20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ

Wednesday, Apr 08, 2026 - 04:33 PM (IST)

20 ਕਰੋੜ ਭੁੱਖੇ ਪੇਟ, 8 ਕਰੋੜ ਟਨ ਭੋਜਨ ਬਰਬਾਦ, ਨੁਕਸਾਨ ’ਤੇ ਸ਼ਿਕੰਜਾ ਜ਼ਰੂਰੀ

ਹਰ ਸਾਲ 30 ਮਾਰਚ ਨੂੰ ਪੂਰੀ ਦੁਨੀਆ ‘ਇੰਟਰਨੈਸ਼ਨਲ ਡੇਅ ਆਫ ਜ਼ੀਰੋ ਵੇਸਟ’ ਵਜੋਂ ਮਨਾਉਂਦੀ ਹੈ। 2026 ’ਚ ਇਸ ਦਾ ਫੋਕਸ ਭੋਜਨ ਦੀ ਬਰਬਾਦੀ ’ਤੇ ਧਿਆਨ ਖਿੱਚਦਾ ਹੈ। ਇਹ ਸਿਰਫ਼ ਇਕ ਥੀਮ ਨਹੀਂ ਹੈ, ਸਗੋਂ ਇਕ ਨੈਤਿਕ ਸੰਕਟ ਹੈ, ਜੋ ਸਾਨੂੰ ਸਭ ਤੋਂ ਦਰਦਨਾਕ ਸੱਚਾਈ ਤੋਂ ਜਾਣੂ ਕਰਵਾਉਂਦਾ ਹੈ। ਜੇ ਖਾਣਾ ਬਰਬਾਦ ਹੁੰਦਾ ਹੈ, ਉਸ ਨੂੰ ਕਿਸੇ ਕਿਸਾਨ ਨੇ ਸਖਤ ਮਿਹਨਤ ਨਾਲ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਗਾਇਆ ਸੀ। ਖੇਤਾਂ ਤੋਂ ਮੰਡੀਆਂ ਤੱਕ ਉਨ੍ਹਾਂ ਮਜ਼ਦੂਰਾਂ ਨੇ ਪਹੁੰਚਾਇਆ ਜਿਨ੍ਹਾਂ ਨੂੰ ਖੁਦ ਪੇਟ ਭਰ ਖਾਣ ਨੂੰ ਨਹੀਂ ਮਿਲ ਰਿਹਾ।

ਯੂਨਾਈਟਿਡ ਨੇਸ਼ਨਜ਼ ਇਨਵਾਇਰਨਮੈਂਟ ਪ੍ਰੋਗਰਾਮ (ਯੂ. ਐੱਨ. ਈ. ਪੀ.) ਦੀ ਫੂਡ ਵੇਸਟ ਇੰਡੈਕਸ ਰਿਪੋਰਟ 2024 ਦੱਸਦੀ ਹੈ ਕਿ ਦੁਨੀਆ ’ਚ 105 ਕਰੋੜ ਟਨ ਭੋਜਨ ਬਰਬਾਦ ਹੋਇਆ। ਇਸ ’ਚੋਂ 60 ਫੀਸਦੀ ਬਰਬਾਦੀ ਘਰਾਂ ਅਤੇ ਖ਼ਰਾਬ ਭੰਡਾਰਨ ਵਿਵਸਥਾ ਕਰ ਕੇ ਹੋਈ, 28 ਫੀਸਦੀ ਹੋਟਲ-ਰੈਸਟੋਰੈਂਟ ਸੈਕਟਰ ’ਚ ਅਤੇ 12 ਫੀਸਦੀ ਰਿਟੇਲ ’ਚ। ਇਹ ਸਿਰਫ਼ ਲੋਕਾਂ ਦੀ ਲਾਪ੍ਰਵਾਹੀ ਦੀ ਸਮੱਸਿਆ ਨਹੀਂ ਹੈ। ਇਹ ਪੂਰੀ ਵਿਵਸਥਾ ਦੀ ਖ਼ਾਮੀ ਹੈ। ਸਪਲਾਈ ਚੇਨ ਦੀਆਂ ਕਮਜ਼ੋਰੀਆਂ, ਨੀਤੀਆਂ ਦੀ ਕਮੀ ਅਤੇ ਇਕ ਅਜਿਹੀ ਸੋਚ ਜਿਸ ’ਚ ਖਾਣਾ ਸੁੱਟ ਦੇਣਾ ਆਮ ਗੱਲ ਬਣ ਗਈ ਹੈ।

ਦੂਜੇ ਪਾਸੇ ਦੁਨੀਆ ’ਚ ਲੱਗਭਗ 78.3 ਕਰੋੜ ਲੋਕ ਅੱਜ ਵੀ ਭੁੱਖ ਨਾਲ ਜੂਝ ਰਹੇ ਹਨ ਅਤੇ 30 ਲੱਖ ਤੋਂ ਜ਼ਿਆਦਾ ਲੋਕ ਸੰਤੁਲਿਤ ਖ਼ੁਰਾਕ ਤੋਂ ਵਾਂਝੇ ਹਨ। ਅਜਿਹੀ ਸਥਿਤੀ ’ਚ ਫ਼ਸਲ ਵੱਢਣ ਤੋਂ ਬਾਅਦ ਹੋਣ ਵਾਲੇ ਨੁਕਸਾਨ ਅਤੇ ਭੋਜਨ ਦੀ ਬਰਬਾਦੀ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ। ਇਕ ਪਾਸੇ ਕਰੋੜਾਂ ਟਨ ਅਨਾਜ ਬਰਬਾਦ ਹੋ ਰਿਹਾ ਹੈ, ਤਾਂ ਦੂਜੇ ਪਾਸੇ ਕਰੋੜਾਂ ਲੋਕ ਭੁੱਖੇ ਪੇਟ ਸੌਂ ਰਹੇ ਹਨ, ਕੁਪੋਸ਼ਣ ਅਜੇ ਵੀ ਦੁਨੀਆ ’ਚ ਫੈਲਿਆ ਹੈ। ਇਹ ਤ੍ਰਾਸਦੀ ਨਹੀਂ, ਸਗੋਂ ਸਾਡੀ ਵਿਵਸਥਾ ਦੀ ਅਸਫਲਤਾ ਹੈ।

ਭਾਰਤ ਕਿੱਥੇ ਖੜ੍ਹਾ ਹੈ? : ਇਸ ਪੂਰੇ ਸੰਕਟ ’ਚ ਭਾਰਤ ਦੀ ਸਥਿਤੀ ਗੰਭੀਰ ਅਤੇ ਅਸਹਿਜ ਕਰਨ ਵਾਲੀ ਹੈ। ਯੂ. ਐੱਨ. ਈ. ਪੀ. ਦੀ ਰਿਪੋਰਟ ਮੁਤਾਬਕ, ਭਾਰਤ ਦੁਨੀਆ ’ਚ ਅਨਾਜ ਦੀ ਬਰਬਾਦੀ ’ਚ ਦੂਜੇ ਨੰਬਰ ’ਤੇ ਹੈ। ਹਰ ਸਾਲ 7.8 ਤੋਂ 8 ਕਰੋੜ ਟਨ ਭੋਜਨ ਤੇ ਫ਼ਸਲ ਬਰਬਾਦ ਹੁੰਦੀ ਹੈ, ਜਿਸ ਦੀ ਕੀਮਤ ਲੱਗਭਗ 1.55 ਲੱਖ ਕਰੋੜ ਰੁਪਏ ਬਣਦੀ ਹੈ। ਚੀਨ ਪਹਿਲੇ ਨੰਬਰ ’ਤੇ ਹੈ, ਜਿੱਥੇ 10.80 ਕਰੋੜ ਟਨ ਖਾਣਾ ਬਰਬਾਦ ਹੁੰਦਾ ਹੈ। ਅਮਰੀਕਾ ’ਚ 2.4 ਕਰੋੜ ਟਨ, ਜਰਮਨੀ ’ਚ 65 ਲੱਖ ਟਨ ਅਤੇ ਜਾਪਾਨ ’ਚ, ਜਿੱਥੇ ‘ਮੋਤੈਨਾਈ’ ਭਾਵ ਚੀਜ਼ਾਂ ਨੂੰ ਵਿਅਰਥ ਨਾ ਜਾਣ ਦੇਣ ਦੀ ਸੰਸਕ੍ਰਿਤੀ ਹੈ, ਸਿਰਫ 52 ਲੱਖ ਟਨ ਭੋਜਨ ਬਰਬਾਦ ਹੁੰਦਾ ਹੈ।

ਜੇਕਰ ਪ੍ਰਤੀ ਵਿਅਕਤੀ ਦੇਖੀਏ ਤਾਂ ਭਾਰਤ ’ਚ ਹਰ ਵਿਅਕਤੀ ਸਾਲ ’ਚ ਔਸਤਨ 55 ਕਿੱਲੋ ਭੋਜਨ ਬਰਬਾਦ ਕਰਦਾ ਹੈ, ਜੋ ਅਮਰੀਕਾ (73 ਕਿੱਲੋ) ਅਤੇ ਜਰਮਨੀ (75 ਕਿੱਲੋ) ਤੋਂ ਘੱਟ ਹੈ। ਪਰ ਭਾਰਤ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ‘ਗਲੋਬਲ ਹੰਗਰ ਇੰਡੈਕਸ’ ’ਚ ਭਾਰਤ 125 ਦੇਸ਼ਾਂ ’ਚ 111ਵੇਂ ਸਥਾਨ ’ਤੇ ਹੈ, ਕਰੀਬ 19.4 ਕਰੋੜ ਲੋਕਾਂ ਨੂੰ ਲੋੜੀਂਦਾ ਭੋਜਨ ਨਹੀਂ ਮਿਲਦਾ। ਇਸ ਲਈ ਭੋਜਨ ਦੀ ਬਰਬਾਦੀ ਸਿਰਫ਼ ਇਕ ਅੰਕੜਾ ਨਹੀਂ ਹੈ, ਇਹ ਕਰੋੜਾਂ ਲੋਕਾਂ ਦੇ ਮੂੰਹੋਂ ਖੋਹਿਆ ਹੋਇਆ ਨਿਵਾਲਾ ਹੈ।

ਪੰਜਾਬ ਅੰਨਦਾਤਾ ਪਰ ਰਿਸਦਾ ਹੋਇਆ ਭੰਡਾਰ : ਪੰਜਾਬ ਜੋ ਕਰੋੜਾਂ ਲੋਕਾਂ ਦਾ ਪੇਟ ਭਰ ਸਕਦਾ ਹੈ ਪਰ ਖੇਤ ਦੀ ਉਪਜ ਦਾ ਇਕ ਵੱਡਾ ਹਿੱਸਾ ਪਲੇਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦਾ ਹੈ। ਪੰਜਾਬ ’ਚ ਫ਼ਲ ਅਤੇ ਸਬਜ਼ੀਆਂ ਦੀ ਲੱਗਭਗ 20 ਫੀਸਦੀ ਫ਼ਸਲ ਖਾਣ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਰਾਬ ਹੋ ਜਾਂਦੀ ਹੈ। ਸਾਲ 2019 ਤੋਂ 2024 ਦੇ ਵਿਚਾਲੇ ਇਕੱਲੇ ਐੱਫ. ਸੀ. ਆਈ. ਦੇ ਗੋਦਾਮਾਂ ’ਚ ਹੀ 8200 ਟਨ ਅਨਾਜ ਖ਼ਰਾਬ ਹੋਇਆ, ਜੋ ਦੇਸ਼ ’ਚ ਸਭ ਤੋਂ ਜ਼ਿਆਦਾ ਹੈ। ਨੀਤੀ ਆਯੋਗ ਦੀ ਰਿਪੋਰਟ ਅਨੁਸਾਰ, ਫ਼ਸਲ ਕੱਟਣ ਤੋਂ ਬਾਅਦ ਦੀ ਕਮਜ਼ੋਰ ਵਿਵਸਥਾ—ਜਿਵੇਂ ਢਕੇ ਹੋਏ ਗੋਦਾਮਾਂ ਦੀ ਕਮੀ, ਕੋਲਡ-ਚੇਨ ’ਚ ਨਿਵੇਸ਼ ਦੀ ਕਮੀ, ਮਸ਼ੀਨਾਂ ਦੀ ਸਮੇਂ ਸਿਰ ਉਪਲਬਧਤਾ ਨਾ ਹੋਣਾ, ਗ੍ਰੇਡਿੰਗ ਅਤੇ ਵਿਗਿਆਨਕ ਪੈਕੇਜਿੰਗ ਦੀ ਕਮੀ—ਇਹ ਸਭ ਵੱਡੀਆਂ ਰੁਕਾਵਟਾਂ ਪੰਜਾਬ ’ਚ ਹਨ।

ਕੀਮਤ ਧਰਤੀ ਚੁਕਾ ਰਹੀ : ਭੋਜਨ ਦੀ ਬਰਬਾਦੀ ਸਿਰਫ਼ ਇਨਸਾਨੀ ਤ੍ਰਾਸਦੀ ਨਹੀਂ ਹੈ, ਇਹ ਚੌਗਿਰਦਾ ਸੰਕਟ ਵੀ ਹੈ। ਦੁਨੀਆ ’ਚ ਕੁੱਲ ਗ੍ਰੀਨਹਾਊਸ ਗੈਸਾਂ ’ਚੋਂ 8 ਤੋਂ 10 ਫੀਸਦੀ ਭੋਜਨ ਦੀ ਬਰਬਾਦੀ ਤੋਂ ਪੈਦਾ ਹੋ ਰਹੀਆਂ ਹਨ। ਜਦੋਂ ਖਾਣਾ ਕੂੜੇ ’ਚ ਸੜਦਾ ਹੈ ਤਾਂ ਇਸ ਤੋਂ ਨਿਕਲਣ ਵਾਲੀ ਮੀਥੇਨ ਗੈਸ, ਕਾਰਬਨ ਡਾਈਆਕਸਾਈਡ ਤੋਂ ਕਈ ਗੁਣਾ ਵੱਧ ਖ਼ਤਰਨਾਕ ਹੈ। ਹਰ ਦਾਣਾ ਬਰਬਾਦ ਹੋਣ ਦਾ ਮਤਲਬ ਹੈ ਪਾਣੀ, ਜ਼ਮੀਨ, ਫਿਊਲ, ਖਾਦ, ਬੀਜ, ਕੀਟਨਾਸ਼ਕ ਅਤੇ ਕਿਸਾਨ ਦੀ ਮਿਹਨਤ ਦਾ ਨੁਕਸਾਨ। ਇਕ ਕਿੱਲੋ ਚੌਲ ਉਗਾਉਣ ’ਚ ਲੱਗਭਗ 5000 ਲੀਟਰ ਪਾਣੀ ਲੱਗਦਾ ਹੈ। ਜਦੋਂ ਉਹ ਚੌਲ ਸੁੱਟਿਆ ਜਾਂਦਾ ਹੈ ਤਾਂ ਉਹ ਪਾਣੀ ਵੀ ਬਰਬਾਦ ਹੁੰਦਾ ਹੈ, ਖ਼ਾਸ ਕਰ ਕੇ ਪੰਜਾਬ ਵਰਗੇ ਸੂਬੇ ’ਚ, ਜਿੱਥੇ ਜ਼ਮੀਨੀ ਪਾਣੀ ਤੇਜ਼ੀ ਨਾਲ ਡਿੱਗ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਅਨਾਜ ਦੀ ਬਰਬਾਦੀ ਨੂੰ ਜਲਵਾਯੂ ਨੀਤੀ ’ਚ ਸ਼ਾਮਲ ਕੀਤਾ ਜਾਵੇ।

ਅੱਗੇ ਦੀ ਰਾਹ : ਖ਼ਾਦ ਪਦਾਰਥਾਂ ਦੇ ਨੁਕਸਾਨ ਨੂੰ ਘੱਟ ਕਰਨਾ ਸਿਰਫ਼ ਫ਼ਸਲ ਜਾਂ ਬਚੇ ਹੋਏ ਭੋਜਨ ਨੂੰ ਸੰਭਾਲਣਾ ਨਹੀਂ ਹੈ। ਇਹ ਸੋਚ ਬਦਲਣ ਦੀ ਜ਼ਰੂਰਤ ਹੈ ਕਿ ਅਸੀਂ ਭੋਜਨ ਨੂੰ ਕਿਵੇਂ ਦੇਖਦੇ ਹਾਂ, ਕਿਵੇਂ ਸਹੇਜਦੇ ਹਾਂ ਅਤੇ ਕਿਵੇਂ ਇਸਤੇਮਾਲ ਕਰਦੇ ਹਾਂ। ਬਰਬਾਦੀ ਘੱਟ ਕਰਨ ਲਈ ਸਾਨੂੰ ਪੂਰੀ ਵਿਵਸਥਾ, ਪ੍ਰੋਤਸਾਹਨ ਅਤੇ ਸੋਚ ਬਦਲਣੀ ਹੋਵੇਗੀ ਅਤੇ ਇਸ ’ਚ ਕਿਸਾਨ ਦੀ ਸ਼ਾਨ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

ਇਸ ਦੇ ਲਈ ਪੰਜ ਵਿਵਹਾਰਕ ਕਦਮ ਜ਼ਰੂਰੀ ਹਨ:


1 ਕੋਲਡ-ਚੇਨ ਬਣਾਓ, ਨੁਕਸਾਨ ਦੀ ਚੇਨ ਤੋੜੋ : ਭਾਰਤ ਆਪਣੀ ਕੁੱਲ ਉਪਜ ਦਾ ਸਿਰਫ਼ 8 ਫੀਸਦੀ ਪ੍ਰੋਸੈੱਸ ਕਰਦਾ ਹੈ, ਜਦਕਿ ਅਮਰੀਕਾ 65 ਫੀਸਦੀ ਤੇ ਚੀਨ 23 ਫੀਸਦੀ ਕਰਦਾ ਹੈ। ਕੋਲਡ-ਚੇਨ ਤੇ ਪ੍ਰੋਸੈਸਿੰਗ ਨੂੰ ਫੂਡ ਸਕਿਓਰਿਟੀ ਦਾ ਹਿੱਸਾ ਮੰਨਿਆ ਜਾਵੇ।

2. ਬਰਬਾਦੀ ਰੋਕਣ ਲਈ ਬਣਨ ਕਾਨੂੰਨ : ਯੂਰਪ ਦੇ ਕਈ ਦੇਸ਼ਾਂ ’ਚ ਸੁਪਰਮਾਰਕੀਟਾਂ ਲਈ ਖਾਣਾ ਸੁੱਟਣਾ ਗ਼ੈਰ-ਕਾਨੂੰਨੀ ਹੈ, ਉਨ੍ਹਾਂ ਨੂੰ ਫੂਡ ਬੈਂਕ ਨੂੰ ਦਾਨ ਕਰਨਾ ਹੁੰਦਾ ਹੈ। ਭਾਰਤ ’ਚ ਵੀ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਅਤੇ ਦਾਨ ਕਰਨ ਵਾਲਿਆਂ ਨੂੰ ਟੈਕਸ ’ਚ ਛੋਟ ਦਿੱਤੀ ਜਾ ਸਕਦੀ ਹੈ।

3. ਕਿਸਾਨ ਨੂੰ ਮਜ਼ਬੂਤ ਬਣਾਓ : ਭੋਜਨ ਦਾ ਨੁਕਸਾਨ ਖੇਤ ਤੋਂ ਹੀ ਸ਼ੁਰੂ ਹੁੰਦਾ ਹੈ। ਕਿਸਾਨ ਉਤਪਾਦਕ ਸੰਗਠਨਾਂ ਨੂੰ ਮਸ਼ੀਨਾਂ, ਆਧੁਨਿਕ ਸਟੋਰੇਜ ਅਤੇ ਮੋਬਾਈਲ ਕੋਲਡ ਯੂਨਿਟਸ ਦਿੱਤੇ ਜਾਣੇ ਚਾਹੀਦੇ ਹਨ। ਜੂਟ ਬੈਗ ’ਚ ਅਨਾਜ ਰੱਖਣ ਦੀ ਪੁਰਾਣੀ ਵਿਵਸਥਾ ਨੂੰ ਬਦਲ ਕੇ ਆਧੁਨਿਕ ਤਕਨੀਕ ਅਪਣਾਉਣੀ ਚਾਹੀਦੀ ਹੈ।

4. ਬਰਬਾਦੀ ਦੱਸੋ: ਭਾਰਤ ’ਚ ਅਜੇ ਭੋਜਨ ਬਰਬਾਦੀ ਦਾ ਕੋਈ ਮਾਨੀਟਰਿੰਗ ਸਿਸਟਮ ਨਹੀਂ ਹੈ। ਵੱਡੇ ਹੋਟਲਾਂ, ਵਿਆਹਾਂ, ਕੈਟਰਿੰਗ ਅਤੇ ਸੰਸਥਾਵਾਂ ’ਚ ਬਰਬਾਦੀ ਦਾ ਰਿਕਾਰਡ ਰੱਖਣਾ ਅਤੇ ਇਸ ਨੂੰ ਜਨਤਕ ਕਰਨਾ ਜ਼ਰੂਰੀ ਕੀਤਾ ਜਾਵੇ।

5. ‘ਅੰਨ’ ਦਾ ਸਨਮਾਨ ਕਰੋ : ਸਾਡੀ ਸੰਸਕ੍ਰਿਤੀ ’ਚ ਅੰਨ ਨੂੰ ਭਗਵਾਨ ਮੰਨਿਆ ਗਿਆ ਹੈ—‘ਅੰਨ ਹੀ ਬ੍ਰਹਮ ਹੈ’। ਇਹ ਸਿਰਫ਼ ਪ੍ਰੰਪਰਾ ਨਹੀਂ, ਸਗੋਂ ਸਭ ਤੋਂ ਟਿਕਾਊ ਸੋਚ ਹੈ। ਸਕੂਲਾਂ, ਸਮਾਜ ਅਤੇ ਸੰਸਥਾਵਾਂ ’ਚ ਇਸ ਭਾਵਨਾ ਨੂੰ ਜ਼ਿੰਮੇਵਾਰੀ ਵਜੋਂ ਜੀਵਿਤ ਕਰਨਾ ਹੋਵੇਗਾ। ਸਮੇਂ ਦੀ ਮੰਗ ਹੈ ਕਿ ਭੋਜਨ ਦੀ ਬਰਬਾਦੀ ਰੋਕਣਾ ਰਾਸ਼ਟਰੀ ਤਰਜੀਹ ਬਣੇ।

ਡਾ. ਅੰਮ੍ਰਿਤ ਸਾਗਰ ਮਿੱਤਲ (ਵਾਈਸ ਚੇਅਰਮੈਨ ਸੋਨਾਲੀਕਾ)


author

Rakesh

Content Editor

Related News