ਵ੍ਰਿੰਦਾਵਨ ਧਾਮ ਲਈ ਧਾਰਮਿਕ ਯਾਤਰਾ ਬੱਸ ਰਵਾਨਾ
Saturday, Sep 26, 2026 - 07:34 PM (IST)
ਬੁਢਲਾਡਾ (ਬਾਂਸਲ) — ਭਾਰਤ ਵਿਕਾਸ ਪਰਿਸ਼ਦ ਸਵਾਮੀ ਵਿਵੇਕਾਨੰਦ ਸ਼ਾਖਾ ਬੁਢਲਾਡਾ ਵੱਲੋਂ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਨੂੰ ਭਾਰਤੀ ਧਾਰਮਿਕ ਅਤੇ ਸੱਭਿਆਚਾਰਕ ਵਿਰਸੇ ਨਾਲ ਜੋੜਨ ਦੇ ਉਦੇਸ਼ ਨਾਲ ਵਰਿੰਦਾਵਨ ਧਾਮ ਲਈ ਧਾਰਮਿਕ ਯਾਤਰਾ ਬੱਸ ਰਵਾਨਾ ਕੀਤੀ ਗਈ। ਯਾਤਰਾ ਦੀ ਰਵਾਨਗੀ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਪਟਵਾਰੀ (ਹਾਕਮਵਾਲਾ) ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਵੱਲੋਂ ਬੱਸ ਨੂੰ ਹਰੀ ਝੰਡੀ ਦਿਖਾ ਕੇ ਵਰਿੰਦਾਵਨ ਧਾਮ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਨੇ ਧਾਰਮਿਕ ਯਾਤਰਾ ਲਈ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਜਿਹੇ ਉਪਰਾਲਿਆਂ ਨੂੰ ਭਾਰਤੀ ਧਾਰਮਿਕ ਤੇ ਸੱਭਿਆਚਾਰਕ ਵਿਰਸੇ ਨਾਲ ਜੁੜਨ ਦਾ ਸਾਧਨ ਦੱਸਿਆ।
ਇਸ ਮੌਕੇ ਪਰਿਸ਼ਦ ਦੇ ਪ੍ਰਧਾਨ ਡਾ. ਨਵੀਨ ਸਿੰਗਲਾ ਨੇ ਕਿਹਾ ਕਿ ਧਾਰਮਿਕ ਯਾਤਰਾਵਾਂ ਸਿਰਫ਼ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਤੱਕ ਸੀਮਤ ਨਹੀਂ ਹੁੰਦੀਆਂ, ਸਗੋਂ ਇਹ ਮਨੁੱਖ ਨੂੰ ਆਪਣੀਆਂ ਧਾਰਮਿਕ ਜੜ੍ਹਾਂ, ਸੰਸਕਾਰਾਂ ਅਤੇ ਭਾਰਤੀ ਸੱਭਿਆਚਾਰ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਸਾਧਨ ਹਨ। ਉਨ੍ਹਾਂ ਦੱਸਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂ ਵਰਿੰਦਾਵਨ ਧਾਮ ਤੋਂ ਇਲਾਵਾ ਮਥੁਰਾ, ਗੋਕੁਲ, ਨੰਦਗਾਂਵ, ਬਰਸਾਣਾ, ਗੋਵਰਧਨ ਅਤੇ ਰਮਨ ਰੇਤੀ ਸਮੇਤ ਕਈ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਗੇ।
ਪਰਿਸ਼ਦ ਦੇ ਸਕੱਤਰ ਅਮਿਤ ਜਿੰਦਲ ਅਤੇ ਸੀਨੀਅਰ ਵਾਈਸ ਪ੍ਰਧਾਨ ਦਰਸ਼ਨ ਕੁਮਾਰ ਗਰਗ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਦਾ ਮੁੱਖ ਉਦੇਸ਼ ਸਮਾਜ ਦੀ ਸੇਵਾ ਕਰਨਾ ਅਤੇ ਲੋਕਾਂ ਨੂੰ ਆਪਸੀ ਸਾਂਝ, ਸੇਵਾ ਅਤੇ ਭਾਰਤੀ ਸੰਸਕਾਰਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਪਰਿਸ਼ਦ ਵੱਲੋਂ ਸਮੇਂ-ਸਮੇਂ ’ਤੇ ਸਮਾਜ ਸੇਵਾ, ਲੋਕ ਭਲਾਈ, ਸਿਹਤ, ਸੱਭਿਆਚਾਰਕ ਅਤੇ ਧਾਰਮਿਕ ਗਤੀਵਿਧੀਆਂ ਰਾਹੀਂ ਸ਼ਹਿਰ ਵਾਸੀਆਂ ਨੂੰ ਇੱਕ ਸਾਂਝੇ ਮੰਚ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਂਦੇ ਹਨ।
ਪ੍ਰੋਜੈਕਟ ਚੇਅਰਮੈਨ ਦੀਪਕ ਗੋਇਲ ਅਤੇ ਸ਼ਿਵ ਕਾਸਲ ਨੇ ਦੱਸਿਆ ਕਿ ਯਾਤਰਾ ਨੂੰ ਹੋਰ ਗਿਆਨਵਰਧਕ ਅਤੇ ਰੁਚਿਕਰ ਬਣਾਉਣ ਲਈ ਬੱਸ ਵਿੱਚ ਧਰਮ ਅਤੇ ਭਾਰਤੀ ਸੱਭਿਆਚਾਰ ਨਾਲ ਸਬੰਧਤ ਪ੍ਰਸ਼ਨ-ਉੱਤਰ ਵੀ ਕਰਵਾਏ ਜਾਣਗੇ। ਸਹੀ ਉੱਤਰ ਦੇਣ ਵਾਲੇ ਸ਼ਰਧਾਲੂਆਂ ਨੂੰ ਸਨਮਾਨਿਤ ਕੀਤਾ ਜਾਵੇਗਾ, ਤਾਂ ਜੋ ਯਾਤਰਾ ਦੌਰਾਨ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਅਤੇ ਸੱਭਿਆਚਾਰਕ ਗਿਆਨ ਵਿੱਚ ਵੀ ਵਾਧਾ ਹੋਵੇ।
ਪਰਿਸ਼ਦ ਦੇ ਅਹੁਦੇਦਾਰਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਮਾਜਿਕ, ਧਾਰਮਿਕ ਅਤੇ ਲੋਕ ਭਲਾਈ ਦੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਭਾਰਤ ਵਿਕਾਸ ਪਰਿਸ਼ਦ ਸਵਾਮੀ ਵਿਵੇਕਾਨੰਦ ਸ਼ਾਖਾ ਬੁਢਲਾਡਾ ਨਾਲ ਜੁੜ ਕੇ ਸੇਵਾ ਦੇ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਜਦੋਂ ਸਮਾਜ ਦੇ ਲੋਕ ਸੇਵਾ, ਸੰਸਕਾਰ ਅਤੇ ਸੱਭਿਆਚਾਰ ਨਾਲ ਜੁੜ ਕੇ ਇਕੱਠੇ ਕੰਮ ਕਰਦੇ ਹਨ ਤਾਂ ਇੱਕ ਮਜ਼ਬੂਤ ਅਤੇ ਸੰਸਕਾਰੀ ਸਮਾਜ ਦੀ ਨੀਂਹ ਹੋਰ ਮਜ਼ਬੂਤ ਹੁੰਦੀ ਹੈ।
ਇਸ ਮੌਕੇ ਕੈਸ਼ੀਅਰ ਸੁਭਾਸ਼ ਕੁਮਾਰ, ਡਾ. ਕ੍ਰਿਸ਼ਨ ਲਾਲ, ਦੇਵ ਭੂਸ਼ਣ, ਰਜੇਸ਼ ਕੁਮਾਰ ਕਾਲਾ , ਪ੍ਰਮੋਦ ਕੁਮਾਰ ਤੋਂ ਇਲਾਵਾ ਪਰਿਸ਼ਦ ਦੇ ਹੋਰ ਮੈਂਬਰ ਅਤੇ ਸ਼ਰਧਾਲੂ ਹਾਜ਼ਰ ਸਨ।
