ਜੱਜਾਂ ’ਤੇ ਹੋਣ ਲੱਗੇ ਹਮਲੇ, ਆਮ ਜਨਤਾ ਕਿਵੇਂ ਬਚੇਗੀ?
Wednesday, Nov 13, 2024 - 05:10 AM (IST)
ਹਾਲਾਂਕਿ ਅਦਾਲਤਾਂ ਦਾ ਉਦੇਸ਼ ਸਭ ਤਰ੍ਹਾਂ ਦੇ ਵਿਵਾਦਾਂ ਅਤੇ ਲੜਾਈ-ਝਗੜਿਆਂ ਦਾ ਨਿਪਟਾਰਾ ਕਰਨਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਨਿਆਂ ਪ੍ਰਕਿਰਿਆ ਨਾਲ ਜੁੜੇ ਜੱਜਾਂ ’ਤੇ ਹੀ ਹਮਲੇ ਹੋ ਰਹੇ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾਣ ਲੱਗੀਆਂ ਹਨ। ਸਥਿਤੀ ਕਿੰਨੀ ਗੰਭੀਰ ਹੁੰਦੀ ਜਾ ਰਹੀ ਹੈ, ਇਹ ਹੇਠਲੀਆਂ ਚੰਦ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 1 ਅਪ੍ਰੈਲ ਨੂੰ ਬਾਂਦਾ (ਉੱਤਰ ਪ੍ਰਦੇਸ਼) ’ਚ ਇਕ ਮਹਿਲਾ ਸਿਵਿਲ ਜੱਜ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਕਿਸੇ ਵਿਅਕਤੀ ਵਲੋਂ ਰਜਿਸਟਰਡ ਡਾਕ ਰਾਹੀਂ ਭੇਜੇ ਪੱਤਰ ’ਚ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ।
* 6 ਸਤੰਬਰ ਨੂੰ ਨਾਸਿਕ (ਮਹਾਰਾਸ਼ਟਰ) ’ਚ ਇਕ ਮਹਿਲਾ ਅਤੇ ਉਸ ਦੀਆਂ ਦੋ ਬੇਟੀਆਂ ਵਿਰੁੱਧ ਤਲਾਕ ਦੇ ਮੁਕੱਦਮੇ ਦੀ ਸੁਣਵਾਈ ਦੌਰਾਨ ਇਕ ਪਰਿਵਾਰਕ ਅਦਾਲਤ ਦੇ ਜੱਜ ’ਤੇ ਹਮਲਾ ਕਰਨ ਦੇ ਦੋਸ਼ ’ਚ ਪੁਲਸ ਨੇ ਕੇਸ ਦਰਜ ਕੀਤਾ।
* 8 ਸਤੰਬਰ ਨੂੰ ‘ਦੱਖਣੀ 24 ਪਰਗਨਾ’ (ਪੱ. ਬੰਗਾਲ) ਜ਼ਿਲੇ ਦੀ ‘ਡਾਇਮੰਡ ਹਾਰਬਰ’ ਸਬ-ਡਵੀਜ਼ਨ ਕੋਰਟ ਦੇ 3 ਜੱਜਾਂ ਨੇ ਆਪਣੇ ਰਿਹਾਇਸ਼ੀ ਕੁਆਰਟਰਾਂ ਦੇ ਬਾਹਰ ਸ਼ੱਕੀ ਨਕਾਬਪੋਸ਼ਾਂ ਨੂੰ ਘੁੰਮਦੇ ਦੇਖਣ ਪਿੱਛੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਜਾਨ ਨੂੰ ਖਤਰੇ ਦਾ ਖਦਸ਼ਾ ਦੇਖਦਿਆਂ ਜ਼ਿਲਾ ਜੱਜ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ।
* 27 ਅਕਤੂਬਰ ਨੂੰ ਬਦਨਾਮ ਗੈਂਗਸਟਰ ‘ਰਵੀ ਕਾਨਾ’ ਦੇ ਵੱਡੇ ਭਰਾ ‘ਹਰਿੰਦਰ ਪ੍ਰਧਾਨ’ ਦੀ ਹੱਤਿਆ ਦੇ ਮਾਮਲੇ ’ਚ ਸੁੰਦਰ ਭਾਟੀ ਅਤੇ ਉਸ ਦੇ ਗਿਰੋਹ ਦੇ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਵਾਲੇ ਗੌਤਮ ਬੁੱਧ ਨਗਰ (ਯੂ. ਪੀ.) ਦੇ ਅੱਪਰ ਜ਼ਿਲਾ ਜੱਜ ਡਾ. ਅਨਿਲ ਕੁਮਾਰ ਦੀ ਕਾਰ ਦਾ ਜੀਪ ਸਵਾਰ 5 ਬਦਮਾਸ਼ਾਂ ਨੇ ਅਲੀਗੜ੍ਹ ਦੇ ਖੈਰ ਥਾਣਾ ਇਲਾਕੇ ’ਚ ਪਿੱਛਾ ਕੀਤਾ।
ਡਾ. ਅਨਿਲ ਕੁਮਾਰ ਨੇ ਖੁਦ ਨੂੰ ਬਦਮਾਸ਼ਾਂ ਨਾਲ ਘਿਰਦਾ ਦੇਖ ‘ਖੈਰ’ ਥਾਣਾ ਇਲਾਕੇ ਦੀ ‘ਸੋਫਾ’ ਪੁਲਸ ਚੌਕੀ ’ਚ ਵੜ ਕੇ ਆਪਣੀ ਜਾਨ ਬਚਾਈ। 9 ਨਵੰਬਰ ਨੂੰ ਥਾਣਾ ‘ਖੈਰ’ ’ਚ ਦਰਜ ਕਰਵਾਈ ਸ਼ਿਕਾਇਤ ’ਚ ਡਾ. ਅਨਿਲ ਕੁਮਾਰ ਨੇ ਕਿਹਾ ਕਿ, ‘‘5 ਅਣਪਛਾਤੇ ਵਿਅਕਤੀਆਂ ਨੇ ਮੈਨੂੰ ਡਰਾਇਆ ਅਤੇ ਮਾਰਨ ਦੇ ਇਰਾਦੇ ਨਾਲ ਹਮਲੇ ਦੀ ਕੋਸ਼ਿਸ਼ ਕੀਤੀ।’’
ਜੱਜ ਪੀੜਤਾਂ ਨੂੰ ਨਿਆਂ ਦਿਵਾਉਣ ਦਾ ਕੰਮ ਕਰਦੇ ਹਨ ਪਰ ਜੇਕਰ ਉਨ੍ਹਾਂ ਨੂੰ ਹੀ ਧਮਕੀਆਂ ਮਿਲਣ ਲੱਗਣਗੀਆਂ ਅਤੇ ਪਿੱਛਾ ਹੋਣ ਲੱਗੇਗਾ ਤਾਂ ਫਿਰ ਆਮ ਜਨਤਾ ਦਾ ਕੀ ਹਾਲ ਹੋਵੇਗਾ ਹੋਵੇਗਾ?
ਇਸ ਲਈ ਜੱਜਾਂ ਨੂੰ ਧਮਕੀਆਂ ਅਤੇ ਉਨ੍ਹਾਂ ’ਤੇ ਹਮਲਿਆਂ ਨੂੰ ਕਿਸੇ ਵੀ ਦ੍ਰਿਸ਼ਟੀ ਤੋਂ ਜਾਇਜ਼ ਨਹੀਂ ਕਿਹਾ ਜਾ ਸਕਦਾ। ਇਸ ਲਈ ਸਰਕਾਰ ਵਲੋਂ ਅਜਿਹੇ ਲੋਕਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਅਤੇ ਨਿਆਂਪਾਲਿਕਾ ਨਾਲ ਜੁੜੇ ਅਹਿਮ ਲੋਕਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕਰਨਾ ਜ਼ਰੂਰੀ ਹੈ।
-ਵਿਜੇ ਕੁਮਾਰ