ਲੋਕਾਂ ਦੇ ਦਿਲ ’ਚੋਂ ਨਿਕਲ ਰਿਹਾ ਪੁਲਸ ਦਾ ਡਰ, ਕਰ ਰਹੇ ਇਸ ’ਤੇ ਹਮਲੇ

Wednesday, Nov 27, 2024 - 02:06 AM (IST)

ਲੋਕਾਂ ਦੇ ਦਿਲ ’ਚੋਂ ਨਿਕਲ ਰਿਹਾ ਪੁਲਸ ਦਾ ਡਰ, ਕਰ ਰਹੇ ਇਸ ’ਤੇ ਹਮਲੇ

ਕੁਝ ਸਮੇਂ ਤੋਂ ਦੇਸ਼ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਰਹੀ ਹੈ। ਇਕ ਪਾਸੇ ਆਮ ਲੋਕਾਂ ਵਿਰੁੱਧ ਅਪਰਾਧ ਜ਼ੋਰਾਂ ’ਤੇ ਹੈ ਤਾਂ ਦੂਜੇ ਪਾਸੇ ਕਾਨੂੰਨ ਦੇ ਰਖਵਾਲੇ ਅਖਵਾਉਣ ਵਾਲੇ ਪੁਲਸ ਮੁਲਾਜ਼ਮ ਵੀ ਅਪਰਾਧੀ ਤੱਤਾਂ ਦੇ ਹੱਥੋਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ’ਤੇ ਹਮਲੇ ਹੋ ਰਹੇ ਹਨ ਜੋ ਹੇਠਲੀਆਂ ਤਾਜ਼ਾ ਮਿਸਾਲਾਂ ਤੋਂ ਸਪੱਸ਼ਟ ਹੈ :

* 23 ਨਵੰਬਰ ਨੂੰ ਤ੍ਰਿਸ਼ੂਰ (ਕੇਰਲ) ਦੇ ‘ਪੇਰਮੰਗਲਮ’ ’ਚ ਇਕ ਜਲੂਸ ਦੌਰਾਨ ਪੁਲਸ ਅਧਿਕਾਰੀਆਂ ’ਤੇ ਹਮਲਾ ਕਰਨ ਦੇ ਦੋਸ਼ ’ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਘਟਨਾ ਪਿੱਛੋਂ ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ’ਚ ਇਕ ਨੌਜਵਾਨ ਪੁਲਸ ਜੀਪ ਦੇ ਉੱਪਰ ਨੱਚਦਾ ਹੋਇਆ ਦੇਖਿਆ ਗਿਆ।

* 25 ਨਵੰਬਰ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ’ਚ 2 ਧਿਰਾਂ ਦਰਮਿਆਨ ਮਾਰਕੁੱਟ ਦੀ ਸੂਚਨਾ ਮਿਲਣ ’ਤੇ ਜਾਂਚ ਲਈ ਉੱਥੇ ਪਹੁੰਚੇ ‘ਦੁਧਰਾ ਚੌਕੀ’ ਦੇ ਇੰਚਾਰਜ ਰਾਕੇਸ਼ ਕੁਮਾਰ ਅਤੇ ਸਿਪਾਹੀ ਵਿਨੀਤ ਕੁਮਾਰ ਨੂੰ ਇਕ ਧਿਰ ਦੇ ਲੋਕਾਂ ਵਲੋਂ ਬੰਦੀ ਬਣਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ।

ਚੌਕੀ ਇੰਚਾਰਜ ਰਾਕੇਸ਼ ਕੁਮਾਰ ਨੇ ਕਿਸੇ ਤਰ੍ਹਾਂ ਉੱਥੋਂ ਭੱਜ ਕੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਪਰ ਸਿਰ ’ਤੇ ਸੱਟ ਲੱਗਣ ਕਾਰਨ ਉਹ ਬੇਹੋਸ਼ ਹੋ ਗਏ ਜਿਸ ਪਿੱਛੋਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣਾ ਪਿਆ।

* 25 ਨਵੰਬਰ ਨੂੰ ਹੀ ਬਿਹਾਰ ’ਚ ਪੂਰਬੀ ਚੰਪਾਰਨ ਜ਼ਿਲੇ ਦੇ ‘ਕੁੰਡਵਾ ਚੈਨਪੁਰ’ ਥਾਣਾ ਇਲਾਕੇ ਦੇ ਪੁਲਸ ਅਧਿਕਾਰੀਆਂ ਨੇ ਜਦੋਂ ਇਕ ਰੈਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰੈਲੀ ’ਚ ਸ਼ਾਮਲ ਲੋਕਾਂ ਨੇ ਉਨ੍ਹਾਂ ’ਤੇ ਹੀ ਹਮਲਾ ਕਰ ਦਿੱਤਾ ਅਤੇ ਦੌੜਾ-ਦੌੜਾ ਕੇ ਕੁੱਟਿਆ। ਦੂਜੀ ਘਟਨਾ ’ਚ ‘ਦਰਪਾ ਥਾਣਾ’ ਦੇ ‘ਤਿਨਕੋਨੀ’ ਪਿੰਡ ’ਚ ਪੁਲਸ ’ਤੇ ਫਾਇਰਿੰਗ ਕਰਨ ਦੇ ਦੋਸ਼ ’ਚ 2 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ।

* 25 ਨਵੰਬਰ ਨੂੰ ਹੀ ਦਰਭੰਗਾ (ਬਿਹਾਰ) ਦੇ ‘ਨੇਹਰਾ’ ’ਚ ਪੁਲਸ ਵਲੋਂ ਕਾਗਜ਼ ਦਿਖਾਉਣ ਲਈ ਇਕ ਕਾਰ ਨੂੰ ਰੋਕਣ ’ਤੇ ਉਸ ’ਚ ਸਵਾਰ ਬਦਮਾਸ਼ਾਂ ਨੇ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਕੇ ਨਾ ਸਿਰਫ ਉਨ੍ਹਾਂ ਦੀ ਗੱਡੀ ਤੋੜ ਦਿੱਤੀ ਸਗੋਂ 4 ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਵੀ ਕਰ ਦਿੱਤਾ।

ਲੋਕਾਂ ਅਤੇ ਦੇਸ਼ ਦੀ ਰੱਖਿਆ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਇਸ ਤਰ੍ਹਾਂ ਦੇ ਹਮਲੇ ਯਕੀਨਨ ਹੀ ਅਪਰਾਧੀ ਤੱਤਾਂ ਦੇ ਵਧ ਰਹੇ ਹੌਸਲੇ ਅਤੇ ਕਾਨੂੰਨ ਦਾ ਡਰ ਖਤਮ ਹੋ ਜਾਣ ਦਾ ਹੀ ਨਤੀਜਾ ਹਨ। ਲਿਹਾਜ਼ਾ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਸਖਤ ਵਿਵਸਥਾਵਾਂ ਵਾਲਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਦੂਜਿਆਂ ਨੂੰ ਨਸੀਹਤ।

-ਵਿਜੇ ਕੁਮਾਰ


author

Harpreet SIngh

Content Editor

Related News