51 ਵਾਰ ਖੂਨ ਦਾਨ ਕਰ ਚੁੱਕੇ ਹਨ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ' ਨਾਲ ਸਨਮਾਨਤ ਡਾ. ਨੇਕੀ

Thursday, Jan 08, 2026 - 05:03 PM (IST)

51 ਵਾਰ ਖੂਨ ਦਾਨ ਕਰ ਚੁੱਕੇ ਹਨ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ' ਨਾਲ ਸਨਮਾਨਤ ਡਾ. ਨੇਕੀ

ਡਾਕਟਰ ਨਿਰੰਕਾਰ ਸਿੰਘ ਨੇਕੀ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪਿਮਸ) ਜਲੰਧਰ ਵਿਖੇ ਐਸੋਸੀਏਟ ਡੀਨ ਪੀ.ਜੀ. ਅਤੇ ਪ੍ਰੋਫ਼ੈਸਰ ਆਫ਼ ਮੈਡੀਸਨ ਵਜੋਂ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਸਰਕਾਰੀ ਮੈਡੀਕਲ ਕਾਲਜਾਂ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਮੈਡੀਕਲ ਕਾਲਜਾਂ ਵਿੱਚ ਵੱਖ-ਵੱਖ ਅਹੁਦੇ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਜਨਵਰੀ 2022 ਵਿੱਚ ਪਿਮਸ ਜੁਆਇਨ ਕੀਤਾ। ਉਨ੍ਹਾਂ ਨੇ ਮੈਡੀਕਲ ਖੇਤਰ ਵਿੱਚ ਬਹੁਤ ਸ਼ਲਾਘਾਯੋਗ ਪ੍ਰਾਪਤੀਆਂ ਕੀਤੀਆਂ ਹਨ। ਉਹ ਕਈ ਦਰਜਨਾਂ ਮੈਡੀਕਲ ਰਸਾਲਿਆਂ ਦੇ ਸੰਪਾਦਕ, ਸਹਿ-ਸੰਪਾਦਕ ਅਤੇ ਐਡੀਟੋਰੀਅਲ ਬੋਰਡਾਂ ਦੇ ਮੈਂਬਰ ਅਤੇ ਸਲਾਹਕਾਰ ਵੀ ਰਹਿ ਚੁੱਕੇ ਹਨ।

ਉਹ ਜੀਰੀਐਟਰਿਕ ਸੁਸਾਇਟੀ ਆਫ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਅਤੇ ਪੈਟਰਨ ਵੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਜੀਰੀਐਟਰਿਕ ਸੁਸਾਇਟੀ ਆਫ ਇੰਡੀਆ ਵੱਲੋਂ 'ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ' ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ ਲਈ ਬੈਸਟ ਮੈਡੀਕਲ ਟੀਚਰ ਅਵਾਰਡ ਨਾਲ ਵੀ ਸਨਮਾਨਤ ਹੋ ਚੁੱਕੇ ਹਨ। ਉਨ੍ਹਾਂ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ, ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਅਤੇ ਸਿੱਖੀ ਕਮੂਨੀ ਅੰਮ੍ਰਿਤਸਰ ਵੱਲੋਂ ਪੀਪਲ ਵੈਲਫ਼ੇਅਰ ਸੁਸਾਇਟੀ ਸੇਵਾ ਭਾਰਤੀ ਸੁਸਾਇਟੀ ਗੁਰੂ ਰਾਮਦਾਸ ਪੁਰਬ ਸੁਸਾਇਟੀ ਆਫ਼ ਇੰਡੀਆ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ, ਰੋਟਰੀ ਕਲੱਬ ਅਤੇ ਕਾਮਰੇਡ ਜਥੇਬੰਦੀਆਂ ਪੰਜਾਬ ਸਰਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਵਲੋਂ ਵੀ ਸਨਮਾਨਿਤ ਹੋ ਚੁੱਕੇ ਹਨ। 

ਉਹ 51 ਵਾਰ ਖੂਨ ਦਾਨ ਕਰ ਚੁੱਕੇ ਹਨ। ਉਨ੍ਹਾਂ ਨੇ ਅੰਮ੍ਰਿਤਸਰ ਵਿੱਚ ਸਿਟੀ ਸਾਈਕਲਿੰਗ ਕਲੱਬ ਵੀ ਬਣਾਇਆ ਹੈ ਅਤੇ ਲੋਕਾਂ ਨੂੰ ਸਾਈਕਲਿੰਗ ਦੀ ਵਰਤੋਂ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਨ। ਉਹ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿਜ਼ਟਿੰਗ ਪ੍ਰੋਫੈਸਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿੱਚ ਵੀ ਦਰਜ ਹੈ। ਉਨ੍ਹਾਂ ਨੂੰ 35 ਤੋਂ ਵੱਧ ਰਾਸ਼ਟਰੀ/ਅੰਤਰਰਾਸ਼ਟਰੀ ਫੈਲੋਸ਼ਿਪ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਪ੍ਰਾਪਤ ਹੋ ਚੁੱਕਾ ਹੈ। ਉਹ ਅਨੇਕਾਂ ਮੈਡੀਕਲ ਸੁਸਾਇਟੀਆਂ ਦੇ ਪ੍ਰਧਾਨ, ਮੀਤ ਪ੍ਰਧਾਨ ਅਤੇ ਕਾਰਜਕਾਰੀ ਮੈਂਬਰ ਵੀ ਰਹਿ ਚੁੱਕੇ ਹਨ। ਉਹ ਮੈਡੀਕਲ ਕੌਂਸਲ ਆਫ਼ ਇੰਡੀਆ (MCI) ਦੇ ਇੰਸਪੈਕਟਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀਆਂ 500 ਤੋਂ ਵੱਧ ਰਚਨਾਵਾਂ ਅਤੇ ਬੁੱਕ ਚੈਪਟਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਜਰਨਲਾਂ ਅਤੇ ਕਿਤਾਬਾਂ ਵਿੱਚ ਵੀ ਛਪ ਚੁੱਕੇ ਹਨ।

ਉਹ ਦੇਸ਼ ਵਿਦੇਸ਼ ਵਿੱਚ ਕਾਨਫਰੰਸਾਂ ਵਿੱਚ ਬਤੌਰ ਮਾਹਿਰ ਲੈਕਚਰ ਦੇ ਵੀ ਚੁੱਕੇ ਹਨ। ਉਹ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਧੁਰ ਕੀ ਬਾਣੀ ਦਾ ਗਾਇਨ ਕੀਰਤਨ ਵੀ ਕਰ ਚੁੱਕੇ ਹਨ। ਉਹ ਮਰੀਜ਼ਾਂ ਵਿੱਚ ਬਹੁਤ ਹਮਦਰਦ ਪਿਆਰੇ ਹਨ ਅਤੇ ਲੋਕ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਕਿਸੇ ਵੀ ਕਿਸਮ ਦੀ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਦੇ ਤੇ ਮਰੀਜ਼ਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਉਨ੍ਹਾਂ ਦੀ ਪਤਨੀ ਜਤਿੰਦਰ ਕੌਰ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਉੱਚ ਅਹੁਦੇ ਤੋਂ ਰਿਟਾਇਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਦੋ ਬੱਚੇ ਅਨਮੋਲ ਕੌਰ ਅਤੇ ਰਿਪਨ ਸਿੰਘ ਕੈਨੇਡਾ ਵਿੱਚ ਹਨ। ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਉਹ ਸ਼ਹਿਰ ਬੰਗਾ ਜ਼ਿਲਾ ਨਵਾਂਸ਼ਹਿਰ ਦੇ ਵਸਨੀਕ ਹਨ। ਉਨ੍ਹਾਂ ਨੇ ਮੁੱਢਲੀ ਸਿੱਖਿਆ ਬੰਗਾ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ। MBBS ਅਤੇ MD ਦੀ ਪੜ੍ਹਾਈ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਕੀਤੀ ਅਤੇ ਪੀ.ਜੀ.ਆਈ ਚੰਡੀਗੜ੍ਹ ਤੋਂ ਐਂਡੋਕਰਾਨੋਲੋਜੀ ਵਿਭਾਗ ਵਿਸ਼ੇ 'ਤੇ ਮਹਾਰਤ ਹਾਸਲ ਕੀਤੀ। ਉਨ੍ਹਾਂ ਦੇ ਪਿਤਾ ਗਿਆਨੀ ਦਰਸ਼ਨ ਸਿੰਘ ਮੁਨਿਆਰੀ ਦੀ ਛੋਟੀ ਜਿਹੀ ਦੁਕਾਨ ਕਰਦੇ ਸਨ ਅਤੇ ਅਤੇ ਉਨ੍ਹਾਂ ਮਾਤਾ ਪ੍ਰੀਤਮ ਕੌਰ ਸਵਰਗਵਾਸੀ ਹੋ ਚੁੱਕੇ ਹਨ। ਡਾ: ਨੇਕੀ ਗਰੀਬ ਪਰਿਵਾਰ ਵਿੱਚੋਂ ਪੈਦਾ ਹੋਏ ਹਨ। ਉਨ੍ਹਾਂ ਦੇ ਅੱਠ ਭੈਣ ਭਰਾ ਹਨ।


author

Shubam Kumar

Content Editor

Related News