ਗੱਲਬਾਤ ਦੇ ''ਨਾਕਾਮ ਹਸ਼ਰ'' ’ਤੇ ਹੈਰਾਨੀ ਕਿਹੋ ਜਿਹੀ

Tuesday, Apr 14, 2026 - 04:14 PM (IST)

ਗੱਲਬਾਤ ਦੇ ''ਨਾਕਾਮ ਹਸ਼ਰ'' ’ਤੇ ਹੈਰਾਨੀ ਕਿਹੋ ਜਿਹੀ

ਈਰਾਨ-ਅਮਰੀਕਾ ਗੱਲਬਾਤ ਦੇ ਅਸਫਲ ਹੋਣ ’ਤੇ ਜੇਕਰ ਕਿਸੇ ਨੂੰ ਹੈਰਾਨੀ ਹੈ, ਤਾਂ ਉਸ ਦਾ ਅਰਥ ਇੰਨਾ ਹੀ ਹੈ ਕਿ ਅਜਿਹੇ ਲੋਕਾਂ ਨੇ ਸੱਚ ਦੇਖਿਆ ਨਹੀਂ ਜਾਂ ਦੇਖਦੇ ਹੋਏ ਅਣਦੇਖਿਆ ਕੀਤਾ। ਜੰਗਬੰਦੀ ਦੇ ਐਲਾਨ ਤੋਂ ਬਾਅਦ ਈਰਾਨ ਦੀ 10 ਨੁਕਾਤੀ ਮੰਗ ਪੱਤਰ ਦੇਖ ਲਓ। ਈਰਾਨ ਦੀ ਸ਼ਰਤ ਹੈ ਕਿ ਹੋਰਮੁਜ਼ ਸਟ੍ਰੇਟ ’ਤੇ ਕੰਟਰੋਲ ਅਤੇ ਰੈਗੂਲੇਸ਼ਨ ਉਸ ਦੇ ਹੱਥਾਂ ’ਚ ਰਹੇ, ਤਾਂ ਇਸ ਨੂੰ ਕੌਣ ਸਵੀਕਾਰ ਕਰ ਸਕਦਾ ਹੈ? ਉਹ ਚਾਹੁੰਦਾ ਹੈ ਕਿ ਹਮਲੇ ’ਚ ਹੋਏ ਨੁਕਸਾਨ ਦੀ ਪੂਰਤੀ ਹਮਲਾਵਰ ਭਾਵ ਅਮਰੀਕਾ-ਇਜ਼ਰਾਈਲ ਕਰਨ। ਉਸ ਨੂੰ ਆਪਣੀ ਪ੍ਰਮਾਣੂ ਸਮਰੱਥਾ ਵਿਕਸਿਤ ਕਰਨ ਦਾ ਅਧਿਕਾਰ, ਸੁਰੱਖਿਆ ਦੀ ਗਾਰੰਟੀ ਅਤੇ ਕਦੇ ਹਮਲਾ ਨਾ ਕਰਨ ਦਾ ਵਚਨ ਮਿਲੇ ਅਤੇ ਨਾਲ ਹੀ ਅਮਰੀਕਾ ਪੂਰੇ ਭਾਰਤ ਦੀ ਖਾੜੀ ਤੋਂ ਆਪਣਾ ਬੋਰੀਆ-ਬਿਸਤਰਾ ਗੋਲ ਕਰ ਲਵੇ। ਬਦਲੇ ’ਚ ਉਹ ਕੀ ਕਰੇਗਾ, ਇਸ ਦੀ ਕੋਈ ਚਰਚਾ ਨਹੀਂ।

ਹੈਰਾਨੀ ਦਾ ਵਿਸ਼ਾ ਹੈ ਕਿ ਇਨ੍ਹਾਂ ਸਭ ਨੂੰ ਦੇਖਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਲਈ ਹਰੀ ਝੰਡੀ ਦਿੱਤੀ ਅਤੇ ਆਪਣੇ ਪ੍ਰਤੀਨਿਧਾਂ ਨੂੰ ਭੇਜ ਦਿੱਤਾ। ਅਮਰੀਕਾ ਨੂੰ ਹਰ ਵਿਸ਼ੇ ’ਚ ਖਲਨਾਇਕ ਮੰਨਣ ਨਾਲ ਸਹੀ ਸਿੱਟਾ ਨਹੀਂ ਨਿਕਲ ਸਕਦਾ। ਉਨ੍ਹਾਂ ਦੀਆਂ 15 ਸ਼ਰਤਾਂ ਦੇਖੋ, ਈਰਾਨ ਇਜ਼ਰਾਈਲ ਨੂੰ ਮਾਨਤਾ ਦੇਵੇ ਅਤੇ ਯਹੂਦੀਆਂ ਦੇ ਅਧਿਕਾਰ ਨੂੰ ਸਵੀਕਾਰੇ (ਇਸ ਦਾ ਜ਼ਿਕਰ ਨਹੀਂ ਹੈ)। ਅਬ੍ਰਾਹਮਿਕ ਸਮਝੌਤਾ ਡੋਨਾਲਡ ਟਰੰਪ ਲਿਆਏ ਸਨ। ਉਨ੍ਹਾਂ ਨੇ ਖੁਦ ਆਪਣੀ ਅਰਬ ਯਾਤਰਾ ਦੌਰਾਨ ਸੀਰੀਆ ਨੂੰ ਕਿਹਾ ਕਿ ਤੁਸੀਂ ਅਬ੍ਰਾਹਮ ਸਮਝੌਤਾ ਸਵੀਕਾਰ ਕਰੋ। ਇਹ ਇਨ੍ਹਾਂ ਸ਼ਰਤਾਂ ’ਚ ਨਹੀਂ ਸੀ। ਤਾਂ ਇਸ ਦਾ ਅਰਥ ਕੀ ਹੈ?

ਇਸ ਦਾ ਅਰਥ ਕੀ ਹੋਇਆ ਕਿ ਡੋਨਾਲਡ ਟਰੰਪ ਪ੍ਰਸ਼ਾਸਨ ਮੰਨ ਰਿਹਾ ਸੀ ਕਿ ਈਰਾਨ ਨੂੰ ਸ਼ਾਂਤੀ ਦੇ ਰਾਹ ਲਿਆਉਣਾ ਹੈ ਤਾਂ ਇਕਦਮ ਇਹ ਗੱਲਾਂ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ। ਈਰਾਨ ’ਚ ਜਦੋਂ ਤੱਕ ਇਸਲਾਮੀ ਕ੍ਰਾਂਤੀ ਤੋਂ ਪੈਦਾ ਹੋਈ ਸੱਤਾ ਹੈ, ਉਸ ਦੀ ਵਿਚਾਰਧਾਰਾ ਆਸਾਨੀ ਨਾਲ ਨਹੀਂ ਬਦਲ ਸਕਦੀ। ਸ਼ਾਇਦ ਇਹ ਸੋਚਿਆ ਗਿਆ ਹੋਵੇ ਕਿ ਹੌਲੀ-ਹੌਲੀ ਅਰਬ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਇਜ਼ਰਾਈਲ ਅਤੇ ਯਹੂਦੀਆਂ ਨੂੰ ਲੈ ਕੇ ਉਨ੍ਹਾਂ ਦੀ ਸੋਚ ਨੂੰ ਬਦਲਿਆ ਜਾ ਸਕਦਾ ਹੈ।

ਈਰਾਨ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਸ਼ਰਤਾਂ ਕੀ ਸਨ, ਅਮਰੀਕੀ ਉਪ-ਰਾਸ਼ਟਰਪਤੀ ਜੇ. ਡੀ. ਵੈਂਸ ਨੇ ਕਿਹਾ ਕਿ ਇਸਲਾਮਾਬਾਦ ’ਚ ਹੋਈ ਗੱਲਬਾਤ ਦੌਰਾਨ ਈਰਾਨ ਅਤੇ ਅਮਰੀਕਾ ਸਹਿਮਤੀ ਦੇ ਉਸ ਬਿੰਦੂ ’ਤੇ ਨਹੀਂ ਪਹੁੰਚ ਸਕੇ, ਜਿੱਥੇ ਯੁੱਧ ਦਾ ਹੱਲ ਨਿਕਲ ਸਕੇ। ਇਸ ਦਾ ਅਰਥ ਤਾਂ ਇਹੀ ਹੈ ਕਿ ਅਮਰੀਕਾ ਦੀ ਨਜ਼ਰ ’ਚ ਈਰਾਨ ਦੇ ਅੰਦਰ ਜੰਗ ਰੋਕਣ ਦੇ ਭਾਵ ਨਹੀਂ ਹਨ। ਜੇ. ਡੀ. ਵੈਂਸ ਨੇ ਮੰਨਿਆ ਕਿ ਈਰਾਨ ਨਾਲ ਪਹਿਲੇ ਦਿਨ ਸਾਡੀ ਗੱਲਬਾਤ ਚੰਗੀ ਰਹੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਸਭ ਤੋਂ ਚੰਗਾ ਪ੍ਰਸਤਾਵ ਦਿੱਤੇ ਜਾਣ ਨੂੰ ਵੀ ਉਹ ਮੰਨਣ ਨੂੰ ਤਿਆਰ ਨਹੀਂ ਹੋਏ ਅਤੇ ਸਾਨੂੰ ਅਮਰੀਕਾ ਵਾਪਸ ਜਾਣਾ ਪੈ ਰਿਹਾ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੱਲਬਾਤ ਨੂੰ ਕਾਫੀ ਮਹੱਤਵ ਦਿੱਤਾ ਸੀ ਅਤੇ ਉਨ੍ਹਾਂ ਈਰਾਨ ਨਾਲ ਹਮਲੇ ਤੋਂ ਪਹਿਲਾਂ ਦੇ ਦੋਹਾਂ ਵਾਰਤਾਕਾਰ ਜੇਰੇਡ ਕੁਸ਼ਨਰ ਅਤੇ ਸਟੀਵ ਵਿਟਕੌਫ ਦੇ ਨਾਲ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਵੀ ਸ਼ਾਮਲ ਕੀਤਾ, ਤਾਂ ਜੋ ਮੌਕੇ ’ਤੇ ਫੈਸਲਾ ਕਰਨ ’ਚ ਸਮੱਸਿਆ ਨਾ ਆਵੇ।

ਸ਼ੁਰੂ ’ਚ ਦੋਵੇਂ ਆਹਮੋ-ਸਾਹਮਣੇ ਨਹੀਂ ਬੈਠੇ ਸਨ। 1979 ਦੀ ਇਸਲਾਮੀ ਕ੍ਰਾਂਤੀ ਤੋਂ ਬਾਅਦ ਅਮਰੀਕਾ ਅਤੇ ਈਰਾਨ ਵਿਚਾਲੇ ਸਿੱਧੇ ਸਿਆਸੀ ਸਬੰਧ ਨਹੀਂ ਹਨ। ਅਮਰੀਕਾ ਦਾ ਦੂਤਾਵਾਸ ਈਰਾਨ ’ਚ ਨਹੀਂ ਹੈ, ਵਰਚੁਅਲ ਦੂਤਾਵਾਸ ਰਾਹੀਂ ਸਬੰਧ ਚੱਲਦੇ ਹਨ। ਇਸ ਲਈ ਉਨ੍ਹਾਂ ਵਿਚਾਲੇ ਗੱਲਬਾਤ ਦੇ ਵਿਚਾਲੇ ਕੋਈ ਇਕ ਦੇਸ਼ ਹੋਣਾ ਚਾਹੀਦਾ ਹੈ ਜੋ ਸਥਾਨ ਮੁਹੱਈਆ ਕਰਵਾਏ ਅਤੇ ਇਨ੍ਹਾਂ ਦਾ ਸੰਵਾਦ ਇਕ-ਦੂਜੇ ਤੱਕ ਪਹੁੰਚ ਸਕੇ।

ਅਸਲ ’ਚ ਪਾਕਿਸਤਾਨ ਦੀ ਇਹੀ ਭੂਮਿਕਾ ਸੀ। ਡੋਨਾਲਡ ਟਰੰਪ ਨੇ ਪਾਕਿਸਤਾਨ ਦੇ ਫੀਲਡ ਮਾਰਸ਼ਲ ਅਸੀਮ ਮੁਨੀਰ ਨੂੰ ਭੋਜਨ ਕਰਾਉਣ ਤੋਂ ਲੈ ਕੇ ਜਨਤਕ ਪੱਖੋਂ ਕੁਝ ਅਹਿਮੀਅਤ ਇਨ੍ਹਾਂ ਹੀ ਦਿਨਾਂ ਲਈ ਦਿੱਤੀ ਸੀ। ਅਜਿਹਾ ਲੱਗਦਾ ਹੈ ਕਿ ਮੁਨੀਰ ਅਤੇ ਸ਼ਾਹਬਾ਼ਜ਼ ਸ਼ਰੀਫ ਨੂੰ ਕਿਹਾ ਕਿ ਤੁਸੀਂ ਈਰਾਨ ਨੂੰ ਕਹੋ ਕਿ ਸਾਡੇ ਨਾਲ ਉਹ ਗੱਲਬਾਤ ਕਰੇ ਅਤੇ ਥਾਂ ਇਸਲਾਮਾਬਾਦ ਹੋ ਸਕਦੀ ਹੈ।

ਈਰਾਨ ਵੱਲੋਂ ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ ਅਤੇ ਸੰਸਦ ਸਪੀਕਰ ਮੁਹੰਮਦ ਬਾਘੇਰ ਗਾਲੀਬਾਫ ਗੱਲਬਾਤ ’ਚ ਸ਼ਾਮਲ ਹੋਏ ਸਨ। ਮੁਹੰਮਦ ਬਾਘੇਰ ਨੇ ਆਪਣੇ ਹਵਾਈ ਜਹਾਜ਼ ਦੀ ਵੀਡੀਓ ਜਾਰੀ ਕੀਤੀ ਜਿਸ ’ਚ ਖਾਲੀ ਸੀਟਾਂ ’ਤੇ ਉਨ੍ਹਾਂ ਸਕੂਲੀ ਬੱਚੇ-ਬੱਚੀਆਂ ਦੀਆਂ ਤਸਵੀਰਾਂ ਲਗਾਈਆਂ ਹੋਈਆਂ ਸਨ, ਜਿਨ੍ਹਾਂ ਦੀ ਅਮਰੀਕੀ ਹਮਲੇ ’ਚ ਮੌਤ ਹੋ ਗਈ ਸੀ।

ਜੇਕਰ ਇਰਾਦਾ ਗੱਲਬਾਤ ਦੀ ਸਫਲਤਾ, ਸ਼ਾਂਤੀ ਸਮਝੌਤਾ ਕਰਨ ਦਾ ਹੋਵੇ ਤਾਂ ਇਸ ਤਰ੍ਹਾਂ ਹਮਦਰਦੀ ਪਾਉਣ ਦੀ ਰਣਨੀਤੀ ਨਹੀਂ ਬਣਾਈ ਜਾਂਦੀ। ਪੂਰੇ ਵਿਸ਼ਵ ਅਤੇ ਖੁਦ ਅਮਰੀਕਾ ’ਚ ਸਕੂਲ ’ਤੇ ਬੰਬ ਡਿੱਗਣ ਅਤੇ ਨਿਰਦੋਸ਼ ਬੱਚਿਆਂ ਦੀ ਮੌਤ ਦੇ ਵਿਰੁੱਧ ਮਾਹੌਲ ਹੈ। ਕਲਪਨਾ ਕਰੋ ਜੇਕਰ ਅਮਰੀਕਾ ਈਰਾਨ ਦੇ ਰਾਜ ਵੱਲੋਂ ਪ੍ਰਗਟਾਵੇ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ਦੀ ਸਥਾਪਨਾ ਜਾਂ ਹੋਰ ਬਦਲਾਵਾਂ ਦੀ ਮੰਗ ਕਰਨ ਵਾਲਿਆਂ ਨਾਲ ਕੀਤੀ ਗਈ ਜ਼ੁਲਮ ਦੀ ਤਸਵੀਰ ਲੈ ਕੇ ਆਉਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ?

ਉਂਝ ਪਾਕਿਸਤਾਨ ਖੁਦ ਵੀ ਇਜ਼ਰਾਈਲ ਦੀ ਹੋਂਦ ਨੂੰ ਸਵੀਕਾਰ ਕਰਨ ਵਾਲਾ ਦੇਸ਼ ਨਹੀਂ ਹੈ, ਤਾਂ ਉਹ ਈਰਾਨ ਦੇ ਵਿਰੁੱਧ ਨਹੀਂ ਹੋ ਸਕਦਾ। ਜੋ ਦੇਸ਼ ਵਾਰਤਾ ਦਾ ਮੇਜ਼ਬਾਨ ਹੈ ਉਸ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ‘ਇਜ਼ਰਾਈਲ ਸ਼ੈਤਾਨ ਹੈ ਅਤੇ ਮਨੁੱਖਤਾ ’ਤੇ ਧੱਬਾ ਹੈ।

ਜਦੋਂ ਵੀ ਕਿਸੇ ਦੇਸ਼ ’ਤੇ ਹਮਲਾ ਹੁੰਦਾ ਹੈ, ਸਾਡੀ ਦੁਨੀਆ ’ਚ ਜ਼ਿਆਦਾਤਰ ਲੋਕ ਪਿਛੋਕੜ ਆਦਿ ਦੇਖੇ ਬਗੈਰ ਉਸ ਦੇ ਨਾਲ ਖੜ੍ਹੇ ਹੋ ਜਾਂਦੇ ਹਨ ਅਤੇ ਹਮਲਾ ਕਰਨ ਵਾਲਿਆਂ ਨੂੰ ਖਲਨਾਇਕ ਸਾਬਤ ਕਰਨ ਦੀ ਦੌੜ ਲੱਗ ਜਾਂਦੀ ਹੈ। ਇਸ ਵਾਰ ਹੈਰਾਨੀਜਨਕ ਰੂਪ ’ਚ ਭਾਰਤ ’ਚ ਵੀ ਵਿਸ਼ਲੇਸ਼ਕਾਂ ਦੀਆਂ ਟਿੱਪਣੀਆਂ ਆਦਿ ਨਾਲ ਇਜ਼ਰਾਈਲ, ਅਮਰੀਕਾ ਦੇ ਵਿਰੁੱਧ ਅਤੇ ਈਰਾਨ ਦੇ ਸ਼ਰੇਆਮ ਸਮਰਥਨ ਦੀ ਧਾਰਾ ਵਹਿ ਰਹੀ ਸੀ।

ਇਹ ਸਾਫ਼ ਸੀ ਕਿ ਡੋਨਾਲਡ ਟਰੰਪ ਤੁਰੰਤ ਇਸ ਜੰਗ ਤੋਂ ਨਿਕਲਣਾ ਚਾਹੁੰਦੇ ਸਨ। ਉਨ੍ਹਾਂ ਨੇ ਸ਼ੁਰੂਆਤ ’ਚ ਵੀ 6 ਤੋਂ 7 ਹਫ਼ਤਿਆਂ ’ਚ ਜੰਗ ਖਤਮ ਹੋਣ ਦਾ ਬਿਆਨ ਦਿੱਤਾ ਸੀ। ਈਰਾਨ ’ਚ ਥੋੜ੍ਹੀ ਜਿਹੀ ਵੀ ਅਕਲਮੰਦੀ ਹੁੰਦੀ ਤਾਂ ਤੁਰੰਤ ਉਹ ਸ਼ਾਂਤੀ ਵਾਰਤਾ ਲਈ ਰਾਜ਼ੀ ਹੋ ਜਾਂਦਾ। ਹੋਰਮੁਜ਼ ’ਤੇ ਪੂਰੀ ਦੁਨੀਆ ਉਸ ਦੇ ਵਿਰੁੱਧ ਹੈ। ਉਸ ’ਤੇ ਈਰਾਨ ਦੀ ਹਾਰ ਯਕੀਨੀ ਹੈ।

ਈਰਾਨ ਨੇ ਇਸ ਜੰਗ ਨੂੰ ‘ਆਪ੍ਰੇਸ਼ਨ ਫਤਿਹ-ਏ-ਖੈਬਰ’ ਦਾ ਨਾਮ ਦਿੱਤਾ ਹੈ। ਖੈਬਰ ਯੁੱਧ 7ਵੀਂ ਸਦੀ ਦੇ ਅਖੀਰ ’ਚ ਮਦੀਨਾ ਦੇ ਕੋਲ ਯਹੂਦੀਆਂ ਦੀ ਹਾਰ ਅਤੇ ਉਨ੍ਹਾਂ ਦੇ ਇਸਲਾਮੀਕਰਨ ’ਚ ਵੱਡੀ ਜਿੱਤ ਦੇ ਰੂਪ ’ਚ ਸ਼ੀਆ ਮਾਨਤਾ ’ਚ ਦਰਜ ਹੈ। ਉਸ ਸਮੇਂ ਦੀ ਮਜ਼੍ਹਬੀ ਜੰਗ ਨੂੰ ਅੱਜ ਸਿਧਾਂਤ ਵਜੋਂ ਅਪਣਾ ਕੇ ਲੜਨ ਦਾ ਅਰਥ ਬਿਲਕੁਲ ਸਾਫ਼ ਹੈ ਕਿ ਯਹੂਦੀਆਂ ਦੇ ਵਿਰੁੱਧ ਉਦੋਂ ਦਾ ਹੀ ਜੰਗ ਅੱਜ ਤੱਕ ਜਾਰੀ ਹੈ ਅਤੇ ਇਸ ’ਚ ਵੀ ਸਾਡੀ ਫਤਿਹ ਹੋਵੇਗੀ। ਜੇਕਰ ਮਾਨਸਿਕਤਾ ਇਹ ਹੈ ਤਾਂ ਸਮਝੌਤੇ ਦੀ ਗੁੰਜਾਇਸ਼ ਨਹੀਂ ਹੈ।

ਅਵਧੇਸ਼ ਕੁਮਾਰ


author

Rakesh

Content Editor

Related News