ਸਿਆਸੀ ਪਾਰਟੀਆਂ ਨੂੰ ਸੰਜਮ ਨਾਲ ਕੰਮ ਕਰਨਾ ਚਾਹੀਦੈ
Thursday, Dec 19, 2024 - 03:54 PM (IST)
ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਪਾਰਟੀਆਂ ਦਰਮਿਆਨ ਸਿਆਸੀ ਬਿਆਨਬਾਜ਼ੀ ਅਤੇ ਕੁੜੱਤਣ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ ਅਤੇ ਹਰ ਧਿਰ ਸਿਆਸੀ ਵਿਰੋਧੀਆਂ ’ਤੇ ਵਿਅੰਗ ਕਰਨ ਅਤੇ ਉਨ੍ਹਾਂ ਦਾ ਮਖੌਲ ਉਡਾਉਣ ਦਾ ਕੋਈ ਮੌਕਾ ਨਹੀਂ ਛੱਡਦੀ। ਕਈ ਵਾਰ ਇਸ ਨਾਲ ਤ੍ਰਾਸਦੀ ਭਰੀਆਂ ਅਤੇ ਆਤਮ-ਵਿਰੋਧਾਭਾਸੀ ਸਥਿਤੀਆਂ ਪੈਦਾ ਹੋ ਜਾਂਦੀਆਂ ਹਨ। ਉਹ ਦਿਨ ਲੱਦ ਗਏ ਜਦੋਂ ਸੰਸਦ ਸਿਆਸੀ ਵਿਰੋਧੀਆਂ ਦਰਮਿਆਨ ਗਿਆਨਵਰਧਕ ਭਾਸ਼ਣਾਂ ਅਤੇ ਮਿੱਤਰਤਾਪੂਰਨ ਵਾਰਤਾ ਦਾ ਸਥਾਨ ਹੋਇਆ ਕਰਦੀ ਸੀ, ਜਿਸ ’ਚ ਕਦੇ ਕੋਈ ਕੁੜੱਤਣ ਨਹੀਂ ਦਿਸਦੀ ਸੀ। ਪੀਲੂ ਮੋਦੀ ਜਿਨ੍ਹਾਂ ਦੀ ਸੈਂਸ ਆਫ ਹਿਊਮਰ ਲਾਜਵਾਬ ਸੀ, ਰਾਮ ਮਨੋਹਰ ਲੋਹੀਆ ਅਤੇ ਜਵਾਹਰ ਲਾਲ ਨਹਿਰੂ ਵਰਗੇ ਦਿੱਗਜ ਇਕ-ਦੂਸਰੇ ’ਤੇ ਵਿਅੰਗ ਕਰਦੇ ਸਨ ਪਰ ਅਜਿਹਾ ਕਰਦੇ ਸਮੇਂ ਉਨ੍ਹਾਂ ਦਰਮਿਆਨ ਕੁੜੱਤਣ ਦਾ ਕੋਈ ਨਿਸ਼ਾਨ ਨਹੀਂ ਸੀ। ਆਪਣੀ ਗੱਲ ਜ਼ੋਰ-ਸ਼ੋਰ ਨਾਲ ਅਤੇ ਸਪੱਸ਼ਟ ਤੌਰ ’ਤੇ ਰੱਖਦੇ ਸਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਗੱਲ ਕਹਿਣ ਦੀ ਆਗਿਆ ਦਿੰਦੇ ਸਨ। ਨੇਤਾ ਸੰਸਦ ਦੇ ਬਾਹਰ ਅਕਸਰ ਮਿਲਦੇ ਸਨ ਤੇ ਸਮਾਜਿਕ ਮੁੱਦਿਆਂ ’ਤੇ ਚਰਚਾ ਲਈ ਭੋਜਨ ਕਰਦੇ ਸਨ।
ਅੱਜਕਲ੍ਹ ਸਥਿਤੀ ਕਾਫੀ ਉਲਟ ਹੈ, ਜਿਸ ’ਚ ਸਪੱਸ਼ਟ ਤੌਰ ’ਤੇ ਇਕ-ਦੂਜੇ ਪ੍ਰਤੀ ਕੋਈ ਸਨਮਾਨ ਨਹੀਂ ਹੈ। ਕੁੜੱਤਣ ਆਮ ਗੱਲ ਹੋ ਗਈ ਹੈ। ਸੰਸਦ ਦੀ ਕਾਰਵਾਈ ਨੂੰ ਰੋਕਣਾ ਆਮ ਗੱਲ ਹੈ, ਹਾਲਾਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਯੂ. ਪੀ. ਏ. ਸ਼ਾਸਨ ਦੌਰਾਨ ਭਾਜਪਾ ਦੇ ਮੈਂਬਰ ਵੀ ਅਜਿਹਾ ਹੀ ਕਰਦੇ ਰਹੇ ਹਨ। ਜ਼ਾਹਿਰ ਹੈ ਕਿ ਸੰਵਾਦ ਦੀ ਘਾਟ ਹੈ ਅਤੇ ਨੇਤਾ ਸ਼ਾਇਦ ਹੀ ਕਦੇ ਸਿਆਸੀ ਵਿਰੋਧੀਆਂ ਨੂੰ ਗੈਰ-ਰਸਮੀ ਤੌਰ ’ਤੇ ਮਿਲਦੇ ਹਨ। ਤ੍ਰਾਸਦੀ ਇਹ ਹੈ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਉਹ ਜਿਨ੍ਹਾਂ ਮੁੱਦਿਆਂ ’ਤੇ ਦੂਜਿਆਂ ਦੀ ਆਲੋਚਨਾ ਕਰਦੇ ਹਨ, ਉਨ੍ਹਾਂ ’ਚੋਂ ਕੁਝ ਮੁੱਦਿਆਂ ’ਤੇ ਉਹ ਖੁਦ ਵੀ ਇਸ ਤੋਂ ਵੀ ਬਦਤਰ ਅਪਰਾਧੀ ਰਹੇ ਹਨ! ਕਾਂਗਰਸ, ਜੋ ਬਿਨਾਂ ਸ਼ੱਕ ਸੰਵਿਧਾਨ ਦੀ ਉਲੰਘਣਾ ਕਰਨ ਦੇ ਮਾਮਲੇ ’ਚ ਸਭ ਤੋਂ ਵੱਡੀ ਅਪਰਾਧੀ ਹੈ, ਸੰਵਿਧਾਨ ’ਚ ਸੋਧ ਕਰਨ ਦੀ ਕੋਸ਼ਿਸ਼ ਕਰਨ ਲਈ ਭਾਜਪਾ ਦੀ ਆਲੋਚਨਾ ਕਰਦੀ ਰਹੀ ਹੈ।
ਰਾਹੁਲ ਗਾਂਧੀ ਸਮੇਤ ਇਸ ਦੇ ਨੇਤਾ ਸੰਵਿਧਾਨ ਦੀ ਇਕ ਕਾਪੀ ਲੈ ਕੇ ਦੇਸ਼ ਭਰ ’ਚ ਘੁੰਮ ਰਹੇ ਸਨ ਅਤੇ ਦਾਅਵਾ ਕਰ ਰਹੇ ਸਨ ਕਿ ਭਾਜਪਾ ਇਸ ਨੂੰ ਬਦਲਣ ਲਈ ਤਿਆਰ ਹੈ। ਪ੍ਰਿਯੰਕਾ ਗਾਂਧੀ ਅਤੇ ਪਾਰਟੀ ਦੇ ਹੋਰ ਆਗੂ ਵੀ ਭਾਜਪਾ ’ਤੇ ਸੰਵਿਧਾਨ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾ ਰਹੇ ਹਨ। ਸੰਯੋਗ ਨਾਲ ਉਨ੍ਹਾਂ ਨੇ ਲੋਕ ਸਭਾ ਤੋਂ ਆਪਣੀ ਮੁਹਿੰਮ ਜਾਰੀ ਰੱਖੀ, ਜਿਥੇ ਇਸ ਨਾਲ ਪਾਰਟੀ ਨੂੰ ਰਾਸ਼ਟਰੀ ਪੱਧਰ ’ਤੇ ਕੁਝ ਲਾਭ ਮਿਲ ਸਕਦਾ ਸੀ, ਇਥੋਂ ਤਕ ਕਿ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵੀ, ਜਿਥੇ ਇਸ ਮੁੱਦੇ ’ਤੇ ਸ਼ਾਇਦ ਹੀ ਕੋਈ ਚਰਚਾ ਹੋਈ। ਸੰਵਿਧਾਨ ਦੇ ਰਾਖੇ ਦੇ ਰੂਪ ’ਚ ਕੰਮ ਕਰਨ ਜਾਂ ਕਰਨ ਦੀ ਕੋਸ਼ਿਸ਼ ਕਰਨ ਵਾਲੀ ਕਾਂਗਰਸ ਇਹ ਭੁੱਲ ਰਹੀ ਹੈ ਕਿ ਇਹ ਇੰਦਰਾ ਗਾਂਧੀ ਹੀ ਸੀ ਜਿਨ੍ਹਾਂ ਨੇ ਅੰਦਰੂਨੀ ਐਮਰਜੈਂਸੀ ਲਾਈ ਸੀ ਅਤੇ ਲੋਕਾਂ ਦੇ ਮੌਲਿਕ ਅਧਿਕਾਰ ਵੀ ਖੋਹ ਲਏ ਸਨ। ਇੰਨਾ ਹੀ ਨਹੀਂ, ਕੇਂਦਰ ’ਚ ਪਾਰਟੀ ਦੀਆਂ ਸਰਕਾਰਾਂ ਵਿਰੋਧੀ ਧਿਰ ਸ਼ਾਸਿਤ ਸੂਬਾ ਸਰਕਾਰਾਂ ਨੂੰ ਬਿਨਾਂ ਸੋਚੇ-ਸਮਝੇ ਬਰਖਾਸਤ ਕਰ ਰਹੀਆਂ ਹਨ। ਸੰਯੋਗ ਨਾਲ ਮੌਜੂਦਾ ਭਾਜਪਾ ਸਰਕਾਰ ’ਤੇ ਮਣੀਪੁਰ ’ਚ ਬੀਰੇਨ ਸਿੰਘ ਦੀ ਅਗਵਾਈ ਵਾਲੀ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਨਾ ਕਰਨ ਦਾ ਦੋਸ਼ ਲਗਾਇਆ ਜਾ ਸਕਦਾ ਹੈ, ਜੋ ਸਰਕਾਰ ਨੂੰ ਬਰਖਾਸਤ ਕਰਨ ਲਈ ਇਕ ਢੁੱਕਵਾਂ ਮਾਮਲਾ ਹੈ।
ਦੂਜੇ ਪਾਸੇ ਭਾਜਪਾ ਆਗੂ ਜਾਤੀ ਜਨਗਣਨਾ ਦੀ ਮੰਗ ਕਰ ਕੇ ਕਾਂਗਰਸ ਨੂੰ ਵੰਡਪਾਊ ਪਾਰਟੀ ਕਹਿ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਪਾਰਟੀ ’ਤੇ ਸਿਆਸੀ ਲਾਭ ਲਈ ਹੋਰ ਪੱਛੜੇ ਵਰਗ (ਓ. ਬੀ. ਸੀ.) ਨੂੰ ਵੰਡਣ ਦਾ ਯਤਨ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਓ. ਬੀ. ਸੀ. ਭਾਈਚਾਰੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਇਸ ਨੂੰ ਛੋਟੇ ਜਾਤੀ ਸਮੂਹਾਂ ’ਚ ਵੰਡ ਕੇ ਇਸ ਦੀ ਏਕੀਕ੍ਰਿਤ ਪਛਾਣ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ’ਤੇ ਇਕ ਜਾਤੀ ਨੂੰ ਦੂਸਰੀ ਜਾਤੀ ਖਿਲਾਫ ਖੜ੍ਹਾ ਕਰਨ ਦਾ ਦੋਸ਼ ਲਾਇਆ ਸੀ ਅਤੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕਰਦਿਆਂ ਕਿਹਾ ਸੀ, ‘‘ਏਕ ਹੈਂ ਤੋ ਸੇਫ ਹੈਂ।’’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਹਫਤੇ ਸੰਸਦ ’ਚ ਕਿਹਾ ਕਿ ਕਾਂਗਰਸ ਵੰਡਪਾਊ ਹੈ ਕਿਉਂਕਿ ਉਹ ਧਰਮ ਆਧਾਰਿਤ ਕੋਟਾ ਲਿਆਉਣ ਲਈ 50 ਫੀਸਦੀ ਦੀ ਹੱਦ ਨੂੰ ਤੋੜਨਾ ਚਾਹੁੰਦੀ ਸੀ।
ਕਾਂਗਰਸ ’ਤੇ ਵੰਡਪਾਊ ਹੋਣ ਦਾ ਦੋਸ਼ ਲਾਉਣਾ ਅਤੇ ਉਸ ’ਤੇ ਸਮਾਜ ’ਚ ਪਾੜ ਪੈਦਾ ਕਰਨ ਦਾ ਦੋਸ਼ ਲਾਉਣਾ ਅਸਲ ’ਚ ਬਹੁਤ ਹੀ ਤ੍ਰਾਸਦੀ ਭਰਿਆ ਹੈ। ਇਹ ਦੋਸ਼ ਭਾਜਪਾ ਲਈ ਹੋਰ ਵੀ ਸਹੀ ਹੈ, ਜਿਸ ਨੇ ਹਿੰਦੂ-ਮੁਸਲਿਮ ਕਥਾ ਨੂੰ ਆਪਣੀ ਮੁਹਿੰਮ ਦਾ ਹਿੱਸਾ ਬਣਾ ਲਿਆ ਹੈ ਅਤੇ ਸਮਾਜ ’ਚ 2 ਵਰਗਾਂ ਦੇ ਦਰਮਿਆਨ ਜ਼ਹਿਰ ਘੋਲ ਦਿੱਤਾ ਹੈ, ਜਿਸ ਨਾਲ ਆਪਸੀ ਸ਼ੱਕ ਪੈਦਾ ਹੋ ਰਿਹਾ ਹੈ। ਦੂਜੇ ਪਾਸੇ ਪਾਰਟੀ ਕਾਂਗਰਸ ’ਤੇ ਬਹੁਗਿਣਤੀ ਭਾਈਚਾਰੇ ਦੀ ਕੀਮਤ ’ਤੇ ਘੱਟਗਿਣਤੀਆਂ ਨੂੰ ਖੁਸ਼ ਕਰਨ ਦਾ ਦੋਸ਼ ਲਾਉਂਦੀ ਹੈ। ਇਹ ਬਰਤਨ ਨੂੰ ਕਾਲਾ ਕਹਿਣ ਦੀਆਂ ਕਲਾਸਿਕ ਮਿਸਾਲਾਂ ਹਨ। ਹੁਣ ਸਮਾਂ ਆ ਗਿਆ ਹੈ ਕਿ ਸਿਆਸੀ ਆਗੂ ਬੇ-ਬੁਨਿਆਦ ਦੋਸ਼ ਲਾ ਕੇ ਆਪਣਾ ਹਿੱਤ ਸਾਧਨ ਤੋਂ ਬਚਣ ਅਤੇ ਅਕਸਰ ਮਿਲ ਕੇ ਗੈਰ-ਰਸਮੀ ਤੌਰ ’ਤੇ ਮੁੱਦਿਆਂ ’ਤੇ ਚਰਚਾ ਕਰ ਕੇ ਆਪਸੀ ਸੰਵਾਦ ਨੂੰ ਬਿਹਤਰ ਬਣਾਉਣ।
ਵਿਪਿਨ ਪੱਬੀ