ਦਿੱਲੀ ਦੇ ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ

Monday, Dec 16, 2024 - 02:38 AM (IST)

ਦਿੱਲੀ ਦੇ ਸਕੂਲਾਂ ’ਚ ਬੰਬਾਂ ਦੀਆਂ ਧਮਕੀਆਂ

ਦਿੱਲੀ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਇਸੇ ਲੜੀ ’ਚ 14 ਦਸੰਬਰ ਨੂੰ ਦਿੱਲੀ ਦੇ ਘੱਟ ਤੋਂ ਘੱਟ 6 ਸਕੂਲਾਂ ਨੂੰ ਫਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।

ਜ਼ਿਕਰਯੋਗ ਹੈ ਕਿ ਇਸ ਹਫਤੇ ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੂੰ ਧਮਕੀ ਭਰੇ ਈ-ਮੇਲ ਭੇਜੇ ਜਾਣ ਦੀ ਇਹ ਤੀਸਰੀ ਘਟਨਾ ਹੈ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਸਵੇਰੇ 6.09 ਵਜੇ ਆਰ. ਕੇ. ਪੁਰਮ ਸਥਿਤ ਇਕ ਸਕੂਲ ’ਚ ਬੰਬ ਦੀ ਧਮਕੀ ਮਿਲਣ ਦਾ ਫੋਨ ਆਇਆ।

ਇਸ ’ਤੇ ਫਾਇਰ ਬ੍ਰਿਗੇਡ ਵਿਭਾਗ, ਸਥਾਨਕ ਪੁਲਸ, ਡਾਗ ਸਕੁਐਡ ਅਤੇ ਬੰਬ ਨਿਰੋਧਕ ਦਸਤਾ ਸਕੂਲ ਪਹੁੰਚਿਆ ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੇ ਇਲਾਵਾ ਵਸੰਤ ਕੁੰਜ ਅਤੇ ਸਾਕੇਤ ਸਥਿਤ ਸਕੂਲਾਂ ਸਣੇ 5 ਹੋਰ ਸਕੂਲਾਂ ਨੂੰ ਵੀ ਉਸੇ ਭੇਜਣ ਵਾਲੇ ਤੋਂ ਇਸੇ ਤਰ੍ਹਾਂ ਦਾ ਈ-ਮੇਲ ਪ੍ਰਾਪਤ ਹੋਇਆ। ਪੁਲਸ ਦੇ ਇਕ ਅਧਿਕਾਰੀ ਦੇ ਅਨੁਸਾਰ ਕਿਸੇ ਵੀ ਸਕੂਲ ’ਚ ਤਲਾਸ਼ੀ ਅਤੇ ਨਿਰੀਖਣ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਇਸ ਤੋਂ ਪਹਿਲਾਂ 13 ਦਸੰਬਰ ਨੂੰ ਲਗਭਗ 30 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਈ-ਮੇਲ ਰਾਹੀਂ ਮਿਲੀਆਂ ਸਨ, ਜਿਸ ਤੋਂ ਬਾਅਦ ਕਈ ਏਜੰਸੀਆਂ ਨੇ ਸਕੂਲ ਕੰਪਲੈਕਸਾਂ ਦੀ ਤਲਾਸ਼ੀ ਲਈ।

ਇਹੀ ਨਹੀਂ, ਦਿੱਲੀ ਦੇ 40 ਤੋਂ ਵੱਧ ਸਕੂਲਾਂ ਨੂੰ 8 ਦਸੰਬਰ ਦੀ ਰਾਤ ਲਗਭਗ 11.38 ਵਜੇ ਇਸੇ ਤਰ੍ਹਾਂ ਦੇ ਧਮਕੀ ਭਰੇ ਈ-ਮੇਲ ਮਿਲੇ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੇ ਕੈਂਪਸ ’ਚ ਬੰਬ ਲਗਾਏ ਗਏ ਹਨ ਜੋ ਜੇਕਰ ਫਟੇ ਤਾਂ ਭਾਰੀ ਨੁਕਸਾਨ ਹੋਵੇਗਾ। ਮੇਲ ਭੇਜਣ ਵਾਲੇ ਨੇ ਬਲਾਸਟ ਰੋਕਣ ਦੇ ਬਦਲੇ 30 ਹਜ਼ਾਰ ਡਾਲਰ ਮੰਗੇ।

ਅਗਲੀ ਸਵੇਰ ਸਕੂਲਾਂ ਦੇ ਪ੍ਰਬੰਧਕਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਵਾਪਸ ਘਰ ਭੇਜ ਦਿੱਤਾ ਅਤੇ ਫਾਇਰ ਬ੍ਰਿਗੇਡ ਅਤੇ ਪੁਲਸ ਨੂੰ ਸੂਚਿਤ ਕੀਤਾ। ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਅਤੇ ਫਾਇਰ ਡਿਪਾਰਟਮੈਂਟ ਦੀਆਂ ਟੀਮਾਂ ਸਕੂਲਾਂ ’ਚ ਪਹੁੰਚੀਆਂ ਅਤੇ ਉਥੇ ਕੰਪਲੈਕਸਾਂ ਦੀ ਤਲਾਸ਼ੀ ਲਈ। ਜਾਂਚ ਦੇ ਬਾਅਦ ਉਥੋਂ ਵੀ ਕੋਈ ਧਮਾਕਾਖੇਜ਼ ਵਸਤੂ ਬਰਾਮਦ ਨਹੀਂ ਹੋਈ।

ਸਕੂਲਾਂ ਦੇ ਇਲਾਵਾ ਜਹਾਜ਼ਾਂ ਆਦਿ ’ਚ ਵੀ ਬੰਬਾਂ ਦੀਆਂ ਧਮਕੀਆਂ ਆ ਰਹੀਆਂ ਹਨ। ਖੁਸ਼ਕਿਸਮਤੀ ਨਾਲ ਇਹ ਸਾਰੀਆਂ ਝੂਠੀਆਂ ਨਿਕਲੀਆਂ ਹਨ ਪਰ ਲਗਾਤਾਰ ਆ ਰਹੀਆਂ ਇਸ ਤਰ੍ਹਾਂ ਦੀਆਂ ਧਮਕੀਆਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਕੁਝ ਸ਼ਰਾਰਤੀ ਤੱਤ ਸਰਗਰਮ ਹਨ ਜੋ ਆਪਣੀਆਂ ਗਲਤ ਹਰਕਤਾਂ ਨਾਲ ਲੋਕਾਂ ਦਾ ਸੁੱਖ-ਚੈਨ ਖੋਹ ਕੇ ਸਮਾਜ ’ਚ ਡਰ ਦਾ ਵਾਤਾਵਰਣ ਕਾਇਮ ਕਰਨਾ ਚਾਹੁੰਦੇ ਹਨ। ਇਨ੍ਹਾਂ ਧਮਕੀਆਂ ਦੇ ਪਿੱਛੇ ਆਖਿਰ ਕੌਣ ਹੈ, ਇਸ ਦਾ ਪਤਾ ਜਲਦ ਤੋਂ ਜਲਦ ਲਗਾਉਣ ਦੀ ਲੋੜ ਹੈ। ਉਧਰ ਚੌਕਸੀ ’ਚ ਕਮੀ ਜਾਂ ਢਿੱਲ ਨਾ ਆਏ ਇਸ ਦੇ ਬਾਰੇ ’ਚ ਵੀ ਧਿਆਨ ਰੱਖਣਾ ਬੜਾ ਜ਼ਰੂਰੀ ਹੈ।

-ਵਿਜੇ ਕੁਮਾਰ


author

Harpreet SIngh

Content Editor

Related News