ਕੇਂਦਰੀ ਮੰਤਰੀ ਨਿਤਿਨ ਗਡਕਰੀ : ''ਸੜਕ ਹਾਦਸਿਆਂ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਅਤੇ ਜਾਗਰੂਕਤਾ ਜ਼ਰੂਰੀ''
Saturday, Dec 14, 2024 - 02:11 AM (IST)
ਦੁਨੀਆ ਵਿਚ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿਚ ਹੁੰਦੇ ਹਨ ਅਤੇ ਇਸੇ ਕਰ ਕੇ ਇਸਨੂੰ ‘ਸੜਕ ਹਾਦਸਿਆਂ ਦੀ ਰਾਜਧਾਨੀ’ ਵੀ ਕਿਹਾ ਜਾਣ ਲੱਗਾ ਹੈ। ਇਸੇ ਪਿਛੋਕੜ ਵਿਚ ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਬੀਤੇ ਦਿਨ ਸੰਸਦ ਵਿਚ ਕਿਹਾ ਕਿ ਸੜਕ ਹਾਦਸਿਆਂ ਦੇ ਮਾਮਲੇ ਵਿਚ ਭਾਰਤ ਦਾ ਰਿਕਾਰਡ ਸਭ ਤੋਂ ਗੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਵਿਸ਼ਵ ਕਾਨਫਰੰਸਾਂ ਵਿਚ ਆਪਣਾ ਮੂੰਹ ਲੁਕੋਣਾ ਪੈਂਦਾ ਹੈ।
ਉਨ੍ਹਾਂ ਕਿਹਾ, “ਜਦੋਂ ਤੱਕ ਸਮਾਜ ਦਾ ਸਹਿਯੋਗ ਨਹੀਂ ਮਿਲੇਗਾ, ਲੋਕਾਂ ਦਾ ਵਿਹਾਰ ਨਹੀਂ ਬਦਲੇਗਾ ਅਤੇ ਲੋਕਾਂ ਨੂੰ ਕਾਨੂੰਨ ਦਾ ਡਰ ਨਹੀਂ ਹੋਵੇਗਾ, ਉਦੋਂ ਤੱਕ ਸੜਕ ਹਾਦਸਿਆਂ ਅਤੇ ਇਨ੍ਹਾਂ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਰੋਕ ਨਹੀਂ ਲੱਗੇਗੀ। ਲੋਕ ਟ੍ਰੈਫਿਕ ਸਿਗਨਲਾਂ ਦੀ ਪਾਲਣਾ ਵੀ ਨਹੀਂ ਕਰਦੇ ਅਤੇ ਦੋਪਹੀਆ ਵਾਹਨ ਸਵਾਰ ਹੈਲਮੇਟ ਨਹੀਂ ਪਹਿਨਦੇ।’’
ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਸੜਕ ਹਾਦਸਿਆਂ ਵਿਚ 1.78 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜਿਨ੍ਹਾਂ ਵਿਚੋਂ 60 ਫੀਸਦੀ ਮਰਨ ਵਾਲਿਆਂ ਦੀ ਉਮਰ 18 ਤੋਂ 34 ਸਾਲ ਦਰਮਿਆਨ ਹੁੰਦੀ ਹੈ।
ਉਨ੍ਹਾਂ ਮੰਨਿਆ ਕਿ ਜਦੋਂ ਉਨ੍ਹਾਂ ਨੇ 2014 ਵਿਚ ਪਹਿਲੀ ਵਾਰ ਮੰਤਰਾਲਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸੜਕ ਹਾਦਸਿਆਂ ਨੂੰ 50 ਫੀਸਦੀ ਤੱਕ ਘਟਾਉਣ ਦਾ ਟੀਚਾ ਰੱਖਿਆ ਸੀ। ਉਨ੍ਹਾਂ ਨੇ ਕਿਹਾ, “ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਹੈ ਕਿ ਮੈਂ ਇਸ ਵਿਚ ਅਸਫਲ ਰਿਹਾ ਹਾਂ ਅਤੇ ਇਹ ਹੋਰ ਵਧ ਗਏ ਹਨ। ਇੰਨੀ ਗਿਣਤੀ ’ਚ ਤਾਂ ਨਾ ਲੋਕ ਲੜਾਈ ਵਿਚ ਮਰਦੇ ਹਨ, ਨਾ ਕੋਵਿਡ ਵਿਚ ਅਤੇ ਨਾ ਹੀ ਦੰਗਿਆਂ ਵਿਚ।
‘‘ਆਬਾਦੀ ਦੇ ਹਿਸਾਬ ਨਾਲ ਵਾਹਨਾਂ ਦੀ ਗਿਣਤੀ ਵਿਚ 1 ਫੀਸਦੀ ਹਿੱਸਾ ਰੱਖਣ ਵਾਲੇ ਭਾਰਤ ’ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਵਿਸ਼ਵ ਅੰਕੜਿਆਂ ’ਚ 11 ਫੀਸਦੀ ਹਿੱਸੇਦਾਰੀ ਹੈ। ਇਨ੍ਹਾਂ ਮੌਤਾਂ ਦਾ ਵੱਡਾ ਕਾਰਨ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਸਮੇਂ ਸਿਰ ਇਲਾਜ ਨਾ ਮਿਲਣਾ ਹੈ। ਇਸ ਦੇ ਮੱਦੇਨਜ਼ਰ ਸਾਲ 2019 ਵਿਚ ਮੋਟਰ ਵਹੀਕਲ ਐਕਟ ਵਿਚ ਸੋਧ ਕਰ ਕੇ ਸੜਕ ਹਾਦਸਿਆਂ ਵਿਚ ਜ਼ਖਮੀਆਂ ਦੇ ਕੈਸ਼ਲੈੱਸ ਇਲਾਜ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਸੀ।’’
ਨਿਤਿਨ ਗਡਕਰੀ ਨੇ ਆਪਣੇ ਨਾਲ ਵਾਪਰੇ ਇਕ ਸੜਕ ਹਾਦਸੇ ਦਾ ਜ਼ਿਕਰ ਕਰਦਿਆਂ ਕਿਹਾ, “ਰੱਬ ਦੀ ਕਿਰਪਾ ਨਾਲ ਮੈਂ ਅਤੇ ਮੇਰਾ ਪਰਿਵਾਰ ਬਚ ਗਿਆ, ਇਸ ਲਈ ਮੈਨੂੰ ਸੜਕ ਹਾਦਸਿਆਂ ਦਾ ਨਿੱਜੀ ਅਨੁਭਵ ਹੈ। ਸੜਕਾਂ ਕਿਨਾਰੇ ਬੇਤਰਤੀਬ ਢੰਗ ਨਾਲ ਖੜ੍ਹੇ ਟਰੱਕ ਅਤੇ ‘ਲੇਨ ਅਨੁਸ਼ਾਸਨ’ ਦੀ ਘਾਟ ਵੀ ਸੜਕ ਹਾਦਸਿਆਂ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ।’’
ਸੜਕ ਹਾਦਸਿਆਂ ਸਬੰਧੀ ਨਿਤਿਨ ਗਡਕਰੀ ਦੀਆਂ ਉਪਰੋਕਤ ਸਹੀ ਗੱਲਾਂ ਤੋਂ ਇਲਾਵਾ ਅਸੀਂ ਇਹ ਕਹਿਣਾ ਚਾਹਾਂਗੇ ਕਿ ਪਿਛਲੇ ਕੁਝ ਸਾਲਾਂ ਦੌਰਾਨ ਸਾਡੇ ਦੇਸ਼ ਵਿਚ ਵਾਹਨਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ।
ਅਕਸਰ ਦੇਖਿਆ ਜਾਂਦਾ ਹੈ ਕਿ 50 ਫੀਸਦੀ ਤੋਂ ਵੱਧ ਕਾਰਾਂ ਵਿਚ ਸਿਰਫ਼ 1 ਜਾਂ 2 ਵਿਅਕਤੀ ਹੀ ਸਫ਼ਰ ਕਰਦੇ ਿਦਖਾਈ ਿਦੰਦੇ ਹਨ, ਪਰ ਜਿਹੜੇ ਲੋਕ ਕਾਰ ਖ਼ਰੀਦਣ ਤੋਂ ਅਸਮਰੱਥ ਹਨ, ਉਹ ਆਉਣ-ਜਾਣ ਲਈ ਮੋਟਰਸਾਈਕਲਾਂ ਦੀ ਵਰਤੋਂ ਕਰਦੇ ਹਨ ਅਤੇ ਵੱਡੀ ਗਿਣਤੀ ਵਿਚ ਮੋਟਰਸਾਈਕਲਾਂ ’ਤੇ 3 ਜਾਂ ਇਸ ਤੋਂ ਵੀ ਵੱਧ 4-5 ਲੋਕ ਸਫ਼ਰ ਕਰਦੇ ਨਜ਼ਰ ਆਉਂਦੇ ਹਨ।
ਜ਼ਿਆਦਾਤਰ ਮੋਟਰਸਾਈਕਲ ਚਾਲਕ ਅਤੇ ਿਪੱਛੇ ਬੈਠੇ ਬੱਚੇ ਅਤੇ ਔਰਤਾਂ ਹੈਲਮੇਟ ਅਤੇ ਚਸ਼ਮੇ ਦੀ ਵਰਤੋਂ ਨਹੀਂ ਕਰਦੇ ਜੋ ਹਾਦਸੇ ਦੀ ਸਥਿਤੀ ’ਚ ਮੌਤ ਦਾ ਕਾਰਨ ਬਣਦਾ ਹੈ। ਜਲਦੀ ਪਹੁੰਚਣ ਦੀ ਇੱਛਾ ਵਿਚ ਤੇਜ਼ ਵਾਹਨ ਚਲਾਉਣ ਕਾਰਨ ਵੀ ਹਾਦਸੇ ਵਾਪਰਦੇ ਹਨ। ਇਸ ਲਈ ਜਦੋਂ ਤੱਕ ਸੜਕ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਅਜਿਹੇ ਹਾਦਸੇ ਵਾਪਰਦੇ ਹੀ ਰਹਿਣਗੇ ਅਤੇ ਕੀਮਤੀ ਜਾਨਾਂ ਜਾਂਦੀਆਂ ਹੀ ਰਹਿਣਗੀਆਂ।
ਦੇਸ਼ ਵਿਚ 2022 ਵਿਚ ਹੋਏ 1,68,491 ਸੜਕ ਹਾਦਸਿਆਂ ਵਿਚੋਂ 71 ਫੀਸਦੀ ਮੌਤਾਂ ਓਵਰ ਸਪੀਡਿੰਗ, 5.4 ਫੀਸਦੀ ਗਲਤ ਸਾਈਡ ’ਤੇ ਡਰਾਈਵਿੰਗ, 2.5 ਫੀਸਦੀ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ 2 ਫੀਸਦੀ ਮੌਤਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹੋਏ ਡਰਾਈਵਿੰਗ ਕਰਨ ਦੇ ਨਤੀਜੇ ਵਜੋਂ ਹੋਈਆਂ।
ਸੜਕ ਹਾਦਸਿਆਂ ਦਾ ਇਕ ਕਾਰਨ ਡਰਾਈਵਰਾਂ ਵਲੋਂ ਪੂਰੀ ਨੀਂਦ ਨਾ ਲੈਣਾ ਵੀ ਹੈ। ਸੜਕੀ ਆਵਾਜਾਈ ਮੰਤਰਾਲੇ ਦੀ ਰਿਪੋਰਟ ਅਨੁਸਾਰ ਭਾਰਤ ਵਿਚ 40 ਫੀਸਦੀ ਸੜਕ ਹਾਦਸਿਆਂ ਦਾ ਕਾਰਨ ਵਾਹਨ ਚਲਾਉਂਦੇ ਸਮੇਂ ਚਾਲਕ ਨੂੰ ਨੀਂਦ ਆਉਣਾ ਹੈ।
ਇਸੇ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲੇ ਦੀ ਪੁਲਸ ਨੇ ਰਾਤ ਨੂੰ ਵਾਹਨ ਚਾਲਕਾਂ ਨੂੰ ਨੀਂਦ ਆਉਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਤੋਂ ਬਚਣ ਲਈ ‘ਵਾਸ਼ ਫੇਸ ਐਂਡ ਗੋ’ (ਮੂੰਹ ਧੋ ਕੇ ਅੱਗੇ ਵਧੋ) ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ, ਤਾਂ ਕਿ ਨੀਂਦ ਦੀ ਝਪਕੀ ਸੜਕ ਹਾਦਸਿਆਂ ਦਾ ਕਾਰਨ ਨਾ ਬਣੇ । ਇਸ ਤਰ੍ਹਾਂ ਦਾ ਪ੍ਰਬੰਧ ਹੋਰ ਥਾਵਾਂ ’ਤੇ ਵੀ ਕੀਤਾ ਜਾਣਾ ਚਾਹੀਦਾ ਹੈ।
-ਵਿਜੇ ਕੁਮਾਰ