ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ: 176 ਨਾਮਜ਼ਦਗੀ ਪੱਤਰ ਲਏ ਵਾਪਿਸ, 511 ਉਮੀਦਵਾਰ ਚੋਣ ਮੈਦਾਨ ''ਚ
Saturday, Dec 06, 2025 - 11:03 PM (IST)
ਬਠਿੰਡਾ (ਵਿਜੇ ਵਰਮਾ) - ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ 14 ਦਸੰਬਰ ਨੂੰ ਪੈਣ ਵਾਲੀਆਂ ਵੋਟਾਂ ਲਈ ਕੁੱਲ 687 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਸ ’ਚੋਂ 176 ਨਾਮਜ਼ਦਗੀ ਪੱਤਰ ਵਾਪਸ ਲਏ ਹਨ ਅਤੇ 511 ਉਮੀਦਵਾਰਾਂ ਵੱਲੋਂ ਵੱਖ-ਵੱਖ ਜ਼ੋਨਾ ਤੋਂ ਚੋਣ ਲੜੀ ਜਾਵੇਗੀ। ਇਹ ਜਾਣਕਾਰੀ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ। ਜ਼ਿਲਾ ਚੋਣ ਅਫਸਰ ਨੇ ਹੋਰ ਦੱਸਿਆ ਕਿ ਜ਼ਿਲਾ ਪ੍ਰੀਸ਼ਦ ਲਈ 23 ਅਤੇ ਪੰਚਾਇਤ ਸੰਮਤੀ ਲਈ 153 ਨਾਮਜ਼ਦਗੀ ਪੱਤਰ ਵਾਪਸ ਲਏ ਹਨ।
ਜ਼ਿਲਾ ਚੋਣ ਅਫਸਰ ਨੇ ਵਾਪਸ ਲਏ ਨਾਮਜ਼ਦਗੀ ਪੱਤਰਾਂ ਬਾਰੇ ਦੱਸਿਆ ਕਿ ਪੰਚਾਇਤ ਸੰਮਤੀ ਦੀਆਂ ਚੋਣਾਂ ਲਈ ਬਲਾਕ ਬਠਿੰਡਾ ਤੋਂ 12, ਗੋਨਿਆਣਾ 23, ਮੌੜ 9, ਤਲਵੰਡੀ ਸਾਬੋ 16, ਸੰਗਤ 15, ਰਾਮਪੁਰਾ 22, ਨਥਾਣਾ 21 ਅਤੇ ਫੂਲ ਤੋਂ 35 ਨਾਮਜ਼ਦਗੀ ਪੱਤਰ ਵਾਪਸ ਲਏ। ਇਸੇ ਤਰ੍ਹਾਂ ਜ਼ਿਲਾ ਪ੍ਰੀਸ਼ਦ ਦੇ ਜ਼ੋਨ ਬਲਾਹੜ ਵਿੰਝੂ, ਮਾਈਸਰਖਾਨਾ, ਸਿਰੀਏ ਵਾਲਾ, ਪੂਹਲਾ, ਬਹਿਮਣ ਦੀਵਾਨਾ ਅਤੇ ਕਰਾੜ ਵਾਲਾ ਤੋਂ 1-1, ਕਿਲੀਨਿਹਾਲ ਸਿੰਘ, ਬੰਗੀ ਰੁਲਦੂ ਸਿੰਗੋ, ਜੋਧਪੁਰ ਪਾਖਰ, ਬੁਰਜ ਗਿੱਲ, ਜੈ ਸਿੰਘ ਵਾਲਾ ਤੇ ਮੰਡੀ ਕਲਾਂ ਤੋਂ 2-2 ਅਤੇ ਪੱਕਾ ਕਲਾਂ ਤੋਂ 3 ਨਾਮਜ਼ਦਗੀ ਪੱਤਰ ਵਾਪਸ ਲਏ।
ਉਨ੍ਹਾਂ ਦੱਸਿਆ ਕਿ 14 ਦਸੰਬਰ 2025 ਨੂੰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 17 ਦਸੰਬਰ 2025 ਨੂੰ ਵੋਟਾਂ ਦੀ ਗਿਣਤੀ ਕਰ ਕੇ ਉਸੇ ਹੀ ਦਿਨ ਨਤੀਜੇ ਐਲਾਨ ਕੀਤੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਚੋਣ ਪ੍ਰਕਿਰਿਆ ਸਵੇਰੇ 8 ਤੋਂ ਸ਼ਾਮ 4 ਵਜੇ ਤਕ ਹੋਵੇਗੀ।
