ਤੀਜੇ ਵਿਸ਼ਵ ਯੁੱਧ ਦਾ ਮੰਡਰਾਅ ਰਿਹਾ ਖਤਰਾ, ਦੂਜੇ ਵਿਸ਼ਵ ਯੁੱਧ ਦੀਆਂ ਕੁਝ ਆ ਰਹੀਆਂ ਯਾਦਾਂ
Saturday, Nov 23, 2024 - 02:30 AM (IST)
ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਅਜਿਹਾ ਲੱਗਦਾ ਹੈ ਕਿ ਅਸੀਂ ਤੀਜੇ ਵਿਸ਼ਵ ਯੁੱਧ ਵੱਲ ਤੇਜ਼ੀ ਨਾਲ ਵਧ ਰਹੇ ਹਾਂ। ਹੁਣ ਤਕ 2 ਵਿਸ਼ਵ ਯੁੱਧ ਹੋ ਚੁੱਕੇ ਹਨ। ਪਹਿਲਾ ਵਿਸ਼ਵ ਯੁੱਧ 28 ਜੁਲਾਈ, 1914 ਤੋਂ 11 ਨਵੰਬਰ, 1918 ਤਕ ਚੱਲਿਆ ਅਤੇ ਇਸ ’ਚ ਲਗਭਗ 9 ਕਰੋੜ ਫੌਜੀਆਂ ਅਤੇ 1.3 ਕਰੋੜ ਨਾਗਰਿਕਾਂ ਦੀ ਮੌਤ ਹੋਈ ਸੀ।
ਦੂਜਾ ਵਿਸ਼ਵ ਯੁੱਧ 1939 ਤੋਂ 1945 ਦੇ ਦਰਮਿਆਨ ਹੋਇਆ। ਮਨੁੱਖੀ ਇਤਿਹਾਸ ਦੇ ਇਸ ਸਭ ਤੋਂ ਭਿਆਨਕ ਯੁੱਧ ’ਚ 70 ਦੇਸ਼ਾਂ ਦੀਆਂ ਜਲ, ਥਲ ਅਤੇ ਹਵਾਈ ਫੌਜਾਂ ਸ਼ਾਮਲ ਸਨ। ਇਨ੍ਹਾਂ ’ਚ ਮਿੱਤਰ ਦੇਸ਼ ਬ੍ਰਿਟੇਨ, ਅਮਰੀਕਾ, ਸੋਵੀਅਤ ਸੰਘ ਅਤੇ ਫਰਾਂਸ ਆਦਿ ਇਕ ਪਾਸੇ ਅਤੇ ਜਰਮਨੀ, ਇਟਲੀ ਅਤੇ ਜਾਪਾਨ ਆਦਿ ਦੇਸ਼ ਦੂਜੇ ਪਾਸੇ ਸਨ।
ਇਸ ਯੁੱਧ ’ਚ ਵੀ ਪਹਿਲੇ ਵਿਸ਼ਵ ਯੁੱਧ ਵਾਂਗ ਹੀ ਜਾਨ-ਮਾਲ ਦੀ ਭਾਰੀ ਤਬਾਹੀ ਹੋਈ ਅਤੇ ਦੋਵਾਂ ਧਿਰਾਂ ਦੇ ਲਗਭਗ 7 ਤੋਂ ਸਾਢੇ 8 ਕਰੋੜ ਫੌਜੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋਈ ਸੀ ਅਤੇ ਇਸ ਯੁੱਧ ’ਚ ਮਿੱਤਰ ਦੇਸ਼ਾਂ ਦੀ ਜਿੱਤ ਹੋਈ ਸੀ।
ਤਦ ਮੇਰੀ ਉਮਰ ਲਗਭਗ 7 ਸਾਲ ਸੀ ਅਤੇ ਉਨ੍ਹਾਂ ਦਿਨਾਂ ’ਚ ਅਸੀਂ ਲਾਹੌਰ ’ਚ ਮੋਹਨ ਲਾਲ ਰੋਡ ’ਤੇ ਰਹਿੰਦੇ ਸੀ। ਇਕ ਦਿਨ ਮੈਂ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਉਦੋਂ ਇਕ ਹਾਕਰ ਉਰਦੂ ਦੈਨਿਕ ਮਿਲਾਪ ਦਾ ‘ਜਮੀਮਾ’ (ਇਕ ਸਫਾ) ਹੱਥਾਂ ’ਚ ਲਹਿਰਾਉਂਦੇ ਹੋਏ ਅਤੇ ਇਹ ਕਹਿੰਦਾ ਹੋਇਆ ਉੱਥੋਂ ਲੰਘਿਆ ਕਿ ਦੂਜਾ ਭਿਆਨਕ ਯੁੱਧ ਸ਼ੁਰੂ।
ਉਨ੍ਹਾਂ ਦਿਨਾਂ ’ਚ ਸਾਰੇ ਅਖਬਾਰ ਉਰਦੂ ’ਚ ਛਪਿਆ ਕਰਦੇ ਸਨ ਅਤੇ ਮੈਨੂੰ ਉਰਦੂ ਨਹੀਂ ਆਉਂਦੀ ਸੀ ਪਰ ਮੈਂ ਇਕ ਪੈਸਾ ਦੇ ਕੇ ਉਹ ਜਮੀਮਾ ਖਰੀਦਿਆ ਅਤੇ ਲਿਆ ਕੇ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਦੇ ਦਿੱਤਾ ਜੋ ਉਸ ਸਮੇਂ ਦਫਤਰ ’ਚ ਹੀ ਬੈਠੇ ਸਨ।
ਉਨ੍ਹੀਂ ਦਿਨੀਂ ਟੀ.ਵੀ. ਨਹੀਂ ਸੀ ਪਰ ਰੇਡੀਓ ਦਾ ਪ੍ਰਚਲਨ ਸ਼ੁਰੂ ਹੋ ਚੁੱਕਾ ਸੀ ਅਤੇ ਰੇਡੀਓ ’ਤੇ ਹੀ ਸਾਰੇ ਲੋਕ ਗੀਤ ਅਤੇ ਖਬਰਾਂ ਸੁਣਿਆ ਕਰਦੇ ਸਨ। ਰਾਤ ਨੂੰ 9 ਵਜੇ ‘ਇਟ ਇਜ਼ ਲੰਦਨ ਕਾਲਿੰਗ’ ਆਵਾਜ਼ ਨਾਲ ਯੁੱਧ ਸਬੰਧੀ ਅਤੇ ਹੋਰ ਖਬਰਾਂ ਸ਼ੁਰੂ ਹੋ ਜਾਂਦੀਆਂ ਜਿਨ੍ਹਾਂ ਨੂੰ ਪਰਿਵਾਰ ਦੇ ਸਾਰੇ ਲੋਕ ਸੁਣਦੇ ਸਨ।
ਉਸ ਸਮੇਂ ਪਿਤਾ ਜੀ ਲਾਹੌਰ ਕਾਂਗਰਸ ਦੇ ਪ੍ਰਧਾਨ ਸਨ ਅਤੇ ਸਾਡੇ ਘਰ ਦੇ ਪਿਛਵਾੜੇ ’ਚ ਸਥਿਤ ‘ਲਾਹੌਰੀ ਗੇਟ’ ਮੈਦਾਨ ’ਚ ਕਾਂਗਰਸ ਵਲੋਂ ਆਯੋਜਿਤ ਜਨਤਕ ਸਭਾਵਾਂ ਹੋਇਆ ਕਰਦੀਆਂ ਸਨ, ਜਿਥੇ ਅਸੀਂ (ਮੈਂ ਅਤੇ ਵੱਡੇ ਭਰਾ ਸਵ. ਰਮੇਸ਼ ਚੰਦਰ ਜੀ) ਅਤੇ ਕੁਝ ਵਰਕਰ ਲੋਕਾਂ ਦੇ ਬੈਠਣ ਲਈ ਦਰੀਆਂ ਵਿਛਾਉਣ ’ਚ ਮਦਦ ਕਰਦੇ ਸਾਂ।
ਉਨ੍ਹਾਂ ਮੀਟਿੰਗਾਂ ’ਚ ਇਕ ਪ੍ਰਸਿੱਧ ਸ਼ਾਇਰ ‘ਉਸਤਾਦ ਦਾਮਨ’ ਨੂੰ ਵੀ ਬੁਲਾਇਆ ਜਾਂਦਾ ਸੀ ਜੋ 10 ਰੁਪਏ ਲੈ ਕੇ ਉਨ੍ਹਾਂ ’ਚ ਆਉਂਦੇ ਅਤੇ ਆਪਣਾ ਕਲਾਮ ਪੜ੍ਹਿਆ ਕਰਦੇ ਸਨ। ਕਿਉਂਕਿ ਉਨ੍ਹੀਂ ਦਿਨੀਂ ਭਾਰਤ ’ਤੇ ਅੰਗ੍ਰੇਜ਼ਾਂ ਦਾ ਸ਼ਾਸਨ ਸੀ ਇਸ ਲਈ ਦੂਜੇ ਵਿਸ਼ਵ ਯੁੱਧ ਦੇ ਦਿਨਾਂ ’ਚ ਕਾਂਗਰਸ ਦੀਆਂ ਮੀਟਿੰਗਾਂ ’ਚ ਪੜ੍ਹਿਆ ਜਾਣ ਵਾਲਾ ਉਨ੍ਹਾਂ ਦਾ ਇਹ ਸ਼ਿਅਰ ਬਹੁਤ ਮਸ਼ਹੂਰ ਹੋਇਆ ਸੀ ਕਿ ‘ਕਦਮ ਜਰਮਨ ਕਾ ਬੜ੍ਹਤਾ ਹੈ, ਫ਼ਤਹਿ ਇੰਗਲਿਸ਼ ਕੀ ਹੋਤੀ ਹੈ।’
ਹੁਣ ਦੂਜਾ ਵਿਸ਼ਵ ਯੁੱਧ ਖਤਮ ਹੋਣ ਦੇ 79 ਸਾਲ ਪਿੱਛੋਂ ਤੀਜਾ ਵਿਸ਼ਵ ਯੁੱਧ ਹੋਣ ਦਾ ਖਦਸ਼ਾ ਵਧ ਗਿਆ ਹੈ ਕਿਉਂਕਿ ਰੂਸ ਨੇ ਪ੍ਰਮਾਣੂ ਯੁੱਧ ’ਚ ਇਸਤੇਮਾਲ ਕੀਤੀ ਜਾਣ ਵਾਲੀ ਬੇਹੱਦ ਘਾਤਕ ਅੰਤਰ-ਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈ.ਸੀ.ਬੀ.ਐੱਮ.) ਵੀ 21 ਨਵੰਬਰ ਨੂੰ ਯੂਕ੍ਰੇਨ ’ਤੇ ਦਾਗ ਦਿੱਤੀ ਹੈ।
ਇਸੇ ਤਰ੍ਹਾਂ ਦੇ ਖਤਰੇ ਨੂੰ ਭਾਂਪਦੇ ਹੋਏ ਹੀ 18 ਨਵੰਬਰ, 2024 ਨੂੰ ਰੀਓ-ਡੀ-ਜੇਨੇਰੀਓ ’ਚ ਵਿਸ਼ਵ ਦੇ 20 ਪ੍ਰਮੁੱਖ ਦੇਸ਼ਾਂ ਦੇ ਆਗੂਆਂ ਨੇ ਯੁੱਧ ਪੀੜਤ ਗਾਜ਼ਾ ਲਈ ਵੱਧ ਸਹਾਇਤਾ ਅਤੇ ਪੱਛਮੀ ਏਸ਼ੀਆ ਅਤੇ ਯੂਕ੍ਰੇਨ ’ਚ ਦੁਸ਼ਮਣੀ ਅਤੇ ਯੁੱਧ ਖਤਮ ਕਰਨ ਦਾ ਸੱਦਾ ਦਿੱਤਾ ਹੈ। ਰੂਸ ਦੇ ਗੂੜ੍ਹੇ ਮਿੱਤਰ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਲਾ ਡੀ ਸਿਲਵਾ ਨੇ ਵੀ ਯੂਕ੍ਰੇਨ ’ਚ ਯੁੱਧ ਖਤਮ ਕਰਨ ਲਈ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।
21 ਨਵੰਬਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਕਿਹਾ ਹੈ, ‘‘ਅਜਿਹਾ ਲੱਗਦਾ ਹੈ ਕਿ ਅਸੀਂ (ਤੀਜੇ) ਵਿਸ਼ਵ ਯੁੱਧ ਦੇ ਨੇੜੇ ਹਾਂ, ਇਸ ਲਈ ਭਗਵਾਨ ਗੌਤਮ ਬੁੱਧ ਦਾ ਦਿਖਾਇਆ ਸ਼ਾਂਤੀ ਦਾ ਮਾਰਗ ਹੀ ਸਥਿਰਤਾ ਦਾ ਇਕੋ-ਇਕ ਸਾਧਨ ਹੈ। ਅੱਜ ਦੁਨੀਆ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਇਹ ਅਜਿਹਾ ਸਮਾਂ ਹੈ ਜਦੋਂ ਸਾਨੂੰ ਵਿਸ਼ਵ ਸ਼ਾਂਤੀ ਦੀ ਆਸ ਕਰਨੀ ਚਾਹੀਦੀ ਹੈ। ਭਗਵਾਨ ਗੌਤਮ ਬੁੱਧ ਸਾਨੂੰ ਪ੍ਰੇਰਿਤ ਕਰ ਸਕਦੇ ਹਨ।’’
ਵਰਨਣਯੋਗ ਹੈ ਕਿ ਮਗਧ ਸਮਰਾਟ ‘ਅਸ਼ੋਕ’ ਨੇ ‘ਕਲਿੰਗਾ’ ਦੇ ਯੁੱਧ ਪਿੱਛੋਂ ਅਪਰਾਧ ਬੋਧ ਤੋਂ ਗ੍ਰਸਤ ਹੋ ਕੇ ਹਿੰਸਾ ਦਾ ਤਿਆਗ ਕਰ ਕੇ ਬੁੱਧ ਧਰਮ ਗ੍ਰਹਿਣ ਕਰ ਲਿਆ ਅਤੇ ‘ਅਸ਼ੋਕ’ ਨੇ ਆਪਣੀ ਬੇਟੀ ‘ਸੰਘਮਿੱਤਰਾ’ ਅਤੇ ਪੁੱਤਰ ‘ਮਹੇਂਦਰ’ ਨੂੰ ਅਹਿੰਸਾ ਦਾ ਪ੍ਰਚਾਰ ਕਰਨ ਲਈ ‘ਸ਼੍ਰੀਲੰਕਾ’ ਭੇਜਿਆ ਸੀ।
ਗੌਤਮ ਬੁੱਧ ਦਾ ਕਹਿਣਾ ਸੀ ਕਿ, ‘‘ਸਭ ਨੂੰ ਆਪਣੇ ਵਰਗਾ ਸਮਝ ਕੇ ਨਾ ਕਿਸੇ ਨੂੰ ਮਾਰੋ ਅਤੇ ਨਾ ਮਾਰਨ ਲਈ ਪ੍ਰੇਰਿਤ ਕਰੋ। ਜੀਵਨ ’ਚ ਹਜ਼ਾਰਾਂ ਲੜਾਈਆਂ ਜਿੱਤਣ ਨਾਲੋਂ ਚੰਗਾ ਹੈ ਕਿ ਤੁਸੀਂ ਖੁਦ ’ਤੇ ਜਿੱਤ ਪ੍ਰਾਪਤ ਕਰ ਲਓ। ਫਿਰ ਜਿੱਤ ਹਮੇਸ਼ਾ ਤੁਹਾਡੀ ਹੋਵੇਗੀ। ਇਸ ਨੂੰ ਤੁਹਾਡੇ ਕੋਲੋਂ ਕੋਈ ਨਹੀਂ ਖੋਹ ਸਕਦਾ।’’
ਅੱਜ ਦੇ ਹਾਲਾਤ ’ਚ ਗੌਤਮ ਬੁੱਧ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਵਿਸ਼ਵ ’ਤੇ ਮੰਡਰਾਅ ਰਹੇ ਇਸ ਸੰਕਟ ਨੂੰ ਟਾਲਣ ’ਚ ਸਫਲਤਾ ਮਿਲ ਸਕਦੀ ਹੈ। ਇਹ ਜੀਵਨ ਇਕ ਵਾਰ ਹੀ ਮਿਲਦਾ ਹੈ। ਇਸ ਲਈ ਇਸ ਨੂੰ ਚੰਗੀ ਤਰ੍ਹਾਂ ਬਿਤਾਉਣ ਅਤੇ ਜੀਵਨ ਦੇ ਆਨੰਦ ਭੋਗਣ ਲਈ ਵਿਸ਼ਵ ’ਚ ਸ਼ਾਂਤੀ ਦਾ ਹੋਣਾ ਜ਼ਰੂਰੀ ਹੈ।
-ਵਿਜੇ ਕੁਮਾਰ