ਭਾਰਤ ਬਣਿਆ ਸੜਕ ਹਾਦਸਿਆਂ ਦੀ ਰਾਜਧਾਨੀ, ਦਰਦਨਾਕ ਹਾਦਸਿਆਂ ’ਚ ਉੱਜੜ ਰਹੇ ਪਰਿਵਾਰ

Wednesday, Nov 06, 2024 - 02:17 AM (IST)

ਭਾਰਤ ਬਣਿਆ ਸੜਕ ਹਾਦਸਿਆਂ ਦੀ ਰਾਜਧਾਨੀ, ਦਰਦਨਾਕ ਹਾਦਸਿਆਂ ’ਚ ਉੱਜੜ ਰਹੇ ਪਰਿਵਾਰ

ਭਾਰਤ ’ਚ ਹਰ ਸਾਲ 4 ਲੱਖ ਤੋਂ ਵੱਧ ਸੜਕ ਹਾਦਸਿਆਂ ਦੇ ਹਿਸਾਬ ਨਾਲ ਰੋਜ਼ਾਨਾ ਔਸਤਨ 1263 ਸੜਕ ਹਾਦਸਿਆਂ ’ਚ 461 ਮੌਤਾਂ ਹੋ ਰਹੀਆਂ ਹਨ। ਹਾਲਾਤ ਦੀ ਗੰਭੀਰਤਾ ਦਾ ਅੰਦਾਜ਼ਾ ਪਿਛਲੇ ਸਿਰਫ 5 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :

* 1 ਨਵੰਬਰ ਨੂੰ ਹਾਥਰਸ (ਉੱਤਰ ਪ੍ਰਦੇਸ਼) ’ਚ ਇਕ ਕਾਰ ਬੇਕਾਬੂ ਹੋ ਕੇ ਟੋਏ ’ਚ ਜਾ ਡਿੱਗੀ ਜਿਸ ਨਾਲ ਇਕ ਹੀ ਪਰਿਵਾਰ ਦੇ 5 ਮੈਂਬਰਾਂ ਸਮੇਤ 6 ਲੋਕ ਮਾਰੇ ਗਏ।

* 1 ਨਵੰਬਰ ਨੂੰ ਹੀ ਪੰਜਾਬ ’ਚ ਵੱਖ-ਵੱਖ ਸੜਕ ਹਾਦਸਿਆਂ ’ਚ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਤੇ ਅੱਧਾ ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ।

* 1 ਨਵੰਬਰ ਨੂੰ ਹੀ ਬਦਾਯੂੰ (ਉੱਤਰ ਪ੍ਰਦੇਸ਼) ’ਚ ਇਕ ਟੈਂਪੋ ਅਤੇ ਟ੍ਰੈਕਟਰ ਦੀ ਟੱਕਰ ’ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਸਮੇਤ 6 ਲੋਕਾਂ ਦੀ ਮੌਤ ਹੋ ਗਈ।

* 2 ਨਵੰਬਰ ਨੂੰ ਸੁੰਦਰਗੜ੍ਹ (ਓਡਿਸ਼ਾ) ਜ਼ਿਲੇ ਦੇ ‘ਹੇਮਗਿਰ’ ਵਿਚ ਇਕ ਵੈਨ ਅਤੇ ਟਰਾਲੇ ਦੀ ਟੱਕਰ ’ਚ 5 ਲੋਕਾਂ ਦੀ ਮੌਤ ਤੇ 5 ਹੋਰ ਜ਼ਖਮੀ ਹੋ ਗਏ।

* 2 ਨਵੰਬਰ ਨੂੰ ਹੀ ਕ੍ਰਿਸ਼ਨਾਗਿਰੀ (ਤਾਮਿਲਨਾਡੂ) ਦੇ ‘ਹੋਸੁਰ’ ਦੇ ਨੇੜੇ ਸੜਕ ਪਾਰ ਕਰ ਰਹੇ ਇਕ ਮਾਂ-ਬੇਟੇ ਨੂੰ ਤੇਜ਼ ਰਫਤਾਰ ਟਰੱਕ ਨੇ ਦਰੜ ਦਿੱਤਾ।

* 2 ਨਵੰਬਰ ਨੂੰ ਹੀ ਰਿਆਸੀ (ਜੰਮੂ-ਕਸ਼ਮੀਰ) ’ਚ ‘ਚਸਾਨਾ’ ਦੇ ਨੇੜੇ ਇਕ ਕਾਰ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ।

* 2 ਨਵੰਬਰ ਨੂੰ ਹੀ ਬੈਂਗਲੁਰੂ (ਕਰਨਾਟਕ) ’ਚ ਨਸ਼ੇ ਦੀ ਹਾਲਤ ’ਚ ਵਾਹਨ ਚਲਾ ਰਹੇ ਇਕ ਨੌਜਵਾਨ ਨੇ ਸੜਕ ਪਾਰ ਕਰ ਰਹੀ ਇਕ ਔਰਤ ਨੂੰ ਦਰੜ ਦਿੱਤਾ।

* 4 ਨਵੰਬਰ ਨੂੰ ਪੌੜੀ (ਉੱਤਰਾਖੰਡ) ਤੋਂ ਰਾਮਨਗਰ ਜਾ ਰਹੀ ਇਕ ਬੱਸ ਅਲਮੋੜਾ ਦੇ ਮਾਰਚੂਲਾ ਖੇਤਰ ’ਚ 200 ਫੁੱਟ ਡੂੰਘੀ ਖੱਡ ’ਚ ਜਾ ਡਿੱਗੀ ਜਿਸ ਨਾਲ ਡਰਾਈਵਰ ਸਮੇਤ 36 ਯਾਤਰੀਆਂ ਦੀ ਮੌਤ ਅਤੇ 24 ਹੋਰ ਜ਼ਖਮੀ ਹੋ ਗਏ ਜਿਨ੍ਹਾਂ ’ਚੋਂ 4 ਦੀ ਹਾਲਤ ਗੰਭੀਰ ਹੈ। 42 ਸੀਟਾਂ ਵਾਲੀ ਬੱਸ ’ਚ 60 ਤੋਂ ਵੱਧ ਯਾਤਰੀ ਸਵਾਰ ਸਨ।

ਇਸ ’ਚ ਜ਼ਖਮੀ ਹੋਣ ਵਾਲਿਆਂ ਨੇ ਹਾਦਸੇ ਦੇ ਕਈ ਸੰਭਾਵੀ ਕਾਰਨ ਦੱਸੇ ਹਨ ਜਿਨ੍ਹਾਂ ’ਚ ਬੱਸ ’ਚ ਜ਼ਿਆਦਾ ਭੀੜ, ਤੇਜ਼ ਗਤੀ ਅਤੇ ਤਕਨੀਕੀ ਖਾਮੀਆਂ ਸ਼ਾਮਲ ਹਨ। ਸਾਰੀਆਂ ਸੀਟਾਂ ਭਰੀਆਂ ਹੋਣ ਦੇ ਕਾਰਨ ਬੱਸ ’ਚ ਘੱਟ ਤੋਂ ਘੱਟ 20 ਯਾਤਰੀ ਖੜ੍ਹੇ ਸਨ।

ਬੱਸ ਦੇ ਡਰਾਈਵਰ ਵਲੋਂ ਖਤਰਨਾਕ ਮੋੜ ’ਤੇ ਬੱਸ ਮੋੜਨ ਦੀ ਕੋਸ਼ਿਸ਼ ਦੌਰਾਨ ਕਮਾਨੀ ਦਾ ਟੁੱਟਣਾ ਹਾਦਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ। ਯਾਤਰੀਆਂ ਅਨੁਸਾਰ ਉਨ੍ਹਾਂ ਨੇ ਟਾਇਰ ਫਟਣ ਵਰਗੀ ਆਵਾਜ਼ ਵੀ ਸੁਣੀ ਅਤੇ ਬੱਸ ਹੇਠਾਂ ਡਿੱਗ ਗਈ। ਇਕ ਯਾਤਰੀ ਅਨੁਸਾਰ ਸੜਕ ਦੀ ਖਰਾਬ ਹਾਲਤ ਵੀ ਹਾਦਸੇ ਦਾ ਕਾਰਨ ਹੋ ਸਕਦੀ ਹੈ।

ਇਸ ਸਬੰਧ ’ਚ ਜਿਥੇ ਨੈਨੀਤਾਲ ਅਤੇ ਅਲਮੋੜਾ ਦੇ ਆਰ. ਟੀ. ਓ. ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਉਥੇ ਹੀ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਉਕਤ ਹਾਦਸੇ ’ਚ ਆਪਣੇ ਮਾਤਾ-ਪਿਤਾ ਨੂੰ ਗਵਾਉਣ ਵਾਲੀ ਤਿੰਨ ਸਾਲਾ ਬੱਚੀ ਸ਼ਿਵਾਨੀ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਐਲਾਨ ਕੀਤਾ ਹੈ।

ਉਕਤ ਹਾਦਸੇ ਦੇ ਅਗਲੇ ਦਿਨ ਵੀ ਸੜਕ ਹਾਦਸੇ ਜਾਰੀ ਰਹੇ ਜਿਨ੍ਹਾਂ ਦੌਰਾਨ :

* 5 ਨਵੰਬਰ ਨੂੰ ਦੇਹਰਾਦੂਨ (ਉੱਤਰਾਖੰਡ) ’ਚ ਇਕ ਯਾਤਰੀ ਬੱਸ ਤੇ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ’ਚ ਮੋਟਰਸਾਈਕਲ ਸਵਾਰ ਪਿਤਾ-ਪੁੱਤਰੀ ਦੀ ਮੌਤ ਹੋ ਗਈ ਜਦਕਿ 2 ਹੋਰ ਬੱਚੇ ਜ਼ਖਮੀ ਹੋ ਗਏ।

* 5 ਨਵੰਬਰ ਨੂੰ ਹੀ ਰਾਮਗੜ੍ਹ (ਝਾਰਖੰਡ) ’ਚ ਇਕ ਵਾਹਨ ਹਾਦਸੇ ’ਚ 2 ਔਰਤਾਂ ਅਤੇ 1 ਬੱਚੇ ਸਮੇਤ 4 ਲੋਕ ਮਾਰੇ ਗਏ।

* 5 ਨਵੰਬਰ ਨੂੰ ਹੀ ਭਿੰਡ (ਮੱਧ ਪ੍ਰਦੇਸ਼) ’ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ’ਚ 2 ਲੋਕਾਂ ਦੀ ਮੌਤ ਹੋ ਗਈ।

* 5 ਨਵੰਬਰ ਨੂੰ ਹੀ ਦਿੱਲੀ ’ਚ ਡੀ. ਟੀ. ਸੀ. ਦੀ ਇਕ ਬੱਸ ਦੇ ਹੇਠਾਂ ਆ ਕੇ 1 ਕਾਂਸਟੇਬਲ ਸਮੇਤ 2 ਲੋਕਾਂ ਦੀ ਮੌਤ ਹੋ ਗਈ।

* 5 ਨਵੰਬਰ ਨੂੰ ਹੀ ਪੰਜਾਬ ’ਚ ਮਲੋਟ, ਗੜ੍ਹਸ਼ੰਕਰ, ਦਸੂਹਾ ਅਤੇ ਬਰਨਾਲਾ ’ਚ ਵੱਖ-ਵੱਖ ਸੜਕ ਹਾਦਸਿਆਂ ’ਚ 1 ਬੱਚੀ ਸਮੇਤ 5 ਲੋਕਾਂ ਦੀ ਮੌਤ ਹੋ ਗਈ।

ਸਾਡੇ ਦੇਸ਼ ’ਚ ਵਾਹਨਾਂ ਦੀ ਰਫਤਾਰ ’ਚ ਵਾਧੇ ਦੇ ਨਾਲ ਹਾਦਸਿਆਂ ’ਚ ਵੀ ਵਾਧਾ ਹੋ ਰਿਹਾ ਹੈ ਜਿਸ ਨਾਲ ਪਰਿਵਾਰ ਉੱਜੜ ਰਹੇ ਹਨ। ਇਸ ਦੇ ਵੱਡੇ ਕਾਰਨਾਂ ’ਚ ਸੜਕ ਨਿਰਮਾਣ ’ਚ ਖਾਮੀਆਂ, ਸ਼ਹਿਰੀ, ਦਿਹਾਤੀ ਸੜਕਾਂ ਜਾਂ ਸੂਬਾਈ ਤੇ ਰਾਸ਼ਟਰੀ ਰਾਜਮਾਰਗਾਂ ਲਈ ਇਕੋ ਜਿਹੀ ਗਤੀ ਹੱਦ ਤੈਅ ਨਾ ਹੋਣਾ, ਬੱਸਾਂ ’ਚ ਤੈਅ ਤੋਂ ਵੱਧ ਗਿਣਤੀ ’ਚ ਯਾਤਰੀ ਬਿਠਾਉਣਾ, ਵਾਹਨ ਚਾਲਕਾਂ ਵਲੋਂ ਸ਼ਰਾਬ ਪੀ ਕੇ, ਮੋਬਾਈਲ ’ਤੇ ਗੱਲ ਕਰਦੇ ਹੋਏ ਅਤੇ ਬਿਨਾਂ ਆਰਾਮ ਕੀਤਿਆਂ ਲੰਬੇ ਸਮੇਂ ਤੱਕ ਵਾਹਨ ਚਲਾਉਣਾ ਆਦਿ ਸ਼ਾਮਲ ਹਨ।

ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਾ ਨਿਭਾਉਣ ਦੇ ਕਾਰਨ ਵੀ ਵਾਹਨ ਚਾਲਕ ਲਾਪਰਵਾਹੀ ਵਰਤਦੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ’ਚ ਵਧ ਰਹੀ ਤੇਜ਼ ਰਫਤਾਰ ਦੀ ਚਾਹਤ ਵੀ ਸੜਕ ਹਾਦਸਿਆਂ ’ਚ ਮੌਤਾਂ ਦਾ ਕਾਰਨ ਬਣ ਰਹੀ ਹੈ।

ਵਿਦੇਸ਼ਾਂ ’ਚ ਵੀ ਸੜਕਾਂ ’ਤੇ ਭੀੜ ਹੁੰਦੀ ਹੈ ਪਰ ਉਥੇ ਹਾਦਸੇ ਨਹੀਂ ਹੁੰਦੇ ਕਿਉਂਕਿ ਉਥੇ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਇਸ ਲਈ ਜਿਥੇ ਭਾਰਤ ’ਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦੇਣ ਦੀ ਲੋੜ ਹੈ, ਉਥੇ ਹੀ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੀ ਕਮੀ ਪੂਰੀ ਕਰਨ ਦੀ ਵੀ ਤੁਰੰਤ ਲੋੜ ਹੈ।

ਇਸ ਦੇ ਨਾਲ ਹੀ ਸੜਕਾਂ ’ਤੇ ਜਗ੍ਹਾ-ਜਗ੍ਹਾ ‘ਹੌਲੀ ਚੱਲੋ’, ‘ਅੱਗੇ ਤਿੱਖਾ ਮੋੜ ਹੈ’, ‘ਹਾਦਸੇ ਨਾਲੋਂ ਦੇਰ ਭਲੀ’ ਆਦਿ ਲਿਖੇ ‘ਚਿਤਾਵਨੀ ਬੋਰਡ’ ਅਤੇ ਰਿਫਲੈਕਟਰ ਵੀ ਲਗਾਉਣੇ ਚਾਹੀਦੇ ਹਨ।

–ਵਿਜੇ ਕੁਮਾਰ


author

Harpreet SIngh

Content Editor

Related News