ਘੱਟ ਹੁੰਦੀ ਸਹਿਣਸ਼ਕਤੀ ਅਤੇ ਧੀਰਜ

Wednesday, Dec 18, 2024 - 05:02 PM (IST)

ਘੱਟ ਹੁੰਦੀ ਸਹਿਣਸ਼ਕਤੀ ਅਤੇ ਧੀਰਜ

ਇਨ੍ਹੀਂ ਦਿਨੀਂ ਬੈਂਗਲੁਰੂ ਦੇ ਇੰਜੀਨੀਅਰ ਅਤੁਲ ਸੁਭਾਸ਼ ਦੀ ਖੁਦਕੁਸ਼ੀ ਦੀ ਹਰ ਪਾਸੇ ਚਰਚਾ ਹੈ। ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਤੁਲ ਮਾਨਸਿਕ ਤੌਰ ’ਤੇ ਕਿੰਨਾ ਦੁਖੀ ਹੋਵੇਗਾ ਕਿ ਉਸ ਨੇ ਅਜਿਹਾ ਘਿਨਾਉਣਾ ਕਦਮ ਚੁੱਕਿਆ, ਨਹੀਂ ਤਾਂ ਕੌਣ ਮਰਨਾ ਚਾਹੁੰਦਾ ਹੈ। ਕਈ ਲੋਕ ਕਹਿ ਰਹੇ ਹਨ ਕਿ ਉਸ ਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ। ਹਰ ਕਿਸੇ ਤੋਂ ਬਦਲਾ ਲੈਣਾ ਚਾਹੀਦਾ ਸੀ।

ਇਕ ਹੋਰ ਵਿਅਕਤੀ ਨੇ ਲਿਖਿਆ ਕਿ ਜੇਕਰ ਅਤੁਲ ਸੁਭਾਸ਼ ਨੇ ਖੁਦਕੁਸ਼ੀ ਨਾ ਕੀਤੀ ਹੁੰਦੀ ਤਾਂ ਕੀ ਪੁਲਸ ਇੰਨੀ ਸਰਗਰਮ ਹੁੰਦੀ? ਕੀ ਮੀਡੀਆ ਇੰਨਾ ਰੌਲਾ-ਰੱਪਾ ਪਾਉਂਦਾ? ਨਹੀਂ। ਇਸ ਲਈ ਕਿਤੇ ਨਾ ਕਿਤੇ ਤੁਸੀਂ ਕਿਸੇ ਅਤੁਲ ਦੇ ਮਰਨ ਦੀ ਉਡੀਕ ਕਰ ਰਹੇ ਹੁੰਦੇ ਹੋ। ਹੋ ਸਕੇ ਤਾਂ ਕਿਸੇ ਅਤੁਲ ਨੂੰ ਸਮਝੋ ਅਤੇ ਸਹਿਯੋਗ ਦਿਓ। ਲੱਖਾਂ ਅਤੁਲ ਤੁਹਾਡੇ ਆਸ-ਪਾਸ ਹੀ ਹਨ।

ਇਕ ਹੋਰ ਵਿਅਕਤੀ ਨੇ ਆਪਣੀ ਕਹਾਣੀ ਲਿਖੀ, ਜੋ ਅਤੁਲ ਸੁਭਾਸ਼ ਦੀ ਕਹਾਣੀ ਨਾਲ ਮਿਲਦੀ-ਜੁਲਦੀ ਹੈ। ਉਸ ਨੇ ਇਹ ਵੀ ਲਿਖਿਆ ਕਿ ਮੈਂ ਬਸ ਖੁਦਕੁਸ਼ੀ ਨਹੀਂ ਕੀਤੀ। ਕੌਣ ਜਾਣਦਾ ਹੈ ਕਿ ਮੈਂ ਇੰਨਾ ਪਰੇਸ਼ਾਨ ਹੋ ਜਾਵਾਂ ਕਿ ਮੈਨੂੰ ਅਜਿਹਾ ਕਰਨਾ ਪਵੇ। ਇਸ ਘਟਨਾ ’ਤੇ ਕਈ ਔਰਤਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਹੁਤ ਸਾਰੇ ਅਜਿਹੇ ਸਨ ਜਿਨ੍ਹਾਂ ਨੇ ਇਹ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਇਕ ਔਰਤ ਇਕ ਆਦਮੀ ਨੂੰ ਇੰਨਾ ਤੰਗ ਕਰ ਸਕਦੀ ਹੈ ਕਿ ਉਸ ਨੂੰ ਖੁਦਕੁਸ਼ੀ ਕਰਨੀ ਪਵੇ।

ਅਕਸਰ ਅਜਿਹੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਕਿ ਕਿਸੇ ਲੜਕੇ ਨੇ ਰੇਲਗੱਡੀ ਹੇਠਾਂ ਆ ਕੇ ਜਾਨ ਦੇ ਦਿੱਤੀ। ਕਿਸੇ ਔਰਤ ਨੇ ਨਦੀ ਜਾਂ ਖੂਹ ਵਿਚ ਛਾਲ ਮਾਰ ਦਿੱਤੀ। ਕਿਸੇ ਮੁੰਡੇ ਨੇ ਜ਼ਹਿਰ ਖਾ ਲਿਆ। ਜਦੋਂ ਮੈਂ ਇਹ ਘਟਨਾਵਾਂ ਲਿਖ ਰਹੀ ਹਾਂ, ਖਬਰ ਆ ਰਹੀ ਹੈ ਕਿ ਰਾਜਸਥਾਨ ਵਿਚ ਇਕ ਪਰਿਵਾਰ ਦੇ 3 ਮੈਂਬਰਾਂ ਨੇ ਖੁਦਕੁਸ਼ੀ ਕਰ ਲਈ ਅਤੇ ਪਤਨੀ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਨੂੰ ਸਜ਼ਾ ਦੇਣ ਦੀ ਮੰਗ ਵੀ ਕੀਤੀ।

ਛੋਟੇ-ਛੋਟੇ ਬੱਚਿਆਂ ਬਾਰੇ ਵੀ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਜ਼ਰਾ ਜਿੰਨੀ ਗੱਲ ਤੋਂ ਪ੍ਰੇਸ਼ਾਨ ਹੋ ਕੇ ਉਹ ਜਾਨ ਦੇ ਰਹੇ ਹਨ। ਆਖ਼ਰ ਉਨ੍ਹਾਂ ਸਾਰਿਆਂ ਦੇ ਪਰਿਵਾਰਕ ਮੈਂਬਰ ਵੀ ਹੁੰਦੇ ਹਨ, ਉਹ ਉਨ੍ਹਾਂ ਨੂੰ ਕਿਉਂ ਨਹੀਂ ਸਮਝਾਉਂਦੇ? ਅਤੁਲ ਸੁਭਾਸ਼ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦਾ ਬੇਟਾ ਇੰਨੀ ਪਰੇਸ਼ਾਨੀ ’ਚੋਂ ਗੁਜ਼ਰ ਰਿਹਾ ਹੈ।

ਜਦੋਂ ਕਿਸੇ ਹੋਰ ਲੜਕੇ ਜਾਂ ਲੜਕੀ ਨਾਲ, ਕਿਸੇ ਵੀ ਲੜਕੀ ਜਾਂ ਬੱਚੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਉਨ੍ਹਾਂ ਦੇ ਮਾਪੇ ਇਹੀ ਕਹਿੰਦੇ ਹਨ। ਆਖਰ ਕਿਉਂ? ਅਚਾਨਕ ਬੱਚਿਆਂ ਅਤੇ ਪਰਿਵਾਰ ਵਿਚ ਇੰਨੀ ਦੂਰੀ ਕਿਵੇਂ ਹੋ ਗਈ? ਬੱਚੇ ਇੰਨੇ ਇਕੱਲੇ ਕਿਵੇਂ ਹਨ ਕਿ ਉਹ ਆਪਣੀ ਸਮੱਸਿਆ ਆਪਣੇ ਮਾਪਿਆਂ ਨੂੰ ਵੀ ਨਹੀਂ ਦੱਸ ਪਾਉਂਦੇ ਹਨ। ਕਿਸੇ ਹਾਦਸੇ ਤੋਂ ਬਾਅਦ ਹੀ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਅਤੇ ਉਨ੍ਹਾਂ ਕੋਲ ਹੱਥ ਮਲ਼ਣ ਤੋਂ ਇਲਾਵਾ ਹੋਰ ਕੀ ਬਚਦਾ ਹੈ?

ਕੀ ਇਨ੍ਹਾਂ ਨੌਜਵਾਨਾਂ ਦੇ ਦੋਸਤ ਨਹੀਂ ਹੁੰਦੇ? ਉਹ ਦੋਸਤਾਂ ਨਾਲ ਵੀ ਕੁਝ ਸਾਂਝਾ ਨਹੀਂ ਕਰਦੇ। ਜੇਕਰ ਉਨ੍ਹਾਂ ਨੇ ਅਜਿਹਾ ਕੀਤਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਕੁਝ ਮਾਨਸਿਕ ਸਹਾਰਾ ਦਿੱਤਾ ਹੁੰਦਾ ਅਤੇ ਉਹ ਅਜਿਹਾ ਕਦਮ ਨਾ ਚੁੱਕਦੇ।

ਖੁਦਕੁਸ਼ੀ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਵਿਅਕਤੀ ਇਹ ਫੈਸਲਾ ਬਹੁਤ ਜਲਦਬਾਜ਼ੀ ਵਿਚ ਲੈਂਦਾ ਹੈ। ਜੇਕਰ ਉਸ ਨੂੰ ਸਮੇਂ ਸਿਰ ਰੋਕਿਆ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ ਉਹ ਭਵਿੱਖ ਵਿਚ ਅਜਿਹਾ ਨਾ ਕਰੇ ਪਰ ਅਤੁਲ ਸੁਭਾਸ਼ ਦੇ ਮਾਮਲੇ ਨੇ ਇਸ ਸੋਚ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਸ ਨੇ ਕਾਹਲੀ ਵਿਚ ਖੁਦਕੁਸ਼ੀ ਨਹੀਂ ਕੀਤੀ। ਪੂਰੀ ਯੋਜਨਾ ਬਣਾਈ ਅਤੇ ਫਿਰ ਆਪਣੀ ਜਾਨ ਦੇ ਦਿੱਤੀ।

ਇਕ ਗੱਲ ਇਹ ਹੈ ਕਿ ਜਿਵੇਂ ‘ਟੂ ਮਿੰਟ ਨੂਡਲ’ ਦਾ ਵਿਚਾਰ ਇਹ ਹੈ ਕਿ ਖਾਣਾ ਸਿਰਫ਼ ਦੋ ਮਿੰਟਾਂ ਵਿਚ ਤਿਆਰ ਹੋ ਜਾਂਦਾ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਇਸ ਨੂੰ ਬਣਾਉਣ ਵਿਚ ਬਹੁਤ ਸਮਾਂ ਲੱਗਦਾ ਹੈ। ਪੁਰਾਣੇ ਜ਼ਮਾਨੇ ਦੀਆਂ ਔਰਤਾਂ ਨੂੰ ਪੁੱਛੋ। ਕਿਵੇਂ ਉਨ੍ਹਾਂ ਦੀ ਜ਼ਿੰਦਗੀ ਦਾ ਵੱਡਾ ਹਿੱਸਾ ਖਾਣਾ ਬਣਾਉਣ ਵਿਚ ਬੀਤਦਾ ਰਿਹਾ ਹੈ। ਸ਼ਾਇਦ ਇਸੇ ਤਰ੍ਹਾਂ ਦੀ ਸੋਚ ਸਾਡੇ ਨੌਜਵਾਨਾਂ ਵਿਚ ਫੈਲੀ ਜਾ ਰਹੀ ਹੈ। ਉਹ ਅੱਜ ਦੇ ਅੱਜ, ਹੁਣ ਦੇ ਹੁਣ ਸਬੰਧਾਂ ਬਾਰੇ ਵੀ ਫੈਸਲਾ ਚਾਹੁੰਦੇ ਹਨ, ਜਦੋਂ ਕਿ ਅਜਿਹਾ ਨਹੀਂ ਹੁੰਦਾ।

ਰਿਸ਼ਤਿਆਂ ਨੂੰ ਹਰ ਰੋਜ਼ ਸੰਵਾਰਨਾ ਪੈਂਦਾ ਹੈ। ਉਹ ਚੰਗੇ ਰਹਿਣ, ਸਦਾ ਚੱਲਣ, ਵਧਣ-ਫੁੱਲਣ, ਇਸ ਲਈ ਉਨ੍ਹਾਂ ਦੀ ਪੌਦਿਆਂ ਵਾਂਗ ਦੇਖ-ਭਾਲ ਕਰਨੀ ਪੈਂਦੀ ਹੈ। ਖਾਦ ਅਤੇ ਪਾਣੀ ਦੇਣਾ ਪੈਂਦਾ ਹੈ। ਸਮੇਂ ਸਿਰ ਧੁੱਪ ਲਵਾਉਣੀ ਪੈਂਦੀ ਹੈ। ਜਿਸ ਤਰ੍ਹਾਂ ਜ਼ਿੰਦਗੀ ਜਿਊਣ ਲਈ ਧੀਰਜ ਅਤੇ ਸਹਿਣਸ਼ੀਲਤਾ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਰਿਸ਼ਤਿਆਂ ਬਾਰੇ ਵੀ ਉਹੀ ਸੱਚ ਹੈ ਪਰ ਅੱਜ ਸਾਰੇ ਸੰਸਾਰ ਵਿਚ ਸਬਰ ਅਤੇ ਸਹਿਣਸ਼ੀਲਤਾ ਦੀ ਭਾਰੀ ਘਾਟ ਹੋ ਗਈ ਹੈ। ਸਾਰਾ ਅਧਿਐਨ ਅਤੇ ਸਾਡਾ ਵਿਹਾਰ ਇਸੇ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਹਨ।

ਇਸੇ ਲਈ ਅਜਿਹਾ ਹੁੰਦਾ ਹੈ ਕਿ ਜੇਕਰ ਕੋਈ ਪ੍ਰੇਸ਼ਾਨੀ ਆ ਜਾਵੇ, ਉਸ ਦਾ ਕੋਈ ਫੌਰੀ ਹੱਲ ਨਾ ਹੁੰਦਾ ਹੋਵੇ, ਜ਼ਿੰਦਗੀ ਅਰਥਹੀਣ ਲੱਗਣ ਲੱਗ ਪਵੇ, ਤਾਂ ਬਸ ਜਾਨ ਦੇ ਦਿਓ। ਜਦੋਂ ਕਿ ਜੇ ਸਮੱਸਿਆਵਾਂ ਆਉਂਦੀਆਂ ਹਨ, ਤਾਂ ਉਹ ਜਾਂਦੀਆਂ ਵੀ ਹਨ ਭਾਵ ਖਤਮ ਹੋ ਜਾਂਦੀਆਂ ਹਨ ਪਰ ਕੌਣ ਇੰਨਾ ਲੰਮਾ ਇੰਤਜ਼ਾਰ ਕਰੇ। ਕਿਸੇ ਵੀ ਸਮੱਸਿਆ ਦਾ ਤੁਰੰਤ ਹੱਲ ਚਾਹੀਦਾ ਹੈ ਅਤੇ ਇਸ ਤਤਕਾਲਤਾ ਨੇ ਮਨੁੱਖੀ ਜੀਵਨ ਵਿਚ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਪੈਦਾ ਕੀਤੀਆਂ ਹਨ। ਜ਼ਿੰਦਗੀ ਕੋਈ ਜਾਦੂ ਦੀ ਛੜੀ ਨਹੀਂ ਹੈ ਜਿਸ ਨੂੰ ਤੁਸੀਂ ਫੂਕ ਮਾਰੀ ਅਤੇ ਸਾਰੀਆਂ ਪ੍ਰੇਸ਼ਾਨੀਆਂ ਛੂ-ਮੰਤਰ ਹੋ ਗਈਆਂ।

ਜਾਣ ਵਾਲੇ ਤਾਂ ਚਲੇ ਜਾਂਦੇ ਹਨ, ਪਰ ਪਿੱਛੇ ਰਹਿ ਗਏ ਪਰਿਵਾਰਕ ਮੈਂਬਰਾਂ ’ਤੇ ਕੀ ਬੀਤਦੀ ਹੈ, ਇਹ ਅਤੁਲ ਸੁਭਾਸ਼ ਦੇ ਮਾਤਾ-ਪਿਤਾ ਅਤੇ ਭਰਾ ਦੇ ਰੋਂਦੇ ਚਿਹਰਿਆਂ ਅਤੇ ਹੰਝੂਆਂ ਤੋਂ ਮਹਿਸੂਸ ਕੀਤਾ ਜਾ ਸਕਦਾ ਹੈ। ਇਕ ਅੰਦਾਜ਼ੇ ਅਨੁਸਾਰ ਸਾਡੇ ਦੇਸ਼ ਵਿਚ ਹਰ ਸਾਲ 7 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਜੇ ਉਹ ਜਿਊਂਦੇ ਰਹਿੰਦੇ ਤਾਂ ਉਹ ਆਪਣੇ ਪਰਿਵਾਰ ਦਾ ਸਹਾਰਾ ਬਣ ਕੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਂਦੇ। ਉਨ੍ਹਾਂ ਦੇ ਪਰਿਵਾਰਕ ਮੈਂਬਰ ਸਾਰੀ ਉਮਰ ਉਨ੍ਹਾਂ ਦੀ ਯਾਦ ਵਿਚ ਹੰਝੂ ਨਾ ਵਹਾਉਂਦੇ। ਕਾਸ਼! ਅਸੀਂ ਉਨ੍ਹਾਂ ਨੂੰ ਬਚਾ ਸਕਦੇ। ਉਨ੍ਹਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ।

ਸ਼ਮਾ ਸ਼ਰਮਾ


author

Rakesh

Content Editor

Related News