ਤਿੰਨੋਂ ਗਾਂਧੀ ਸਿਆਸਤ ’ਚ ਫੇਲ ; ਤਿੰਨੋਂ ਮਿਲ ਕੇ ਵੀ ਇਕ ਇੰਦਰਾ ਗਾਂਧੀ ਨਹੀਂ

Wednesday, Feb 19, 2025 - 06:54 PM (IST)

ਤਿੰਨੋਂ ਗਾਂਧੀ ਸਿਆਸਤ ’ਚ ਫੇਲ ; ਤਿੰਨੋਂ ਮਿਲ ਕੇ ਵੀ ਇਕ ਇੰਦਰਾ ਗਾਂਧੀ ਨਹੀਂ

ਦਿੱਲੀ ਵਿਧਾਨ ਸਭਾ ਚੋਣਾਂ ’ਚ ਇਕ ਵੀ ਸੀਟ ਨਹੀਂ ਜਿੱਤ ਸਕੀ। ਛੱਤੀਸਗੜ੍ਹ ’ਚ ਵੀ ਕਾਂਗਰਸ 10 ਦੀਆਂ 10 ਨਗਰ ਨਿਗਮਾਂ ’ਚ ਆਪਣਾ ਇਕ ਵੀ ਮੇਅਰ ਨਹੀਂ ਬਣਾ ਸਕੀ। 2014 ਤੋਂ ਬਾਅਦ ਨਰਿੰਦਰ ਮੋਦੀ ਕੇਂਦਰੀ ਸਰਕਾਰ ’ਚ ਕੀ ਆਏ ਕਿ ਹਰ ਸੂਬੇ ’ਚ ਕਾਂਗਰਸ ਲੜਖੜਾਉਂਦੀ ਨਜ਼ਰ ਆਉਂਦੀ। 2024 ਦੀਆਂ ਲੋਕ ਸਭਾ ਚੋਣਾਂ ’ਚ ਹੋਰ ਸਿਆਸੀ ਪਾਰਟੀਆਂ ਦਾ ‘ਇੰਡੀਆ ਗੱਠਜੋੜ’ ਬਣਿਆ ਜ਼ਰੂਰ, 55 ਸੀਟਾਂ ਤੋਂ 100 ਸੀਟਾਂ ’ਤੇ ਆ ਗਈ, ਰਾਹੁਲ ਗਾਂਧੀ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵੀ ਬਣ ਗਏ ਪਰ ਫਿਰ ਵੀ ਕਾਂਗਰਸ ਦੇਸ਼ ’ਚ ਕੋਈ ਸਿਆਸੀ ਪ੍ਰਭਾਵ ਨਹੀਂ ਛੱਡ ਸਕੀ।

ਰਾਹੁਲ ਗਾਂਧੀ ਹਾਲਾਂਕਿ ਇਕ ਭਲਾ ਆਦਮੀ ਹੈ ਪਰ ਸਿਆਸਤ ਉਨ੍ਹਾਂ ਦੇ ਵਸ ਦੀ ਗੱਲ ਨਹੀਂ। ਸੋਨੀਆ ਗਾਂਧੀ ਭਾਵੇਂ ਹੀ ਪੁੱਤਰ ਮੋਹ ਦੇ ਕਾਰਨ ਰਾਹੁਲ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਜ਼ਿੱਦ ’ਤੇ ਅੜੀ ਹੈ ਪਰ ਰਾਹੁਲ ਗਾਂਧੀ ਕਿਸੇ ਐਂਗਲ ਤੋਂ ਸਿਆਸੀ ਨੇਤਾ ਲੱਗਦੇ ਹੀ ਨਹੀਂ। ਸੰਸਦ ’ਚ ਬਤੌਰ ਵਿਰੋਧੀ ਧਿਰ ਦੇ ਨੇਤਾ ਹੰਗਾਮਾ ਖੜ੍ਹਾ ਕਰਦੇ ਰਹੇ ਪਰ ਆਪਣੀ ਸ਼ਬਦਾਵਲੀ ਨਾਲ ਖੁਦ ਮਜ਼ਾਕ ਦਾ ਪਾਤਰ ਬਣ ਜਾਂਦੇ ਹਨ।

ਤੱਥਾਂ ’ਤੇ ਨਹੀਂ ਸਗੋਂ ‘ਮੋਦੀ ਫੋਬੀਆ’ ਰਾਹੁਲ ਨੂੰ ਅਪਰਾਧ ਬੋਧ ਵੱਲ ਧੱਕ ਦਿੰਦਾ ਹੈ। ਕਦੇ ਦਾੜ੍ਹੀ ਵਧਾ ਕੇ, ਕਦੇ ਕਟਾ ਕੇ ਕੋਈ ਸਿਆਸੀ ਨੇਤਾ ਥੋੜ੍ਹਾ ਬਣ ਜਾਂਦਾ ਹੈ। ਕੜਕਦੀ ਸਰਦੀ ’ਚ ਵੀ ਅੱਧੀਆਂ ਬਾਂਹਾਂ ਦੀ ਟੀ-ਸ਼ਰਟ ਪਹਿਨ ਕੇ ਰਾਹੁਲ ਗਾਂਧੀ ਖੁਦ ਐਕਸਪੋਜ਼ ਹੋ ਜਾਂਦੇ ਹਨ।

ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਬੜੇ ਮਹੱਤਵ ਅਤੇ ਜ਼ਿੰਮੇਵਾਰੀ ਦਾ ਹੈ ਪਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਮਧੂ ਲਿਮਯੇ, ਮਧੂ ਦੰਡਵਤੇ, ਜਾਰਜ ਫਰਨਾਂਡੀਜ਼ ਅਤੇ ਹਸਮੁੱਖ ਲਾਲੂ ਪ੍ਰਸਾਦ ਯਾਦਵ ਦੇ ਮੁਕਾਬਲੇ ’ਚ ਬੌਨੇ ਲੱਗਦੇ ਹਨ। ਕਾਂਗਰਸ ਦੇ ਵੱਡੇ ਨੇਤਾ ਵਿਚਾਰ ਕਰ ਲੈਣ ਕਿ ਕੀ ਰਾਹੁਲ ਗਾਂਧੀ ਦੀ ਅਗਵਾਈ ਉਨ੍ਹਾਂ ਨੂੰ ਸਿਆਸਤ ’ਚ ਨਿਆਂ ਦਿਵਾ ਸਕੇਗੀ।

ਜਦ ਤੱਕ ਪ੍ਰਿਯੰਕਾ ਗਾਂਧੀ ਰਾਜਨੀਤੀ ’ਚ ਸਰਗਰਮ ਨਹੀਂ ਸੀ ਤਾਂ ਲੋਕ ਸੋਚਦੇ ਸਨ ਕਿ ਉਨ੍ਹਾਂ ’ਚ ਉਨ੍ਹਾਂ ਦੀ ਦਾਦੀ ਸ਼੍ਰੀਮਤੀ ਇੰਦਰਾ ਗਾਂਧੀ ਦਾ ਅਕਸ ਦਿੱਸਦਾ ਹੈ ਪਰ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਜਦ ਮੰਚਾਂ ’ਤੇ ਇਕੱਠੇ ਦਿਖਾਈ ਦਿੰਦੇ ਹਨ ਤਾਂ ਲੋਕਾਂ ਦੀ ਸੋਚ ਕੁਝ ਹੋਰ ਬਣ ਜਾਂਦੀ ਹੈ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦਾ ਅਕਸ ਕਿਤੇ ਵੀ ਸਵ. ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਮੇਲ ਖਾਂਦਾ ਨਜ਼ਰ ਨਹੀਂ ਆਉਂਦਾ। ਹੁਣ ਤਾਂ ਪ੍ਰਿਯੰਕਾ ਗਾਂਧੀ ਸੰਸਦ ਦੀ ਮਾਣਯੋਗ ਮੈਂਬਰ ਵੀ ਬਣ ਗਈ ਹੈ। ਭਾਵ ਇਕ ਹੀ ਪਰਿਵਾਰ ਦੇ ਤਿੰਨ ਸੰਸਦ ਮੈਂਬਰ, ਕਮਾਲ ਹੈ।

ਇਸ ’ਚ ਨਾ ਰਾਹੁਲ ਗਾਂਧੀ ਦਾ ਦੋਸ਼ ਹੈ, ਨਾ ਹੀ ਪ੍ਰਿਯੰਕਾ ਗਾਂਧੀ ਦਾ ਕਿਉਂਕਿ ਦੋਵਾਂ ਦੀ ਪਰਵਰਿਸ਼ ਸੁਰੱਖਿਆ ਘੇਰਿਆਂ ’ਚ ਰਹੀ, ਆਮ ਬੱਚਿਆਂ ਨਾਲ ਨਾ ਖੇਡ ਸਕਦੇ ਸਨ, ਨਾ ਆਮ ਬੱਚਿਆਂ ਵਾਂਗ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਈ। ਸੁਭਾਵਿਕ ਜਿਊਣ ਦੀ ਕਲਾ ਤਾਂ ਦੋਵਾਂ ਨੂੰ ਮਿਲੀ ਹੀ ਨਹੀਂ। ਮਨੋਵਿਗਿਆਨਿਕ ਢੰਗ ਨਾਲ ਉਨ੍ਹਾਂ ਦਾ ਜੀਵਨ ਇਕਪਾਸੜ ਚੱਲਦਾ ਆਇਆ। ਦੇਸ਼ ਦੇ ਆਮ ਵਿਅਕਤੀ ਦੀ ਜ਼ਿੰਦਗੀ ਕਿਹੋ-ਜਿਹੀ ਹੁੰਦੀ ਹੈ, ਉਨ੍ਹਾਂ ਨੂੰ ਕਿਹੜੀਆਂ ਕਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਉਨ੍ਹਾਂ ਦਾ ਪਤਾ ਹੀ ਨਹੀਂ।

ਜਿੱਥੋਂ ਤੱਕ ਕਿ ਉਨ੍ਹਾਂ ਦੀ ਮਾਤਾ ਸੋਨੀਆ ਗਾਂਧੀ ਦਾ ਸਵਾਲ ਹੈ, ਉਹ ਮਜਬੂਰਨ ਸਿਆਸਤ ’ਚ ਧੱਕੀ ਗਈ। ਰਾਜੀਵ ਗਾਂਧੀ ਨਾਲ ਵਿਆਹ ਕਰ ਕੇ ਅੱਜ ਤੱਕ ਇੰਨਾ ਸਮਾਂ ਲੰਘ ਜਾਣ ’ਤੇ ਵੀ ਉਹ ਆਪਣਾ ਯੂਰਪੀਅਨ ਸੁਭਾਅ ਨਹੀਂ ਬਦਲ ਸਕੀ ਅਤੇ ਨਾ ਹੀ ਭਾਰਤੀ ਸਮਾਜ ਨੇ ਉਨ੍ਹਾਂ ਨੂੰ ਆਪਣਾ ਨੇਤਾ ਮੰਨਿਆ। ਸਿਆਸਤ ’ਚ ਸੋਨੀਆ ਗਾਂਧੀ ਦੀ ਬਦਕਿਸਮਤੀ ਰਹੀ ਕਿ ਨਾ ਉਹ ਪੂਰੀ ਤਰ੍ਹਾਂ ਯੂਰਪੀਅਨ ਰਹੀ, ਨਾ ਭਾਰਤ ਪ੍ਰਤੀ ਉਨ੍ਹਾਂ ਦਾ ਪੂਰਾ ਸਮਰਪਣ ਰਿਹਾ। ਉਹ ਕਾਂਗਰਸ ਪ੍ਰਧਾਨ ਵੀ ਬਣੀ ਅਤੇ ਹੁਣ ਲੰਬੇ ਸਮੇਂ ਤੋਂ ਸੰਸਦ ਮੈਂਬਰ ਵੀ ਹੈ ਪਰ ਉਨ੍ਹਾਂ ਦਾ ਅਕਸ ਆਪਣੀ ਸੱਸ ਸ਼੍ਰੀਮਤੀ ਇੰਦਰਾ ਗਾਂਧੀ ਵਰਗਾ ਨਾ ਬਣ ਸਕਿਆ ਪਰ ਉਨ੍ਹਾਂ ਦੀ ਜ਼ਿੱਦ ਹੈ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਜ਼ਰੂਰ ਬਣਾਉਣਾ ਹੈ। ਕਾਂਗਰਸ ਪ੍ਰਧਾਨ ਤਾਂ ਉਸ ਨੂੰ ਬਣਾ ਚੁੱਕੀ ਹੈ, ਅੱਜ ਉਹ ਵਿਰੋਧੀ ਧਿਰ ਦੇ ਨੇਤਾ ਵੀ ਹਨ।

ਇਸ ਲਈ ਮੈਂ ਸਵਾਲ ਕਰਦਾ ਹਾਂ ਕਿ ਸਿਆਸਤ ਦੇ ਤਿੰਨੋਂ ਨੇਤਾ ਕੀ ਇਕ ‘ਆਇਰਨ ਲੇਡੀ’ ਸਵ. ਸ਼੍ਰੀਮਤੀ ਇੰਦਰਾ ਗਾਂਧੀ ਦੀ ਬਰਾਬਰੀ ਕਰ ਸਕਦੇ ਹਨ? ਨਹੀਂ, ਕਦੇ ਨਹੀਂ। ਜੋ ਜਗ੍ਹਾ ਸਿਆਸਤ ’ਚ ਇੰਦਰਾ ਗਾਂਧੀ ਨੇ ਹਾਸਲ ਕੀਤੀ ਮੌਜੂਦਾ ਸਮੇਂ ’ਚ ਤਿੰਨੋਂ ਮਿਲ ਕੇ ਸ਼੍ਰੀਮਤੀ ਇੰਦਰਾ ਗਾਂਧੀ ਦੇ ਬਰਾਬਰ ਨਹੀਂ ਹੋ ਸਕਦੇ।

ਇੰਦਰਾ ਗਾਂਧੀ ਜੀ ਦੀ ਖੂਬੀ ਸੀ ਕਿ ਉਹ ਸਿਆਸਤ ’ਚ ‘ਐਕਸ਼ਨ ’ਤੇ ਰੀ-ਐਕਸ਼ਨ’ ਕਰਦੀ ਜਾਂਦੀ ਸੀ। ਇਸੇ ਲਈ ਵਿਰੋਧੀ ਧਿਰ ਦੇ ਤਤਕਾਲੀ ਨੇਤਾ ਸ਼੍ਰੀ ਅਟਲ ਬਿਹਾਰੀ ਵਾਜਪਈ ਨੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ‘ਦੁਰਗਾ’ ਕਿਹਾ ਸੀ। ਅਜਿਹੀ ਧਾਕੜ ਨੇਤਾ ਦੀ ਬਰਾਬਰੀ ਨਾ ਸੋਨੀਆ, ਨਾ ਰਾਹੁਲ, ਨਾ ਪ੍ਰਿਯੰਕਾ ਗਾਂਧੀ ਅਤੇ ਨਾ ਹੀ ਮਲਿਕਾਰਜੁਨ ਖੜਗੇ ਕਰ ਸਕਦੇ ਹਨ। ਉਕਤ ਚਾਰਾਂ ਦੇ ਹੱਥਾਂ ’ਚ ਕਾਂਗਰਸ ਹੋਰ ਗਿਰਾਵਟ ਵੱਲ ਜਾਵੇਗੀ। ਅਗਲੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਫਿਰ 50-55 ਸੀਟਾਂ ’ਤੇ ਖਿਸਕ ਜਾਵੇਗੀ।

ਮਾਸਟਰ ਮੋਹਨ ਲਾਲ (ਸਾਬਕਾ ਟਰਾਂਸਪੋਰਟ ਮੰਤਰੀ, ਪੰਜਾਬ)


author

Rakesh

Content Editor

Related News