ਗਣਤੰਤਰ ਦੇ 75 ਸਾਲ ਅਤੇ ਮੰਜ਼ਿਲ ਅਜੇ ਦੂਰ

Thursday, Jan 30, 2025 - 03:20 PM (IST)

ਗਣਤੰਤਰ ਦੇ 75 ਸਾਲ ਅਤੇ ਮੰਜ਼ਿਲ ਅਜੇ ਦੂਰ

ਕਿਉਂਕਿ ਅਸੀਂ ਆਪਣੇ ਗਣਤੰਤਰ ਦੇ 75 ਸਾਲ ਪੂਰੇ ਕਰ ਲਏ ਹਨ, ਇਸ ਲਈ ਇਹ ਸਮਾਂ ਹੈ ਕਿ ਅਸੀਂ ਪਿੱਛੇ ਮੁੜ ਕੇ ਦੇਖੀਏ ਅਤੇ ਵੱਖ-ਵੱਖ ਖੇਤਰਾਂ ’ਚ ਆਪਣੀ ਤਰੱਕੀ ਜਾਂ ਕਮੀ ’ਤੇ ਆਤਮ-ਨਿਰੀਖਣ ਕਰੀਏ ਅਤੇ ਅਸਲੀਅਤ ਦੀ ਜਾਂਚ ਕਰੀਏ ਕਿ ਕੀ ਅਸੀਂ ਆਜ਼ਾਦੀ ਘੁਲਾਟੀਆਂ ਅਤੇ ਸੰਵਿਧਾਨ ਨਿਰਮਾਤਾਵਾਂ ਦੀਆਂ ਆਸਾਂ ’ਤੇ ਖਰੇ ਉਤਰੇ ਹਾਂ। ਅਸਲ ’ਚ ਕੁਝ ਖੇਤਰਾਂ ’ਚ ਅਸੀਂ ਬਹੁਤ ਚੰਗਾ ਨਹੀਂ ਤਾਂ ਚੰਗਾ ਪ੍ਰਦਰਸ਼ਨ ਕੀਤਾ ਹੈ। ਕੁਝ ਹੋਰ ਖੇਤਰਾਂ ’ਚ ਅਸੀਂ ਤਸੱਲੀਬਖਸ਼ ਪੱਧਰ ਤਕ ਨਹੀਂ ਪਹੁੰਚ ਸਕੇ ਹਾਂ ਅਤੇ ਕੁਝ ਹੋਰ ਪਹਿਲੂਆਂ ’ਤੇ ਅਸੀਂ ਪਿੱਛੇ ਜਾ ਰਹੇ ਹਾਂ। ਜਦੋਂ ਅੰਗਰੇਜ਼ ਭਾਰਤ ’ਚ ਉਤਰੇ ਤਾਂ ਭਾਰਤ ਅਸਲ ’ਚ ‘ਸੋਨੇ ਦੀ ਚਿੜੀ ਸੀ’, ਜਿਸ ਦੀ ਦੁਨੀਆ ਦੇ ਕੁਲ ਘਰੇਲੂ ਉਤਪਾਦ (ਜੀ. ਡੀ.ਪੀ.) ’ਚ 25 ਫੀਸਦੀ ਹਿੱਸੇਦਾਰੀ ਸੀ। 1820 ਤਕ ਇਹ ਘਟ ਕੇ 16 ਫੀਸਦੀ ਰਹਿ ਗਈ ਅਤੇ 1870 ਤਕ ਇਹ 12 ਫੀਸਦੀ ’ਤੇ ਆ ਗਈ ਅਤੇ ਆਜ਼ਾਦੀ ਦੇ ਸਮੇਂ ਇਹ ਸਿਰਫ 4 ਫੀਸਦੀ ਦਰਜ ਕੀਤੀ ਗਈ। ਹੁਣ ਇਹ 3.8 ਫੀਸਦੀ ’ਤੇ ਹੈ ਜੋ ਮਾਣਮੱਤੇ ਅਤੀਤ ਤੋਂ ਬਹੁਤ ਦੂਰ ਹੈ ਅਤੇ ਸਿਰਫ ਥੋੜ੍ਹੀ ਉੱਪਰ ਵੱਲ ਵਧੀ ਹੈ।

ਮੋਦੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਸਾਡੀ ਅਰਥਵਿਵਸਥਾ 5 ਟ੍ਰਿਲੀਅਨ ਡਾਲਰ ਦੀ ਹੋ ਗਈ ਹੈ ਅਤੇ ਇਸ ਦਹਾਕੇ ਦੇ ਅੰਤ ਤਕ ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵਾਂਗੇ ਪਰ ਸਾਨੂੰ ਆਪਣੀ ਆਬਾਦੀ ਦੇ ਵੱਡੇ ਹਿੱਸੇ ਨੂੰ ਖੁਸ਼ਹਾਲ ਬਣਾਉਣ ਲਈ ਅਜੇ ਵੀ ਲੰਬਾ ਸਫਰ ਤੈਅ ਕਰਨਾ ਪੈਣਾ ਹੈ। ਬਦਕਿਸਮਤੀ ਨਾਲ ਨਵੇਂ ਅੰਕੜੇ ਦੱਸਦੇ ਹਨ ਕਿ ਬੇਹੱਦ ਧਨੀ ਅਤੇ ਬੇਹੱਦ ਗਰੀਬ ਦਰਮਿਆਨ ਪਾੜਾ ਵਧਦਾ ਜਾ ਰਿਹਾ ਹੈ। ਮੱਧ ਵਰਗ ਵੀ ਮਹਿੰਗਾਈ ਅਤੇ ਰੋਜ਼ਗਾਰ ਦੇ ਪੱਧਰ ’ਚ ਗਿਰਾਵਟ ਦਾ ਡੰਗ ਝੱਲ ਰਿਹਾ ਹੈ।

ਮੁਕਾਬਲੇ ਦੀ ਸਿਆਸਤ ਨੇ ਮੁਫਤਖੋਰੀ ਦੇ ਸੱਭਿਆਚਾਰ ਨੂੰ ਜਨਮ ਦਿੱਤਾ ਹੈ ਜਿਸ ’ਚ ਹਰ ਪਾਰਟੀ ਔਰਤਾਂ ਨੂੰ ਨਕਦ ਸਹਾਇਤਾ ਅਤੇ ਲਗਭਗ ਅੱਧੀ ਆਬਾਦੀ ਨੂੰ ਮੁਫਤ ਰਾਸ਼ਨ ਵਰਗੇ ਗੈਰ-ਉਤਪਾਦਕ ਖਰਚਿਆਂ ਦਾ ਐਲਾਨ ਕਰ ਕੇ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ 75 ਸਾਲਾਂ ਦੌਰਾਨ ਤਰੱਕੀ ਦੇ ਹੋਰ ਮਾਪਦੰਡਾਂ ਦੀ ਗੱਲ ਕਰੀਏ ਤਾਂ ਅਸੀਂ ਕਾਫੀ ਅੱਗੇ ਵਧੇ ਹਾਂ ਪਰ ਓਨਾ ਨਹੀਂ ਜਿੰਨਾ ਅਸੀਂ ਕਰ ਸਕਦੇ ਸੀ। ਮਿਸਾਲ ਲਈ, ਆਜ਼ਾਦੀ ਦੇ ਸਮੇਂ ਭਾਰਤ ’ਚ ਔਸਤ ਜੀਵਨ ਸਿਰਫ 32 ਸਾਲ ਸੀ ਅਤੇ ਹੁਣ ਇਹ ਲਗਭਗ 72 ਸਾਲ ਹੈ। ਹਾਲਾਂਕਿ ਸਿਹਤਮੰਦ ਜੀਵਨ ਅੱਜ ਵੀ ਲਗਭਗ 62 ਸਾਲਾਂ ਤਕ ਦਾ ਹੈ। ਸ਼ਹਿਰੀ ਇਲਾਕਿਆਂ ’ਚ ਸਿਹਤ ਸੇਵਾਵਾਂ ’ਚ ਕਾਫੀ ਸੁਧਾਰ ਹੋਇਆ ਹੈ ਪਰ ਪੇਂਡੂ ਇਲਾਕਿਆਂ ’ਚ ਅਜੇ ਵੀ ਸਥਿਤੀ ਖਰਾਬ ਹੈ। ਜੋ ਲੋਕ ਖਰਚ ਕਰ ਸਕਦੇ ਹਨ ਉਨ੍ਹਾਂ ਲਈ ਪੰਜ ਸਿਤਾਰਾ ਹਸਪਤਾਲ ਤਾਂ ਬਹੁਤ ਹਨ ਪਰ ਸਰਕਾਰੀ ਹਸਪਤਾਲਾਂ ’ਚ ਸਹੂਲਤਾਂ ਖਾਸ ਤੌਰ ’ਤੇ ਪੇਂਡੂ ਇਲਾਕਿਆਂ ’ਚ ਤਰਸਯੋਗ ਬਣੀਆਂ ਹੋਈਆਂ ਹਨ।

ਖੇਤੀ ਦੇ ਖੇਤਰ ’ਚ ਦੇਸ਼ ਨੇ ਜ਼ਿਕਰਯੋਗ ਤਰੱਕੀ ਕੀਤੀ ਹੈ। ਅਨਾਜ ਦੀ ਕਮੀ ਅਤੇ ਭੁੱਖ ਨਾਲ ਮਰਨ ਵਾਲੇ ਦੇਸ਼ ਤੋਂ ਇਹ ਅਨਾਜ ਭਰਪੂਰ ਦੇਸ਼ ਦੇ ਰੂਪ ’ਚ ਉੱਭਰਿਆ ਹੈ। ਇਕ ਸਮਾਂ ਸੀ ਜਦੋਂ ਅਸੀਂ ਦਾਨ ’ਤੇ ਨਿਰਭਰ ਰਹਿੰਦੇ ਸੀ ਅਤੇ ਅਮਰੀਕਾ ਤੋਂ ਘਟੀਆ ਕਿਸਮ ਦੇ ਅਨਾਜ ਦੀ ਉਡੀਕ ਕਰਦੇ ਸੀ। ‘ਹਰੇ ਇਨਕਲਾਬ’ ਦੀ ਬਦੌਲਤ ਅੱਜ ਅਸੀਂ ਮਜ਼ਬੂਤ ਸਥਿਤੀ ’ਚ ਹਾਂ। ਹਾਲਾਂਕਿ ਕਿਸਾਨਾਂ ਦੀ ਆਰਥਿਕ ਸਥਿਤੀ ’ਚ ਉਸੇ ਅਨੁਪਾਤ ’ਚ ਸੁਧਾਰ ਨਹੀਂ ਹੋਇਆ ਹੈ।ਆਤਮਨਿਰਭਰ ਬਣਨ ਦਾ ਨਾਅਰਾ ਹੈ ਅਤੇ ਅਸੀਂ ਨਾ ਸਿਰਫ ਨਾਗਿਰਕਾਂ ਦੀ ਵਰਤੋਂ ਲਈ ਸਾਮਾਨ ਬਣਾ ਰਹੇ ਹਾਂ ਸਗੋਂ ਉੱਚ ਸ਼੍ਰੇਣੀ ਦੇ ਉਪਗ੍ਰਹਿ, ਜਹਾਜ਼ ਅਤੇ ਹਥਿਆਰ ਵੀ ਬਣਾ ਰਹੇ ਹਾਂ। ਇਸੇ ਤਰ੍ਹਾਂ ਅਸੀਂ ਅੰਗਰੇਜ਼ਾਂ ਵਲੋਂ ਛੱਡੇ ਗਏ ਬੁਨਿਆਦੀ ਢਾਂਚੇ ਦੀ ਬੇਹੱਦ ਖਰਾਬ ਸਥਿਤੀ ਤੋਂ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਰੇਲਵੇ ਨੈੱਟਵਰਕ ਸਿਰਫ 55,000 ਕਿਲੋਮੀਟਰ ਸੀ ਜੋ ਹੁਣ ਵਧ ਕੇ 1,26,000 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਰਾਜਮਾਰਗਾਂ ਦਾ ਨੈੱਟਵਰਕ ਲਗਭਗ 21,000 ਕਿਲੋਮੀਟਰ ਤੋਂ ਵਧ ਕੇ 1,36,000 ਕਿਲੋਮੀਟਰ ਹੋ ਗਿਆ ਹੈ।

ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਰੂਪ ’ਚ ਸਾਡਾ ਟਰੈਕ ਰਿਕਾਰਡ ਕਾਫੀ ਚੰਗਾ ਰਿਹਾ ਹੈ। ਇਕ ਵੱਡਾ ਕਾਲਾ ਧੱਬਾ 1975 ’ਚ ਅੰਦਰੂਨੀ ਐਮਰਜੈਂਸੀ ਲਾਗੂ ਕਰਨਾ ਸੀ ਜਦੋਂ ਸਾਡੇ ਮੌਲਿਕ ਅਧਿਕਾਰਾਂ ’ਤੇ ਵੀ ਰੋਕ ਲੱਗ ਗਈ ਸੀ। ਉਸ ਪਿਛੋਂ ਭਾਰਤ ਨੇ ਵਾਪਸੀ ਕੀਤੀ ਹੈ ਪਰ ਸਰਕਾਰਾਂ ਨਿੱਜੀ ਆਜ਼ਾਦੀ ’ਤੇ ਹਮਲਾ ਕਰਨਾ ਜਾਰੀ ਰੱਖਦੀਆਂ ਹਨ। ਪਿਛਲਾ ਦਹਾਕਾ ਇਸ ਪਹਿਲੂ ’ਚ ਸਭ ਤੋਂ ਖਰਾਬ ਰਿਹਾ ਹੈ। ਯੂ. ਏ. ਪੀ. ਏ. ਵਰਗੇ ਸਖਤ ਕਾਨੂੰਨਾਂ ਦੀ ਸਿਆਸੀ ਜਾਂ ਵਿਚਾਰਕ ਵਿਰੋਧੀਆਂ ਅਤੇ ਇਥੋਂ ਤਕ ਕਿ ਮੀਡੀਆ ਕਰਮੀਆਂ ਖਿਲਾਫ ਵੀ ਦੁਰਵਰਤੋਂ ਕੀਤੀ ਗਈ ਹੈ। ਇਸੇ ਤਰ੍ਹਾਂ ਸੀ. ਬੀ. ਆਈ., ਇਨਫੋਰਸਮੈਂਟ ਡਾਇਰੈਕਟੋਰੇਟ ਅਤੇ ਇਨਕਮ ਟੈਕਸ ਵਰਗੀਆਂ ਏਜੰਸੀਆਂ ਨੂੰ ਸਰਕਾਰ ਨੇ ਹਥਿਆਰ ਬਣਾ ਲਿਆ ਜੋ ਇਕ ਜਮਹੂਰੀ ਦੇਸ਼ ਵਜੋਂ ਸਾਡੇ ਅਕਸ ਨੂੰ ਬਿਲਕੁਲ ਵੀ ਚੰਗਾ ਨਹੀਂ ਬਣਾਉਂਦਾ ਹੈ।

ਇਕ ਹੋਰ ਖੇਤਰ ਜਿਥੇ ਸਾਡਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ ਹੈ, ਉਹ ਹੈ ਨਿਆਂ ਦੀ ਵੰਡ ਜਾਂ ਨਿਆਂ ਵੰਡ ਪ੍ਰਣਾਲੀ। ਤਾਜ਼ਾ ਅੰਕੜਿਆਂ ਅਨੁਸਾਰ ਉੱਚ ਅਦਾਲਤਾਂ ਅਤੇ ਹੇਠਲੀਆਂ ਅਦਾਲਤਾਂ ’ਚ 5 ਕਰੋੜ ਤੋਂ ਵੱਧ ਮਾਮਲੇ ਪੈਂਡਿੰਗ ਹਨ। ਕਾਰਜਕਾਰੀ ਅਦਾਲਤਾਂ ’ਚ ਵੀ ਇੰਨੀ ਹੀ ਗਿਣਤੀ ’ਚ ਮਾਮਲੇ ਪੈਂਡਿੰਗ ਹਨ। ਸੁਣਵਾਈ ਕਈ ਸਾਲਾਂ ਤਕ ਚਲਦੀ ਰਹਿੰਦੀ ਹੈ ਅਤੇ ਕਈ ਵਾਰ ਦਹਾਕਿਆਂ ਤਕ ਵੀ ਚਲਦੀ ਰਹਿੰਦੀ ਹੈ।

ਇਕ ਖੇਤਰ ਜਿਥੇ ਅਸੀਂ ਪਿੱਛੇ ਜਾ ਰਹੇ ਹਾਂ, ਉਹ ਹੈ ਸਮਾਜ ’ਚ ਫਿਰਕਾਪ੍ਰਸਤੀ। ਹਿੰਦੂ-ਮੁਸਲਿਮ ਵੰਡ ਦੇ ਯਤਨ ਦੇਸ਼ ਨੂੰ ਹੇਠਾਂ ਵੱਲ ਲਿਜਾ ਰਹੇ ਹਨ। 2 ਭਾਈਚਾਰਿਆਂ ਦਰਮਿਆਨ ਸ਼ੱਕ ਦੇ ਬੀਜ ਬੀਜਣ ਦੇ ਜ਼ਬਰਦਸਤ ਯਤਨਾਂ ਨੇ ਉਨ੍ਹਾਂ ਲੋਕਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਕੀਤਾ ਹੈ ਜਿਨ੍ਹਾਂ ਨੂੰ ਕਦੇ ਹਾਸ਼ੀਏ ’ਤੇ ਮੰਨਿਆ ਜਾਂਦਾ ਸੀ। ਸਾਨੂੰ ਜਾਤ, ਪੰਥ ਅਤੇ ਲਿੰਗ ਤੋਂ ਪਰੇ ਸਮਾਜ ਦੇ ਸਾਰੇ ਵਰਗਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਦੁਨੀਆ ’ਚ ਕਿਤੇ ਹੋਰ ਕੱਟੜਪੰਥੀ ਇਸਲਾਮੀ ਸਮੂਹਾਂ ਵਲੋਂ ਬਣਾਏ ਗਏ ਡੂੰਘੇ ਖੱਡੇ ’ਚ ਨਾ ਡਿੱਗੀਏ। ਆਓ ਅਸੀਂ ਉਭਾਰ, ਵਿਕਾਸ ਅਤੇ ਤਰੱਕੀ ’ਤੇ ਧਿਆਨ ਕੇਂਦਰਿਤ ਕਰੀਏ ਤਾਂ ਕਿ ਸਾਰੇ ਨਾਗਿਰਕ ਆਜ਼ਾਦੀ ਦਾ ਫਲ ਪ੍ਰਾਪਤ ਕਰ ਸਕਣ।

-ਵਿਪਿਨ ਪੱਬੀ


author

Tanu

Content Editor

Related News