‘ਪਹਿਲਗਾਮ’ ਨੂੰ ਲੈ ਕੇ ਭਾਰਤੀ ਮੁਸਲਮਾਨਾਂ ਦਾ ਪਾਕਿ ਵਿਰੁੱਧ ਗੁੱਸਾ!

Tuesday, May 20, 2025 - 06:44 AM (IST)

‘ਪਹਿਲਗਾਮ’ ਨੂੰ ਲੈ ਕੇ ਭਾਰਤੀ ਮੁਸਲਮਾਨਾਂ ਦਾ ਪਾਕਿ ਵਿਰੁੱਧ ਗੁੱਸਾ!

22 ਅਪ੍ਰੈਲ, 2025 ਨੂੰ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ ਪਹਿਲਗਾਮ ’ਚ 26 ਹਿੰਦੂ ਸੈਲਾਨੀਆਂ ਦੀ ਬੁਜ਼ਦਿਲਾਨਾ ਹੱਤਿਆ ਦੇ ਬਾਅਦ ਤੋਂ ਹੀ ਭਾਰਤ ਦੇ ਹਰ ਨਾਗਰਿਕ ਦਾ ਖੂਨ ਖੋਲ ਰਿਹਾ ਹੈ ਅਤੇ ਭਾਰਤੀ ਮੁਸਲਮਾਨ ਵੀ ਇਸ ’ਤੇ ਆਪਣਾ ਭਾਰੀ ਗੁੱਸਾ ਜਤਾ ਰਹੇ ਹਨ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 24 ਅਪ੍ਰੈਲ ਨੂੰ ‘ਆਲ ਇੰਡੀਆ ਇਮਾਮ ਆਰਗੇਨਾਈਜ਼ੇਸ਼ਨ’ ਦੇ ਮੁਖੀ ‘ਇਮਾਮ ਉਮਰ ਅਹਿਮਦ ਇਲੀਆਸੀ’ ਨੇ ਮੰਗ ਕੀਤੀ ਕਿ ‘‘ਕਿਸੇ ਵੀ ਅੱਤਵਾਦੀ ਨੂੰ ਭਾਰਤੀ ਧਰਤੀ ’ਤੇ ਦਫਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ।’’

* 29 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘‘ਜੰਮੂ-ਕਸ਼ਮੀਰ ਦੇ ਇਤਿਹਾਸ ’ਚ ਪਹਿਲੀ ਵਾਰ ਅਜਿਹਾ ਹੋਇਆ ਹੈ ਿਕ ਹਾਲ ਦੇ ਅੱਤਵਾਦੀ ਹਮਲੇ ਦੇ ਬਾਅਦ ਕਸ਼ਮੀਰ ਦੇ ਮੁਸਲਮਾਨਾਂ ਨੇ ਸੜਕਾਂ ’ਤੇ ਉਤਰ ਕੇ ਅੱਤਵਾਦ ਦੇ ਵਿਰੁੱਧ ਹੱਲਾ ਬੋਲਿਆ ਹੈ। ਇਹ ਪਾਕਿਸਤਾਨ ਦੇ ਲਈ ਇਕ ਵੱਡਾ ਜਵਾਬ ਹੈ। ਪਾਕਿਸਤਾਨ ਅਤੇ ਅੱਤਵਾਦ ਦੇ ਵਿਰੁੱਧ ਅਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਦੁਸ਼ਮਣ ਦਾ ਨੁਕਸਾਨ ਹੋਵੇ ਪਰ ਭਾਰਤ ਨੂੰ ਕੋਈ ਨੁਕਸਾਨ ਨਾ ਪਹੁੰਚੇ।

* 7 ਮਈ ਨੂੰ ‘ਆਲ ਇੰਡੀਆ ਮੁਸਲਿਮ ਜਮਾਤ’ ਦੇ ਰਾਸ਼ਟਰੀ ਪ੍ਰਧਾਨ ‘ਮੌਲਾਨਾ ਸ਼ਹਾਬੁਦੀਨ ਰਜਵੀ’ ਨੇ ਪਾਕਿਸਤਾਨ ’ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਾਇਆ ਅਤੇ ਭਾਰਤੀ ਫੌਜ ਕਾਰਵਾਈ ਨੂੰ ਇਨ੍ਹਾਂ ਖਤਰਿਆਂ ਨੂੰ ਖਤਮ ਕਰਨ ਲਈ ਅਤਿਅੰਤ ਜ਼ਰੂਰੀ ਦੱਸਿਆ।

* 8 ਮਈ ਨੂੰ ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ’ ਦੇ ਨੇਤਾ ਅਤੇ ਸੰਸਦ ਮੈਂਬਰ ‘ਅਸਦੁਦੀਨ ਓਵੈਸੀ’ ਨੇ ‘ਪਾਕਿਸਤਾਨ ਮੁਰਦਾਬਾਦ ਅਤੇ ਭਾਰਤ ਜ਼ਿੰਦਾਬਾਦ’ ਦੇ ਨਾਅਰੇ ਲਗਾਉਂਦੇ ਹੋਏ ਕਿਹਾ ਕਿ ‘‘ ਬਹੁਤ ਦਿਨਾਂ ਤੋਂ ਪਾਕਿਸਤਾਨ ’ਚ ਜੋ ਅੱਤਵਾਦੀ ਢਾਂਚਾ ਹੈ, ਉਸ ਨੂੰ ਨੇਸਤਨਾਬੂਦ (ਤਬਾਹ) ਕਰਨਾ ਜ਼ਰੂਰੀ ਸੀ।’’

* ‘‘ਜੋ ਵੀ ਅੱਖਾਂ ਅਤੇ ਜੋ ਵੀ ਤਾਕਤਾਂ ਸਾਡੀ ਸਰਹੱਦ ਦੇ ਇਸ ਪਾਰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੀਆਂ ਉਨ੍ਹਾਂ ਤਾਕਤਾਂ ਨੂੰ ਨੇਸਤਨਾਬੂਦ ਕਰਨਾ ਅਤੇ ਉਨ੍ਹਾਂ ਅੱਖਾਂ ਨੂੰ ਨੋਚਣਾ ਜ਼ਰੂਰੀ ਹੈ। ਪਾਕਿਸਤਾਨ ਦੀ ਫੌਜ ਲਗਾਤਾਰ ਭਾਰਤ ਦੇ ਵਿਰੁੱਧ ਸਾਜ਼ਿਸ਼ ਕਰਦੀ ਰਹੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਪਾਕਿਸਤਾਨ ਸਰਕਾਰ ਨੂੰ ਅਜਿਹਾ ਸਖਤ ਸਬਕ ਦਿੱਤਾ ਜਾਣਾ ਚਾਹੀਦਾ ਹੈ ਕਿ ਫਿਰ ਕਦੇ ਦੂਜਾ ਪਹਿਲਗਾਮ ਨਾ ਹੋਵੇ।’’

* 9 ਮਈ ਨੂੰ ‘ਜ਼ਮੀਅਤ ਓਲੇਮਾ-ਏ-ਹਿੰਦ’ ਦੇ ਪ੍ਰਧਾਨ ‘ਮੌਲਾਨਾ ਮਹਿਮੂਦ ਮਦਨੀ’ ਨੇ ਕਿਹਾ, ‘‘ਹਾਂ ਜਵਾਬ ਦੇ ਦਿੱਤਾ ਿਗਆ ਹੈ। ਭਾਰਤ ਸਾਡਾ ਦੇਸ਼ ਹੈ ਅਤੇ ਇਸ ਦੀ ਰੱਖਿਆ ਕਰਨਾ ਸਾਡਾ ਕੌਮੀ ਅਤੇ ਸੰਵਿਧਾਨਿਕ ਫਰਜ਼ ਦੋਵੇਂ ਹਨ... ਅਜਿਹੇ ਸਮੇਂ ’ਚ ਜਦ ਸਾਡੀਆਂ ਸਰਹੱਦਾਂ ਨੂੰ ਖਤਰਾ ਹੈ, ਅਸੀਂ ਆਪਣੇ ਬਹਾਦੁਰ ਫੌਜੀਆਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਹਾਂ।’’

‘‘ਜੇਕਰ ਪਾਕਿਸਤਾਨ ਜੰਗ ਥੋਪਦਾ ਹੈ, ਤਾਂ ਅਸੀਂ ਸਪੱਸ਼ਟ ਸ਼ਬਦਾਂ ’ਚ ਕਹਿਣਾ ਚਾਹੁੰਦੇ ਹਾਂ ਕਿ ਪੂਰਾ ਦੇਸ਼-ਸਾਰੇ ਧਰਮਾਂ ਦੇ ਲੋਕ, ਭਾਰਤੀ ਹਥਿਆਰਬੰਦ ਬਲਾਂ ਦੇ ਨਾਲ ਖੜ੍ਹੇ ਰਹਿਣਗੇ। ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਰਤ, ਇਕ ਰਾਸ਼ਟਰ ਦੇ ਰੂਪ ’ਚ ਇਕਜੁੱਟ ਹੋ ਕੇ, ਆਪਣੀ ਭੂਮੀ ਦੀ ਰੱਖਿਆ ਹਰ ਕੀਮਤ ’ਤੇ ਕਰੇਗਾ। ਪ੍ਰਧਾਨ ਮੰਤਰੀ ਮੋਦੀ ਨੇ ਆਪ੍ਰੇਸ਼ਨ ਸਿੰਧੂਰ ਰਾਹੀਂ ਪਹਿਲਗਾਮ ਦੇ ਅੱਤਵਾਦੀਆਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ।’’

* 17 ਮਈ ਨੂੰ ‘ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ’ ਦੇ ਨੇਤਾ ਅਸਦੁਦੀਨ ਓਵੈਸੀ ਨੇ ਪਾਕਿਸਤਾਨ ਦੇ ਮਦਦਗਾਰ ਤੁਰਕੀ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਤੁਰਕੀ ਨੂੰ ਪਾਕਿਸਤਾਨ ਬਾਰੇ ਆਪਣੀ ਨੀਤੀ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਤੁਰਕੀ ਦੇ ਸ਼ਾਸਕਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਉੱਥੇ ‘ਇਸਬੈਂਕ’ ਨਾਂ ਦਾ ਇਕ ਬੈਂਕ ਹੈ ਜਿਸ ਦੀ ਸਥਾਪਨਾ ’ਚ ਭਾਰਤੀਆਂ ਦਾ ਯੋਗਦਾਨ ਰਿਹਾ ਹੈ।

‘‘ਤੁਰਕੀ ਨੂੰ ਸਮਝਣਾ ਚਾਹੀਦਾ ਕਿ ਪਾਕਿਸਤਾਨ ਨੇ ਹੁਣ ਤੱਕ ਜੋ ਰਵੱਈਆ ਅਪਣਾਇਆ ਹੈ ਉਹ ਇਸਲਾਮ ਦੀਆਂ ਅਸਲੀ ਸਿੱਖਿਆਵਾਂ ਨਾਲ ਮੇਲ ਨਹੀਂ ਖਾਂਦਾ।’’

* ਅਤੇ ਹੁਣ 18 ਮਈ ਨੂੰ ਪ੍ਰਸਿੱਧ ਗੀਤਕਾਰ ਅਤੇ ਸ਼ਾਇਰ ਜਾਵੇਦ ਅਖਤਰ ਨੇ ਕਿਹਾ ਕਿ, ‘‘ਜੇਕਰ ਕਦੇ ਅਜਿਹਾ ਸਮਾਂ ਆਇਆ ਜਦੋਂ ਮੈਨੂੰ ਪਾਕਿਸਤਾਨ ਅਤੇ ਨਰਕ ’ਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਮੈਂ ਨਰਕ ਨੂੰ ਚੁਣਾਂਗਾ।’’

ਇਨ੍ਹਾਂ ਦੇ ਇਲਾਵਾ ‘ਇੰਡੀਅਨ ਮੁਸਲਿਮਸ ਫਾਰ ਸੈਕੂਲਰ ਡੈਮੋਕ੍ਰੇਸੀ’ ਆਦਿ ਹੋਰ ਸੰਗਠਨਾਂ ਨੇ ਵੀ ਪਹਿਲਗਾਮ ਅੱਤਵਾਦੀ ਹਮਲੇ ਦੇ ਵਿਰੁੱਧ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਅਤੇ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣ ਦੀ ਮੰਗ ਕੀਤੀ ਹੈ।

ਇਹ ਬਿਆਨ ਭਾਰਤ ਦੀ ਰਾਸ਼ਟਰੀ ਸੁਰੱਖਿਆ ਦੇ ਪ੍ਰਤੀ ਸਪੱਸ਼ਟ ਅਤੇ ਮਜ਼ਬੂਤ ਵਚਨਬੱਧਤਾ ਅਤੇ ਪਾਕਿਸਤਾਨ ਤੋਂ ਨਿਕਲਣ ਵਾਲੇ ਅੱਤਵਾਦ ਦੀ ਨਿੰਦਾ ਅਤੇ ਦੇਸ਼ ਨੂੰ ਬਾਹਰੀ ਖਤਰਿਆਂ ਤੋਂ ਬਚਾਉਣ ’ਚ ਬਾਕੀ ਦੇਸ਼ ਦੇ ਨਾਲ ਇਕਜੁੱਟਤਾ ਦੀ ਭਾਵਨਾ ਨੂੰ ਦਰਸਾਉਂਦੇ ਹਨ।

ਇਹ ਸਾਰੇ ਬਿਆਨ ਇਸ ਗੱਲ ਦੇ ਗਵਾਹ ਹਨ ਕਿ ਭਾਰਤੀ ਮੁਸਲਮਾਨ ਵੀ ਪਾਕਿਸਤਾਨ ਤੋਂ ਓਨੇ ਹੀ ਨਾਰਾਜ਼ ਹਨ ਜਿੰਨੇ ਕਿ ਹੋਰ ਲੋਕ ਅਤੇ ਹੁਣ ਜਦੋਂ ਕਦੇ ਵੀ ਲੋੜ ਪਵੇਗੀ ਭਾਰਤ ਦੇ ਤਮਾਮ ਲੋਕ ਆਪਣੀ ਜਾਤੀ ਅਤੇ ਧਰਮ ਨੂੰ ਭੁੱਲ ਕੇ ਪਾਕਿਸਤਾਨ ਦੇ ਵਿਰੁੱਧ ਫੌਲਾਦ ਦੀ ਕੰਧ ਵਾਂਗ ਖੜ੍ਹੇ ਹੋਣਗੇ।

–ਵਿਜੇ ਕੁਮਾਰ


author

Sandeep Kumar

Content Editor

Related News