ਊਧਵ ਮਾਤੋਸ਼੍ਰੀ ਨਹੀਂ ਛੱਡਣਗੇ

12/11/2019 1:52:50 AM

ਵੈਭਵ ਪੁਰਾਂਦ੍ਰੇ

ਪੰਜ ਦਹਾਕੇ ਪੁਰਾਣੇ ਮਾਤੋਸ਼੍ਰੀ ਤੋਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਆਪਣੀ ਸਰਕਾਰ ਨੂੰ ਰਿਮੋਟ ਕੰਟਰੋਲ ਨਾਲ ਚਲਾਉਂਦੇ ਰਹਿਣਗੇ। ਉਹ ਮਾਲਾਬਾਰ ਹਿੱਲ ’ਚ ਸਥਿਤ ਸੀ. ਐੱਮ. ਦੀ ਅਧਿਕਾਰਤ ਰਿਹਾਇਸ਼ ‘ਵਰਸ਼ਾ’ ਨਹੀਂ ਜਾਣਗੇ। ਹਾਲਾਂਕਿ ਉਹ ਸੀ. ਐੱਮ. ਦੀ ਰਿਹਾਇਸ਼ ਦੀ ਕੁਝ ਮਹੱਤਵਪੂਰਨ ਮੀਟਿੰਗਾਂ ਲਈ ਵਰਤੋਂ ਕਰਨਗੇ। 1960 ਵਿਚ ਜਦੋਂ ਊਧਵ ਠਾਕਰੇ ਸਕੂਲ ਵਿਚ ਪੜ੍ਹਦੇ ਸਨ, ਉਦੋਂ ਬਾਲ ਠਾਕਰੇ ਆਪਣੇ ਪਰਿਵਾਰ ਨਾਲ ਬਾਂਦ੍ਰਾ ਈਸਟ ਦੇ ਕਾਲਾਨਗਰ ’ਚ ਰਹਿੰਦੇ ਸਨ।

ਸ਼ਿਵ ਸੈਨਾ ਦਾ ਜਨਮ 19 ਜੂਨ 1966 ਨੂੰ ਠਾਕਰੇ ਦੇ ਦਾਦਰ ’ਚ ਸਥਿਤ ਰਾਨਾਡੇ ਰੋਡ ’ਤੇ ਇਕ ਘਰ ’ਚ ਹੋਇਆ ਸੀ। ਬਾਂਦ੍ਰਾ ਦੇ ਪਲਾਟ ਵਿਚ ਬਾਲ ਠਾਕਰੇ ਨੇ ਆਪਣੀ ਪਾਰਟੀ ਦੇ ਪਾਵਰ ਸੈਂਟਰ ਨੂੰ ਜਨਮ ਦਿੱਤਾ। ਇਥੇ ਹੀ ਰਾਜਨੀਤੀ ਦੇ ਕਈ ਉੱਚ ਨੇਤਾ ਅਤੇ ਬਾਲੀਵੁੱਡ ਦੀਆਂ ਹਸਤੀਆਂ ਆਉਂਦੀਆਂ-ਜਾਂਦੀਆਂ ਸਨ। ਇਥੇ ਭਾਰਤ ਹੀ ਨਹੀਂ, ਸਗੋਂ ਪਾਕਿਸਤਾਨੀ ਕ੍ਰਿਕਟਰ ਵੀ ਆਉਂਦੇ ਸਨ। ਬਾਂਦ੍ਰਾ ’ਚ 1960 ਦੇ ਅਖੀਰ ਤਕ ਤੱਤਕਾਲੀ ਮੁੱਖ ਮੰਤਰੀ ਵੀ. ਪੀ. ਨਾਈਕ, ਜਿਨ੍ਹਾਂ ਨੂੰ ਕਿ ਸ਼ਿਵ ਸੈਨਾ ਦੇ ਪੈਟਰਨ ਇਨ ਚੀਫ ਵੀ ਕਹਿੰਦੇ ਸਨ, ਨੇ ਮਿੱਠੀ ਰਿਵਰ ਕੋਲ ਕਲਾਕਾਰਾਂ, ਲੇਖਕਾਂ ਅਤੇ ਸੱਭਿਆਚਾਰ ਨਾਲ ਸਬੰਧਤ ਲੋਕਾਂ ਦੀ ਰਿਹਾਇਸ਼ ਲਈ ਪਲਾਟ ਅਲਾਟ ਕੀਤੇ। ਉਨ੍ਹਾਂ ’ਚੋਂ ਇਕ ਪਲਾਟ ਠਾਕਰੇ ਨੂੰ ਬਤੌਰ ਕਾਰਟੂਨਿਸਟ ਮਿਲਿਆ।

ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਨੇ ਮਾਤੋਸ਼੍ਰੀ ਦਾ ਨਾਂ ਆਪਣੀ ਮਾਂ ਰਾਮਾ ਬਾਈ ਦੇ ਨਾਂ ’ਤੇ ਰੱਖਿਆ। ਸ਼ੁਰੂ-ਸ਼ੁਰੂ ’ਚ ਇਹ ਸਿੰਗਲ ਸਟੋਰੀ ਇਮਾਰਤ ਸੀ ਪਰ ਹੌਲੀ-ਹੌਲੀ ਇਹ ਟ੍ਰਿਪਲ ਸਟੋਰੀ ’ਚ ਬਦਲ ਗਈ। ਇਸ ਘਰ ’ਚ ਠਾਕਰੇ ਦੀ ਪਤਨੀ ਮੀਨਾਤਾਈ ਨੇ ਤੁਲਸੀ ਦਾ ਪੌਦਾ ਲਾਇਆ ਸੀ। 1990 ਦੇ ਮੱਧ ’ਚ ਜਦੋਂ ਇਸ ਘਰ ਦਾ ਨਵੀਨੀਕਰਨ ਕੀਤਾ ਗਿਆ, ਉਦੋਂ ਠਾਕਰੇ ਨੇ ਇਹ ਐਲਾਨ ਕੀਤਾ ਕਿ ਕੋਈ ਵੀ ਤੁਲਸੀ ਨੂੰ ਛੂਹੇਗਾ ਨਹੀਂ। ਇਸ ਦੀ ਛੱਤ ’ਤੇ ਬੈਠ ਕੇ ਠਾਕਰੇ ਪਰਿਵਾਰ ਛੋਲੇ ਖਾਂਦਾ ਹੁੰਦਾ ਸੀ।

ਬਾਲੀਵੁੱਡ ਦੇ ਘਾਗ ਕਲਾਕਾਰ ਅਤੇ ਟ੍ਰੈਜਿਡੀ ਕਿੰਗ ਦਿਲੀਪ ਕੁਮਾਰ ਨੂੰ ਜਦੋਂ ਪਾਕਿਸਤਾਨ ਨੇ ਨਿਸ਼ਾਨ-ਏ-ਪਾਕਿਸਤਾਨ ਨਾਲ ਨਿਵਾਜਿਆ, ਉਦੋਂ ਬਾਲ ਠਾਕਰੇ ਨਾਰਾਜ਼ ਹੋਏ ਸਨ। ਇਥੇ ਹੀ ਸਥਿਤ ਮੀਟਿੰਗ ਰੂਮ ’ਚ ਠਾਕਰੇ ਬਾਬਰੀ ਮਸਜਿਦ ਨੂੰ ਡੇਗੇ ਜਾਣ ਤੋਂ ਬਾਅਦ ਹੋਏ ਫਿਰਕੂ ਦੰਗਿਆਂ ਨੂੰ ਖਤਮ ਕਰਨ ਲਈ ਸ਼ਹਿਰ ਦੇ ਚਿੰਤਤ ਲੋਕਾਂ ਨੂੰ ਮਿਲੇ ਸਨ। ਇਥੇ ਹੀ 1999 ’ਚ ਭਾਰਤ ਦੇ ਦੌਰੇ ’ਤੇ ਆਈ ਪਾਕਿਸਤਾਨੀ ਕ੍ਰਿਕਟ ਟੀਮ ਵਿਰੁੱਧ ਪ੍ਰਦਰਸ਼ਨ ਕਰ ਰਹੇ ਅਤੇ ਚਰਚ ਗੇਟ ’ਚ ਬੀ. ਸੀ. ਸੀ. ਆਈ. ਦਫਤਰ ਨੂੰ ਤੋੜ ਰਹੇ ਸ਼ਿਵ ਸੈਨਿਕਾਂ ਨੂੰ ਸ਼ਾਂਤ ਕਰਵਾਉਣ ਲਈ ਤੱਤਕਾਲੀ ਕੇਂਦਰੀ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਬਾਲ ਠਾਕਰੇ ਨੂੰ ਮਿਲੇ ਸਨ। ਇਹ ਸਥਾਨ ਸ਼ਿਵ ਸੈਨਿਕਾਂ ਲਈ ਸ਼ੁਰੂ ਤੋਂ ਹੀ ਅਹਿਮ ਰਿਹਾ ਹੈ। ਗੁਰੂ ਪੂਰਣਿਮਾ ’ਤੇ ਤਾਂ ਸ਼ਿਵ ਸੈਨਿਕਾਂ ਦਾ ਅਥਾਹ ਜਨ-ਸਮੂਹ ਇਥੇ ਇਕੱਠਾ ਹੁੰਦਾ ਸੀ। ਸ਼ਿਵ ਸੈਨਿਕ ਇਥੇ ਬਾਲਾ ਸਾਹਿਬ ਅਤੇ ਮੀਨਾਤਾਈ ਦਾ ਆਸ਼ੀਰਵਾਦ ਲੈਣ ਆਉਂਦੇ ਸਨ। 1995 ’ਚ ਜਦੋਂ ਸ਼ਿਵ ਸੈਨਾ ਸੱਤਾ ’ਚ ਆਈ ਤਾਂ ਮਾਤੋਸ਼੍ਰੀ ’ਚ ਰੌਣਕਾਂ ਹੋਰ ਵਧ ਗਈਆਂ। 1996 ਵਿਚ ਮਾਈਕਲ ਜੈਕਸਨ ਨੇ ਮਾਤੋਸ਼੍ਰੀ ’ਚ ਬਣੇ ਪਖਾਨੇ ਦੀ ਵਰਤੋਂ ਕੀਤੀ। ਇਸ ਗੱਲ ਨੇ ਸੁਰਖੀਆਂ ਬਟੋਰੀਆਂ। 2012 ’ਚ ਬਾਲ ਠਾਕਰੇ ਦੇ ਦਿਹਾਂਤ ਤੋਂ ਬਾਅਦ ਸ਼ਿਵ ਸੈਨਾ ਮਾਤੋਸ਼੍ਰੀ ਦੇ ਪ੍ਰਭਾਵ ਦੇ ਧੁੰਦਲਾ ਪੈਣ ਨਾਲ ਚਿੰਤਤ ਹੋ ਉੱਠੀ। ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਊਧਵ ਠਾਕਰੇ ਨਾਲ ਮੀਟਿੰਗ ਕੀਤੀ ਸੀ। ਇਸ ਤੋਂ ਬਾਅਦ ਊਧਵ ਠਾਕਰੇ ਨੇ ਭਾਜਪਾ ਦੀ ਇਸ ਗੱਲ ਲਈ ਆਲੋਚਨਾ ਕੀਤੀ ਸੀ ਕਿ ਉਸ ਨੇ 50-50 ਦੇ ਫਾਰਮੂਲੇ ਨੂੰ ਅੰਜਾਮ ਨਹੀਂ ਦਿੱਤਾ। ਮਾਤੋਸ਼੍ਰੀ ਤੋਂ ਆਪਣੀ ਸਰਕਾਰ ਦਾ ਸੰਚਾਲਨ ਕਰ ਕੇ ਊਧਵ ਆਪਣੇ ਆਪ ਨੂੰ ਥੋੜ੍ਹਾ ਆਰਾਮਦਾਇਕ ਸਮਝਦੇ ਹਨ। ਇਥੇ ਹੀ ਉਨ੍ਹਾਂ ਨੂੰ ਆਪਣੀ ਪਤਨੀ ਰਸ਼ਮੀ ਅਤੇ ਪੁੱਤਰਾਂ ਆਦਿੱਤਿਆ ਤੇ ਤੇਜਸ ਤੋਂ ਸਹਿਯੋਗ ਮਿਲਦਾ ਹੈ। ਮੁੱਖ ਮੰਤਰੀ ਬਣਨ ਤੋਂ ਫੌਰਨ ਬਾਅਦ ਊਧਵ ਨੇ ਬਾਲਾ ਸਾਹਿਬ ਦੇ ਕਮਰੇ ’ਚ ਜਾ ਕੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਅਜਿਹਾ ਕਰਨ ਨਾਲ ਉਹ ਇਹ ਸੰਦੇਸ਼ ਵੀ ਦੇਣਾ ਚਾਹੁੰਦੇ ਹਨ ਕਿ ਮਾਤੋਸ਼੍ਰੀ ਅਜੇ ਵੀ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ। (ਟਾ.)


Bharat Thapa

Content Editor

Related News