‘ਟੈਰਿਫ’ ਦੇ ਰਹੇ ਸਪੇਨ ਦੇ ਯੂਬ੍ਰਿਕ ’ਚ ਬਣਨ ਵਾਲੇ ਲੈਦਰ ਹੈਂਡਬੈਗਸ ਦੇ ਵੱਕਾਰ ਨੂੰ ਚੁਣੌਤੀ
Wednesday, May 28, 2025 - 05:47 PM (IST)

ਯੂਰਪ ਦੇ ਲਗਜ਼ਰੀ ਬ੍ਰਾਂਡ ਲੰਬੇ ਸਮੇਂ ਤੋਂ ਮਹਿੰਗੇ ਹੈਂਡਬੈਗਸ ਵੇਚਦੇ ਆਏ ਹਨ, ਜੋ ਇਸ ਭੇਤ ’ਤੇ ਆਧਾਰਿਤ ਹਨ ਕਿ ਉਹ ਕਿੱਥੇ ਬਣਦੇ ਹਨ। ਹੁਣ ਵਪਾਰ ਜੰਗ ਧੁੱਪ ਨਾਲ ਗਰਮ ਸਪੇਨ ਦੇ ਸ਼ਹਿਰ ਯੂਬ੍ਰਿਕ ਵਰਗੀਆਂ ਥਾਵਾਂ ’ਤੇ ਉਤਪਾਦਨ ਦੀ ਕੀਮਤ ਨੂੰ ਜਾਂਚ ਰਹੀ ਹੈ।
ਯੂਬ੍ਰਿਕ ’ਚ ਕੰਮ ਕਰਨ ਵਾਲੀਆਂ ਥਾਵਾਂ ਨੇ ਚੈਨਲ, ਲੂਈ ਵੁਈਟਨ ਅਤੇ ਹੋਰਨਾਂ ਬ੍ਰਾਂਡਾਂ ਲਈ ਕਈ ਸਾਲਾਂ ਤੋਂ ਚਮੜੇ ਦੇ ਸਾਮਾਨ ਬਣਾਏ ਹਨ ਜਿਨ੍ਹਾਂ ’ਚ ਸ਼ਹਿਰ ਦੀ 16,000 ਦੀ ਆਬਾਦੀ ਦਾ ਲਗਭਗ ਇਕ ਚੌਥਾਈ ਹਿੱਸਾ ਕੰਮ ਕਰਦਾ ਹੈ। ਚਮੜੇ ਨੂੰ ਆਕਾਰ ਦੇਣ ਅਤੇ ਚਿਕਨਾ ਕਰਨ ਲਈ ਵਰਤੀ ਜਾਣ ਵਾਲੀ ਲੱਕੜੀ ਦੇ ਔਜ਼ਾਰ ਪੈਟਾਕਾਬਰਾ ਦੀ ਇਕ ਵਿਸ਼ਾਲ ਮੂਰਤੀ ਸ਼ਹਿਰ ਨੂੰ ਜਾਣ ਵਾਲੀ ਸੜਕ ਦੇ ਕੰਢੇ ’ਤੇ ਖੜ੍ਹੀ ਹੈ।
ਰਾਸ਼ਟਰਪਤੀ ਟਰੰਪ ਦੇ ਟੈਰਿਫ ਹੁਣ ਯੂਬ੍ਰਿਕ ਦੇ ਬਿਜ਼ਨੈੱਸ ਮਾਡਲ ਅਤੇ ਵਿਆਪਕ ਉਦਯੋਗ ਦੀ ਨੀਂਹ ਨੂੰ ਹਿਲਾ ਰਹੇ ਹਨ। ਟਰੰਪ ਨੇ ਯੂਰਪੀਅਨ ਯੂਨੀਅਨ ਤੋਂ ਦਰਾਮਦ ਵਸਤਾਂ ’ਤੇ 50 ਫੀਸਦੀ ਟੈਰਿਫ ਲਾਉਣ ਦੀ ਧਮਕੀ ਦਿੱਤੀ ਹੈ, ਜਿਸ ਅਧੀਨ ਉਨ੍ਹਾਂ ਡੀਲ ’ਤੇ ਪਹੁੰਚਣ ਲਈ ਸਮਾਂ-ਹੱਦ ਤੈਅ ਕੀਤੀ ਹੈ। ਉਨ੍ਹਾਂ ਹੁਣ ਇਸ ਨੂੰ 9 ਜੁਲਾਈ ਤੱਕ ਟਾਲ ਦਿੱਤਾ ਹੈ।
ਜਦੋਂ ਕਿ ਉੱਚ ਮੁਨਾਫੇ ਵਾਲੇ ਬ੍ਰਾਂਡਾਂ ਨੂੰ ਟੈਰਿਫ ਤੋਂ ਕੁਝ ਸੁਰੱਖਿਆ ਮਿਲੀ ਹੋਈ ਹੈ, ਟਰੰਪ ਵਲੋਂ ਉਤਪਾਦਨ ਨੂੰ ਅਮਰੀਕਾ ’ਚ ਤਬਦੀਲ ਕਰਨ ਦੇ ਯਤਨਾਂ ਨੇ ‘ਮੇਡ ਇਨ ਯੂਰਪ’ ਮੁੱਲ ਪ੍ਰਸਤਾਵ ਦੀ ਨਵੀਂ ਜਾਂਚ ਨੂੰ ਜਨਮ ਦਿੱਤਾ ਹੈ। ਕੁਝ ਬ੍ਰਾਂਡਾਂ ਲਈ ਚਿੰਤਾ ਵਾਲੀ ਗੱਲ ਇਹ ਹੈ ਕਿ ਅਮਰੀਕਾ ’ਚ ਤਿਆਰ ਹੋਣ ਵਾਲਾ ਲਗਜ਼ਰੀ ਸਾਮਾਨ ਖਪਤਕਾਰਾਂ ਸਾਹਮਣੇ ਬਰਾਬਰ ਦੀ ਖਿੱਚ ਨਹੀਂ ਰੱਖੇਗਾ।
ਇਸ ਮਹੀਨੇ ਦੇ ਸ਼ੁਰੂ ’ਚ ਗੁੱਚੀ, ਸੇਂਟ ਲਾਰੈਂਟ ਅਤੇ ਬਾਲੇਂਸੀਗਾ ਦੀ ਮਲਕੀਅਤ ਵਾਲੇ ਗਰੁੱਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਫ੍ਰਾਂਕੋਇਸ-ਹੇਨਰੀ ਪਿਨਾਲਟ ਨੇ ਫ੍ਰਾਂਸੀਸੀ ਸੰਸਦ ਮੈਂਬਰ ਨੂੰ ਕਿਹਾ ਕਿ ਟੈਕਸਾਸ ’ਚ ਇਤਾਲਵੀ ਗੁੱਚੀ ਬੈਗ ਬਣਾਉਣਾ ਮੇਰੀ ਸਮਝ ’ਚ ਨਹੀਂ ਆਉਂਦਾ। ਇਹ ਮੇਰੇ ਗਾਹਕਾਂ ਦੀ ਸਮਝ ’ਚ ਨਹੀਂ ਆਉਂਦਾ। ਮੈਂ ਇਸ ਨੂੰ ਸਮਝ ਨਹੀਂ ਸਕਦਾ।
ਉਦਯੋਗ ਦੇ ਦੂਜੇ ਸਭ ਤੋਂ ਵੱਡੇ ਬਾਜ਼ਾਰ ਚੀਨ ’ਚ ਯੂਰਪੀਅਨ ਮੂਲ ਦੀ ਖਿੱਚ ’ਤੇ ਪਹਿਲਾਂ ਤੋਂ ਹੀ ਸਵਾਲ ਉਠਾਏ ਜਾ ਰਹੇ ਹਨ। ਟਰੰਪ ਵਲੋਂ ਲਿਬਰੇਸ਼ਨ ਡੇਅ ਟੈਰਿਫ ਦੇ ਐਲਾਨ ਪਿੱਛੋਂ, ਜਪਾਜਵਾ ’ਤੇ ਵੀਡੀਓਜ਼ ਦਾ ਹੜ੍ਹ ਆ ਗਿਆ, ਇਨ੍ਹਾਂ ’ਚ ਵਿਲਾਸਤਾ ਦੀ ਅਸਲ ਲਾਗਤ ਨੂੰ ਉਜਾਗਰ ਕਰਨ ਦਾ ਦਾਅਵਾ ਕੀਤਾ ਗਿਆ, ਜਿਸ ’ਚ ਦਿਖਾਇਆ ਗਿਆ ਕਿ ਕਿਵੇਂ ਉੱਚ ਸ਼੍ਰੇਣੀ ਦੇ ਹੈਂਡਬੈਗਸ ਦੀ ਇਕ ਲੜੀ, ਜਿਸ ’ਚ ਹਰਮੀਸ ਬਿਕ੍ਰਿਨ ਵੀ ਸ਼ਾਮਲ ਹੈ, ਜੋ 10,000 ਡਾਲਰ ਤੋਂ ਵੱਧ ’ਚ ਵਿਕਦਾ ਹੈ, ਇਸ ਨੂੰ ਚੀਨ ਦੇ ਇਕ ਕਾਰਖਾਨੇ ’ਚ ਸਸਤੀ ਕੀਮਤ ’ਚ ਨਕਲੀ ਬਣਾਇਆ ਜਾ ਸਕਦਾ ਹੈ।
ਜਾਂਚ ਦੌਰਾਨ ਯੂਬ੍ਰਿਕ ਵਰਗੀਆਂ ਥਾਵਾਂ ’ਤੇ ਧਿਆਨ ਖਿੱਚਿਆ ਗਿਆ ਹੈ, ਇੱਥੇ ਪਹਿਲੇ ਸਾਲ ਦੇ ਸਿਖਾਂਦਰੂ ਲਗਭਗ 30 ਡਾਲਰ ਰੋਜ਼ਾਨਾ ਦੇ ਹਿਸਾਬ ਨਾਲ ਕੰਮ ਸ਼ੁਰੂ ਕਰਦੇ ਹਨ। ਸਭ ਤੋਂ ਤਜਰਬੇਕਾਰ ‘ਉਤਪਾਦਨ ਕਿਰਤੀ’ ਸਥਾਨਕ ਕਿਰਤ ਸਮਝੌਤੇ ਮੁਤਾਬਕ ਲਗਭਗ 57 ਡਾਲਰ ਰੋਜ਼ਾਨਾ ਕਮਾਉਂਦੇ ਹਨ। ਸਮਝੌਤੇ ’ਚ ਇਕ ਸੈਕਸ਼ਨ ਵੀ ਸ਼ਾਮਲ ਹੈ, ਜਿਸ ਮੁਤਾਬਕ ਕੰਪਨੀਆਂ ਨੂੰ ਤਨਖਾਹ ’ਚ ਵਾਧਾ ਕਰਨ ਦੀ ਲੋੜ ਹੁੰਦੀ ਹੈ, ਜੇ ਉਹ ਸਪੇਨ ਦੀ ਘੱਟੋ-ਘੱਟ ਤਨਖਾਹ ਤੋਂ ਘੱਟ ਹੋ ਜਾਂਦੀ ਹੈ। ਇਕ ਵਿਵਸਥਾ ਜੋ ਵਧੇਰੇ ਢੁੱਕਵੀਂ ਹੋ ਗਈ ਕਿਉਂਕਿ ਦੇਸ਼ ਨੇ ਪਿਛਲੇ ਕੁਝ ਸਾਲਾਂ ’ਚ ਆਪਣੀ ਘੱਟੋ-ਘੱਟ ਤਨਖਾਹ ਨੂੰ ਵਾਰ-ਵਾਰ ਵਧਾਇਆ ਹੈ।
ਹਾਲਾਂਕਿ ਉਤਪਾਦਨ ਨੂੰ ਅਮਰੀਕਾ ’ਚ ਤਬਦੀਲ ਕਰਨ ਲਈ ਕਹਿਣਾ ਜਿੰਨਾ ਸੌਖਾ ਹੈ, ਕਰਨਾ ਓਨਾ ਸੌਖਾ ਨਹੀਂ ਹੈ। ਲੂਈ ਵੂਈਟਨ ਨੇ 2019 ’ਚ ਟੈਕਸਾਸ ਦੇ ਅਲਵਾਰਾਡੋ ’ਚ ਚਮੜੇ ਦੇ ਸਾਮਾਨ ਦੀ ਇਕ ਵਰਕਸ਼ਾਪ ਖੋਲ੍ਹੀ, ਜੋ ਵਿਨਿਰਮਾਣ ’ਚ ਵੰਨ-ਸੁਵੰਨਤਾ ਲਿਆਉਣ ਅਤੇ ਆਪਣੇ ਸਭ ਤੋਂ ਵੱਡੇ ਬਾਜ਼ਾਰ ’ਚ ਵਧਦੀ ਮੰਗ ਨੂੰ ਪੂਰਾ ਕਰਨ ਦੇ ਯਤਨਾਂ ਦਾ ਹਿੱਸਾ ਸੀ। ਇਸ ਦਾ ਪਸਾਰ ਕਰਨਾ ਔਖਾ ਸਾਬਤ ਹੋਇਆ। ਸਾਈਟ ਨੂੰ ਵਧਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਲੂਈ ਵੂਈਟਨ ਨੂੰ ਸਥਾਨਕ ਕਾਰੀਗਰਾਂ ਦੀ ਭਰਤੀ ਅਤੇ ਸਿਖਲਾਈ ਲਈ ਸੰਘਰਸ਼ ਕਰਨਾ ਪਿਆ।
ਐੱਲ. ਵੀ. ਐੱਮ. ਐੱਚ. ਦੇ ਸੀ. ਈ. ਓ. ਬਰਨਾਰਡ ਅਰਨਾਲਟ ਨੇ ਕਿਹਾ ਕਿ ਜਦੋਂ ਪਲਾਂਟ ਸ਼ੁਰੂ ਹੋਇਆ ਸੀ, ਤਾਂ ਉਨ੍ਹਾਂ 1000 ਮੁਲਾਜ਼ਮਾਂ ਨੂੰ ਕੰਮ ’ਤੇ ਰੱਖਣ ਦੀ ਯੋਜਨਾ ਬਣਾਈ ਸੀ, ਪਰ ਸਾਲਾਂ ਬਾਅਦ ਇਸ ਸਹੂਲਤ ’ਚ ਸਿਰਫ ਲਗਭਗ 300 ਵਿਅਕਤੀ ਹੀ ਕੰਮ ਕਰਦੇ ਹਨ। ਇਹ ਤੁਲਨਾ ’ਚ ਬਹੁਤ ਘੱਟ ਪਸਾਰ ਹੈ ਜਿਸ ਦਾ ਸਿਹਰਾ ਕੰਪਨੀ ਅੰਸ਼ਿਕ ਰੂਪ ਨਾਲ ਮਹਾਮਾਰੀ ਨੂੰ ਦਿੰਦੀ ਹੈ। ਫਿਰ ਵੀ, ਅਰਨਾਲਟ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਜੇ ਯੂਰਪੀਅਨ ਸੰਘ ਟਰੰਪ ਦੇ ਟੈਰਿਫ ਨੂੰ ਟਾਲਣ ਲਈ ਕਿਸੇ ਸਮਝੌਤੇ ’ਤੇ ਪਹੁੰਚਣ ’ਚ ਨਾਕਾਮ ਰਹਿੰਦਾ ਹੈ ਤਾਂ ਗਰੁੱਪ ਨੂੰ ਜ਼ਰੂਰੀ ਢੰਗ ਨਾਲ ਆਪਣੇ ਅਮਰੀਕੀ ਉਤਪਾਦਨ ਨੂੰ ਵਧਾਉਣ ਲਈ ਮਜਬੂਰ ਹੋਣਾ ਪਵੇਗਾ।
ਸਪੇਨ ਚੁੱਪਚਾਪ ਕੌਮਾਂਤਰੀ ਲਗਜ਼ਰੀ ਸਪਲਾਈ ਲੜੀ ’ਚ ਇਕ ਕੇਂਦਰੀ ਭੂਮਿਕਾ ਨਿਭਾਉਂਦਾ ਹੈ, ਖਾਸ ਤੌਰ ’ਤੇ ਚਮੜੇ ਦੇ ਸਾਮਾਨ ’ਚ। ਇਹ ਗੱਲ ਯੂਬ੍ਰਿਕ ’ਚ ਵਧੇਰੇ ਸਪੱਸ਼ਟ ਹੈ, ਜਿੱਥੇ 19ਵੀਂ ਸਦੀ ’ਚ ਚਮੜੇ ਦੀ ਕਾਰੀਗਰੀ ਦੀ ਸ਼ੁਰੂਆਤ ਹੋਈ ਸੀ। ਸ਼ਹਿਰ ’ਚ ਭਰਪੂਰ ਮਾਤਰਾ ’ਚ ਪਾਣੀ ਦੀ ਸਪਲਾਈ ਤੋਂ ਮਦਦ ਮਿਲੀ, ਜੋ ਖਾਲ ਨੂੰ ਨਰਮ ਬਣਾਉਣ ਅਤੇ ਚਮੜੇ ਨੂੰ ਰੰਗਣ ਲਈ ਜ਼ਰੂਰੀ ਸੀ।
ਇਲਾਕੇ ਦੇ ਅਲੱਗ ਹੋਣ ਅਤੇ ਗਰੀਬੀ ਨੇ ਇਸ ’ਚ ਭੂਮਿਕਾ ਿਨਭਾਈ। ਪਰਿਵਾਰਾਂ ਨੇ ਪਸ਼ੂਆਂ ਨੂੰ ਪਾਲਿਆ ਅਤੇ ਔਰਤਾਂ ਨੇ ਘਰ ’ਚ ਚਮੜੇ ਦੇ ਸਾਮਾਨ ਦੀ ਸਿਲਾਈ ਕਰਨੀ ਸ਼ੁਰੂ ਕੀਤੀ। 1970 ਦੇ ਦਹਾਕੇ ਤੱਕ, ਯੂਬ੍ਰਿਕ ਕਾਰੀਗਰੀ ਦੀ ਇਕ ਉਦਾਹਰਣ ਬਣ ਗਿਆ ਜਿਸ ਨੇ ਡਾਇਰ ਅਤੇ ਲੋਵੇ ਵਰਗੇ ਬ੍ਰਾਂਡਾਂ ਨੂੰ ਖਿੱਚਿਆ।
ਅੱਜ, ਹੈਂਡਬੈਗ ਨਿਰਮਾਤਾ ਯੂਬ੍ਰਿਕ ਦੇ ਸਪਲਾਈਕਰਤਾਵਾਂ ਖਾਸ ਕਰ ਕੇ ਮਸ਼ੀਨਰੀ ਦੇ ਨਿਰਮਾਤਾਵਾਂ, ਟੈਨਰੀਆਂ ਅਤੇ ਲਾਜਿਸਟਿਕਸ ਹੱਬ ਦੇ ਵਿਆਪਕ ਨੈੱਟਵਰਕ ’ਤੇ ਨਿਰਭਰ ਹਨ ਜੋ ਦਹਾਕਿਆਂ ਤੋਂ ਇਕੱਠੇ ਵਿਕਸਿਤ ਹੋਏ ਹਨ। ਉਨ੍ਹਾਂ ਦੀ ਨੇੜਤਾ ਰਫਤਾਰ ਅਤੇ ਲਚੀਲੇਪਨ ਨੂੰ ਸਮਰੱਥ ਬਣਾਉਂਦੀ ਹੈ, ਜੋ ਇਕ ਅਜਿਹੇ ਉਦਯੋਗ ਲਈ ਅਹਿਮ ਹੈ ਜੋ ਲਗਾਤਾਰ ਨਵੇਂ ਡਿਜ਼ਾਈਨਾਂ ’ਤੇ ਕੰਮ ਕਰਦੀ ਹੈ।
ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਨੇ ਭਰੋਸਾ ਅਤੇ ਵਿਵੇਕ ਦੋਹਾਂ ਨੂੰ ਵਧਾਇਆ ਹੈ, ਇਸ ਨਾਲ ਸੌਰਸਿੰਗ ਰਣਨੀਤੀਆਂ ਅਤੇ ਗੈਰ-ਪ੍ਰਕਾਸ਼ਿਤ ਡਿਜ਼ਾਈਨਾਂ ਦੀ ਸੁਰੱਖਿਆ ’ਚ ਮਦਦ ਮਿਲੀ ਹੈ। ਚੈਨਲ ਪਰਸ ਬਿਨਾਂ ਕਿਸੇ ਸਾਈਨੇਜ ਤੋਂ ਇਕ ਵਿਵੇਕ ਭਰਪੂਰ ਵਰਕਸ਼ਾਪ ’ਚ ਬਣਾਏ ਜਾਂਦੇ ਹਨ, ਜਦੋਂ ਕਿ ਲੂਈ ਵੂਈਟਨ 3,000 ਡਾਲਰ ਦੇ ਹੋਬੋ-ਸਟਾਈਲ ਬੈਗ ਸਮੇਤ ਕਈ ਪੀਸ ਬਣਾਉਣ ਲਈ ਪੂਰੇ ਸ਼ਹਿਰ ’ਚ ਕਈ ਸਾਈਟਾਂ ਵਾਲੇ ਇਕ ਪੁਰਾਣੇ ਸਪਲਾਈਕਰਤਾ ’ਤੇ ਨਿਰਭਰ ਕਰਦਾ ਹੈ। ਯੂਬ੍ਰਿਕ ਦੇ ਖੁਸ਼ਹਾਲ ਉਦਯੋਗਿਕ ਤੰਤਰ ਨੂੰ ਕਿਤੇ ਹੋਰ ਦੁਹਰਾਉਣਾ ਔਖਾ ਹੋ ਜਾਵੇਗਾ ਤੇ ਇਸ ’ਚ ਕਈ ਸਾਲ ਲੱਗ ਸਕਦੇ ਹਨ।
ਆਰਥਿਕ ਤਾਕਤਾਂ ਨੇ ਪਹਿਲਾਂ ਵੀ ਯੂਬ੍ਰਿਕ ਨੂੰ ਖਤਰੇ ’ਚ ਪਾਇਆ ਹੈ। 2008 ਦੇ ਵਿੱਤੀ ਸੰਕਟ ਦੌਰਾਨ, ਕਈ ਲਗਜ਼ਰੀ ਬ੍ਰਾਂਡਾਂ ਨੇ ਉਤਪਾਦਨ ਨੂੰ ਚੀਨ ਵਰਗੇ ਘੱਟ ਲਾਗਤ ਵਾਲੇ ਦੇਸ਼ਾਂ ’ਚ ਤਬਦੀਲ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਕਾਰਖਾਨੇ ਬੰਦ ਹੋ ਗਏ, ਨੌਕਰੀਆਂ ਹੱਥੋਂ ਨਿਕਲ ਗਈਆਂ ਅਤੇ ਆਰਥਿਕ ਹਾਲਤ ਮਾੜੀ ਹੋ ਗਈ। ਡਿਪਟੀ ਮੇਅਰ ਬਾਊਟਿਸਟਾ ਨੇ ਕਿਹਾ ਕਿ ਤੁਸੀਂ ਵੇਖੋਗੇ ਕਿ ਜਿਨ੍ਹਾਂ ਲੋਕਾਂ ਕੋਲ ਖਾਣ ਲਈ ਕੁਝ ਨਹੀਂ ਹੁੰਦਾ ਉਹ ਮਦਦ ਮੰਗਣ ਲਈ ਇੱਥੇ ਆਉਂਦੇ ਹਨ।
ਪਰ ਕੁਝ ਸਾਲਾਂ ਬਾਅਦ ਬ੍ਰਾਂਡ ਵਾਪਸ ਆ ਗਏ। ਚੀਨ ’ਚ ਫੈਕਟਰੀਆਂ ਨਕਲੀ ਵਸਤਾਂ ਲਈ ਬੇਹੱਦ ਨਾਜ਼ੁਕ ਸਾਬਤ ਹੋਈਆਂ ਜਦੋਂ ਡਿਜ਼ਾਈਨ ਵਿਨਿਰਦੇਸ਼ ਜਾਂ ਸਮੱਗਰੀ ਲਾਕ ਹੋ ਜਾਂਦੀ ਸੀ, ਤਾਂ ਨਕਲ ਕਰਨ ਵਾਲੇ ਨਿਰਮਾਤਾ ਬਾਜ਼ਾਰ ’ਚ ਨਕਲੀ ਵਸਤਾਂ ਦਾ ਹੜ੍ਹ ਲਿਆ ਸਕਦੇ ਸਨ। ਵਰਕਸ਼ਾਪਾਂ ਅੰਦਰ ਯੂਬ੍ਰਿਕ ’ਚ, ਵਰਕਸ਼ਾਪ ਦੀਆਂ ਕੰਧਾਂ ਦੇ ਪਿੱਛੇ ਪੈਟਾਕਾਬਰਾ ਦੀ ਟੈਪ-ਟੈਪ ਦੀ ਆਵਾਜ਼ ਆਉਂਦੀ ਹੈ। ਸ਼ਹਿਰ ਦੀਆਂ ਕਈ ਫੈਕਟਰੀਆਂ ’ਚ ਮੁਲਾਜ਼ਮ ਸਵੇਰ ਹੋਣ ਤੋਂ ਪਹਿਲਾਂ ਹੀ ਆ ਜਾਂਦੇ ਹਨ। ਆਪਣੇ ਫੋਨ ਲਾਕਰ ’ਚ ਰੱਖ ਦਿੰਦੇ ਹਨ ਅਤੇ ਸਵੇਰ ਦੇ 6 ਵੱਜ ਕੇ 55 ਮਿੰਟ ’ਤੇ ਅਲਾਰਮ ਵੱਜਣ ਦੀ ਉਡੀਕ ਕਰਦੇ ਹਨ।
ਲਗਜ਼ਰੀ ਬ੍ਰਾਂਡ ਅਕਸਰ ਇਕ ਹੀ ਇਨ-ਹਾਊਸ ਕਾਰੀਗਰ ਦੇ ਅਕਸ ਨੂੰ ਹੱਲਾਸ਼ੇਰੀ ਦਿੰਦੇ ਹਨ, ਜੋ ਸ਼ੁਰੂ ਤੋਂ ਲੈ ਕੇ ਆਖਿਰ ਤੱਕ ਬਹੁਤ ਧਿਆਨ ਨਾਲ ਹੈਂਡਬੈਗ ਤਿਆਰ ਕਰਦਾ ਹੈ। ਅਸਲ ’ਚ ਉਤਪਾਦਨ ਵਧੇਰੇ ਉਦਯੋਗਿਕ ਹੈ, ਜਿਸ ਨੂੰ ਵਾਰ-ਵਾਰ, ਵਿਸ਼ੇਸ਼ ਕਾਰਜਾਂ ਦੀ ਇਕ ਲੜੀ ’ਚ ਵੰਡਿਆ ਜਾਂਦਾ ਹੈ। ਇਸ ਲਈ ਘੱਟ ਸਿਖਲਾਈ ਦੀ ਲੋੜ ਪੈਂਦੀ ਹੈ। ਸਿਧਾਂਤਕ ਪੱਖੋਂ ਵਿਨਿਰਮਾਣ ਨੂੰ ਕਿਤੇ ਹੋਰ ਤਬਦੀਲ ਕਰਨਾ ਸੌਖਾ ਹੈ।
ਫਿਰ ਵੀ ਚਮੜੇ ਦੇ ਲਗਜ਼ਰੀ ਸਾਮਾਨ ਨੂੰ ਬਣਾਉਣ ’ਚ ਅਜੇ ਵੀ ਸਟੀਕ, ਹੱਥਾਂ ਨਾਲ ਕੀਤੇ ਜਾਣ ਵਾਲੇ ਪੜਾਵਾਂ ਦੀ ਇਕ ਲੜੀ ਸ਼ਾਮਲ ਹੈ ਜਿਸ ਲਈ ਉੱਚ ਪੱਧਰ ਦੇ ਹੁਨਰ ਦੀ ਲੋੜ ਪੈਂਦੀ ਹੈ, ਅਕਸਰ ਅਜਿਹੀਆਂ ਤਕਨੀਕਾਂ ਦੀ ਵਰਤੋਂ ਕਰ ਕੇ ਇੰਝ ਕੀਤਾ ਜਾਂਦਾ ਹੈ। ਮਸ਼ੀਨਾਂ ਆਸਾਨੀ ਨਾਲ ਅਜਿਹਾ ਕੰਮ ਨਹੀਂ ਕਰ ਸਕਦੀਆਂ, ਕਿਨਾਰਿਆਂ ਨੂੰ ਹੱਥਾਂ ਨਾਲ ਤਿਆਰ ਕੀਤਾ ਜਾਂਦਾ ਹੈ ਅਤੇ ਹਾਰਡਵੇਅਰ ਨੂੰ ਬਹੁਤ ਸੰਭਲ ਕੇ ਫਿੱਟ ਕੀਤਾ ਜਾਂਦਾ ਹੈ। ਵਧੇਰੇ ਤਜਰਬੇਕਾਰ ਕਿਰਤੀਆਂ ਨੂੰ ਸਭ ਤੋਂ ਵੱਧ ਤਕਨੀਕੀ ਪੱਖੋਂ ਮੰਗ ਵਾਲੇ ਕੰਮ ਸੌਂਪੇ ਜਾਂਦੇ ਹਨ। ਕਈ ਲਗਜ਼ਰੀ ਬ੍ਰਾਂਡਾਂ ਦੀ ਸਪਲਾਈ ਕਰਨ ਵਾਲੇ ਡਾਨ ਪੂਰੋ ਵਰਕਸ਼ਾਪ ਦੇ ਮਾਲਕ ਮੈਨੂਅਲ ਫਰਨਾਂਡੀਜ਼ ਨੇ ਕਿਹਾ ਕਿ ਯੋਗ ਲੋਕਾਂ ਨੂੰ ਲੱਭਣਾ ਔਖਾ ਹੈ। ਹਰ ਤਿੰਨ ਨਵੇਂ ਮੁਲਾਜ਼ਮਾਂ ’ਚੋਂ ਤੁਸੀਂ ਸਿਰਫ ਇਕ ਨੂੰ ਰੱਖ ਸਕਦੇ ਹੋ। ਜਿੱਥੇ ਯੂਬ੍ਰਿਕ ਦੇ ਕਾਰੋਬਾਰੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਜੇ ਤੱਕ ਟਰੰਪ ਦੇ ਟੈਰਿਫ ਦਾ ਅਸਰ ਮਹਿਸੂਸ ਨਹੀਂ ਹੋਇਆ, ਉੱਥੇ ਗੈਰ-ਯਕੀਨੀ ਕਾਰਨ ਸ਼ਹਿਰ ’ਚ ਚਿੰਤਾ ਵਧ ਰਹੀ ਹੈ।
ਯੂਬ੍ਰਿਕ ਦੇ ਉਤਪਾਦਕਾਂ ’ਤੇ ਪਹਿਲਾਂ ਤੋਂ ਹੀ ਵਿਆਪਕ ਲਗਜ਼ਰੀ ਮੰਦੀ ਦਾ ਅਸਰ ਪਿਆ ਹੈ। ਵਧੇਰੇ ਕਮੀ ਪੋਲੀਨ ਵਲੋਂ ਪੂਰੀ ਕੀਤੀ ਗਈ ਹੈ, ਇਹ ਇਕ ਤੇਜ਼ੀ ਨਾਲ ਵਧਦਾ ਫ੍ਰਾਂਸੀਸੀ ਬ੍ਰਾਂਡ ਹੈ, ਜੋ ਆਪਣੇ ਸਭ ਹੈਂਡਬੈਗ ਸ਼ਹਿਰ ’ਚ ਬਣਾਉਂਦਾ ਹੈ, ਕੁਝ ਵਰਕਸ਼ਾਪਾਂ ਦਰਦ ਮਹਿਸੂਸ ਕਰ ਰਹੀਆਂ ਹਨ ਕਿਉਂਕਿ ਗਾਹਕ ਆਰਡਰ ਘੱਟ ਦੇ ਰਹੇ ਹਨ।
ਸਥਾਨਕ ਮਾਲਕਾਂ ਦੀ ਐਸੋਸੀਏਸ਼ਨ ਲਈ ਕੰਮ ਕਰਨ ਵਾਲੇ ਮਾਰਕੋਸ ਓਬਾਂਡੋ ਨੂੰ ਉਮੀਦ ਹੈ ਕਿ ਵੱਡੇ ਲਗਜ਼ਰੀ ਬ੍ਰਾਂਡ ਯੂਬ੍ਰਿਕ ’ਚ ਨਿਵੇਸ਼ ਕਰਨਾ ਜਾਰੀ ਰੱਖਣਗੇ, ਬੇਸ਼ੱਕ ਹੀ ਟੈਰਿਫ ਲਾਗਤ ’ਚ ਵਾਧਾ ਹੋਵੇ। ਉਨ੍ਹਾਂ ਦੀ ਦਲੀਲ ਹੈ ਕਿ ਸ਼ਹਿਰ ਨੂੰ ਗੁਣਵੱਤਾ ’ਤੇ ਦੁੱਗਣਾ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਇਹ ਕੀਮਤ ’ਤੇ ਮੁਕਾਬਲੇਬਾਜ਼ੀ ਨਹੀਂ ਕਰ ਸਕਦਾ, ਪੁਰਤਗਾਲ ਜਾਂ ਪੂਰਬੀ ਯੂਰਪ ਦੇ ਦੇਸ਼ਾਂ ਵਰਗੇ ਘੱਟ ਲਾਗਤ ਵਾਲੇ ਗੁਆਂਢੀਆਂ ਨਾਲ ਵੀ ਨਹੀਂ।
ਨਿਕ ਕੋਸਤੋਵ