‘ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ’ ਆਪਣਿਆਂ ਨਾਲ ਕਿਹੋ ਜਿਹਾ ਸਲੂਕ ਕਰ ਰਹੇ ਹੋ!
Thursday, Jan 22, 2026 - 04:46 AM (IST)
ਉੱਚ ਨੈਤਿਕ ਕਦਰਾਂ-ਕੀਮਤਾਂ ਲਈ ਵਿਸ਼ਵ ਪ੍ਰਸਿੱਧ ਸਾਡੇ ਦੇਸ਼ ’ਚ ਪਿਛਲੇ ਕੁਝ ਸਾਲਾਂ ਤੋਂ ਅਨੇਕ ਅਨੈਤਿਕ ਅਤੇ ਅਣਮਨੁੱਖੀ ਕਾਰੇ ਹੋ ਰਹੇ ਹਨ। ਸਿਰਫ ਇਕ ਹਫਤੇ ਦੇ ਦੌਰਾਨ ਸਾਹਮਣੇ ਆਈਆਂ ਇਸੇ ਤਰ੍ਹਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਨੂੰ ਦੇਖਦੇ ਹੋਏ ਆਪਣੇ ਆਪ ਹੀ ਮਨ ’ਚ ਇਹ ਸਵਾਲ ਉੱਠਦਾ ਹੈ ਕਿ ਇਹ ਕੀ ਹੋ ਰਿਹਾ ਹੈ, ਇਹ ਕੀ ਕਰ ਰਹੇ ਹੋ :
* 11 ਜਨਵਰੀ ਨੂੰ ‘ਭੀਲਵਾੜਾ’ (ਰਾਜਸਥਾਨ) ਦੇ ‘ਮਾਂਡਲਗੜ੍ਹ’ ਵਿਚ ਕੈਂਸਰ ਅਤੇ ਮਾਨਸਿਕ ਤਣਾਅ ਨਾਲ ਜੂਝ ਰਹੀ ‘ਮੰਜੂ’ ਨਾਂ ਦੀ ਇਕ ਔਰਤ ਨੇ ਅਾਪਣੀ 12 ਸਾਲਾ ਬੇਟੀ ਅਤੇ 7 ਸਾਲਾ ਬੇਟੇ ਦੀ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ’ਚ ਖੁਦ ਜ਼ਹਿਰ ਖਾ ਕੇ ਅਾਤਮਹੱਤਿਆ ਕਰਨ ਦਾ ਯਤਨ ਕੀਤਾ।
* 11 ਜਨਵਰੀ ਨੂੰ ਹੀ ‘ਅਸੰਧ’ (ਕਰਨਾਲ) ’ਚ ਰਵਿੰਦਰ ਨਾਂ ਦੇ ਇਕ ਨੌਜਵਾਨ ਨੂੰ ਅਾਪਣੇ ਦਾਦੇ ‘ਹਰੀ ਸਿੰਘ’ ਅਤੇ ਦਾਦੀ ‘ਲੀਲਾ ਦੇਵੀ’ ਦੀ ਅਾਪਣੇ ਦੋ ਸਾਥੀਅਾਂ ਦੇ ਨਾਲ ਮਿਲ ਕੇ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 13 ਜਨਵਰੀ ਨੂੰ ‘ਮਿਰਜ਼ਾਪੁਰ’ (ਉੱਤਰ ਪ੍ਰਦੇਸ਼) ’ਚ ‘ਰਾਹੁਲ’ ਨਾਂ ਦੇ ਇਕ ਵਿਅਕਤੀ ਨੇ ਅਾਪਣੀ ਮਾਂ ‘ਊਸ਼ਾ’ ਅਤੇ ਭਰਾ ‘ਆਯੁਸ਼’ ਨੂੰ ਧਾਰਦਾਰ ਹਥਿਆਰ ਨਾਲ ਹਮਲਾ ਕਰ ਕੇ ਮਾਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਵਲੋਂ ਦੋਵਾਂ ਲਾਸ਼ਾਂ ਨੂੰ ਟ੍ਰੈਕਟਰ-ਟਰਾਲੀ ’ਤੇ ਲੱਦ ਕੇ ਟਿਕਾਣੇ ਲਾਉਣ ਦੀ ਕੋਸ਼ਿਸ਼ ਦੇ ਦੌਰਾਨ ਉਸ ਦੇ ਭਰਾ ‘ਆਯੁਸ਼’ ਦੀ ਲਾਸ਼ ਟਰਾਲੀ ਤੋਂ ਡਿੱਗ ਗਈ ਜਿਸ ਦੀ ਭਿਣਕ ਦੋਸ਼ੀ ਨੂੰ ਨਹੀਂ ਲੱਗੀ।
ਇਸ ਤੋਂ ਬਾਅਦ ਰਾਹੁਲ ਨੇ ‘ਊਸ਼ਾ’ ਦੀ ਲਾਸ਼ ਨੂੰ ਇਕ ਨਹਿਰ ’ਚ ਸੁੱਟ ਦਿੱਤਾ। ਵਾਪਸ ਪਰਤਦੇ ਸਮੇਂ ਜਦੋਂ ਦੋਸ਼ੀ ਨੇ ਸੜਕ ’ਤੇ ਡਿੱਗੀ ਆਯੁਸ਼ ਦੀ ਲਾਸ਼ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਮੌਜੂਦ ਰਾਹਗੀਰਾਂ ਨੇ ਰਾਹੁਲ ਨੂੰ ਫੜਿਆ।
* 13 ਜਨਵਰੀ ਨੂੰ ਹੀ ‘ਉੱਨਾਵ’ (ਉੱਤਰ ਪ੍ਰਦੇਸ਼) ਦੇ ‘ਬਾਂਗਰਮਊ’ ਕਸਬੇ ’ਚ ‘ਅੰਜਨ’ ਨਾਂ ਦੇ ਇਕ ਵਿਅਕਤੀ ਨੇ ਘਰੇਲੂ ਵਿਵਾਦ ਕਾਰਨ ਅਾਪਣੀ ਪਤਨੀ ‘ਵੰਦਨਾ’ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।
* 14 ਜਨਵਰੀ ਨੂੰ ‘ਬਾਂਦਾ’ (ਉੱਤਰ ਪ੍ਰਦੇਸ਼) ’ਚ ਇਕ ਸਿਪਾਹੀ ਨੇ ਘਰੇਲੂ ਵਿਵਾਦ ਦੇ ਕਾਰਨ ਅਾਪਣੀ ਪਤਨੀ ਅਤੇ 3 ਸਾਲਾ ਮਾਸੂਮ ਬੇਟੀ ’ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬੇਟੀ ਦੀ ਮੌਤ ਹੋ ਗਈ।
* 16 ਜਨਵਰੀ ਨੂੰ ‘ਦੇਹਰਾਦੂਨ’ (ਉੱਤਰਾਖੰਡ) ਦੀ ਇਕ ਅਦਾਲਤ ਨੇ ਹਵਾਈ ਫੌਜ ਦੇ ਇਕ ਸਾਬਕਾ ਮੁਲਾਜ਼ਮ ਨੂੰ ਅਾਪਣੀ ਨਾਬਾਲਗ ਬੇਟੀ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਦੀ ਸਖਤ ਕੈਦ ਦੀ ਸਜ਼ਾ ਦੇ ਨਾਲ 25,000 ਰੁਪਏ ਦਾ ਜੁਰਮਾਨਾ ਕੀਤਾ।
* 16 ਜਨਵਰੀ ਨੂੰ ਹੀ ‘ਸੂਰਤ’ (ਗੁਜਰਾਤ) ’ਚ ਘਰੇਲੂ ਝਗੜੇ ਦੇ ਕਾਰਨ ‘ਪ੍ਰਤਿਮਾ ਦੇਵੀ’ ਨਾਂ ਦੀ 31 ਸਾਲਾ ਮਹਿਲਾ ਨੇ ਘਰ ’ਚ ਅਾਤਮਦਾਹ ਕਰ ਲਿਆ ਪਰ ਘਟਨਾ ਵਾਲੀ ਥਾਂ ’ਤੇ ਮੌਜੂਦ ਉਸ ਦਾ ਪਤੀ ‘ਰੰਜੀਤ ਸਾਹਾ’ ਉਸ ਨੂੰ ਬਚਾਉਣ ਦੀ ਬਜਾਏ ਉਸ ਦੀ ਵੀਡੀਓ ਬਣਾਉਂਦਾ ਰਿਹਾ ਜਿਸ ਨੂੰ ਬਾਅਦ ’ਚ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਦੋਵਾਂ ਵਿਚਾਲੇ ਬੱਚਿਅਾਂ ਨੂੰ ਲੈ ਕੇ ਵਿਵਾਦ ਹੋਇਆ ਸੀ ਅਤੇ ਉਸੇ ਦੌਰਾਨ ‘ਰੰਜੀਤ’ ਨੇ ਪਤਨੀ ਨੂੰ ਕਿਹਾ ਸੀ ਕਿ ਉਹ ਖੁਦ ਨੂੰ ਸਾੜ ਲਏ।
* 18 ਜਨਵਰੀ ਨੂੰ ‘ਭੁਵਨੇਸ਼ਵਰ’ (ਓਡਿਸ਼ਾ) ’ਚ ਰੰਗਾਪਾਨੀ-ਨਾਗਰਕੋਈ ਅੰਮ੍ਰਿਤ ਭਾਰਤ ਐਕਸਪ੍ਰੈੱਸ’ ਦੇ ਅੱਗੇ ਨਸ਼ੇ ’ਚ ਧੁੱਤ ਇਕ ਵਿਅਕਤੀ ਰੇਲ ਦੀ ਪਟੜੀ ’ਤੇ ਬੈਠ ਗਿਆ। ਇਸ ਦੌਰਾਨ ਰੇਲਗੱਡੀ ਦੇ ਡਰਾਈਵਰ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਗੱਡੀ ਨੂੰ ਰੋਕਣਾ ਪਿਆ ਅਤੇ ਟਰੇਨ ਦੇ ਨਾਲ ਚਲ ਰਹੇ ਪੁਲਸ ਕਰਮਚਾਰੀਅਾਂ ਨੇ ਮੌਕੇ ’ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
* 18 ਜਨਵਰੀ ਨੂੰ ਹੀ ‘ਝਾਂਸੀ’ (ਉੱਤਰ ਪ੍ਰਦੇਸ਼) ’ਚ ਇਕ ਰਿਟਾਇਰਡ ਰੇਲ ਕਰਮਚਾਰੀ ਨੂੰ ਹੈਵਾਨੀਅਤ ਦੀਅਾਂ ਹੱਦਾਂ ਪਾਰ ਕਰਦੇ ਹੋਏ ਲਿਵ-ਇਨ ’ਚ ਰਹਿ ਰਹੀ ਅਾਪਣੇ ਤੋਂ 25 ਸਾਲ ਛੋਟੀ ਪ੍ਰੇਮਿਕਾ ਦੀ ਹੱਤਿਆ ਕਰਨ ਅਤੇ 10 ਦਿਨ ਕਮਰੇ ’ਚ ਲਾਸ਼ ਨੂੰ ਟੁਕੜੇ-ਟੁਕੜੇ ਕਰ ਕੇ ਚੁੱਲ੍ਹੇ ’ਚ ਸਾੜਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਘਰੇਲੂ ਕਲੇਸ਼ ਆਦਿ ਦੇ ਕਾਰਨ ਜਿਥੇ ਅਾਪਣੇ ਹੀ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਅਤੇ ਹੱਤਿਆ ਆਦਿ ਦੀਅਾਂ ਘਟਨਾਵਾਂ ਨਾਲ ਦੇਸ਼ ਦਾ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ, ਉਥੇ ਹੀ ਇਨ੍ਹਾਂ ਨਾਲ ਵਿਦੇਸ਼ਾਂ ’ਚ ਭਾਰਤ ਦਾ ਅਕਸ ਵੀ ਖਰਾਬ ਹੋ ਰਿਹਾ ਹੈ। ਇਸ ਲਈ ਇਸ ਰੂਝਾਨ ’ਤੇ ਰੋਕ ਲਗਾਉਣ ਲਈ ਸਖਤ ਸਜ਼ਾਯੋਗ ਉਪਾਅ ਕਰਨ ਦੀ ਤੁਰੰਤ ਲੋੜ ਹੈ।
ਇਸ ਤਰ੍ਹਾਂ ਦੀਅਾਂ ਘਟਨਾਵਾਂ ਸਮਾਜ ’ਚ ਨੈਤਿਕ ਪਤਨ ਵੱਲ ਇਸ਼ਾਰਾ ਕਰਦੀਆਂ ਹਨ। ਇਸ ਲਈ ਇਨ੍ਹਾਂ ਨੂੰ ਰੋਕਣ ਲਈ ਸਕੂਲ ਦੇ ਪੱਧਰ ’ਤੇ ਹੀ ਬੱਚਿਆਂ ਨੂੰ ਨੈਤਿਕ ਤੌਰ ’ਤੇ ਵੀ ਮਜ਼ਬੂਤ ਕਰਨ ’ਤੇ ਜ਼ੋਰ ਦੇਣਾ ਚਾਹੀਦਾ ਹੈ।
–ਵਿਜੇ ਕੁਮਾਰ
