ਸਾਦਗੀ, ਸੰਜਮ ਅਤੇ ਸ਼ਿਸ਼ਟਾਚਾਰ ਦੀ ਮੂਰਤ ਸਨ ''ਰਤਨ ਟਾਟਾ''
Saturday, Oct 12, 2024 - 11:28 AM (IST)
ਹਿਮਾਚਲ ਪ੍ਰਦੇਸ਼ ਦੀਆਂ ਬੜੋਗ ਪਹਾੜੀਆਂ ਉੱਪਰ ਇਕ ਰੀਟ੍ਰੀਟ ’ਚ ਡੁੱਬਦੇ ਸੂਰਜ ਨੂੰ ਦੇਖਦਿਆਂ ਅਤੇ ਉਦਾਸੀ ਭਰੇ ਵਿਚਾਰਾਂ ਦੀ ਇਕ ਲੰਬੀ ਸ਼ਾਮ ਨੂੰ ਗਲ ਲਾਉਂਦਿਆਂ, ਮੈਂ ਦੈਵੀ ਕਿਰਦਾਰ ਰਤਨ ਟਾਟਾ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕਰਨ ਲਈ ਸ਼ਬਦਾਂ ਦੀ ਭਾਲ ਕਰਦਾ ਹਾਂ। ਕੋਈ ਅਜਿਹੇ ਵਿਅਕਤੀ ਬਾਰੇ ਕਿਵੇਂ ਲਿਖ ਸਕਦਾ ਹੈ ਜਿਹੜਾ ਹਮੇਸ਼ਾ ਆਪਣੇ ਬਾਰੇ ਬੋਲਣ ਤੋਂ ਕਤਰਾਉਂਦਾ ਹੈ? ਸਿਰਫ ਉਹ ਲੋਕ ਜੋ ਉਨ੍ਹਾਂ ਦੇ ਤਰੀਕਿਆਂ ਨੂੰ ਅਪਣਾਉਂਦੇ ਸਨ, ਉਨ੍ਹਾਂ ਦੇ ਹਾਵ-ਭਾਵ ਨੂੰ ਸਮਝਦੇ ਸਨ ਅਤੇ ਉਨ੍ਹਾਂ ਦੀਆਂ ਅੰਦਰੂਨੀ ਇੱਛਾਵਾਂ ਨੂੰ ਸਮਝ ਸਕਦੇ ਸਨ, ਉਹ ਹੀ ਜਾਣ ਸਕਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਵੱਡੇ ਮੰਤਵ ਵਾਲੀ ਸੀ, ਜੋ ਬੇਗਰਜ਼ੀ, ਦਇਆ ਅਤੇ ਬੇਹੱਦ ਨਿਮਰਤਾ ’ਤੇ ਆਧਾਰਿਤ ਸੀ। ਧਨ, ਸ਼ਕਤੀ ਅਤੇ ਪ੍ਰਸਿੱਧੀ ’ਚ ਜਨਮੇ, ਉਨ੍ਹਾਂ ਨੇ ਆਪਣੀ ਈਰਖਾ ਕਰਨ ਵਾਲੀ ਵਿਰਾਸਤ ਨੂੰ ਇਕ ਤਪੱਸਵੀ ਵਜੋਂ ਅੱਗੇ ਵਧਾਇਆ।
ਆਡੰਬਰ ਅਤੇ ਦਿਖਾਵੇ ਨੂੰ ਅਸਵੀਕਾਰ ਕਰਦਿਆਂ ਜੋ ਉਨ੍ਹਾਂ ਦੇ ਉੱਚੇ ਅਹੁਦੇ ਦੇ ਕੁਦਰਤੀ ਉਪਕਰਨ ਹੋ ਸਕਦੇ ਸਨ, ਰਤਨ ਟਾਟਾ ਨੇ ਸਾਦਗੀ, ਸੰਜਮ, ਸ਼ਾਨ, ਇੱਜ਼ਤ ਅਤੇ ਸ਼ਿਸ਼ਟਾਚਾਰ ਨੂੰ ਆਪਣੇ ਜੀਵਨ ਦਾ ਮੂਲ ਮੰਤਰ ਚੁਣਿਆ। ਸੱਤਾ ਦੇ ਸਾਹਮਣੇ ਸੱਚ ਬੋਲਣ ਅਤੇ ਅਧਿਕਾਰਾਂ ਲਈ ਲੜਨ ਦੇ ਦੁਰਲੱਭ ਸਾਹਸ ਨਾਲ, ਰਤਨ, ਜਿਵੇਂ ਕਿ ਮੈਂ ਉਨ੍ਹਾਂ ਨੂੰ ਸਿਰਫ ਇਕੱਲਿਆਂ ਹੀ ਸੰਬੋਧਨ ਕਰਦਾ ਸੀ, ਨੇ ਤੁਰੰਤ ਲਾਭ ਲਈ ਸੌਦੇਬਾਜ਼ੀ ਅਤੇ ਨੈਤਿਕ ਸਮਝੌਤਿਆਂ ਦੇ ਮਾਹੌਲ ’ਚ ਇਕ ਮਹਾਨ ਨੈਤਿਕ ਅਗਵਾਈ ਹਾਸਲ ਕੀਤੀ।
ਇਹ ਸਪੱਸ਼ਟ ਤੌਰ ’ਤੇ ਉਨ੍ਹਾਂ ਦਾ ਅਟੱਲ ਨੈਤਿਕ ਮਾਰਗਦਰਸ਼ਨ ਸੀ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਤੋਂ ਵੱਖ ਕਰਦਾ ਸੀ। ਉਹ ਉਨ੍ਹਾਂ ਲੋਕਾਂ ਲਈ ਇਕ ਆਦਰਸ਼ ਬਣ ਗਏ ਜੋ ਬਦਲਾਅ ਲਿਆਉਣ ਦੀ ਇੱਛਾ ਰੱਖਦੇ ਸਨ। ਰਤਨ ਟਾਟਾ ਨਾਲ ਮੇਰਾ ਮੇਲ-ਜੇਲ 80 ਦੇ ਦਹਾਕੇ ਦੇ ਪਹਿਲੇ ਅੱਧ ’ਚ ਸ਼ੁਰੂ ਹੋਇਆ, ਜਦ ਇਕ ਨੌਜਵਾਨ ਵਕੀਲ ਵਜੋਂ ਮੈਨੂੰ ਲਾਇਸੈਂਸਿੰਗ ਅਧਿਕਾਰੀਆਂ ਅਤੇ ਵਕੀਲਾਂ ਦੇ ਇਕ ਕੌਮਾਂਤਰੀ ਸੰਘ ਵਲੋਂ ਆਪਣਾ ਭਾਰਤੀ ਚੈਪਟਰ ਸਥਾਪਿਤ ਕਰਨ ਦਾ ਕੰਮ ਸੌਂਪਿਆ ਗਿਆ ਸੀ, ਜਿਸ ਲਈ ਵਪਾਰਕ ਆਗੂਆਂ ਦੀ ਹਮਾਇਤ ਜ਼ਰੂਰੀ ਮੰਨੀ ਗਈ ਸੀ।
ਕੁਝ ਯਤਨਾਂ ਨਾਲ ਮੈਂ ਰਤਨ ਨੂੰ ਮਿਲਣ ’ਚ ਸਮਰੱਥ ਹੋਇਆ, ਜੋ ਉਸ ਸਮੇਂ ਟਾਟਾ ਕੰਪਨੀਆਂ ਦੇ ਡਾਇਰੈਕਟਰ ਸਨ। ਸ਼ੁਰੂਆਤੀ ਜਾਣ-ਪਛਾਣ ਪਿੱਛੋਂ ਮੈਂ ਇਸ ਵਿਸ਼ੇ ’ਚ ਰਤਨ ਦੀ ਡੂੰਘੀ ਰੁਚੀ ਨੂੰ ਮਹਿਸੂਸ ਕਰ ਸਕਦਾ ਸੀ, ਜੋ ਲਾਜ਼ਮੀ ਤੌਰ ’ਤੇ ਬਹੁਰਾਸ਼ਟਰੀ ਕੰਪਨੀਆਂ ਵਲੋਂ ਲਾਇਸੈਂਸਿੰਗ ਅਤੇ ਤਕਨਾਲੋਜੀ ਦੇ ਤਬਾਦਲੇ ਅਤੇ ਤਬਾਦਲਾ ਮੁੱਲ ਨਿਰਧਾਰਨ ’ਚ ਸ਼ਾਮਲ ਕਾਨੂੰਨੀ ਮੁੱਦਿਆਂ ਬਾਰੇ ਸੀ। ਇਹ ਉਹ ਸਮਾਂ ਵੀ ਸੀ ਜਦੋਂ ਤੀਸਰੀ ਦੁਨੀਆ ਦੀ ਅਗਵਾਈ ਵਾਲੀ ਨਵੀਂ ਅੰਤਰਰਾਸ਼ਟਰੀ ਆਰਥਿਕ ਵਿਵਸਥਾ ਦੀ ਸਥਾਪਨਾ ਬਾਰੇ ਅੰਤਰਰਾਸ਼ਟਰੀ ਗੱਲਬਾਤ ਨੇ ਰਫਤਾਰ ਫੜੀ ਸੀ। ਵਿਕਾਸਸ਼ੀਲ ਦੇਸ਼ਾਂ ਨੂੰ ਤਕਨਾਲੋਜੀ ਤਬਾਦਲੇ ਦੀ ਸਹੂਲਤ ਇਨ੍ਹਾਂ ਵਾਰਤਾਲਾਪਾਂ ਦੇ ਕੇਂਦਰ ’ਚ ਸੀ।
ਸਮਾਂ ਬੀਤਦਾ ਗਿਆ ਅਤੇ ਜ਼ਿੰਦਗੀ ਅੱਗੇ ਵਧਦੀ ਗਈ, ਰਤਨ ਨਾਲੋਂ ਮੇਰਾ ਸੰਪਰਕ ਟੁੱਟ ਗਿਆ। ਕਈ ਸਾਲ ਬਾਅਦ ਜਦੋਂ ਮੈਂ ਰਾਜ ਸਭਾ ਲਈ ਚੁਣਿਆ ਗਿਆ ਤਦ ਉਨ੍ਹਾਂ ਨਾਲ ਮਿਲਣ ਦੇ ਮੌਕੇ ਮਿਲੇ ਪਰ ਸਾਡੇ ਰਿਸ਼ਤੇ ਦੀ ਨੀਂਹ ਪਹਿਲੀ ਮੁਲਾਕਾਤ ’ਚ ਹੀ ਰੱਖੀ ਗਈ ਸੀ। ਉਨ੍ਹਾਂ ਨੂੰ ਪਤਾ ਸੀ ਕਿ ਮੈਂ ਆਜ਼ਾਦੀ ਘੁਲਾਟੀਏ ਪਰਿਵਾਰ ’ਚੋਂ ਹਾਂ ਅਤੇ ਸਾਡੀਆਂ ਕਦਰਾਂ-ਕੀਮਤਾਂ ਸਾਂਝੀਆਂ ਹਨ। ਇਹ ਉਸ ਵਿਅਕਤੀ ਪ੍ਰਤੀ ਸਾਲਾਂ ਦੌਰਾਨ ਉਸ ਦੇ ਸ਼ਿਸ਼ਟਾਚਾਰ ਅਤੇ ਹਾਵ-ਭਾਵ ’ਚ ਝਲਕਦਾ ਸੀ, ਜਿਸ ਤੋਂ ਉਨ੍ਹਾਂ ਨੂੰ ਕੁਝ ਵੀ ਹਾਸਲ ਨਹੀਂ ਸੀ।
ਇਸ ਨੂੰ ਖੁਦ ਅਨੁਭਵ ਕੀਤੇ ਬਿਨਾਂ ਉਨ੍ਹਾਂ ਦੀ ਸ਼ਖਸੀਅਤ ਦੀ ਕਲਪਨਾ ਕਰਨਾ ਸੰਭਵ ਹੈ। 2 ਮੌਕਿਆਂ ’ਤੇ, ਪਹਿਲਾ, ਜਦੋਂ ਮੈਂ 2022 ’ਚ ਸਮੂਹ ਦੇ ਚੇਅਰਮੈਨ ਦੇ ਰੂਪ ’ਚ ਸੇਵਾਮੁਕਤ ਹੋਣ ਪਿੱਛੋਂ ਉਨ੍ਹਾਂ ਦੇ ਨਵੇਂ ਦਫਤਰ ’ਚ ਉਨ੍ਹਾਂ ਨੂੰ ਮਿਲਣ ਗਿਆ ਅਤੇ ਬਾਅਦ ’ਚ 2024 ’ਚ ਆਪਣੇ ਨਵੇਂ ਪ੍ਰਕਾਸ਼ਨਾਂ ਦੀਆਂ ਕਾਪੀਆਂ ਭੇਟ ਕਰਨ ਲਈ ਉਨ੍ਹਾਂ ਦੇ ਨਿਵਾਸ ’ਤੇ ਗਿਆ ਤਾਂ ਉਨ੍ਹਾਂ ਨੇ ਨਾ ਸਿਰਫ ਆਰਾਮ ਨਾਲ ਗੱਲਬਾਤ ਕਰਨ ਦਾ ਸਮਾਂ ਕੱਢਿਆ ਸਗੋਂ ਸਾਡੀਆਂ ਮੀਟਿੰਗਾਂ ਪਿੱਛੋਂ ਖੁਦ ਮੈਨੂੰ ਛੱਡਣ ’ਤੇ ਜ਼ੋਰ ਦਿੱਤਾ ਅਤੇ ਆਖਰੀ ਵਾਰ ਜਦ ਮੈਂ ਉਨ੍ਹਾਂ ਨੂੰ ਕੁਝ ਹਫਤੇ ਪਹਿਲਾਂ ਮੁੰਬਈ ’ਚ ਉਨ੍ਹਾਂ ਦੇ ਕੋਲਾਬਾ ਨਿਵਾਸ ’ਤੇ ਮਿਲਿਆ ਤਾਂ ਉਹ ਤਦ ਤੱਕ ਆਪਣੇ ਦਰਵਾਜ਼ੇ ’ਤੇ ਉਡੀਕ ਕਰਦੇ ਰਹੇ, ਜਦ ਤਕ ਕਿ ਮੇਰੀ ਕਾਰ ਚਲੀ ਨਹੀਂ ਗਈ ਅਤੇ ਨਜ਼ਰਾਂ ਤੋਂ ਓਝਲ ਨਹੀਂ ਹੋ ਗਈ।
ਮੇਰੇ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕਿ ਉਹ ਆਪਣੀ ਖਰਾਬ ਸਿਹਤ ਕਾਰਨ ਇਹ ਪ੍ਰੇਸ਼ਾਨੀ ਨਾ ਲੈਣ, ਉਨ੍ਹਾਂ ਨੇ ਵਿਅਕਤੀਗਤ ਤੌਰ ’ਤੇ ਮੈਨੂੰ ਦਰਵਾਜ਼ੇ ਤੱਕ ਛੱਡਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪਿਆ ਕਿ ਮੈਂ ਹੁਣ ਕੇਂਦਰੀ ਮੰਤਰੀ ਨਹੀਂ ਸੀ ਅਤੇ ਕੋਈ ਪ੍ਰੋਟੋਕਾਲ ਨਹੀਂ ਸੀ। ਉਨ੍ਹਾਂ ਲਈ ਵਿਅਕਤੀਗਤ ਸ਼ਿਸ਼ਟਾਚਾਰ ਪਵਿੱਤਰ ਸੀ। 2006 ’ਚ ਮੈਨੂੰ ਉਦਯੋਗ ਰਾਜ ਮੰਤਰੀ ਵਜੋਂ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਸੀ। ਰਤਨ ਟਾਟਾ ਇਕ ਸ਼ਿਸ਼ਟਾਚਾਰ ਵਜੋਂ ਮੁਲਾਕਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਦੀ ਸਹੂਲਤ ਲਈ ਮੇਰੇ ਨਿਵਾਸ ’ਤੇ ਉਨ੍ਹਾਂ ਨੂੰ ਮਿਲਣ ਦੇ ਮੇਰੇ ਸੁਝਾਅ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਉਦਯੋਗ ਭਵਨ ’ਚ ਮੇਰੇ ਦਫਤਰ ’ਚ ਮਿਲਣ ’ਤੇ ਜ਼ੋਰ ਦਿੱਤਾ, ਕਿਉਂਕਿ ਉਹ ਮੈਨੂੰ ਮੇਰੀ ਅਧਿਕਾਰਤ ਸਮਰੱਥਾ ’ਚ ਮਿਲ ਰਹੇ ਸਨ।
ਮੁੰਬਈ ’ਚ ਇਕ ਹੋਰ ਮੌਕੇ ’ਤੇ ਉਨ੍ਹਾਂ ਨੇ ਮੈਨੂੰ ਕੇਂਦਰੀ ਮੰਤਰੀ ਵਜੋਂ ਮੇਰੇ ਤਤਕਾਲੀ ਅਹੁਦੇ ਦੇ ਸਨਮਾਨ ’ਚ ਆਪਣੇ ਦਫਤਰ ਦੀ ਥਾਂ ਤਾਜ ਹੋਟਲ ਦੇ ਚੈਂਬਰਜ਼ ’ਚ ਚਾਹ ਦਾ ਸੱਦਾ ਦਿੱਤਾ, ਭਾਵੇਂ ਹੀ ਇਹ ਮੈਂ ਹੀ ਸੀ ਜਿਸ ਨੇ ਉਨ੍ਹਾਂ ਨੂੰ ਪੰਜਾਬ ’ਚ ਨਿਰਮਾਣ ਨੂੰ ਉਤਸ਼ਾਹਿਤ ਕਰਨ ਵਾਲੀ ਉਨ੍ਹਾਂ ਦੀ ਅੰਤਰ-ਦ੍ਰਿਸ਼ਟੀ ਲਈ ਮਿਲਣ ਲਈ ਕਿਹਾ ਸੀ। ਸਿਧਾਂਤ ਲਈ ਲੜਨ ਦੀ ਉਨ੍ਹਾਂ ਦੀ ਇੱਛਾ ਨੇ ਉਨ੍ਹਾਂ ਨੂੰ ਸਿੰਗੂਰ ’ਚ ਮਮਤਾ ਬੈਨਰਜੀ ਨਾਲ ਲੜਨ ਲਈ ਪ੍ਰੇਰਿਤ ਕੀਤਾ ਅਤੇ ਨਾ ਹੀ ਉਹ ਆਪਣੀ ਨਿੱਜਤਾ ਦੀ ਰੱਖਿਆ ਕਰਨ ਅਤੇ ਨੀਰਾ ਰਾਡੀਆ ਮਾਮਲੇ ’ਚ ਇਕ ਸੰਵਿਧਾਨਿਕ ਮੌਲਿਕ ਅਧਿਕਾਰ ਨੂੰ ਸਹੀ ਠਹਿਰਾਉਣ ਲਈ ਸੁਪਰੀਮ ਕੋਰਟ ਜਾਣ ਤੋਂ ਪਿੱਛੇ ਹਟੇ।
ਜਦੋਂ ਮੈਂ ਜਾਪਾਨ ਦੇ ਸ਼ਾਹੀ ਮਹਿਮਾਨਾਂ ਦੇ ਸਨਮਾਨ ’ਚ ਦਿੱਲੀ ’ਚ ਇਕ ਸਮਾਗਮ ਦੌਰਾਨ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਨੂੰ ਸਾਇਰਸ ਮਿਸਤਰੀ ਨੇ ਨਿਰਾਸ਼ ਕੀਤਾ ਹੈ ਤਾਂ ਉਨ੍ਹਾਂ ਨੇ ਸੰਜਮ ਦੇ ਆਪਣੇ ਖਾਸ ਪ੍ਰਦਰਸ਼ਨ ਅਤੇ ਲੋਕਾਂ ਬਾਰੇ ਕੁਝ ਵੀ ਨਕਾਰਾਤਮਕ ਨਾ ਕਹਿਣ ਦੀ ਆਪਣੀ ਸਹਿਜ ਪਸੰਦ ਕਾਰਨ ਚੁੱਪ ਧਾਰ ਲਈ। ਨੁਕਸਾਨ ਉਠਾਉਣ ਦੇ ਬਾਵਜੂਦ ਉਹ ਇਕ ਵਾਰ ਵੀ ਕਾਰੋਬਾਰੀ ਲਾਭ ਲਈ ਆਪਣੇ ਨੈਤਿਕ ਮਾਪਦੰਡਾਂ ਨਾਲ ਸਮਝੌਤਾ ਕਰਨ ਦੇ ਲਾਲਚ ’ਚ ਨਹੀਂ ਫਸੇ। ਅਲਵਿਦਾ ਮੇਰੇ ਦੋਸਤ! ਭਗਵਾਨ ਤੁਹਾਨੂੰ ਆਪਣੇ ਨਿਵਾਸ ’ਚ ਲੈ ਜਾਵੇ, ਜੋ ਕੁਝ ਖਾਸ ਲੋਕਾਂ ਲਈ ਰਾਖਵਾਂ ਹੈ।
-ਅਸ਼ਵਨੀ ਕੁਮਾਰ