ਬੁਢਲਾਡਾ ’ਚ ਗੰਦਗੀ ਡੰਪ ਹਟਾਉਣ ਲਈ ਸੰਘਰਸ਼ ਤੇਜ਼, ਨਗਰ ਸੁਧਾਰ ਸਭਾ ਦਾ ਸਮਰਥਨ
Wednesday, Dec 17, 2025 - 09:08 PM (IST)
ਬੁਢਲਾਡਾ, (ਬਾਂਸਲ)- ਸਥਾਨਕ ਸ਼ਹਿਰ ਅੰਦਰ ਆਬਾਦੀ ਵਿਚਕਾਰ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਸ਼ਹਿਰ ਦੇ ਲੋਕਾਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਹੋਇਆ ਹੈ। ਇਸ ਡੰਪ ਨੂੰ ਲੈ ਕੇ ਸ਼ਹਿਰ ਦੇ ਵਾਰਡ ਨੰਬਰ 16 ਅਤੇ ਵਾਰਡ 18 ਦੇ ਵਾਸੀਆਂ ਵੱਲੋਂ ਗੰਦਗੀ ਦਾ ਡੰਪ ਹਟਾਓ ਐਕਸ਼ਨ ਕਮੇਟੀ ਬੁਢਲਾਡਾ ਆਰੰਭੇ ਸੰਘਰਸ਼ ਤਹਿਤ ਲੜੀਵਾਰ ਰੋਸ ਧਰਨੇ ਤੀਜੇ ਦਿਨ ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਪੂਰਨ ਸਮੱਰਥਨ ਕੀਤੇ ਜਾਣ ਨਾਲ ਕਾਫੀ ਬਲ ਮਿਲਿਆ ਹੈ। ਐਕਸ਼ਨ ਕਮੇਟੀ ਨੇ ਨਗਰ ਸੁਧਾਰ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਗੰਦਗੀ ਦੇ ਡੰਪ ਨੂੰ ਹਟਾਉਣ ਲਈ ਡੱਟਕੇ ਲੜਾਈ ਲੜਨਗੇ।
ਇਸ ਮੌਕੇ ਨਗਰ ਸੁਧਾਰ ਸਭਾ ਬੁਢਲਾਡਾ ਦੇ ਸੀਨੀਅਰ ਆਗੂਆਂ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਇਹ ਡੰਪ ਤਿੰਨ ਧਾਰਮਿਕ ਸੰਸਥਾਵਾਂ- ਰਾਮਗੜ੍ਹੀਆ ਗੁਰਦੁਆਰਾ ਸਾਹਿਬ, ਮੰਦਰ ਹਰ ਹਰ ਮਹਾਂਦੇਵ ਅਤੇ ਪੀਰਖਾਨਾ ਦੇ ਨੇੜੇ ਪੈਂਦਾ ਹੈ। ਇਨ੍ਹਾਂ ਥਾਵਾਂ 'ਤੇ ਆਉਣ ਵਾਲੇ ਸ਼ਰਧਾਲੂਆਂ ਅਤੇ ਭਗਤਾਂ ਨੂੰ ਕਾਫ਼ੀ ਦਿੱਕਤ ਆਉਂਦੀ ਹੈ ਅਤੇ ਨੇੜੇ ਦੇ ਵਸਨੀਕਾਂ ਦਾ ਰਹਿਣਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਮੁਹੱਲਿਆਂ, ਵਾਰਡਾਂ ਅਤੇ ਪਿੰਡਾਂ ਵਿੱਚੋਂ ਸਰਕਾਰ ਚੱਲਿਆ ਕਰੇਗੀ ਪਰ ਬੁਢਲਾਡਾ ਸ਼ਹਿਰ ਦੇ ਪੀੜਤ ਵਾਸੀ ਲੰਬੇ ਸਮੇਂ ਤੋਂ ਦਫ਼ਤਰਾਂ ਦੇ ਧੱਕੇ ਖਾ ਰਹੇ ਹਨ ਪਰ ਇੰਨਾਂ ਦੀ ਕੋਈ ਬਾਂਹ ਨਹੀਂ ਫੜ ਰਿਹਾ। ਉਨ੍ਹਾਂ ਕਿਹਾ ਕਿ ਇਸ ਲਈ ਹੁਣ ਇਸ ਮੁੱਦੇ 'ਤੇ ਆਰ-ਪਾਰ ਦੀ ਲੜਾਈ ਲੜਾਂਗੇ।
ਉਨ੍ਹਾਂ ਕਿਹਾ ਕਿ ਇਹ ਗੰਦਗੀ ਦਾ ਡੰਪ ਸ਼ਹਿਰ ਤੋਂ ਬਾਹਰ ਕੱਢਣਾ ਚਾਹੀਦਾ ਹੈ ਅਤੇ ਨਗਰ ਕੌਂਸਲ ਦੀ ਕਰੀਬ ਅੱਠ ਏਕੜ ਜਗ੍ਹਾ 'ਤੇ ਪਾਰਕ, ਜਿੰਮ, ਫਾਇਰ ਬ੍ਰਿਗੇਡ ਦਾ ਦਫ਼ਤਰ ਆਦਿ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੋਂ ਦੋਵੇਂ ਵਾਰਡਾਂ ਦੇ ਵਾਸੀ ਸਮੇਤ ਐੱਮ.ਸੀ.ਸਾਹਿਬਾਨ ਦੇ ਸਰਕਾਰੇ ਦਰਬਾਰੇ ਜਾ ਕੇ ਗੁਹਾਰ ਲਗਾ ਚੁੱਕੇ ਹਨ ਪਰ ਨਗਰ ਕੌਂਸਲ, ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਸਭਾ ਬੁਢਲਾਡਾ ਇਸ ਹੱਕੀ ਅਤੇ ਜ਼ਾਇਜ਼ ਸੰਘਰਸ਼ ਦਾ ਸਮੱਰਥਨ ਕਰਦੀ ਹੈ ਅਤੇ ਭਵਿੱਖ ਵਿੱਚ ਪੂਰੀ ਸਕਤੀ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵੇਗੀ।
ਇਸ ਮੌਕੇ 'ਤੇ ਐੱਮ.ਸੀ. ਸੁਖਦੀਪ ਸਿੰਘ ਸੋਨੀ ਅਤੇ ਐੱਮ.ਸੀ. ਹਰਵਿੰਦਰਜੀਤ ਸਿੰਘ ਚਹਿਲ (ਸਵੀਟੀ) ਨੇ ਬੋਲਦਿਆਂ ਕਿਹਾ ਕਿ ਇਹ ਡੰਪ, ਨੈਸ਼ਨਲ ਗਰੀਨਲ ਟਿਰੀਬਿਊਨਲ (ਐਨ.ਜੀ.ਟੀ.) ਦੇ ਨਿਯਮਾਂ ਵਿਰੁੱਧ ਹੈ ਅਤੇ ਗੰਦਗੀ ਕਾਰਨ ਕਰੀਬ ਡੇਢ ਸੌ ਪਰਿਵਾਰਾਂ ਦਾ ਆਪਣੇ ਘਰਾਂ ਵਿੱਚ ਰਹਿਣਾ ਦੁੱਭਰ ਹੋਇਆ ਪਿਆ ਹੈ। ਅੱਜ ਦੇ ਧਰਨੇ ਵਿੱਚ ਹਰਦਿਆਲ ਸਿੰਘ ਦਾਤੇਵਾਸ , ਚਰਨਜੀਤ ਸਿੰਘ ਚੰਨੀ ਪ੍ਰਧਾਨ ਰਾਮਗੜ੍ਹੀਆ ਗੁਰਦੁਆਰਾ ਸਾਹਿਬ, ਕਪਿਲ ਕੁਮਾਰ, ਦਵਿੰਦਰ ਸਿੰਘ, ਕਰਮਜੀਤ ਸਿੰਘ, ਤੇਜਿੰਦਰ ਸਿੰਘ, ਲਖਵਿੰਦਰ ਸਿੰਘ,ਹਰੀ ਚੰਦ, ਗੁਰਦੀਪ ਸਿੰਘ ਆਦਿ ਮੌਜੂਦ ਸਨ।
