ਹੁਣ ਪੜ੍ਹਾਉਣ ਆ ਰਹੇ ਹਨ ਸਕੂਲਾਂ ’ਚ ‘ਰੋਬੋਟ’
Monday, Nov 25, 2024 - 01:58 AM (IST)
ਪਿਛਲੇ ਕੁਝ ਸਮੇਂ ਤੋਂ ਵਿਸ਼ਵ ’ਚ ਏ.ਆਈ. ਭਾਵ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਚਰਚਾ ਜ਼ੋਰਾਂ ’ਤੇ ਹੈ ਅਤੇ ਕਈ ਖੇਤਰਾਂ ’ਚ ਲੋਕਾਂ ਦੀ ਏ.ਆਈ. ’ਤੇ ਨਿਰਭਰਤਾ ਵਧਦੀ ਜਾ ਰਹੀ ਹੈ। ਇਹ ਤਾਂ ਸਾਰੇ ਜਾਣਦੇ ਹਨ ਕਿ ਵਿਸ਼ਵ ਦੇ ਕਈ ਰੈਸਟੋਰੈਂਟਜ਼ ’ਚ ਰੋਬੋਟ (ਮਸ਼ੀਨੀ ਮਨੁੱਖ) ਭੋਜਨ ਪਰੋਸਦੇ ਅਤੇ ਹੋਰ ਸੇਵਾਵਾਂ ਦਿੰਦੇ ਹਨ ਪਰ ਹੁਣ ਏ.ਆਈ. ਰੋਬੋਟ ਸਕੂਲੀ ਬੱਚਿਆਂ ਨੂੰ ਪੜ੍ਹਾਉਂਦੇ ਵੀ ਨਜ਼ਰ ਆਉਣ ਵਾਲੇ ਹਨ।
ਇਸੇ ਸਬੰਧ ’ਚ ਕੇਰਲ ਦੇ ਕੋਲੱਮ ’ਚ ‘ਪੁਨਾਲੂਰ’ ਸਥਿਤ ਸਰਕਾਰੀ ਏ.ਪੀ.ਜੀ.ਐੱਸ. ਸਕੂਲ ’ਚ ਇਕ ਹਿਊਮਨਾਈਡ ਰੋਬੋਟ ਨੂੰ ਲੋਅਰ ਪ੍ਰਾਇਮਰੀ ਨੂੰ 74 ਵਿਦਿਆਰਥੀਆਂ ਨੂੰ ਪੜ੍ਹਾਉਣ ’ਤੇ ਲਾਇਆ ਗਿਆ ਹੈ। ਆਪਣੀ ਖਾਸ ਸਿੰਥੇਸਾਈਜ਼ਡ ਆਵਾਜ਼ ’ਚ ਬੋਲਣ ਵਾਲੀ ਅਤੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਏ.ਆਈ. ਰੋਬੋਟ ਟੀਚਰ ‘ਨੋਵਾ’ ਨੂੰ 14 ਅਕਤੂਬਰ ਨੂੰ ਵਿਦਿਆਰਥੀਆਂ ਨਾਲ ਮਿਲਵਾਇਆ ਗਿਆ।
ਆਪਣੀ ਨਵੀਂ ‘ਅਧਿਆਪਿਕਾ’ ਤੋਂ ਮੋਹਿਤ ਇਹ ਵਿਦਿਆਰਥੀ ਉਸ ਕੋਲੋਂ ਆਪਣੇ ਸਿਲੇਬਸ ਨਾਲ ਜੁੜੇ ਸਵਾਲਾਂ ਤੋਂ ਇਲਾਵਾ ਸਿਲੇਬਸ ਦੇ ਬਾਹਰ ਦੇ ਸਵਾਲ ਵੀ ਪੁੱਛਦੇ ਹਨ ਅਤੇ ਅਧਿਆਪਿਕਾ ਵੱਲੋਂ ਜਵਾਬ ਦੇਣ ’ਤੇ ਉਸ ਨੂੰ ਹੈਰਾਨੀ ਨਾਲ ਦੇਖਦੇ ਹਨ। ਇਹ ਰੋਬੋਟ ਟੀਚਰ ਕਈ ਭਾਸ਼ਾਵਾਂ ਅੰਗਰੇਜ਼ੀ, ਮਲਿਆਲਮ, ਹਿੰਦੀ ਅਤੇ ਅਰਬੀ ’ਚ ਗੱਲ ਕਰ ਸਕਦੀ ਹੈ।
ਸਪੀਕਰ ਅਤੇ ਮਾਈਕ੍ਰੋਫੋਨ ਨਾਲ ਲੈਸ ਅਤੇ ਜੀ.ਪੀ.ਟੀ.-40 ’ਤੇ ਕੰਮ ਕਰਨ ਵਾਲਾ ਇਹ ਏ.ਆਈ. ਦੇ ਨਵੇਂ ਮਾਡਲ ਦਾ ਰੋਬੋਟ ਇਕ ਨਾਰੀ ਭੇਸ ’ਚ ਤਿਆਰ ਕੀਤਾ ਇਕ ਪੁਤਲਾ ਹੈ ਜੋ ਤਕਨੀਕ ਦੇ ਪ੍ਰਤੀ ਬੱਚਿਆਂ ਦੀ ਰੁਚੀ ਪੈਦਾ ਕਰਨ ਦੇ ਇਲਾਵਾ ਟੈਕਸਟ ਆਡੀਓ ਅਤੇ ਵੀਡੀਓ ਦੀ ਵਰਤੋਂ ਕਰ ਕੇ ਬੱਚਿਆਂ ਨੂੰ ਜਾਣਕਾਰੀ ਵੀ ਦਿੰਦਾ ਹੈ।
ਇਸ ਤੋਂ ਪਹਿਲਾਂ ਕੇਰਲ ਦੇ ਹੀ ਇਕ ਹੋਰ ਪ੍ਰਸਿੱਧ ਸਕੂਲ ‘ਕੇ.ਟੀ. ਸਿਟੀ ਹਾਇਰ ਸੈਕੰਡਰੀ ਸਕੂਲ’ ਵਿਚ ਏ.ਆਈ. ਰੋਬੋਟ ਟੀਚਰ ‘ਆਈਰਿਸ’ ਦੀ ‘ਨਿਯੁਕਤੀ’ ਕੀਤੀ ਗਈ। ਇਹ ਜੈਨਰੇਟਿਵ ਏ.ਆਈ. ਸਕੂਲ ਟੀਚਰ ਵੀ ਕਾਫੀ ਪ੍ਰਸਿੱਧ ਹੋ ਰਹੀ ਹੈ। ਇਹ ਟੀਚਰ ਹੋਰਨਾਂ ਅਧਿਆਪਕਾਂ ਵਾਂਗ ਸਾੜ੍ਹੀ ਪਹਿਨਦੀ ਹੈ ਅਤੇ ਆਪਣੀਆਂ ਕਈ ਵਿਸ਼ੇਸ਼ਤਾਵਾਂ ਦੇ ਕਾਰਨ ਕਾਫੀ ਚਰਚਾ ’ਚ ਹੈ।
‘ਮੇਕਰਲੈਬਸ ਐਡੂਟੇਕ’ ਕੰਪਨੀ ਵੱਲੋਂ ਚੈਟ ਜੀ. ਟੀ. ਪੀ. ਵਰਗੇ ਪ੍ਰੋਗਰਾਮਿੰਗ ਨਾਲ ਇਸ ਦਾ ਨਾਲੇਜ ਬੇਸ ਬਣਾਇਆ ਗਿਆ ਹੈ ਜੋ ਹੋਰ ਆਟੋਮੈਟਿਕ ਸਿੱਖਿਆ ਯੰਤਰਾਂ ਤੋਂ ਵੱਧ ਵਿਆਪਕ ਹੈ। ਇਸ ਸਮੇਂ ਜਦ ਕਿ ਦੇਸ਼ ’ਚ ਅਧਿਆਪਕਾਂ ਦੀ ਭਾਰੀ ਕਮੀ ਹੈ, ਇਹ ਰੋਬੋਟ ਅਧਿਆਪਕ-ਅਧਿਆਪਿਕਾਵਾਂ ਕਾਫੀ ਲਾਭਦਾਇਕ ਹੋ ਸਕਦੇ ਹਨ।
ਸਕੂਲਾਂ ’ਚ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਨ ’ਚ ਇਹ ਕਾਫੀ ਲਾਭਦਾਇਕ ਸਿੱਧ ਹੋ ਸਕਦੇ ਹਨ। ਬਸ਼ਰਤੇ ਕਿ ਏ.ਆਈ. ਆਪਣੀਆਂ ਹੱਦਾਂ ਪਾਰ ਕਰ ਕੇ ਮਨੁੱਖਾਂ ਤੋਂ ਅੱਗੇ ਨਾ ਨਿਕਲ ਜਾਵੇ ਅਤੇ ਆਪਣੀਆਂ ਖੁਦ ਦੀਆਂ ਪਰਿਭਾਸ਼ਾਵਾਂ ਘੜਨ ਲੱਗੇ।
-ਵਿਜੇ ਕੁਮਾਰ