ਹੋਟਲਾਂ/ਦੁਕਾਨਾਂ ਆਦਿ ਦੇ ਚੇਂਜਿੰਗ ਅਤੇ ਵਾਸ਼ ਰੂਮਾਂ ''ਚ ਲੱਗੇ ਗੁਪਤ ਕੈਮਰਿਆਂ ਤੋਂ ਸਾਵਧਾਨ

Tuesday, May 27, 2025 - 01:56 AM (IST)

ਹੋਟਲਾਂ/ਦੁਕਾਨਾਂ ਆਦਿ ਦੇ ਚੇਂਜਿੰਗ ਅਤੇ ਵਾਸ਼ ਰੂਮਾਂ ''ਚ ਲੱਗੇ ਗੁਪਤ ਕੈਮਰਿਆਂ ਤੋਂ ਸਾਵਧਾਨ

ਹੋਟਲਾਂ, ਕੱਪੜਿਆਂ ਦੀਆਂ ਦੁਕਾਨਾਂ ਅਤੇ ਹੋਰਨਾਂ ਸਥਾਨਾਂ ’ਤੇ ਬਣਾਏ ਗਏ ਚੇਂਜਿੰਗ ਰੂਮਾਂ ਅਤੇ ਵਾਸ਼ ਰੂਮਾਂ ’ਚ ਗੁਪਤ ਕੈਮਰੇ ਲਾ ਕੇ ਮਹਿਲਾਵਾਂ ਦੇ ਵੀਡੀਓ ਬਣਾਉਣ ਜਾਂ ਫੋਟੋ ਖਿੱਚਣ ਦੇ ਸ਼ਰਮਨਾਕ ਰੁਝਾਨ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਨ੍ਹਾਂ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 25 ਮਈ, 2024 ਨੂੰ ‘ਮੁਰਾਦਨਗਰ’ (ਗਾਜ਼ੀਆਬਾਦ) ’ਚ ਸਥਿਤ ਇਕ ਧਰਮ ਸਥੱਲ ’ਤੇ ਮਹਿਲਾਵਾਂ ਦੇ ਚੇਂਜਿੰਗ ਰੂਮ ’ਚ ਲਾਏ ਹੋਏ ਗੁਪਤ ਕੈਮਰੇ ਦੇ ਡੀ. ਵੀ. ਆਰ. ਵਿਚੋਂ 75 ਮਹਿਲਾਵਾਂ ਦੇ ਨਿੱਜੀ ਪਲਾਂ ਦੀਆਂ ਫੋਟੋਆਂ ਮਿਲੀਆਂ। ਮਾਮਲੇ ਦਾ ਖੁਲਾਸਾ ਹੋਣ ’ਤੇ ਧਰਮ ਸਥੱਲ ਦੇ ਚੇਂਜਿੰਗ ਰੂਮ ਨੂੰ ਤੋੜ ਦਿੱਤਾ ਗਿਆ।

* 30 ਅਗਸਤ, 2024 ਨੂੰ ‘ਕ੍ਰਿਸ਼ਨਾ’ (ਆਂਧਰਾ ਪ੍ਰਦੇਸ਼) ਜ਼ਿਲੇ ਦੇ ‘ਐੱਸ. ਆਰ. ਗੁਡਾਲਵਲੇਰੂ ਇੰਜੀਨੀਅਰਿੰਗ ਕਾਲਜ’ ਦੇ ਗਰਲਜ਼ ਹੋਸਟਲ ਦੇ ਵਾਸ਼ ਰੂਮ ’ਚ ਗੁਪਤ ਕੈਮਰੇ ਦਾ ਪਤਾ ਲੱਗਾ। ਇਸ ਸਬੰਧ ’ਚ ਗ੍ਰਿਫਤਾਰ ਕੀਤੇ ਗਏ ਇਕ ਵਿਦਿਆਰਥੀ ਦੇ ਲੈਪਟਾਪ ਵਿਚੋਂ 300 ਅਸ਼ਲੀਲ ਵੀਡੀਓ ਫੜੀਆ ਗਈਆਂ।

* 31 ਸਤੰਬਰ, 2024 ਨੂੰ ‘ਬੈਂਗਲੁਰੂ’ (ਕਰਨਾਟਕ) ’ਚ ਸਥਿਤ ਇਕ ਕਾਲਜ ਦੇ ਵਾਸ਼ ਰੂਮ ’ਚ ਗੁਪਤ ਕੈਮਰੇ ਨਾਲ ਲੜਕੀਆਂ ਦੇ ਵੀਡੀਓ ਬਣਾਉਣ ਦੇ ਦੋਸ਼ ’ਚ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਿਗਆ।

* 18 ਦਸੰਬਰ, 2024 ਨੂੰ ‘ਨੋਇਡਾ’ ’ਚ ਇਕ ਪਲੇਅ ਸਕੂਲ ਦੇ ਵਾਸ਼ ਰੂਮ ’ਚ ਗੁਪਤ ਕੈਮਰਾ ਲਾਉਣ ਦੇ ਦੋਸ਼ ’ਚ ਸਕੂਲ ਦੇ ਸੰਚਾਲਕ ਨੂੰ ਗ੍ਰਿਫਤਾਰ ਕੀਤਾ ਿਗਆ।

* 20 ਦਸੰਬਰ, 2024 ਨੂੰ ‘ਭੋਪਾਲ’ (ਮੱਧ ਪ੍ਰਦੇਸ਼) ਸਥਿਤ ਇਕ ‘ਐੱਮ. ਆਰ. ਆਈ. ਸੈਂਟਰ’ ਦੇ ਚੇਂਜਿੰਗ ਰੂਮ ’ਚ ਲੱਗੇ ਗੁਪਤ ਕੈਮਰੇ ਦਾ ਪਤਾ ਲੱਗਣ ’ਤੇ ਉੱਥੇ ਐੱਮ. ਆਰ. ਆਈ. ਕਰਵਾਉਣ ਆਈ ਮਹਿਲਾ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ। ਇਸ ’ਤੇ ਪੁਲਸ ਨੇ ਇਸ ਦੇ ਕੁਝ ਕਰਮਚਾਰੀਆਂ ਨੂੰ ਹਿਰਾਸਤ ’ਚ ਲੈ ਕੇ ਚੇਂਜਿੰਗ ਰੂਮ ਨੂੰ ਸੀਲ ਕਰ ਦਿੱਤਾ।

* 20 ਦਸੰਬਰ, 2024 ਨੂੰ ਦਿੱਲੀ ਦੇ ‘ਦਵਾਰਕਾ’ ’ਚ ਸਥਿਤ ਇਕ ਸਰਕਾਰੀ ਹਸਪਤਾਲ ਦੇ ਕਰਮਚਾਰੀ ਨੇ ਹਸਪਤਾਲ ਦੇ ਮਹਿਲਾ ਵਾਸ਼ ਰੂਮ ’ਚ ਕੈਮਰਾ ਚਾਲੂ ਕਰ ਕੇ ਆਪਣਾ ਮੋਬਾਇਲ ਫੋਨ ਲੁਕਾ ਦਿੱਤਾ ਪਰ ਅਚਾਨਕ ਉਸ ਦੀ ਘੰਟੀ ਵੱਜ ਜਾਣ ’ਤੇ ਵਾਸ਼ ਰੂਮ ’ਚ ਮੌਜੂਦ ਮਹਿਲਾ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਸ ਦੀ ਸ਼ਿਕਾਇਤ ’ਤੇ ਪੁਲਸ ਨੇ ਮੁਲਜ਼ਮ ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ।

* 25, ਦਸੰਬਰ 2024 ਨੂੰ ‘ਰਾਮੇਸ਼ਵਰਮ’ (ਤਾਮਿਲਨਾਡੂ) ’ਚ ਸਥਿਤ ਇਕ ਧਰਮ ਸਥੱਲ ’ਤੇ ਸ਼ਰਧਾਲੂਆਂ ਲਈ ਬਣਾਏ ਗਏ ਚੇਂਜਿੰਗ ਰੂਮਾਂ ’ਚੋਂ ਇਕ ’ਚ ਗੁਪਤ ਕੈਮਰਾ ਲਾਉਣ ਦੇ ਦੋਸ਼ ’ਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

* 7 ਜਨਵਰੀ, 2025 ਨੂੰ ‘ਦੀਵ’ (ਗੁਜਰਾਤ) ਦੇ ਇਕ ਹੋਟਲ ’ਚ ਗੁਪਤ ਕੈਮਰਿਆਂ ਜ਼ਰੀਏ ਮਹਿਲਾਵਾਂ ਅਤੇ ਜੋੜਿਆਂ ਦੇ ਨਿੱਜੀ ਪਲਾਂ ਦੀਆਂ ਵੀਡੀਓ ਬਣਾ ਕੇ ਬਲੈਕਮੇਲਿੰਗ ਅਤੇ ਨਾਜਾਇਜ਼ ਵਸੂਲੀ ਕਰਨ ਦੇ ਦੋਸ਼ ’ਚ ਪੁਲਸ ਨੇ ਹੋਟਲ ਦੇ ਮੈਨੇਜਰ ਅਤੇ ਮਾਲਕ ਨੂੰ ਗ੍ਰਿਫਤਾਰ ਕੀਤਾ।

* 19 ਜਨਵਰੀ, 2025 ਨੂੰ ‘ਰਾਜਨਾਂਦਗਾਂਵ’ (ਛੱਤੀਸਗੜ੍ਹ) ਦੇ ਮੈਡੀਕਲ ਕਾਲਜ ’ਚ ਮਹਿਲਾਵਾਂ ਦੇ ਵਾਸ਼ ਰੂਮ ’ਚ ਗੁਪਤ ਕੈਮਰੇ ਨਾਲ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ’ਚ ਪੁਲਸ ਨੇ ਇਕ ਸਫਾਈ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ।

* 16 ਮਾਰਚ, 2025 ਨੂੰ ‘ਰੁਦਰਪੁਰ’ (ਉਤਰਾਖੰਡ) ’ਚ ਸਥਿਤ ਇਕ ਮਕਾਨ ਦੇ ਵਾਸ਼ ਰੂਮ ’ਚ ਲੁਕਾ ਕੇ ਰੱਖੇ ਗੁਪਤ ਕੈਮਰੇ ਨਾਲ ਉੱਥੇ ਕਿਰਾਏ ’ਤੇ ਰਹਿ ਰਹੀਆਂ ਦੋ ਮਹਿਲਾਵਾਂ ਦੀਆਂ ਅਸ਼ਲੀਲ ਵੀਡੀਓ ਬਣਾਉਣ ਦੇ ਦੋਸ਼ ’ਚ ਪੁਲਸ ਨੇ ਹਰੀਸ਼ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ।

* ਅਤੇ ਹੁਣ 25 ਮਈ, 2025 ਨੂੰ ‘ਸ਼ਹਿਡੋਲ’ (ਮੱਧ ਪ੍ਰਦੇਸ਼) ਜ਼ਿਲੇ ਦੇ ‘ਬੁੜਵਾ’ ਕਸਬੇ ’ਚ ‘ਨਾਰਾਇਣ ਦੀਨ’ ਨਾਂ ਦੇ ਵਿਅਕਤੀ ਦੀ ਕੱਪੜਿਆਂ ਦੀ ਦੁਕਾਨ ਦੇ ਚੇਂਜਿੰਗ ਰੂਮ ’ਚ ਲੁਕਾ ਕੇ ਰੱਖਿਆ ਕੈਮਰਾ ਮਿਲਣ ਤੋਂ ਬਾਅਦ ‘ਨਾਰਾਇਣ ਦੀਨ’ ਅਤੇ ਉਸ ਦੇ ਬੇਟੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

‘ਨਾਰਾਇਣ ਦੀਨ’ ਇਹ ਵੀਡੀਓ ਆਪਣੇ ਕੰਪਿਊਟਰ ’ਚ ਦੇਖਦਾ ਹੁੰਦਾ ਸੀ ਅਤੇ ਜਦੋਂ ਇਸ ਦੀ ਭਿਣਕ ਉਸ ਦੇ ਬੇਟੇ ਨੂੰ ਲੱਗੀ ਤਾਂ ਉਸ ਨੇ ਵੀ ਵੀਡੀਓ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁਝ ਵੀਡੀਓ ਆਪਣੇ ਦੋਸਤਾਂ ਨਾਲ ਵੀ ਸਾਂਝੀਆਂ ਕੀਤੀਆਂ।

ਕਿਸੇ ਦੀ ਨਿੱਜਤਾ ’ਚ ਦਖਲ ਦੇਣਾ ਗੰਭੀਰ ਅਪਰਾਧ ਹੈ। ਵਾਸ਼ ਰੂਮਾਂ ਅਤੇ ਚੇਂਜਿੰਗ ਰੂਮਾਂ ਦੀ ਵਰਤੋਂ ਕਰਦੇ ਸਮੇਂ ਮਹਿਲਾਵਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਅਤੇ ਉੱਥੇ ਕੋਈ ਵੀ ਸ਼ੱਕੀ ਡਿਵਾਈਸ ਦਿਖਾਈ ਦੇਣ ’ਤੇ ਤੁਰੰਤ ਸੰਬੰਧਿਤ ਅਦਾਰੇ ਦੇ ਪ੍ਰਬੰਧਕਾਂ ਅਤੇ ਪੁਲਸ ਨੂੰ ਸੂਚਿਤ ਕਰੋ। ਇਸ ਦੇ ਨਾਲ ਹੀ ਅਜਿਹੇ ਅਪਰਾਧ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਵੀ ਦਿੱਤੀ ਜਾਣੀ ਚਾਹੀਦੀ ਹੈ।

–ਵਿਜੇ ਕੁਮਾਰ


author

Inder Prajapati

Content Editor

Related News