‘ਕਾਂਗਰਸ ਮੁਕਤ ਭਾਰਤ’ ਹਾਸਲ ਕਰਨਾ ਭਾਜਪਾ ਦੇ ਲਈ ਚੁਣੌਤੀ

Monday, Sep 02, 2024 - 07:51 PM (IST)

ਸੋਮਵਾਰ ਨੂੰ 2 ਦਿਲਚਸਪ ਖਬਰਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪਹਿਲੀ ਖਬਰ ਇਹ ਹੈ ਕਿ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ, ਜੋ ਝਾਰਖੰਡ ਮੁਕਤੀ ਮੋਰਚਾ ਦੇ ਪ੍ਰਭਾਵਸ਼ਾਲੀ ਆਦਿਵਾਸੀ ਆਗੂ ਹਨ, ਭਾਜਪਾ ’ਚ ਸ਼ਾਮਲ ਹੋ ਗਏ, ਜਿਸ ਨਾਲ ਦਰਾਮਦ ਕੀਤੇ ਨੇਤਾਵਾਂ ਦੀ ਗਿਣਤੀ ’ਚ ਵਾਧਾ ਹੋਇਆ। ਚੰਪਈ ਸੋਰੇਨ ਉਦੋਂ ਨਾਰਾਜ਼ ਹੋ ਗਏ ਜਦੋਂ ਕਥਿਤ ਤੌਰ ’ਤੇ ਘਪਲੇ ’ਚ ਸ਼ਾਮਲ ਮੌਜੂਦਾ ਮੁੱਖ ਮੰਤਰੀ ਹੇਮੰਤ ਸੋਰੇਨ ਜ਼ਮਾਨਤ ’ਤੇ ਬਾਹਰ ਆਏ ਅਤੇ ਮੁੜ ਤੋਂ ਮੁੱਖ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਹੋ ਗਏ। ਚੰਪਈ ਕੁਝ ਹੀ ਮਹੀਨੇ ਮੁੱਖ ਮੰਤਰੀ ਰਹੇ।

ਭਾਜਪਾ ਨੇ ਇਸ ਮੌਕੇ ਦਾ ਲਾਭ ਉਠਾ ਕੇ ਉਨ੍ਹਾਂ ਨੂੰ ਹਥਿਆ ਲਿਆ। ਭਗਵਾ ਪਾਰਟੀ ਵਿਸਥਾਰ ਲਈ 2 ਪੱਧਰਾਂ ’ਤੇ ਕੰਮ ਕਰ ਰਹੀ ਹੈ। ਇਕ ਹੈ ਦੂਜੀਆਂ ਪਾਰਟੀਆਂ ’ਚੋਂ ਮਸ਼ਹੂਰ ਆਗੂਆਂ ਨੂੰ ਲਿਆਉਣਾ ਅਤੇ ਦੂਜਾ ਹੈ ਨਵੇਂ ਮੈਂਬਰਾਂ ਨੂੰ ਜੋੜਨਾ। ਭਾਜਪਾ ਦੀ ਯੋਜਨਾ ਸਮਾਨਾਂਤਰ ਤੌਰ ’ਤੇ 10 ਕਰੋੜ ਨਵੇਂ ਸੂਬਾ ਮੈਂਬਰ ਬਣਾਉਣ ਦੀ ਹੈ। ਇਹ ਮੁਹਿੰਮ 2 ਪੜਾਵਾਂ ’ਚ, 2 ਤੋਂ 25 ਸਤੰਬਰ ਅਤੇ 1 ਤੋਂ 15 ਅਕਤੂਬਰ ’ਚ ਹੋਵੇਗੀ।

ਭਾਜਪਾ ਪਹਿਲਾਂ ਤੋਂ ਹੀ 18 ਕਰੋੜ ਮੈਂਬਰਾਂ ਨਾਲ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੇ 13 ਕਰੋੜ ਮੈਂਬਰ ਹਨ। ਹਾਲ ਦੇ ਘਟਨਾਕ੍ਰਮਾਂ ਨੂੰ 2 ਨਜ਼ਰੀਆਂ ਤੋਂ ਦੇਖਿਆ ਜਾ ਸਕਦਾ ਹੈ। ਵੀ. ਵੀ. ਆਈ. ਪੀ. ਨੂੰ ਆਕਰਸ਼ਿਤ ਕਰਨ ’ਚ ਭਾਜਪਾ ਦੀ ਸਫਲਤਾ ਅਤੇ ਇਸ ਦਾ ਜਾਣਬੁੱਝ ਕੇ ਕੀਤਾ ਗਿਆ ਵਿਸਥਾਰ ਪ੍ਰੋਗਰਾਮ।

ਨੈਸ਼ਨਲ ਇਲੈਕਸ਼ਨ ਵਾਚ-ਏ. ਡੀ. ਆਰ. ਅਨੁਸਾਰ, ਦਲਬਦਲ ਅਤੇ ਪਾਰਟੀ ਬਦਲਣ ਦੇ ਮਹੱਤਵਪੂਰਨ ਕਾਰਨਾਂ ’ਚ ਕਦਰਾਂ-ਕੀਮਤਾਂ ਆਧਾਰਿਤ ਸਿਆਸਤ ਦੀ ਘਾਟ, ਪੈਸੇ ਅਤੇ ਸੱਤਾ ਦਾ ਲਾਲਚ, ਸਨਮਾਨਿਤ ਸਿਆਸੀ ਅਹੁਦਾ ਅਤੇ ਹੁਨਰ, ਇਮਾਨਦਾਰ ਅਤੇ ਭਰੋਸੇਯੋਗ ਆਗੂਆਂ ਦੀ ਘਾਟ ਸ਼ਾਮਲ ਹੈ।

ਚੰਪਈ ਇਕੱਲੇ ਅਜਿਹੇ ਵਿਅਕਤੀ ਨਹੀਂ ਹਨ ਜਿਨ੍ਹਾਂ ਨੂੰ ਭਾਜਪਾ ਨੇ ਭਰਮਾਇਆ ਹੈ। ਪਿਛਲੇ ਦਹਾਕੇ ’ਚ, 13 ਸਾਬਕਾ ਮੁੱਖ ਮੰਤਰੀ, ਮੁੱਖ ਤੌਰ ’ਤੇ ਕਾਂਗਰਸ ’ਚੋਂ, ਭਾਜਪਾ ’ਚ ਸ਼ਾਮਲ ਹੋਏ। ਇਹ ਹੋਰਨਾਂ ਪਾਰਟੀਆਂ ਤੋਂ ਪ੍ਰਸਿੱਧ ਆਗੂਆਂ ਨੂੰ ਦਰਾਮਦ ਕਰ ਰਹੀ ਹੈ ਕਿਉਂਕਿ ਨਵੇਂ ਨੇਤਾਵਾਂ ਨੂੰ ਤਿਆਰ ਕਰਨਾ ਸੌਖਾ ਹੈ। ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ, ਜਿਨ੍ਹਾਂ ਨੂੰ ਕਾਂਗਰਸ ’ਚੋਂ ਦਰਾਮਦ ਕੀਤਾ ਗਿਆ ਹੈ, ਇਸ ਦੀ ਇਕ ਪ੍ਰਮੁੱਖ ਉਦਾਹਰਣ ਹੈ। ਸਰਮਾ ਉੱਤਰ-ਪੂਰਬ ’ਚ ਪ੍ਰਸਿੱਧ ਵਿਅਕਤੀ ਬਣ ਗਏ ਹਨ।

ਪਿਛਲੇ ਦਹਾਕੇ ’ਚ, ਭਾਜਪਾ ਨੇ ਆਪਣੀਆਂ ਸੰਗਠਨਾਤਮਕ ਪੈੜਾਂ ’ਚ ਵਰਣਨਯੋਗ ਵਾਧਾ ਦੇਖਿਆ ਹੈ। 1980 ਦੇ ਦਹਾਕੇ ’ਚ, ਉੱਚ-ਮੱਧਮ ਵਰਗ, ਸ਼ਹਿਰੀ ਅਤੇ ਹਿੰਦੂਆਂ ਨੇ ਮੁੱਖ ਤੌਰ ’ਤੇ ਭਾਜਪਾ ਦਾ ਸਮਰਥਨ ਕੀਤਾ। ਉਦੋਂ ਤੋਂ ਇਸ ਨੇ ਇਕ ਵਿਆਪਕ ਸਿਆਸੀ ਆਧਾਰ ਬਣਾਇਆ ਹੈ, ਜੋ ਇਸ ਦੇ ਵਧਦੇ ਪ੍ਰਭਾਵ ਨੂੰ ਦਰਸਾਉਂਦਾ ਹੈ। 2014 ਅਤੇ 2019 ਦਰਮਿਆਨ ਦੇਸ਼ ਭਰ ’ਚ ਲਗਭਗ 180 ਮਿਲੀਅਨ ਲੋਕ ਇਸ ’ਚ ਸ਼ਾਮਲ ਹੋਏ।

ਵੱਖ-ਵੱਖ ਪਾਰਟੀਆਂ ਦੇ 80,000 ਨੇਤਾ ਅਤੇ ਵਰਕਰ ਭਾਜਪਾ ’ਚ ਸ਼ਾਮਲ ਹੋਏ ਹਨ, ਜਿਸਦਾ ਟੀਚਾ ਰਾਸ਼ਟਰੀ ਅਤੇ ਜ਼ਿਲਾ ਪੱਧਰ ’ਤੇ ਲਗਭਗ 100,000 ਨੇਤਾਵਾਂ ਦੀ ਭਰਤੀ ਕਰਨਾ ਹੈ।

ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਮੁੱਖ ਨੇਤਾਵਾਂ ’ਚ ਹਿੰਮਤ ਬਿਸਵਾ ਸਰਮਾ, ਕੈਪਟਨ ਅਮਰਿੰਦਰ ਸਿੰਘ, ਜਿਤਿਨ ਪ੍ਰਸਾਦ, ਆਰ. ਪੀ. ਐੱਨ. ਸਿੰਘ, ਮਿਲਿੰਦ ਦੇਵੜਾ ਅਤੇ ਜਯੋਤਿਰਾਦਿੱਤਿਆ ਸਿੰਧੀਆ ਸ਼ਾਮਲ ਹਨ।

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ, ਰਿਤੇਸ਼ ਪਾਂਡੇ, ਸੰਗੀਤਾ ਆਜ਼ਾਦ ਅਤੇ ਹੋਰ ਹਾਲ ਹੀ ’ਚ ਭਾਜਪਾ ’ਚ ਸ਼ਾਮਲ ਹੋਏ ਹਨ। ਉਹ ਕਾਂਗਰਸ, ਬਹੁਜਨ ਸਮਾਜ ਪਾਰਟੀ, ਅਖਿਲ ਭਾਰਤੀ ਤ੍ਰਿਣਮੂਲ ਕਾਂਗਰਸ ਅਤੇ ਵਾਈ. ਐੱਸ. ਆਰ. ਸੀ. ਪੀ. ਵਰਗੀਆਂ ਵੱਖ-ਵੱਖ ਸਿਆਸੀ ਪਾਰਟੀਆਂ ’ ਚੋਂ ਆਉਂਦੇ ਹਨ।

ਨੇਤਾ ਦਲਬਦਲ ਕਿਉਂ ਕਰਦੇ ਹਨ? : ਇਨ੍ਹਾਂ ਨੇਤਾਵਾਂ ਨੂੰ ਡਰ ਹੈ ਕਿ ਜਦੋਂ ਉਨ੍ਹਾਂ ਦੀ ਪਾਰਟੀ ਸੱਤਾ ਗੁਆ ਦੇਵੇਗੀ ਤਾਂ ਉਹ ਸਿਆਸੀ ਤੌਰ ’ਤੇ ਗੈਰ-ਪ੍ਰਾਸੰਗਿਕ ਹੋ ਜਾਣਗੇ। ਮੁੱਖ ਭਾਜਪਾ ਦੇ ਨਾਲ ਗੱਠਜੋੜ ਕਰ ਕੇ, ਉਹ ਕੰਟਰੋਲ ਹਾਸਲ ਕਰਨ ਦੀ ਆਸ ਕਰਦੇ ਹਨ। ਉਹ ਆਪਣੇ ਬੱਚਿਆਂ ਲਈ ਇਕ ਸਿਆਸੀ ਭਵਿੱਖ ਵੀ ਸੁਰੱਖਿਅਤ ਕਰਨਾ ਚਾਹੁੰਦੇ ਹਨ।

ਭਾਜਪਾ ਨੂੰ ਮੈਂਬਰਾਂ ਦੇ ਦਲ ਬਦਲਣ ਨਾਲ ਸਭ ਤੋਂ ਵੱਧ ਲਾਭ ਹੋਇਆ ਜਦਕਿ ਕਾਂਗਰਸ ਨੂੰ 2014 ਦੇ ਬਾਅਦ ਤੋਂ ਸਭ ਤੋਂ ਵੱਧ ਨੁਕਸਾਨ ਹੋਇਆ। ਚਿੰਤਾ ਹੈ ਕਿ ਭਾਜਪਾ ਉਨ੍ਹਾਂ ਦੇ ਵਿਧਾਇਕਾਂ ਨੂੰ ਆਪਣੀ ਪਾਰਟੀ ’ਚ ਸ਼ਾਮਲ ਹੋਣ ਲਈ ਭਰਮਾਏਗੀ।

ਏ. ਡੀ. ਆਰ. ਵਿਸ਼ਲੇਸ਼ਣ ਦੇ ਅਨੁਸਾਰ, ਹੋਰਨਾਂ ਪਾਰਟੀਆਂ ਦੇ ਕਈ ਆਗੂ ਭਾਜਪਾ ’ਚ ਸ਼ਾਮਲ ਹੋਏ ਹਨ। ਪਾਰਟੀ ਬਦਲਣ ਵਾਲੇ 22 ਫੀਸਦੀ ਉਮੀਦਵਾਰ ਮੁੜ ਤੋਂ ਚੋਣ ਲੜ ਕੇ ਭਾਜਪਾ ’ਚ ਸ਼ਾਮਲ ਹੋ ਗਏ। ਇਸ ਦੇ ਬਾਅਦ 10 ਫੀਸਦੀ ਕਾਂਗਰਸ ਅਤੇ 6 ਫੀਸਦੀ ਬਸਪਾ ਵੀ ਸ਼ਾਮਲ ਹੋ ਗਏ। ਪਿਛਲੇ ਇਕ ਦਹਾਕੇ ’ਚ ਭਾਜਪਾ ਨੇ ਕਈ ਸਾਬਕਾ ਮੁੱਖ ਮੰਤਰੀਆਂ ਸਮੇਤ ਹੋਰਨਾਂ ਪਾਰਟੀਆਂ ਦੇ ਕਈ ਨੇਤਾਵਾਂ ਨੂੰ ਆਕਰਸ਼ਿਤ ਕੀਤਾ ਹੈ। ਇਹ ਰਣਨੀਤੀ ਚੰਗੀ ਤਰ੍ਹਾਂ ਕੰਮ ਕਰ ਰਹੀ ਹੈ।

ਦਲਬਦਲੂਆਂ ਦਾ ਸਵਾਗਤ ਕਿਉਂ : ਭਾਜਪਾ ਇਨ੍ਹਾਂ ਦਲਬਦਲੂਆਂ ਦਾ ਸਵਾਗਤ ਕਿਉਂ ਕਰਦੀ ਹੈ? ਇਸ ਦੇ 3 ਮੁੱਖ ਕਾਰਨ ਹਨ। ਪਹਿਲਾ, ਇਹ ਉਸ ਪਾਰਟੀ ਨੂੰ ਕਮਜ਼ੋਰ ਕਰਦਾ ਹੈ ਜਿਸ ’ਚੋਂ ਦਲਬਦਲ ਹੁੰਦਾ ਹੈ। ਦੂਜਾ, ਇਹ ਭਾਜਪਾ ਨੂੰ ਸਥਾਪਿਤ ਪਾਰਟੀਆਂ ’ਚੋਂ ਪ੍ਰਸਿੱਧ ਨੇਤਾਵਾਂ ਨੂੰ ਹਾਸਲ ਕਰਨ ਦਾ ਮੌਕਾ ਦਿੰਦਾ ਹੈ ਜਿਸ ਨਾਲ ਉਸ ਦੀ ਰੈਂਕ ਮਜ਼ਬੂਤ ਹੁੰਦੀ ਹੈ। ਤੀਜਾ, ਸੂਬਾ ਅਤੇ ਜ਼ਿਲਾ ਪੱਧਰ ’ਤੇ ਵਿਕਸਿਤ ਦੂਜੀ ਕਤਾਰ ਦੇ ਨੇਤਾਵਾਂ ਦੀ ਭਾਜਪਾ ਦੀ ਲੋੜ ਨੂੰ ਦੇਖਦੇ ਹੋਏ, ਦਰਾਮਦ ਕੀਤੇ ਮਰਦਾਂ ਅਤੇ ਔਰਤਾਂ ਨੂੰ ਸ਼ਾਮਲ ਕਰਨਾ ਸੌਖਾ ਹੈ, ਜਿਸ ਨਾਲ ਪਾਰਟੀ ਦੀ ਤਾਕਤ ਦਾ ਪ੍ਰਦਰਸ਼ਨ ਹੁੰਦਾ ਹੈ।

ਅਜਿਹਾ ਨਹੀਂ ਹੈ ਕਿ ਨਾਰਾਜ਼ ਹੋਏ ਆਗੂਆਂ ਨੇ ਭਾਜਪਾ ਨਹੀਂ ਛੱਡੀ। ਕਲਿਆਣ ਸਿੰਘ, ਸ਼ੰਕਰ ਸਿੰਘ ਵਾਘੇਲਾ ਅਤੇ ਯੇਦੀਯੁਰੱਪਾ (ਸਾਰੇ ਮੁੱਖ ਮੰਤਰੀ) ਵਰਗੇ ਕੁਝ ਲੋਕਾਂ ਨੇ ਆਪਣੀਆਂ ਪਾਰਟੀਆਂ ਸ਼ੁਰੂ ਕੀਤੀਆਂ ਪਰ ਅਸਫਲ ਹੋਣ ’ਤੇ ਭਾਜਪਾ ’ਚ ਵਾਪਸ ਆ ਗਏ।

ਭਾਜਪਾ ਦੀ ਡੂੰਘੀ ਵਿਚਾਰਕ ਸੋਚ ਇਸ ਨੂੰ ਇਕੱਠਿਆਂ ਰੱਖਦੀ ਹੈ। ਭਾਜਪਾ ਦੇ ਪੁਰਾਣੇ ਵਫਾਦਾਰ ਮੈਂਬਰ ਉਦੋਂ ਨਾਰਾਜ਼ ਹੁੰਦੇ ਹਨ ਜਦੋਂ ਨਵੇਂ ਲੋਕਾਂ ਨੂੰ ਚੰਗੇ ਅਹੁਦੇ ਮਿਲਦੇ ਹਨ ਜਦਕਿ ਉਹ ਪਾਰਟੀ ਦੇ ਪ੍ਰਤੀ ਵਫਾਦਾਰ ਰਹੇ ਹਨ। ਅਜਿਹਾ ਪਹਿਲਾਂ ਵੀ ਹੋ ਚੁੱਕਾ ਹੈ। ਵਾਜਪਾਈ ਦੀ ਅਗਵਾਈ ’ਚ ਪਾਰਟੀ ਕੁਝ ਵਿਅਕਤੀਆਂ ਨੂੰ ਹੀ ਸ਼ਾਮਲ ਕਰ ਸਕੀ ਅਤੇ ਬਾਕੀ ਲੋਕ ਚਲੇ ਗਏ। ਪਾਰਟੀ ਦਾ ਵਾਧਾ ਤਾਂ ਹੋਇਆ ਹੈ ਪਰ ਇਸ ਦੀ ਅਗਵਾਈ ’ਤੇ ਅਜੇ ਵੀ ਰੱਜੇ-ਪੁੱਜੇ ਲੋਕਾਂ ਦਾ ਦਬਦਬਾ ਹੈ।

ਭਾਜਪਾ ’ਚ ਤਾਕਤ ਹੈ ਪਰ ਆਪਣੀ ਸੀਮਤ ਵਿਚਾਰਧਾਰਾ, ਹਮਲਾਵਰ ਵਤੀਰੇ, ਆਤਮ-ਸੰਤੁਸ਼ਟੀ ਅਤੇ ਹੰਕਾਰ ਲਈ ਆਲੋਚਨਾ ਦਾ ਸਾਹਮਣਾ ਕਰਦੀ ਹੈ।

ਭਾਜਪਾ ਦੀ ਆਉਣ ਵਾਲੀ ਮੈਂਬਰੀ ਮੁਹਿੰਮ ਦੀ ਪ੍ਰੀਖਿਆ 2024 ਦੀਆਂ ਚੋਣਾਂ ਦੇ ਬਾਅਦ ਹੋਵੇਗੀ। ਇਸ ਮੁਹਿੰਮ ਰਾਹੀਂ ਭਾਜਪਾ ਆਪਣੇ ਮੈਂਬਰਾਂ ਬਾਰੇ ਡਾਟਾ ਇਕੱਠਾ ਕਰਦੀ ਹੈ ਜਿਸ ’ਚ ਉਨ੍ਹਾਂ ਦੀ ਜਾਤੀ, ਲਿੰਗ, ਉਮਰ, ਰਿਹਾਇਸ਼ ਅਤੇ ਹੋਰ ਵੇਰਵੇ ਸ਼ਾਮਲ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਕਾਂਗਰਸ ਮੁਕਤ ਭਾਰਤ’ ਹਾਸਲ ਕਰਨਾ ਚਾਹੁੰਦੇ ਹਨ ਪਰ ਇਹ ਚੁਣੌਤੀਪੂਰਨ ਹੋ ਸਕਦਾ ਹੈ। ਤੁਸੀਂ ਇਕ ਦਿਨ ’ਚ 140 ਸਾਲ ਪੁਰਾਣੀ ਪਾਰਟੀ ਤੋਂ ਖਹਿੜਾ ਨਹੀਂ ਛੁਡਾ ਸਕਦੇ। ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ’ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਸੱਤਾ ’ਚ ਬਣੇ ਰਹਿਣ ਲਈ ਭਾਜਪਾ ਨੂੰ ਕਾਂਗਰਸ ਦੀਆਂ ਗਲਤੀਆਂ ਨੂੰ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ।

ਕਲਿਆਣੀ ਸ਼ੰਕਰ


Rakesh

Content Editor

Related News