ਰਾਜਸਥਾਨ ਸਬ ਇੰਸਪੈਕਟਰ ਭਰਤੀ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਘਪਲੇ ’ਚ ਗ੍ਰਿਫਤਾਰੀਆਂ

Tuesday, Sep 03, 2024 - 04:34 AM (IST)

‘ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ’ ਵੱਲੋਂ 2021 ’ਚ ਲਈ ਗਈ ਸਬ ਇੰਸਪੈਕਟਰ ਭਰਤੀ ਪ੍ਰੀਖਿਆ ’ਚ ਪੇਪਰ ਲੀਕ ਦੀ ਜਾਣਕਾਰੀ ਸਾਹਮਣੇ ਆਉਣ ’ਤੇ ਇਸ ਦੀ ਜਾਂਚ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ (ਐੱਸ.ਓ.ਜੀ.) ਨੂੰ ਸੌਂਪੀ ਗਈ ਸੀ।

ਇਸ ਸਿਲਸਿਲੇ ’ਚ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ (ਐੱਸ. ਓ. ਜੀ.) ਨੇ 2018 ਤੋਂ 2022 ਤਕ ‘ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ’ (ਆਰ. ਪੀ. ਐੱਸ. ਸੀ.) ਦੇ ਮੈਂਬਰ ਰਹੇ ‘ਰਾਮੂ ਰਾਮ ਰਾਈਕਾ’ ਦੀ ਧੀ ‘ਸ਼ੋਭਾ ਰਾਈਕਾ’ ਅਤੇ ਪੁੱਤਰ ‘ਦੇਵੇਸ਼’ ਦੇ ਇਲਾਵਾ ਤਿੰਨ ਹੋਰ ਟ੍ਰੇਨੀ ਐੱਸ. ਆਈ. ‘ਮੰਜੂ ਦੇਵੀ’, ‘ਅਵਿਨਾਸ਼’ ਅਤੇ ‘ਬਿਜੇਂਦਰ ਕੁਮਾਰ’ ਨੂੰ 31 ਅਗਸਤ, 2024 ਨੂੰ ਗ੍ਰਿਫਤਾਰ ਕੀਤਾ ਹੈ।

ਮੁਲਜ਼ਮਾਂ ਨੂੰ ਉਸੇ ਦਿਨ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿੱਥੋਂ ਇਨ੍ਹਾਂ ਨੂੰ 7 ਸਤੰਬਰ ਤਕ ਐੱਸ. ਓ. ਜੀ. ਦੇ ਰਿਮਾਂਡ ’ਚ ਦੇ ਦਿੱਤਾ ਹੈ ਜਦਕਿ ਬਾਅਦ ’ਚ ‘ਰਾਮੂ ਰਾਮ ਰਾਈਕਾ’ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ।

ਐੱਸ. ਓ. ਜੀ. ਦੀ ਪੜਤਾਲ ਅਨੁਸਾਰ ‘ਰਾਮੂ ਰਾਮ ਰਾਈਕਾ’ ਦਾ ਪੁੱਤਰ ‘ਦੇਵੇਸ਼’ ਅਤੀਤ ਵਿਚ ਆਈ. ਏ. ਐੱਸ., ਆਰ. ਏ. ਐੱਸ. ਅਤੇ ਐੱਸ. ਆਈ. ਦੀਆਂ ਭਰਤੀ ਪ੍ਰੀਖਿਆਵਾਂ ਦੇ ਕੇ ਸਾਰੀਆਂ ਪ੍ਰੀਖਿਆਵਾਂ ’ਚ ਫੇਲ ਹੋ ਚੁੱਕਾ ਸੀ । ‘ਰਾਮੂ ਰਾਮ ਰਾਈਕਾ’ ਦੀ ਧੀ ‘ਸ਼ੋਭਾ ਵੀ ਪਹਿਲਾਂ ਐੱਸ. ਆਈ. ਭਰਤੀ ਪ੍ਰੀਖਿਆ ’ਚ ਫੇਲ ਹੋ ਚੁੱਕੀ ਸੀ।

ਐੱਸ. ਓ. ਜੀ. ਦੀ ਪੜਤਾਲ ’ਚ ਸਾਹਮਣੇ ਆਇਆ ਕਿ ‘ਰਾਮੂ ਰਾਮ ਰਾਈਕਾ’ ਨੇ ‘ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ’ (ਆਰ. ਪੀ. ਐੱਸ. ਸੀ.) ਦਾ ਮੈਂਬਰ ਰਹਿੰਦੇ ਹੋਏ ਆਪਣੇ ਪੁੱਤਰ ‘ਦੇਵੇਸ਼ ਰਾਈਕਾ ਅਤੇ ਧੀ ‘ਸ਼ੋਭਾ ਰਾਈਕਾ’ ਨੂੰ ਐੱਸ. ਆਈ. ਭਰਤੀ ਦਾ ਪੇਪਰ ਪਹਿਲਾਂ ਹੀ ਦੇ ਦਿੱਤਾ ਸੀ।

ਵਰਨਣਯੋਗ ਹੈ ਿਕ ਿਪਛਲੀ ਵਾਰ ਲਏ ਗਏ ਟੈਸਟ ’ਚ ‘ਸ਼ੋਭਾ ਰਾਈਕਾ’ ਅਤੇ ‘ਦੇਵੇਸ਼ ਰਾਈਕਾ’ ਦੀ ਕ੍ਰਮਵਾਰ : ਪੰਜਵੀਂ ਅਤੇ ਚਾਲੀਵੀਂ ਰੈਂਕ ਸੀ ਪਰ ਜਦੋਂ ਐੱਸ .ਓ .ਜੀ. ਨੇ ਇਸ ਵਾਰ ਟੈਸਟ ਲਿਆ ਤਾਂ ਉਹ ਸੂਬੇ ਦੇ ਰਾਜਪਾਲ ਦਾ ਨਾਂ ਤਕ ਨਹੀਂ ਦੱਸ ਸਕੇ।

ਐੱਸ. ਓ. ਜੀ. ਨੇ ਰਾਏ ਸਿੰਘ ਨਗਰ ਨਿਵਾਸੀ ‘ਮੰਜੂ’ ਅਤੇ ‘ਝੁੰਝੁਨੂੰ’ ਨਿਵਾਸੀ ਦੇ ‘ਬਿਜੇਂਦਰ’ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੂੰ ਪੇਪਰ ਲੀਕ ਗਿਰੋਹ ਦੇ ਮਾਸਟਰ ਮਾਈਂਡ ‘ਭਾਂਭੂ’ ਰਾਹੀਂ ਪ੍ਰੀਖਿਆ ਤੋਂ ਪਹਿਲਾਂ ਐੱਸ. ਆਈ. ਦਾ ਪੇਪਰ ਮਿਲਿਆ ਸੀ। ਓਧਰ ਸ਼ਾਹਪੁਰਾ, ਜੈਪੁਰ ਦੇ ‘ਅਵਿਨਾਸ਼’ ਨੂੰ ਪੇਪਰ ਲੀਕ ਦੇ ਸਰਗਰਨਾ ‘ਸ਼ੇਰ ਸਿੰਘ ਮੀਣਾ’ ਦੇ ਰਾਹੀਂ ਐੱਸ.ਆਈ. ਭਰਤੀ ਦਾ ਪੇਪਰ ਮਿਲਿਆ ਸੀ।

ਐੱਸ. ਓ. ਜੀ-ਏ. ਟੀ. ਐੱਸ. ਦੇ ਏ. ਡੀ. ਜੀ. ‘ਸ਼੍ਰੀ ਵੀ. ਕੇ. ਸਿੰਘ’ ਦੇ ਅਨੁਸਾਰ ਐੱਸ.ਆਈ. ਪੇਪਰ ਲੀਕ ’ਚ ਹੁਣ ਤਕ 42 ਟ੍ਰੇਨੀ ਐੱਸ.ਆਈ. ਸਮੇਤ 66 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ’ਚੋਂ 61 ਦੇ ਵਿਰੁੱਧ ਐੱਸ. ਓ. ਜੀ. ਇਕ ਮੁੱਖ ਅਤੇ ਦੋ ਪੂਰਕ ਚਾਰਜ ਸ਼ੀਟ ਪੇਸ਼ ਕਰ ਚੁੱਕੀ ਹੈ।

ਇਨ੍ਹਾਂ ਦੇ ਇਲਾਵਾ ਅਜੇ ਟ੍ਰੇਨਿੰਗ ਲੈ ਰਹੇ ਲਗਭਗ 20 ਹੋਰ ਐੱਸ. ਆਈ. ਜਿਨ੍ਹਾਂ ਦੀ ਟ੍ਰੇਨਿੰਗ ਇਸ ਸਾਲ ਅਕਤੂਬਰ ਵਿਚ ਪੂਰੀ ਹੋਣ ਵਾਲੀ ਹੈ, ਇਸ ਸਮੇਂ ਐੱਸ. ਓ. ਜੀ. ਦੇ ਰਾਡਾਰ ’ਤੇ ਹਨ। ਕਈ ਹੋਰਨਾਂ ਲੋਕਾਂ ’ਤੇ ਵੀ ਐੱਸ. ਓ. ਜੀ. ਦੀ ਨਜ਼ਰ ਹੈ।

ਇਹ ਦੂਜਾ ਮਾਮਲਾ ਹੈ ਜਦੋਂ ‘ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ’ (ਆਰ. ਪੀ. ਐੱਸ. ਸੀ.) ਦੇ ਕਿਸੇ ਮੈਂਬਰ ਨੂੰ ਪੇਪਰ ਲੀਕ ਮਾਮਲੇ ’ਚ ਐੱਸ. ਓ. ਜੀ. ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਐੱਸ. ਓ. ਜੀ. ਨੇ ਇਸ ਦੇ ਮੈਂਬਰ ‘ਬਾਬੂ ਲਾਲ ਕਟਾਰਾ’ ਨੂੰ ਅਧਿਆਪਕ ਭਰਤੀ ਪੇਪਰ ਲੀਕ ਮਾਮਲੇ ’ਚ ਆਰ. ਪੀ. ਐੱਸ. ਸੀ. ਦਾ ਮੈਂਬਰ ਰਹਿੰਦਿਆ ਫੜਿਆ ਸੀ, ਜਿਸ ਨੂੰ ਬਾਅਦ ’ਚ ਰਾਜਪਾਲ ‘ਕਲਰਾਜ ਮਿਸ਼ਰ’ ਨੇ ਮੁਅੱਤਲ ਕਰ ਦਿੱਤਾ ਸੀ।

ਪੇਪਰ ਲੀਕ ਦਾ ਇਹ ਇਕਲੌਤਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਅਧੀਨਸਥ ਸੇਵਾ ਚੋਣ ਕਮਿਸ਼ਨ ਵੱਲੋਂ 2022 ’ਚ ਆਯੋਜਿਤ ਲੇਖਾਪਾਲ ਭਰਤੀ ਪ੍ਰੀਖਿਆ ਪ੍ਰਸ਼ਨ ਪੱਤਰ ਦੇ ਲੀਕ ਹੋਣ ਦੀਆਂ ਖਬਰਾਂ ਵੀ ਸੁਰਖੀਆਂ ਬਣ ਚੁੱਕੀਆਂ ਹਨ।

2023 ’ਚ ਹਰਿਆਣਾ ਲੋਕ ਸੇਵਾ ਕਮਿਸ਼ਨ ਨੂੰ ਉਦੋਂ ਵੱਡੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਿਵਲ ਸੇਵਾ ਮੁੱਢਲੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਕੁਝ ਘੰਟੇ ਪਹਿਲਾਂ ਹੀ ਲੀਕ ਹੋ ਗਿਆ।

ਕਰਮਚਾਰੀ ਚੋਣ ਕਮਿਸ਼ਨ ਨੂੰ 2023 ’ਚ ਕਾਂਸਟੇਬਲ ਪ੍ਰੀਖਿਆ ਦੇ ਦਰਮਿਆਨ ਪੇਪਰ ਲੀਕ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਪਹਿਲਾਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਗਿਆ ਸੀ।

ਇਸ ਸਮੇਂ ਜਦਕਿ ਦੇਸ਼ ਭਾਰੀ ਬੇਰੋਜ਼ਗਾਰੀ ਨਾਲ ਜੂਝ ਰਿਹਾ ਹੈ, ਜਦੋਂ ਵੀ ਕਿਸੇ ਵੀ ਸੂਬੇ ’ਚ ਸਰਕਾਰੀ ਨੌਕਰੀ ਦੇ ਲਈ ਅਸਾਮੀਆਂ ਨਿਕਲਦੀਆਂ ਹਨ ਤਾਂ ਵੱਡੀ ਗਿਣਤੀ ’ਚ ਨੌਜਵਾਨ ਇਨ੍ਹਾਂ ਨੌਕਰੀਆਂ ਲਈ ਅਰਜ਼ੀਆਂ ਦਿੰਦੇ ਹਨ ਪਰ ਇਨ੍ਹਾਂ ਦੇ ਲਈ ਲਈਆਂ ਜਾਣ ਵਾਲੀਆਂ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਘਪਲਿਆਂ ਦੇ ਕਾਰਨ ਪਾਤਰ ਉਮੀਦਵਾਰਾਂ ਦੇ ਅਧਿਕਾਰ ਖੁੱਸ ਰਹੇ ਹਨ।

ਪੇਪਰ ਲੀਕ ਹੋਣ ਦੇ ਕਾਰਨ ਜਿੱਥੇ ਯੋਗ ਉਮੀਦਵਾਰ ਨੌਕਰੀ ਹਾਸਲ ਕਰਨ ਤੋਂ ਰਹਿ ਗਏ, ਉਥੇ ਹੀ ਪੁਲਸ ਵਿਭਾਗ ’ਚ ਖਾਲੀ ਥਾਵਾਂ ’ਤੇ ਭਰਤੀ ਨਾ ਹੋਣ ਨਾਲ ਵਿਭਾਗ ਦੇ ਕੰਮ ਦਾ ਵੀ ਨੁਕਸਾਨ ਹੋਇਆ। ਇਸ ਲਈ ਪੇਪਰ ਲੀਕ ’ਚ ਸ਼ਾਮਲ ਹੋਣ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗ ਸਕੇ।

–ਵਿਜੇ ਕੁਮਾਰ


Harpreet SIngh

Content Editor

Related News