‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!

Friday, Aug 07, 2026 - 03:24 AM (IST)

‘ਜੇਲ੍ਹਾਂ ਹਨ ਜਾਂ ਗੈਸਟ ਹਾਊਸ’ ਪੈਸਾ ਦਿਓ - ਹਰ ਸਹੂਲਤ ਲਓ!

ਸਾਡੀਆਂ ਜੇਲਾਂ ’ਚ ਇਕ ਅਜਿਹਾ ਕੁਚੱਕਰ ਚੱਲ ਰਿਹਾ ਹੈ ਜਿਵੇਂ ਕਿ ਇਹ ਜੇਲਾਂ ਨਾ ਹੋ ਕੇ ਗੈਸਟ ਹਾਊਸ ਬਣ ਗਈਆਂ ਹੋਣ, ਜਿੱਥੇ ਇਨ੍ਹਾਂ ਦੇ ਸਟਾਫ਼ ਨੂੰ ਮੂੰਹ-ਮੰਗੀ ਰਕਮ ਦੇ ਕੇ ਕੋਈ ਵੀ ਸਹੂਲਤ ਹਾਸਲ ਕੀਤੀ ਜਾ ਸਕਦੀ ਹੈ। ਇਸ ’ਚ ਟੀ. ਵੀ., ਮੋਬਾਈਲ ਫ਼ੋਨ ਜਾਂ ਨਸ਼ਾ ਅਤੇ ਡਾਕਟਰੀ ਜਾਂਚ ਦੇ ਬਹਾਨੇ ਸੈਰ-ਸਪਾਟਾ ਆਦਿ ਸਭ ਕੁਝ ਸ਼ਾਮਲ ਹੈ, ਜਿਸ ਦੀਆਂ ਪਿਛਲੇ ਕੁਝ ਸਮੇਂ ਦੀਆਂ ਘਟਨਾਵਾਂ ਹੇਠਾਂ ਦਰਜ ਹਨ :

* 26 ਮਈ, 2025 ਨੂੰ ‘ਜੈਪੁਰ’ (ਰਾਜਸਥਾਨ) ਦੀ ਸੈਂਟਰਲ ਜੇਲ ’ਚ ਸਜ਼ਾ ਕੱਟ ਰਹੇ 5 ਕੈਦੀਆਂ ਨੇ ‘ਐੱਸ. ਐੱਮ. ਐੱਸ. ਹਸਪਤਾਲ’ ’ਚ ਮੈਡੀਕਲ ਚੈੱਕਅਪ ਲਈ ਮਨਜ਼ੂਰੀ ਲਈ ਸੀ, ਪਰ ਜੇਲ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ’ਚੋਂ 4 ਕੈਦੀ ਡਾਕਟਰ ਕੋਲ ਜਾਣ ਦੀ ਬਜਾਏ ਇਕ ਹੋਟਲ ’ਚ ਆਪਣੀਆਂ-ਆਪਣੀਆਂ ਪਤਨੀਆਂ ਜਾਂ ਪ੍ਰੇਮਿਕਾਵਾਂ ਨਾਲ ਕੁਝ ਖਾਂਦੇ-ਪੀਂਦੇ ਅਤੇ ਘੁੰਮਦੇ-ਫਿਰਦੇ ਮਿਲੇ।

ਇਹ ਸੈਰ-ਸਪਾਟਾ 25,000 ਰੁਪਏ ’ਚ ਤੈਅ ਕੀਤਾ ਗਿਆ ਸੀ ਅਤੇ ਕੈਦੀਆਂ ਨਾਲ ਗਏ ਕਾਂਸਟੇਬਲਾਂ ਨੂੰ 5000-5000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ।

* 9 ਨਵੰਬਰ, 2025 ਨੂੰ ਬੈਂਗਲੁਰੂ (ਕਰਨਾਟਕ) ਦੀ ਜੇਲ ਤੋਂ ਵਾਇਰਲ ਹੋਈ ਇਕ ਵੀਡੀਓ ’ਚ 20 ਔਰਤਾਂ ਨਾਲ ਰੇਪ ਅਤੇ 18 ਕਤਲਾਂ ਦੇ ਮਾਮਲਿਆਂ ’ਚ ਦੋਸ਼ੀ ਠਹਿਰਾਏ ਗਏ ‘ਉਮੇਸ਼ ਰੈੱਡੀ’ ਨੂੰ ਜੇਲ ਦੇ ਅੰਦਰ 2 ਐਂਡ੍ਰਾਇਡ ਅਤੇ 1 ਕੀ-ਪੈਡ ਮੋਬਾਈਲ ਫ਼ੋਨ ਵਰਤੋਂ ਕਰਦਿਆਂ ਦੇਖਿਆ ਗਿਆ। ਉਸ ਦੀ ਬੈਰਕ ’ਚ ਟੀ. ਵੀ. ਵੀ ਲੱਗਿਆ ਹੋਇਆ ਸੀ।

* 29 ਨਵੰਬਰ, 2025 ਨੂੰ ‘ਲਖਨਊ’ (ਉੱਤਰ ਪ੍ਰਦੇਸ਼) ਦੀ ‘ਗੋਸਾਈਂ ਗੰਜ ਜੇਲ’ ਤੋਂ ਇਕ ਕੈਦੀ ‘ਰਿਸ਼ਭ ਰਾਏ’ ਦਾ ਮੈਡੀਕਲ ਕਰਵਾਉਣ ਨਿਕਲੇ 4 ਪੁਲਸ ਕਰਮਚਾਰੀ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਦੀ ਬਜਾਏ ਸ਼ਾਪਿੰਗ ਮਾਲ ’ਚ ਘੁਮਾਉਣ ਲੈ ਗਏ। ਇਸ ਦੀ ਸੂਚਨਾ ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਦਿੱਤੀ ਗਈ ਸੀ ਜੋ ਉਸ ਨੂੰ ਮਿਲਣ ਉਕਤ ਸ਼ਾਪਿੰਗ ਮਾਲ ’ਚ ਪਹੁੰਚ ਗਏ।

ਰਿਸ਼ਭ ਉਨ੍ਹਾਂ ਨਾਲ ਘੁੰਮਿਆ-ਫਿਰਿਆ ਅਤੇ ਖਰੀਦਦਾਰੀ ਵੀ ਕੀਤੀ। ਇਸ ਸਿਲਸਿਲੇ ’ਚ ਡਿਪਟੀ ਸੁਪਰਡੈਂਟ ਰਾਮ ਸੇਵਕ ਤੋਂ ਇਲਾਵਾ ‘ਅਨੁਜ ਧਾਮਾ’, ‘ਨਿਤਿਨ ਰਾਣਾ’ ਅਤੇ ‘ਰਾਮਚੰਦਰ ਪ੍ਰਜਾਪਤੀ’ ਨੂੰ ਮੁਅੱਤਲ ਕਰ ਦਿੱਤਾ ਗਿਆ।

* 16 ਮਾਰਚ, 2026 ਨੂੰ ਕਰੋੜਾਂ ਰੁਪਏ ਦੇ ‘ਸਤਾਰਾ’ ਡਰੱਗਜ਼ ਸਕੈਂਡਲ ਦੇ ਮਾਮਲੇ ’ਚ ‘ਸੋਲਾਪੁਰ’ (ਮਹਾਰਾਸ਼ਟਰ) ਜੇਲ ’ਚ ਬੰਦ ਦੋਸ਼ੀ ‘ਫ਼ੈਜ਼ਾਨ ਸ਼ੇਖ’ ਨੂੰ ਮੋਬਾਈਲ ਫ਼ੋਨ ਦੇਣ ਦੇ ਦੋਸ਼ ’ਚ ਜੇਲ ਦੇ ਕਾਂਸਟੇਬਲ ‘ਬਾਲੂ ਚਵਾਨ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਨੇ ਇਸ ਦੇ ਬਦਲੇ ’ਚ 40,000 ਰੁਪਏ ਤੋਂ ਵੱਧ ਦੀ ਰਕਮ ਲਈ ਸੀ।

* 28 ਮਾਰਚ, 2026 ਨੂੰ ‘ਅੰਬਿਕਾਪੁਰ’ (ਛੱਤੀਸਗੜ੍ਹ) ’ਚ ‘ਮੈਡੀਕਲ ਕਾਲਜ ਹਸਪਤਾਲ’ ਦੇ ‘ਜੇਲ ਵਾਰਡ’ ’ਚ ਕਤਲ ਦੀ ਕੋਸ਼ਿਸ਼ ਦੇ ਦੋਸ਼ ’ਚ ਬੰਦ ਕੈਦੀ ‘ਗੁਰਬਖਸ਼ ਸਿੰਘ’ ਨੂੰ ਹਰ ਸਹੂਲਤ ਉਪਲਬਧ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ।

ਉਸ ਦੇ ਪਰਿਵਾਰਕ ਮੈਂਬਰ ਮੋਬਾਈਲ ਲੈ ਕੇ ਹਸਪਤਾਲ ਦੇ ‘ਜੇਲ ਵਾਰਡ’ ’ਚ ਆਉਂਦੇ-ਜਾਂਦੇ ਰਹੇ ਅਤੇ ਉਸ ਨੂੰ ਘਰ ਦਾ ਖਾਣਾ ਅਤੇ ਮਿਨਰਲ ਵਾਟਰ ਤੱਕ ਉਪਲਬਧ ਕਰਵਾ ਰਹੇ ਸਨ। ਇਸ ਸਿਲਸਿਲੇ ’ਚ 2 ਜੇਲ ਵਾਰਡਰਾਂ ‘ਜੈਪ੍ਰਕਾਸ਼’ ਅਤੇ ‘ਲੋਕਨਾਥ ਨਿਸ਼ਾਦ’ ਨੂੰ ਮੁਅੱਤਲ ਕੀਤਾ ਗਿਆ।

* 17 ਜੁਲਾਈ, 2026 ਨੂੰ ਦਿੱਲੀ ਸਰਕਾਰ ਦੀ ਐਂਟੀ-ਕਰੱਪਸ਼ਨ ਬ੍ਰਾਂਚ ਨੇ ‘ਤਿਹਾੜ’ ਅਤੇ ‘ਰੋਹਿਣੀ’ ਜੇਲਾਂ ਦੇ ਅੰਦਰ ਚੱਲ ਰਹੇ ਇਕ ਸੰਗਠਿਤ ਉਗਰਾਹੀ ਅਤੇ ਰਿਸ਼ਵਤ ਦੇ ਰੈਕੇਟ ਦਾ ਪਤਾ ਲੱਗਣ ’ਤੇ ਅਸਿਸਟੈਂਟ ਸੁਪਰਡੈਂਟ, 6 ਜੇਲ ਵਾਰਡਰਾਂ, 2 ਵਕੀਲਾਂ ਅਤੇ 2 ਹੋਰ ਪ੍ਰਾਈਵੇਟ ਵਿਅਕਤੀਆਂ ਸਮੇਤ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 1 ਲੱਖ ਰੁਪਏ ਦੀ ਰਿਸ਼ਵਤ ਦੀ ਰਕਮ ਬਰਾਮਦ ਕੀਤੀ।

* 24 ਜੁਲਾਈ, 2026 ਨੂੰ ‘ਚਿਤੌੜਗੜ੍ਹ’ (ਰਾਜਸਥਾਨ) ਜ਼ਿਲਾ ਜੇਲ ਤੋਂ ਵਾਇਰਲ ਹੋਏ 3 ਵੀਡੀਓ ’ਚ ਅਨੇਕ ਕੈਦੀ ਜੇਲ ਦੇ ਅੰਦਰ ਆਰਾਮ ਨਾਲ ਭੋਜਨ ਕਰਦੇ, ਨਸ਼ਾ ਕਰਦੇ, ਨੱਚਦੇ ਅਤੇ ਐਂਡ੍ਰਾਇਡ ਮੋਬਾਈਲ ਨਾਲ ਸੈਲਫ਼ੀ ਵੀਡੀਓ ਬਣਾਉਂਦੇ ਦਿਖਾਈ ਦਿੱਤੇ।

* 3 ਅਗਸਤ, 2026 ਨੂੰ ‘ਬੁੜੈਲ ਜੇਲ’ ਚੰਡੀਗੜ੍ਹ ’ਚ ਬੰਦ 661 ਕਰੋੜ ਰੁਪਏ ਦੇ ਬੈਂਕ ਘਪਲੇ ਦੇ ਸਰਗਣੇ ‘ਵਿਕਰਮ ਵਧਵਾ’ ਨੂੰ ਹਸਪਤਾਲ ’ਚ ਚੈੱਕਅਪ ਤੋਂ ਬਾਅਦ 2 ਪੁਲਸ ਕਰਮਚਾਰੀਆਂ ਵੱਲੋਂ ਇਕ ਹੋਟਲ ’ਚ ਲੈ ਕੇ ਜਾਣ ਦਾ ਪਤਾ ਲੱਗਾ ਜਿੱਥੇ ਜੰਮ ਕੇ ਪਾਰਟੀ ਚੱਲੀ। ਉੱਥੇ ‘ਵਿਕਰਮ ਵਧਵਾ’ ਦੀ ਪਤਨੀ, ਰਿਸ਼ਤੇਦਾਰ ਅਤੇ ਬੇਟੇ ਵੀ ਮੌਜੂਦ ਸਨ।

ਇਸ ਦਾ ਪਤਾ ਲੱਗਦਿਆਂ ਹੀ ਡੀ. ਐੱਸ. ਪੀ. ਲਾਈਨ ‘ਪੂਨਮ ਦਿਲਾਵਰੀ’ ਨੇ ਹੋਟਲ ’ਚ ਛਾਪਾ ਮਾਰ ਕੇ ਪੁਲਸ ਕਰਮਚਾਰੀਆਂ ਅਤੇ ‘ਵਿਕਰਮ ਵਧਵਾ’ ਨੂੰ ਕਾਬੂ ਕਰ ਕੇ ਸੈਕਟਰ 17 ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ, ਜਿੱਥੇ ‘ਵਿਕਰਮ ਵਧਵਾ’, ਉਸ ਦੇ ਪੁੱਤਰਾਂ ‘ਕਰਣ’ ਅਤੇ ‘ਕੁਣਾਲ ਵਧਵਾ’ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* ਅਤੇ ਹੁਣ 4 ਅਗਸਤ, 2026 ਨੂੰ ‘ਗੋਆ’ ਦੀ ‘ਕੋਲਵਾਲੇ ਜੇਲ’ ’ਚ ਬੰਦ ਕੁਝ ਕੈਦੀਆਂ ਨੂੰ ਜੇਲ ਕਰਮਚਾਰੀਆਂ ਦੀ ਸ਼ਹਿ ’ਤੇ ਮੋਬਾਈਲ ਚਾਰਜਿੰਗ, ਇੰਟਰਨੈੱਟ ਐਕਸੈੱਸ, ਟੀ. ਵੀ. ਕੁਨੈਕਸ਼ਨ, ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀਆਂ ਹੋਟਲਾਂ ਵਰਗੀਆਂ ਸਹੂਲਤਾਂ ਦੇਣ ’ਤੇ ‘ਬੰਬੇ ਹਾਈ ਕੋਰਟ’ ਨੇ ਜੇਲ ਪ੍ਰਸ਼ਾਸਨ ਨੂੰ ਸਖ਼ਤ ਫਟਕਾਰ ਲਗਾਈ।

ਇਸ ਤਰ੍ਹਾਂ ਦੇ ਸਕੈਡਲਾਂ ਦਾ ਸਾਹਮਣੇ ਆਉਣਾ ਯਕੀਨੀ ਤੌਰ ’ਤੇ ਭਾਰਤੀ ਜੇਲਾਂ ’ਚ ਪਾਈ ਜਾ ਰਹੀ ਕੁਵਿਵਸਥਾ ਅਤੇ ਸੋਚੇ-ਸਮਝੇ ਢੰਗ ਨਾਲ ਚੱਲ ਰਹੇ ਭ੍ਰਿਸ਼ਟਾਚਾਰ ਦੀ ਜਿਊਂਦੀ-ਜਾਗਦੀ ਉਦਾਹਰਣ ਹੈ ਜਿਸ ਨੂੰ ਰੋਕਣ ਲਈ ਸਖ਼ਤ ਪ੍ਰਸ਼ਾਸਨਿਕ ਕਦਮ ਉਠਾਉਣ ਦੇ ਨਾਲ-ਨਾਲ ਜੇਲਾਂ ਦੀ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।

—ਵਿਜੇ ਕੁਮਾਰ


author

Sandeep Kumar

Content Editor

Related News