ਆਧੁਨਿਕ ਤਰੀਕਿਆਂ ਨਾਲ ਖੇਤੀ ਕਰ ਰਿਹੈ ਕਿਸਾਨ, ਪਿਛਲੇ 3 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ

10/19/2021 11:08:32 AM

ਬਠਿੰਡਾ (ਵਰਮਾ): ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਪਿੰਡ ਜੱਸੀ ਬਾਗ਼ ਵਾਲੀ ਦਾ ਅਗਾਂਹਵਧੂ ਕਿਸਾਨ ਸੰਦੀਪ ਸਿੰਘ ਪਿਛਲੇ 3 ਸਾਲਾਂ ਤੋਂ ਝੋਨੇ ਤੇ ਕਣਕ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਵੱਖ-ਵੱਖ ਤਰੀਕਿਆਂ ਨਾਲ ਖੇਤੀ ਕਰ ਰਿਹਾ ਹੈ। ਇਹ ਜਾਣਕਾਰੀ ਸਰਕਲ ਇੰਚਾਰਜ ਗੁਰਵਿੰਦਰ ਸਿੰਘ ਨੇ ਸਾਂਝੀ ਕੀਤੀ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬਲਾਕ ਅਫ਼ਸਰ ਡਾ. ਧਰਮਪਾਲ ਮੋਰੀਆ ਨੇ ਦੱਸਿਆ ਕਿ ਕਿਸਾਨ ਸੰਦੀਪ ਸਿੰਘ ਖੇਤੀ ਮਸ਼ੀਨਰੀ ਦੀ ਮਦਦ ਨਾਲ ਖੇਤ ਵਾਹ ਕੇ ਮਿੱਟੀ ਦੀ ਸਿਹਤ ਨੂੰ ਬਣਾਏ ਰੱਖਣ ਅਤੇ ਵਾਤਾਵਰਨ ਦੀ ਸਾਂਭ-ਸੰਭਾਲ ’ਚ ਯੋਗਦਾਨ ਦੇ ਨਾਲ ਵੱਧ ਝਾੜ ਲੈ ਰਿਹਾ ਹੈ।

ਬਲਾਕ ਅਫਸਰ ਡਾ. ਧਰਮਪਾਲ ਮੋਰੀਆ ਨੇ ਹੋਰ ਦੱਸਿਆ ਕਿ ਇਹ ਕਿਸਾਨ 20 ਏਕੜ ਰਕਬੇ ਦਾ ਮਾਲਕ ਹੈ, ਜਿਸ ’ਚੋਂ ਲਗਭਗ 16 ਏਕੜ ’ਚ ਝੋਨੇ ਦੀ ਕਾਸ਼ਤ ਕਰ ਰਿਹਾ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਜ਼ੀਰੋ ਟਿਲ ਡਰਿੱਲ ਤੇ ਸੁਪਰ ਸੀਡਰ ਦੀ ਸਹਾਇਤਾ ਨਾਲ ਕਰ ਰਿਹਾ ਹੈ। ਇਸ ਕਿਸਾਨ ਵੱਲੋਂ ਪਿਛਲੇ 3 ਸਾਲਾਂ ਤੋਂ ਕੁਝ ਰਕਬੇ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਨਾਲ ਖੇਤੀ ਖਰਚੇ ਘਟਾਉਣ ਦੇ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਸੰਭਾਲ ਹੋ ਰਹੀ ਹੈ। ਅਗਾਂਹਵਧੂ ਕਿਸਾਨ ਸੰਦੀਪ ਸਿੰਘ ਨੇ ਦੱਸਿਆ ਕਿ ਝੋਨੇ ਅਤੇ ਕਣਕ ਦੀ ਪਰਾਲੀ ਨੂੰ ਖੇਤ ’ਚ ਵਾਹੁਣ ਨਾਲ ਉਪਜਾਊ ਸ਼ਕਤੀ ’ਚ ਵਾਧਾ ਹੋਣ ਦੇ ਨਾਲ ਝਾੜ ਵੀ ਵੱਧਦਾ ਹੈ। ਸੰਦੀਪ ਸਿੰਘ ਨੇ ਜ਼ਿਲੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਅਤੇ ਕਣਕ ਦੀ ਨਾੜ ਨੂੰ ਬਿਨਾਂ ਅੱਗ ਲਾਏ ਵਾਹ ਕੇ ਖੇਤ ’ਚ ਹੀ ਮਿਲਾ ਦੇਣਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਜ਼ਮੀਨ ਦੀ ਸਿਹਤ ਦੇ ਸੁਧਾਰ ਦੇ ਨਾਲ ਵਾਤਾਵਰਨ ਨੂੰ ਸਵੱਛ ਰੱਖਣ ’ਚ ਵੀ ਯੋਗਦਾਨ ਪੈਂਦਾ ਹੈ।


Shyna

Content Editor

Related News