਕਾ ਨਾਲ ਜੁੜੇ ਹੋਣ ਦੇ ਦਸਤਾਵੇਜ਼ ਮੌਜੂਦ ਹਨ।

ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਜੋ ਕਿ 2006 ਵਿਚ ਸੱਤਾ ਵਿਚ ਆਏ ਸਨ, ਨੇ ਆਪਣੇ ਇਕ ਦਹਾਕੇ ਦੇ ਕਾਰਜਕਾਲ ਦੌਰਾਨ ਇਸ ਖ਼ਤਰੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ 2015 ਵਿਚ ਟਰੂਡੋ ਦੇ ਸੱਤਾ ਵਿਚ ਆਉਣ ਤੋਂ ਬਾਅਦ, ਚੀਜ਼ਾਂ ਫਿਰ ਆਮ ਵਾਂਗ ਹੋ ਗਈਆਂ।

ਸਤੰਬਰ 2023 ਵਿਚ ਕੈਨੇਡਾ ਦੇ ਪ੍ਰਮੁੱਖ ਰੋਜ਼ਾਨਾ ਅਖਬਾਰ ‘ਦਿ ਗਲੋਬ ਐਂਡ ਮੇਲ’ ਵਿਚ ਲਿਖਦੇ ਹੋਏ, ਕਾਲਮ ਨਵੀਸ ਐਂਡਰਿਊ ਕੋਇਨੇ ਨੇ ਕੈਨੇਡੀਅਨ ਸਿਆਸਤਦਾਨਾਂ, ‘ਖਾਸ ਕਰਕੇ ਉਦਾਰਵਾਦੀਆਂ’ ’ਤੇ ਰੈਲੀਆਂ ਵਿਚ ਸ਼ਾਮਲ ਹੋ ਕੇ ‘ਸਿੱਖ ਵੱਖਵਾਦੀ ਵੋਟ ਹਾਸਲ ਕਰਨ’ ਲਈ ਉਤਸੁਕ ਹੋਣ ਦਾ ਦੋਸ਼ ਲਗਾਇਆ ਸੀ ‘ਜਿੱਥੇ ਅੱਤਵਾਦੀਆਂ ਦੇ ਸੋਹਲੇ ਗਾਏ ਜਾਂਦੇ ਸਨ ਅਤੇ ਅੱਤਵਾਦੀ ਹਮਲਿਆਂ ਦੀ ਸ਼ਲਾਘਾ ਕੀਤੀ ਜਾਂਦੀ ਸੀ।’

ਭਾਰਤ ਨੇ ਪਿਛਲੇ 4 ਦਹਾਕਿਆਂ ਤੋਂ ਅੱਤਵਾਦ ਪ੍ਰਤੀ ਕੈਨੇਡਾ ਦੀ ਗੈਰ-ਗੰਭੀਰ ਪਹੁੰਚ ਬਾਰੇ ਬਹੁਤ ਸ਼ਿਕਾਇਤ ਕੀਤੀ ਹੈ। ਬਦਲੇ ਵਿਚ ਉਸ ਨੂੰ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲਾ ਜਵਾਬ ਮਿਲਿਆ। ਹੁਣ ਸਮਾਂ ਆ ਗਿਆ ਹੈ ਕਿ ਭਾਰਤ ਆਪਣੀਆਂ ਕਾਰਵਾਈਆਂ ਨੂੰ ਤੇਜ਼ ਕਰੇ ਅਤੇ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਦੇ ਘਿਨਾਉਣੇ ਅੱਤਵਾਦੀ ਚਿਹਰੇ ਨੂੰ ਬੇਨਕਾਬ ਕਰੇ।

ਰਾਮ ਮਾਧਵ


author

Rakesh

Content Editor

Related News