ਬਿਹਾਰ ਦੇ ਵੋਟਰ ਆਪਣੇ ਖਾਣੇ ਲਈ ਜੱਦੋ-ਜਹਿਦ ਕਰ ਰਹੇ ਹਨ

07/13/2020 3:00:51 AM

ਰਾਹਿਲ ਨੋਰਾ ਚੋਪੜਾ

ਬਿਹਾਰ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਰਚੁਅਲ ਬੈਠਕਾਂ ਰਾਹੀਂ ਸੂਬੇ ’ਚ ਸ਼ੁਰੂ ਹੋ ਚੁੱਕਾ ਹੈ। ਰਾਜਦ ਦੇ ਮੁਖੀ ਤੇਜਸਵੀ ਯਾਦਵ ਨੇ ਬਿਹਾਰ ’ਚ ਚੋਣਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਕੋਵਿਡ-19 ਮਹਾਮਾਰੀ ਨੂੰ ਕੰਟਰੋਲ ’ਚ ਕਰਨ ਤੋਂ ਬਾਅਦ ਹੀ ਚੋਣਾਂ ਕਰਵਾਉਣ। ਮੌਜੂਦਾ ਸਮੇਂ ’ਚ ਛੋਟੀਅਾਂ ਪਾਰਟੀਅਾਂ ਵਰਚੁਅਲ ਰੈਲੀਅਾਂ ਨੂੰ ਆਯੋਜਿਤ ਨਹੀਂ ਕਰ ਸਕਦੀਅਾਂ ਅਤੇ ਬਿਹਾਰ ’ਚ ਵੋਟਰ ਖਾਣੇ ਲਈ ਜੱਦੋ-ਜਹਿਦ ਕਰ ਰਹੇ ਹਨ। ਅਜਿਹੇ ਹੀ ਮੌਕੇ ’ਤੇ ਲੋਜਪਾ ਮੁਖੀ ਚਿਰਾਗ ਪਾਸਵਾਨ ਵੀ ਚੋਣਾਂ ਨੂੰ ਟਾਲਣਾ ਚਾਹੁੰਦੇ ਹਨ ਅਤੇ ਉਹ ਸੀਟਾਂ ਦੀ ਵੰਡ ਦੇ ਫਾਰਮੂਲੇ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ। ਇਹ ਸਿਰਫ ਤਰੀਕਾਂ ਦਾ ਮੁੱਦਾ ਨਹੀਂ ਪਰ ਪਾਰਟੀਅਾਂ ਆਪਣੇ ਗੱਠਜੋੜ ਨੂੰ ਠੀਕ-ਠਾਕ ਕਰਨ ’ਚ ਜੁਟੀਅਾਂ ਹੋਈਅਾਂ ਹਨ।

ਨਿਤੀਸ਼ ਕੁਮਾਰ ਜੀਤਨ ਰਾਮ ਮਾਂਝੀ ਨੂੰ ਆਪਣੇ ਵੱਲ ਵਾਪਸ ਲਿਆਉਣ ਦੀ ਕੋਸ਼ਿਸ਼ ’ਚ ਹਨ, ਜਦਕਿ ਕਾਂਗਰਸ ਚਿਰਾਗ ਪਾਸਵਾਨ ਨਾਲ ਗੱਠਜੋੜ ਲਈ ਵਿਚਾਰ-ਵਟਾਂਦਰਾ ਕਰ ਰਹੀ ਹੈ। ਉਥੇ ਹੀ ਰਾਹੁਲ ਗਾਂਧੀ ਉੱਚ ਜਾਤੀਅਾਂ, ਦਲਿਤਾਂ ਅਤੇ ਮੁਸਲਮਾਨਾਂ ਦੇ ਕਾਂਗਰਸ ਵੋਟ ਬੈਂਕ ਨੂੰ ਵਾਪਸ ਲਿਆਉਣਾ ਚਾਹੁੰਦੇ ਹਨ। ਰਾਜਦ ਆਪਣੀਅਾਂ ਮੁਸਲਿਮ ਅਤੇ ਯਾਦਵ ਵੋਟਾਂ ’ਤੇ ਕਬਜ਼ਾ ਜਮਾਉਣਾ ਚਾਹੁੰਦੇ ਹਨ, ਜੋ ਲੱਗਭਗ 28 ਫੀਸਦੀ ਹਨ। ਇਸ ਧੜੇਬੰਦੀ ਦੇ ਨਾਲ ਲਾਲੂ ਪ੍ਰਸਾਦ ਯਾਦਵ ਨੇ 15 ਸਾਲਾਂ ਤਕ ਸ਼ਾਸਨ ਕੀਤਾ। ਤੇਜਸਵੀ ਯਾਦਵ ਹੁਣ ਵੋਟਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਸ਼ਾਸਨ ਦੌਰਾਨ ਹੋਈਅਾਂ ਗਲਤੀਅਾਂ ਨੂੰ ਦੁਹਰਾਇਆ ਨਹੀਂ ਜਾਵੇਗਾ।

ਸਿਆਸੀ ਆਬਜ਼ਰਵਰਾਂ ਦੇ ਅਨੁਸਾਰ ਚਿਰਾਗ ਪਾਸਵਾਨ ਐੱਨ. ਡੀ. ਏ. ਨਾਲ ਜੁੜੇ ਰਹਿਣਗੇ ਕਿਉਂਕਿ ਉਹ ਆਪਣੀ ਪਾਰਟੀ ਲਈ ਹੋਰ ਸੀਟਾਂ ਚਾਹੁੰਦੇ ਹਨ ਪਰ ਨਿਤੀਸ਼ ਆਪਣੇ ਗੱਠਜੋੜ ’ਚ ਲੋਜਪਾ ਨੂੰ ਨਹੀਂ ਚਾਹੁੰਦੇ ਅਤੇ ਇਸ ਨੂੰ ਜੀਤਨ ਰਾਮ ਮਾਂਝੀ ਦੀ Áਐੱਚ. ਏ. ਐੱਮ. ਪਾਰਟੀ ਤੋਂ ਬਦਲਣਾ ਚਾਹੁੰਦੇ ਹਨ। ਉਥੇ ਹੀ ਬਿਹਾਰ ’ਚ ਆਉਣ ਵਾਲੀਅਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਯਸ਼ਵੰਤ ਸਿਨ੍ਹਾ ਅਤੇ ਹੋਰ ਛੋਟੀਅਾਂ ਪਾਰਟੀਅਾਂ ਦਾ ਨਵਾਂ ਫਰੰਟ ਦਿਖਾਈ ਦੇ ਰਿਹਾ ਹੈ।

ਚੌਹਾਨ ਮੰਤਰੀ ਵਿਭਾਗ ’ਤੇ ਫੈਸਲਾ ਨਹੀਂ ਲੈ ਸਕੇ

ਨਵੇਂ ਮੰਤਰੀਅਾਂ ਨੂੰ ਮੰਤਰੀ ਵਿਭਾਗ ਵੰਡੇ ਜਾਣ ’ਚ ਦੇਰੀ ਨਾਲ ਨਾ ਸਿਰਫ ਭਾਜਪਾ ਅਤੇ ਸੂਬਾ ਸਰਕਾਰ ਵਿਰੋਧੀ ਧਿਰ ਕਾਂਗਰਸ ਦੇ ਨਿਸ਼ਾਨੇ ’ਤੇ ਹਨ ਸਗੋਂ ਇਥੋਂ ਤਕ ਕਿ ਭਾਜਪਾ ਨੇਤਾ, ਜਿਨ੍ਹਾਂ ’ਚ ਸਾਬਕਾ ਮੰਤਰੀ ਅਜੇ ਬਿਸ਼ਨੋਈ ਅਤੇ ਸਾਬਕਾ ਵਿਧਾਇਕ ਪਾਰੂਲ ਸਾਹੂ ਨੇ ਸੋਸ਼ਲ ਮੀਡੀਆ ’ਤੇ ਇਹ ਸੰਕੇਤ ਦਿੱਤਾ ਹੈ ਕਿ ਮੰਤਰੀਅਾਂ ਦੇ ਵਿਭਾਗਾਂ ਨੂੰ ਅੰਤਿਮ ਰੂਪ ਦੇਣ ’ਚ ਮੁੱਖ ਮੰਤਰੀ ਲਾਚਾਰ ਨਜ਼ਰ ਆ ਰਹੇ ਹਨ। ਸਾਬਕਾ ਉੱਚ ਸਿੱਖਿਆ ਮੰਤਰੀ ਜੈਭਾਨ ਸਿੰਘ ਪਾਵਈਆ, ਜੋ ਜਯੋਤਿਰਾਦਿੱਤਿਆ ਸਿੰਧੀਆ ਦੇ ਕੱਟੜ ਵਿਰੋਧੀ ਹਨ, ਨੇ ਟਵੀਟ ਕੀਤਾ ਹੈ ਕਿ ਸ਼ਾਮਲ ਕੀਤੇ ਗਏ ਨਵੇਂ ਮੰਤਰੀਅਾਂ ਨੇ ਕਿਉਂ ਨਹੀਂ ਰਾਣੀ ਲਕਸ਼ਮੀਬਾਈ ਦੀ ਸਮਾਧੀ ਦੀ ਯਾਤਰਾ ਕੀਤੀ, ਜਦੋਂ ਉਹ ਗਵਾਲੀਅਰ ਆਏ। ਇਸ ਦੌਰਾਨ ਸਿੰਧੀਆ ਕੈਂਪ ਨੇ ਮੰਗ ਕੀਤੀ ਹੈ ਕਿ ਮਹੱਤਵਪੂਰਨ ਅਹੁਦੇ ਦਿੱਤੇ ਜਾਣ, ਜਦਕਿ ਭਾਜਪਾ ਨੇ ਮਹੱਤਵਪੂਰਨ ਵਿਭਾਗਾਂ ’ਤੇ ਆਪਣਾ ਦਾਅਵਾ ਠੋਕਿਆ ਹੈ। ਅਜਿਹੀਅਾਂ ਗੱਲਾਂ ਨਾਲ ਸ਼ਿਵਰਾਜ ਸਿੰਘ ਚੌਹਾਨ ਸ਼ਸ਼ੋਪੰਜ ’ਚ ਹਨ, ਜਿਨ੍ਹਾਂ ਨੇ ਦਿੱਲੀ ’ਚ ਹਾਲ ਹੀ ’ਚ ਦੋ ਦਿਨ ਬਿਤਾਏ ਪਰ ਮੰਤਰੀਅਾਂ ਦੇ ਵਿਭਾਗਾਂ ਨੂੰ ਅੰਤਿਮ ਰੂਪ ਨਹੀਂ ਦੇ ਸਕੇ।

ਅੱਜ ਤਕ ਦੇ ‘ਬੈਸਟ ਸੀ. ਐੱਮ.’ ਯੋਗੀ ਆਦਿੱਤਿਆਨਾਥ

ਉੱਤਰ ਪ੍ਰਦੇਸ਼ ਦੇ ਯੋਗੀ ਆਦਿੱਤਿਆਨਾਥ ਭਾਜਪਾ ਦੇ ਅੰਦਰ ਤੀਸਰੇ ਥੰਮ੍ਹ ਵਜੋਂ ਉੱਭਰ ਕੇ ਸਾਹਮਣੇ ਆ ਰਹੇ ਹਨ। ਉਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਤੋਂ ਬਾਅਦ ਤੀਸਰੇ ਕੱਦਾਵਰ ਨੇਤਾ ਬਣ ਕੇ ਉੱਭਰੇ ਹਨ। ਯੋਗੀ ਹਿੰਦੂਤਵ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ, ਜਦਕਿ ਇਹ ਮੋਦੀ ਦਾ ਰਾਸ਼ਟਰੀ ਪਲੇਟਫਾਰਮ ’ਤੇ ਉਦੈ ਸੀ, ਜਿਸ ਨੇ ਮੁੱਖ ਧਾਰਾ ’ਚ ਹਿੰਦੂਤਵ ਸਮਾਜ ਲਈ ਇਕ ਸਥਾਨ ਨੂੰ ਸਥਾਪਿਤ ਕੀਤਾ। ਜੋ ਲੋਕ ਮੋਦੀ ਫੈਨ ਕਲੱਬ ਦਾ ਹਿੱਸਾ ਸਨ, ਹੁਣ ਇੰਝ ਜਾਪਦਾ ਹੈ ਕਿ ਉਨ੍ਹਾਂ ਦੇ ਆਦਰਸ਼ ਯੋਗੀ ਆਦਿੱਤਿਆਨਾਥ ਬਣ ਚੁੱਕੇ ਹਨ।

ਗੈਂਗਸਟਰ ਵਿਕਾਸ ਦੁਬੇ ਨੂੰ ਪੁਲਸ ਮੁਕਾਬਲੇ ’ਚ ਮਾਰ-ਮੁਕਾਏ ਜਾਣ ਤੋਂ ਬਾਅਦ ਆਦਿੱਤਿਆਨਾਥ ਦੀ ਸ਼ਲਾਘਾ ’ਚ ਆਵਾਜ਼ਾਂ ਉੱਠ ਰਹੀਅਾਂ ਹਨ। ਕਈਅਾਂ ਨੇ ਤਾਂ ਉਨ੍ਹਾਂ ਨੂੰ ਅੱਜ ਤਕ ਦੇ ‘ਬੈਸਟ ਸੀ. ਐੱਮ.’ ਕਰਾਰ ਦਿੱਤਾ ਹੈ, ਜਦਕਿ ਹੋਰਨਾਂ ਨੇ ਕਿਹਾ ਹੈ ਕਿ ਕਦੀ ਵੀ ਸੰਨਿਆਸੀ ਦੇ ਨਾਲ ਉਲਝੋ ਨਾ। ਉੱਤਰ ਭਾਰਤ ਦੇ ਕਈ ਭਾਜਪਾ ਨੇਤਾ ਮਹਿਸੂਸ ਕਰਦੇ ਹਨ ਕਿ ਮੋਦੀ ਅਤੇ ਸ਼ਾਹ ਨੂੰ ਇਸ ਸੰਨਿਆਸੀ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਰਾਹੁਲ ਗਾਂਧੀ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਨਿਯੁਕਤ ਕਰਨ ਲਈ ਕਾਂਗਰਸੀ ਸੰਸਦ ਮੈਂਬਰਾਂ ਨੇ ਸੋਨੀਆ ਨੂੰ ਕੀਤੀ ਬੇਨਤੀ

ਕਈ ਕਾਂਗਰਸੀ ਆਗੂਅਾਂ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਰਾਹੁਲ ਗਾਂਧੀ ਨੂੰ ਮੁੜ ਤੋਂ ਭਾਰਤੀ ਰਾਸ਼ਟਰੀ ਕਾਂਗਰਸ (ਆਈ. ਐੱਨ. ਸੀ.) ਦਾ ਪ੍ਰਧਾਨ ਬਣਾਉਣ ਲਈ ਉਨ੍ਹਾਂ ਨੂੰ ਬੇਨਤੀ ਕੀਤੀ। ਇਹ ਮੰਗ ਪਾਰਟੀ ਨੇਤਾਵਾਂ ਦੀ ਇਕ ਵਰਚੁਅਲ ਬੈਠਕ ਦੌਰਾਨ ਉੱਠੀ। ਇਸ ਬੈਠਕ ਨੂੰ ਸੋਨੀਆ ਨੇ ਤਾਜ਼ਾ ਘਟਨਾਵਾਂ ’ਤੇ ਵਿਚਾਰ ਕਰਨ ਲਈ ਸੱਦਿਆ ਸੀ। ਸੋਨੀਆ ਦਾ ਅੰਤ੍ਰਿਮ ਮੁਖੀ ਦਾ ਇਕ ਸਾਲ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਰਾਹੁਲ ਗਾਂਧੀ ਉਸ ਸਮੇਂ ਚੁੱਪ ਹੀ ਰਹੇ, ਜਦੋਂ ਪਾਰਟੀ ਸੰਸਦ ਮੈਂਬਰ ਕੋਡੀਕੁਨਿਲ ਸੁਰੇਸ਼, ਮਣੀਕਮ ਟੈਗੋਰ, ਐਂਟੋਐਂਥਨੀ, ਗੌਰਵ ਗੋਗੋਈ, ਮੁਹੰਮਦ ਜਾਵੇਦ, ਅਬਦੁਲ ਖਲੀਕ ਅਤੇ ਸਪਤਗਿਰੀ ਸਾਂਕਰ ਉਲਾਕਾ ਨੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਮੁੜ ਤੋਂ ਵਾਪਸੀ ਕਰਨ ਦੀ ਬੇਨਤੀ ਕੀਤੀ। ਇਸ ਬੈਠਕ ’ਚ 45 ਸੰਸਦ ਮੈਂਬਰਾਂ ਨੇ ਹਿੱਸਾ ਲਿਆ ਪਰ ਹੋਰ ਇਸ ’ਚ ਸ਼ਾਮਲ ਨਹੀਂ ਹੋਏ। ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ। ਅਜਿਹੀ ਹੀ ਮੰਗ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪਿਛਲੇ ਮਹੀਨੇ ਕਾਂਗਰਸ ਵਰਕਰ ਕਮੇਟੀ ਦੀ ਬੈਠਕ ਦੌਰਾਨ ਰੱਖੀ ਸੀ। ਰਾਹੁਲ ਗਾਂਧੀ ਨੂੰ ਮੁੜ ਤੋਂ ਪਾਰਟੀ ਪ੍ਰਧਾਨ ਬਣਾਉਣ ਲਈ ਰਾਜ ਸਭਾ ਮੈਂਬਰ ਦਿੱਗਵਿਜੇ ਸਿੰਘ ਨੇ ਕਈ ਟਵੀਟ ਕਰ ਕੇ ਇਹ ਮੰਗ ਕੀਤੀ। ਅਜਿਹੀ ਆਸ ਕੀਤੀ ਜਾ ਰਹੀ ਹੈ ਕਿ ਰਾਹੁਲ ਗਾਂਧੀ 10 ਅਗਸਤ ਤੋਂ ਬਾਅਦ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲ ਲੈਣਗੇ ਅਤੇ ਬੂਥ ਲੈਵਲ ਤੋਂ ਪਾਰਟੀ ਸੰਸਥਾਵਾਂ ਨੂੰ ਮੁੜ ਜ਼ਿੰਦਾ ਕਰਨਗੇ।

ਪੱਛਮੀ ਬੰਗਾਲ ’ਚ ਔਰਤਾਂ ਨੂੰ ਵੱਧ ਟਿਕਟਾਂ ਦੇਣ ਦੀ ਭਾਜਪਾ ਬਣਾ ਰਹੀ ਯੋਜਨਾ

ਭਾਜਪਾ ਨੇ ਪੰਚਾਇਤੀ ਚੋਣਾਂ ’ਚ ਰੂਪਾ ਗਾਂਗੁਲੀ ਅਤੇ ਲਾਕੇਟ ਚੈਟਰਜੀ ਦੀ ਸਫਲਤਾ ਨੂੰ ਦੇਖਣ ਤੋਂ ਬਾਅਦ ਪੱਛਮੀ ਬੰਗਾਲ ’ਚ ਫੈਸ਼ਨ ਡਿਜ਼ਾਈਨਰ ਅਗਨੀਮਿੱਤਰ ਪਾਲ ਨੂੰ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬਣਾਇਆ। ਪੰਚਾਇਤੀ ਚੋਣਾਂ ’ਚ ਭਾਜਪਾ ਦੀਅਾਂ ਵਧੇਰੇ ਉਮੀਦਵਾਰ ਔਰਤਾਂ ਸਨ, ਜਦਕਿ ਭਾਜਪਾ ਦੇ ਅੰਦਰ ਅਜਿਹੀਅਾਂ ਸੂਚਨਾਵਾਂ ਆਈਅਾਂ ਹਨ ਕਿ ਇਨ੍ਹਾਂ ਦੇ ਗਲੈਮਰ ਅਤੇ ਪਬਲਿਕ ਅਪੀਲ ਦਾ ਇਕ ਫੈਕਟਰ ਹੈ, ਜੋ ਇਨ੍ਹਾਂ ਨੂੰ ਫਰੰਟ ’ਤੇ ਲੈ ਕੇ ਆਇਆ ਹੈ। ਪਾਰਟੀ ਆਪਣੇ ਆਪ ਨੂੰ ਇਨ੍ਹਾਂ ਦੇ ਬਲ ’ਤੇ ਸਥਾਪਿਤ ਕਰਨਾ ਚਾਹੁੰਦੀ ਹੈ, ਜਿਥੇ ਇਸ ਨੇ ਸਵਾਦ ਚਖਣਾ ਹੈ। ਬੰਗਾਲ ਭਾਜਪਾ ਦਾ ਥਿੰਕ ਟੈਂਕ ਚਾਹੁੰਦਾ ਹੈ ਕਿ ਮਹਿਲਾ ਮੋਰਚਾ ਨੂੰ ਇਕ ਮਜ਼ਬੂਤ ਵਿੰਗ ਬਣਾਇਆ ਜਾਵੇ ਕਿਉਂਕਿ ਟੀ. ਐੱਮ. ਸੀ. ਕੋਲ ਔਰਤਾਂ ਦਾ ਇਕ ਮਜ਼ਬੂਤ ਵੋਟ ਬੈਂਕ ਹੈ ਅਤੇ ਇਹ ਸਭ ਮਮਤਾ ਬੈਨਰਜੀ ਕਾਰਨ ਸੰਭਵ ਹੈ। ਆਉਣ ਵਾਲੀਅਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ’ਚ ਭਾਜਪਾ ਅਗਨੀਮਿੱਤਰ ਪਾਲ ਦੀ ਅਗਵਾਈ ’ਚ ਔਰਤਾਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣਾ ਚਾਹੁੰਦੀ ਹੈ।


Bharat Thapa

Content Editor

Related News