#MentalHealth ''''ਮਾਂ ਦੇ ਡਰ, ਸ਼ੱਕ ਅਤੇ ਦੁਨੀਆਂ ਨੂੰ ਵਹਿਮ ਕਹਿਣ ਵਾਲੀ ਮੈਂ ਕੌਣ ਹਾਂ''''

10/15/2019 3:43:54 PM

ਦੀਪਾਂਜਨਾ ਸਰਕਾਰ
BBC

ਇੱਕ ਦਿਨ ਦੀ ਗੱਲ ਹੈ। ਰਾਤ ਦੇ ਲਗਭਗ ਡੇਢ ਵੱਜ ਚੁੱਕੇ ਸਨ। ਪਰ ਕਾਫ਼ੀ ਸਮਝਾਉਣ ਅਤੇ ਤਰਲੇ ਕਰਨ ਤੋਂ ਬਾਅਦ ਵੀ ਮੇਰੀ ਮਾਂ ਸੌਣ ਦਾ ਨਾਮ ਨਹੀਂ ਲੈ ਰਹੀ ਸੀ।

ਉਹ ਕੰਧ ਨਾਲ ਪਿੱਠ ਲਗਾ ਕੇ ਚੁੱਪ ਬੈਠੀ ਸੀ। ਉਨ੍ਹਾਂ ਦੀਆਂ ਅੱਖਾਂ ''ਚ ਇੱਕ ਤਰ੍ਹਾਂ ਦਾ ਗੁੱਸਾ, ਸ਼ੱਕ ਅਤੇ ਚਿੜਚਿੜਾਹਟ ਸੀ। ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਵੀ ਜਦੋਂ ਉਹ ਸੌਣ ਲਈ ਤਿਆਰ ਨਹੀਂ ਹੋਈ ਤਾਂ ਮੇਰਾ ਸਬਰ ਦਾ ਬੰਨ੍ਹ ਟੁੱਟ ਗਿਆ।

ਮਾਂ ਜਿਸ ਕਮਰੇ ''ਚ ਬੈਠੀ ਸੀ, ਮੈਂ ਉੱਥੋਂ ਨਿਕਲ ਕੇ ਦੂਜੇ ਕਮਰੇ ''ਚ ਗਈ ਅਤੇ ਘੰਟਿਆਂ ਤੱਕ ਰੋਂਦੀ ਰਹੀ। ਮੈਨੂੰ ਲੱਗਿਆ ਕਿ ਹੁਣ ਤੱਕ ਮਾਂ ਥੱਕ ਕੇ ਸੌਂ ਚੁੱਕੀ ਹੋਵੇਗੀ। ਪਰ ਮੈਂ ਜਦੋਂ ਵਾਪਸ ਗਈ ਤਾਂ ਉਹ ਉਸੇ ਹਾਲਤ ''ਚ ਬੈਠੀ ਸੀ। ਉਨ੍ਹਾਂ ਨੇ ਗੁੱਸੇ ''ਚ ਮੇਰੇ ਵੱਲ ਦੇਖ ਕੇ ਕਿਹਾ - ਤੂੰ ਦੂਜੇ ਕਮਰੇ ''ਚ ਜਾ ਕੇ ਮੇਰੇ ਖ਼ਿਲਾਫ਼ ਕਾਲਾ ਜਾਦੂ ਕਰ ਰਹੀ ਸੀ ਨਾ...

ਇਹ ਮੇਰੀ ਕਹਾਣੀ ਹੈ, ਪਿਆਰ ਦੀ, ਮੁਹੱਬਤ ਦੀ, ਦਰਦ ਦੀ ਅਤੇ ਬੇਬਸੀ ਦੀ...

ਇਹ ਵੀ ਪੜ੍ਹੋ:

ਜੇ ਮੈਂ ਠੀਕ ਤਰ੍ਹਾਂ ਚੇਤੇ ਕਰਾਂ ਤਾਂ ਦਸੰਬਰ 2017 ''ਚ ਪਤਾ ਲੱਗਿਆ ਕਿ ਮੇਰੀ ਮਾਂ ਡਿਪ੍ਰੈਸ਼ਨ ਨਾਲ ਲੜ ਰਹੀ ਸੀ।

ਕੁਆਰੀ ਹੋਣ ਅਤੇ ਉਨ੍ਹਾਂ ਨਾਲ ਰਹਿੰਦੇ ਹੋਏ ਉਨ੍ਹਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਮੇਰੀ ਹੀ ਸੀ।

ਇਸ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਹੋਈ ਕਿ ਉਨ੍ਹਾਂ ਦੇ ਵਤੀਰੇ ਨਾਲ ਮੈਨੂੰ ਬਹੁਤ ਖਿੱਝ ਹੁੰਦੀ ਸੀ। ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਹਰ ਘਟਨਾ, ਹਰ ਚੀਜ਼, ਹਰ ਵਿਅਕਤੀ ਉੱਤੇ ਸ਼ੱਕ ਹੁੰਦਾ ਸੀ।

ਮੇਰੀ ਮਾਂ ਬਚਪਨ ''ਚ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹੋਈ ਸੀ। ਇਸ ਕਰਕੇ ਉਨ੍ਹਾਂ ਲਈ ਕਿਸੇ ''ਤੇ ਭਰੋਸਾ ਕਰਨਾ ਹਮੇਸ਼ਾ ਤੋਂ ਮੁਸ਼ਕਿਲ ਰਿਹਾ ਸੀ। ਪਰ ਇਹ ਉਹ ਗੱਲ੍ਹ ਸੀ, ਜੋ ਉਨ੍ਹਾਂ ਨੇ ਮੇਰੇ ਨਾਲ ਉਦੋਂ ਸਾਂਝੀ ਕੀਤੀ, ਜਦੋਂ ਉਨ੍ਹਾਂ ਦੀ ਉਮਰ 74 ਸਾਲ ਦੀ ਹੋ ਗਈ ਸੀ।

ਦੀਪਾਂਜਨਾ ਸਰਕਾਰ
BBC
ਦੀਪਾਂਜਨਾ ਦੀ ਮਾਂ

ਬਿਮਾਰੀ ਦੌਰਾਨ ਉਨ੍ਹਾਂ ਦੀ ਦੂਜਿਆਂ ਉੱਤੇ ਵਿਸ਼ਵਾਸ ਨਾ ਕਰਨ ਦੀ ਆਦਤ ਹੋਰ ਵੱਧ ਗਈ। ਘਰ ਵਿੱਚ ਹਰ ਵੇਲੇ ਤਣਾਅ ਬਣਿਆ ਰਹਿੰਦਾ ਸੀ।

ਘਰ ਵਿੱਚ ਕੰਮ ਕਰਨ ਵਾਲੀ ਦੀ ਮੌਜੂਦਗੀ ਨਾਲ ਵੀ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਸੀ। ਉਨ੍ਹਾਂ ਨੇ ਉਸ ''ਤੇ ਭਰੋਸਾ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ ਸੀ ਜੋ ਸਾਲਾਂ ਤੋਂ ਸਾਡੇ ਪਰਿਵਾਰ ਦੇ ਨਾਲ ਸੀ। ਸਾਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਮਾਂ ਨੂੰ ਕੀ ਹੋ ਗਿਆ।

ਉਨ੍ਹਾਂ ਦੀ ਬਿਮਾਰੀ ਦਾ ਪਤਾ ਲੱਗਣ ਅਤੇ ਫਿਰ ਉਨ੍ਹਾਂ ਦੀ ਹਾਲਤ ਵਿਗੜਨ ਦਾ ਤਜਰਬਾ ਮੈਨੂੰ ਹੈਰਾਨ ਕਰ ਰਿਹਾ ਸੀ।

ਦੀਪਾਂਜਨਾ ਸਰਕਾਰ
BBC
ਦੀਪਾਂਜਨਾ ਸਰਕਾਰ ਦੀ ਮਾਂ ਆਪਣੇ ਪਤੀ ਨਾਲ

14 ਸਾਲ ਪਹਿਲਾਂ ਮੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਮਾਂ ਦਾ ਧਿਆਨ ਰੱਖਣ ਵਾਲੀ ਮੈਂ ਇੱਕਲੀ ਹੀ ਸੀ।

ਪਰ ਸਰੀਰਕ ਰੂਪ ਤੋਂ ਬਿਮਾਰ ਸ਼ਖ਼ਸ ਕਿਸੇ ਇਨਸਾਨ ਅਤੇ ਮਾਨਸਿਕ ਪ੍ਰੇਸ਼ਾਨੀ ਨਾਲ ਜੂਝ ਰਹੇ ਇਨਸਾਨ ਦੀ ਦੇਖਭਾਲ ਵਿੱਚ ਬਹੁਤ ਫ਼ਰਕ ਹੁੰਦਾ ਹੈ।

ਮਾਨਸਿਕ ਬਿਮਾਰੀ ਦੇ ਸ਼ਿਕਾਰ ਕਿਸੇ ਸ਼ਖ਼ਸ ਦੀ ਦੇਖ-ਰੇਖ ਦੌਰਾਨ ਕਈ ਜਜ਼ਬਾਤੀ ਤਜਰਬੇ ਹੁੰਦੇ ਹਨ। ਕਈ ਵਾਰ ਬਹੁਤ ਡਰਾਵਨੇ ਅਤੇ ਨਿਰਾਸ਼ ਕਰਨ ਵਾਲੇ ਪਲ ਵੀ ਆਉਂਦੇ ਹਨ।

ਇੱਕ ਵਾਰ ਹੋਇਆ ਇਹ ਕਿ ਮੈਂ ਪੂਰਾ ਦਿਨ ਕੰਮ ਕਰਨ ਤੋਂ ਬਾਅਦ ਬਹੁਤ ਥੱਕੀ ਹੋਈ ਸੀ। ਮੇਰੇ ਲੱਕ ਵਿੱਚ ਬਹੁਤ ਦਰਦ ਹੋ ਰਿਹਾ ਸੀ। ਉਸ ਦਿਨ ਕਿਸੇ ਤਰ੍ਹਾਂ ਮੈਨੂੰ ਨੀਂਦ ਆਈ। ਪਰ ਰਾਤ ਲਗਭਗ ਢਾਈ ਵਜੇ ਮੇਰੀ ਮਾਂ ਨੇ ਮੈਨੂੰ ਜਗਾ ਕੇ ਕਿਹਾ, ਧੀਏ ਵੇਖ, ਖਿੜਕੀ ''ਤੇ ਕੋਈ ਬੈਠਿਆ ਹੋਇਆ ਹੈ। ਜਦੋਂ ਉਨ੍ਹਾਂ ਨੇ ਮੈਨੂੰ ਇਹ ਦੱਸਿਆ ਉਦੋਂ ਮੈਂ ਸੌਂ ਰਹੀ ਸੀ। ਮਾਂ ਦੀ ਇਹ ਗੱਲ ਸੁਣ ਕੇ ਮੈਂ ਬੁਰੀ ਤਰ੍ਹਾਂ ਡਰ ਗਈ।

ਅਜਿਹੀ ਹਾਲਤ ਵਿੱਚ ਤੁਸੀਂ ਆਪਣੇ ਆਪ ਨੂੰ ਬੇਬਸੀ ਦੀ ਦਲਦਲ ਵਿੱਚ ਫਸਿਆ ਹੋਇਆ ਮਹਿਸੂਸ ਕਰਦੇ ਹੋ। ਤੁਹਾਨੂੰ ਗੁੱਸਾ ਵੀ ਆਉਂਦਾ ਹੈ। ਤੁਹਾਨੂੰ ਲਗਦਾ ਹੈ ਕਿ ਤੁਸੀਂ ਹਾਰ ਜਾਓਗੇ। ਕਈ ਵਾਰ ਤੁਸੀਂ ਖ਼ੁਦ ਨੂੰ ਹੀ ਦੋਸ਼ੀ ਮੰਨਣ ਲਗਦੇ ਹੋ।

ਡਰ, ਬੇਬਸੀ ਅਤੇ ਦੁਖ਼

ਪਰ, ਮਾਨਸਿਕ ਬਿਮਾਰੀ ਦੇ ਸ਼ਿਕਾਰ ਕਿਸੇ ਸ਼ਖ਼ਸ ਦੀ ਦੇਖ-ਰੇਖ ਦੌਰਾਨ ਤੁਸੀਂ ਕਈ ਵਾਰ ਸਮਰਪਣ, ਮੁਹੱਬਤ, ਹਮਦਰਦੀ, ਖੁਸ਼ੀ ਅਤੇ ਤਸੱਲੀ ਦੇ ਜਜ਼ਬਾਤਾਂ ਵਿੱਚੋਂ ਵੀ ਲੰਘਦੇ ਹੋ।

ਮੈਨੂੰ ਇਹ ਸਵੀਕਾਰ ਕਰਨ ਵਿੱਚ ਇੱਕ ਸਾਲ ਲੱਗ ਗਿਆ ਕਿ ਮੇਰੀ ਮਾਂ ਹੁਣ ਪਹਿਲਾਂ ਵਰਗੀ ਹਾਲਤ ਵਿੱਚ ਨਹੀਂ ਆਵੇਗੀ। ਮੇਰੇ ਲਈ ਇਹ ਹੋਰ ਵੀ ਹੈਰਾਨ ਕਰਨ ਵਾਲੀ ਗੱਲ ਸੀ ਕਿਉਂਕਿ ਖ਼ੁਦ ਨੂੰ ਇਹ ਗੱਲ ਸਮਝਾਉਣ ਤੋਂ ਬਾਅਦ ਮੇਰੇ ਦਿਲ ਵਿੱਚੋਂ ਹਿੰਸਕ ਜਜ਼ਬਾਤ ਬਾਹਰ ਹੋ ਗਏ।

ਦੀਪਾਂਜਨਾ ਸਰਕਾਰ
BBC

ਇਸ ਤੋਂ ਪਹਿਲਾਂ ਮੈਂ ਆਪਣੀ ਮਾਂ ''ਤੇ ਨਾਰਾਜ਼ ਰਹਿੰਦੀ ਸੀ। ਮੈਂ ਸੋਚਦੀ ਸੀ,''ਆਖ਼ਰ ਕਿਵੇਂ ਮੇਰੀ ਮਾਂ ਖ਼ੁਦ ਨੂੰ ਅਜਿਹੇ ਹਾਲਾਤ ਵਿੱਚ ਪਹੁੰਚਾ ਸਕਦੀ ਹੈ।''

ਮੈਂ ਅਤੇ ਮੇਰੀ ਮਾਂ ਦਾ ਮਿਜ਼ਾਜ ਬਿਲਕੁਲ ਵੱਖਰਾ ਸੀ।

ਸਾਡੇ ਦੋਵਾਂ ਵਿੱਚ ਕਈ ਗੱਲਾਂ ''ਤੇ ਬਹੁਤ ਫਰਕ ਸੀ। ਮੈਂ ਇਹ ਸੋਚ ਰਹੀ ਸੀ ਕਿ ਜਿਨ੍ਹਾਂ ਵਿਵਾਦਤ ਗੱਲਾਂ ਨੂੰ ਲੈ ਕੇ ਮੈਂ ਲੰਬੇ ਸਮੇਂ ਤੋਂ ਸਾਂਭੀ ਰੱਖਿਆ ਸੀ। ਉਹ ਮਸਲੇ ਹੁਣ ਅਣਸੁਲਝੇ ਹੀ ਰਹਿ ਜਾਣਗੇ ਕਿਉਂਕਿ ਮੇਰੀ ਮਾਂ ਦੀ ਹਾਲਤ ਦਿਨੋਂ-ਦਿਨ ਵਿਗੜਦੀ ਜਾ ਰਹੀ ਸੀ।

ਕਈ ਵਾਰ ਤਾਂ ਮਾਂ ਉਸ ਘਰ ਨੂੰ ਹੀ ਪਛਾਨਣ ਤੋਂ ਇਨਕਾਰ ਕਰ ਦਿੰਦੀ ਸੀ ਜਿਸ ਵਿੱਚ ਅਸੀਂ ਸਾਲਾਂ ਤੋਂ ਰਹਿੰਦੇ ਆਏ ਹਾਂ। ਕਈ ਮਹੀਨਿਆਂ ਤੱਕ ਤਾਂ ਅਜਿਹਾ ਹੋਇਆ ਕਿ ਮੇਰੀ ਮਾਂ ਕੱਪੜੇ ਉਤਾਰ ਕੇ ਪੂਰੇ ਘਰ ਵਿੱਚ ਘੁੰਮਦੀ ਰਹਿੰਦੀ ਸੀ।

ਅਸੀਂ ਵਾਰ-ਵਾਰ ਕੱਪੜੇ ਪੁਆਂਦੇ ਅਤੇ ਉਹ ਵਾਰ-ਵਾਰ ਲਾਹ ਦਿੰਦੀ ਸੀ।

ਇਹ ਵੀ ਪੜ੍ਹੋ:

ਧੀ ਹੋਣ ਦਾ ਸੰਘਰਸ਼

ਹਾਲਾਂਕਿ, ਮੈਨੂੰ ਕਈ ਲੋਕਾਂ ਨੇ ਕਿਹਾ ਕਿ ਮੈਨੂੰ ਮਾਂ ਨਾਲ ਖ਼ੁਦ ਨੂੰ ਜਜ਼ਬਾਤੀ ਤੌਰ ''ਤੇ ਕਿਨਾਰੇ ਕਰ ਲੈਣਾ ਚਾਹੀਦਾ ਹੈ। ਪਰ, ਕਈ ਵਾਰ ਤੁਹਾਡੇ ਲਈ ਅਜਿਹਾ ਕਰਨਾ ਮੁਮਕਿਨ ਨਹੀਂ ਹੁੰਦਾ। ਆਖ਼ਰ ਇੱਕ ਧੀ ਆਪਣੀ ਮਾਂ ਨਾਲ ਭਾਵਨਾਤਮਕ ਰਿਸ਼ਤਾ ਕਿਵੇਂ ਖ਼ਤਮ ਕਰ ਸਕਦੀ ਹੈ। ਉਹ ਵੀ ਜਦੋਂ ਮੈਂ ਦਿਮਾਗੀ ਤੌਰ ''ਤੇ ਬਿਮਾਰ ਹੋਵੇ।

ਪਰ ਮੇਰੇ ਲਈ ਉਨ੍ਹਾਂ ਨੂੰ ਇਸ ਰੂਪ ਵਿੱਚ ਸਵੀਕਾਰ ਕਰਨਾ ਮੁਸ਼ਕਿਲ ਹੋ ਰਿਹਾ ਸੀ। ਮੈਂ ਉਸ ਵੇਲੇ ਲਾਚਾਰਪੁਣੇ ''ਚ ਅਕਸਰ ਚੀਕ ਪੈਂਦੀ ਸੀ, ਜਦੋਂ ਉਹ ਮੇਰੇ ਪਿਤਾ ਨੂੰ ਬੜੀ ਸ਼ਿੱਦਤ ਨਾਲ ਲੱਭਣ ਲਗਦੀ ਸੀ।

ਜਦਕਿ ਮੇਰੇ ਪਿਤਾ ਦੀ ਮੌਤ ਤਾਂ 14 ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਮੇਰੀ ਮਾਂ ਮੇਰੇ ਪਿਤਾ ਦੀ ਯਾਦ ਵਿੱਚ ਬੱਚਿਆਂ ਦੀ ਤਰ੍ਹਾਂ ਰੋਂਦੀ ਸੀ ਅਤੇ ਮੇਰੇ ਤਰਲੇ ਕਰਦੀ ਸੀ ਕਿ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਪਤੀ ਕੋਲ ਲੈ ਜਾਵਾਂ।

ਦੀਪਾਂਜਨਾ ਸਰਕਾਰ
BBC

ਇੱਕ ਵਾਰ ਮੈਂ ਘਰ ਫੋਨ ਕੀਤਾ ਅਤੇ ਫੋਨ ''ਤੇ ਉਨ੍ਹਾਂ ਨੇ ਮੇਰੇ ਤਰਲੇ ਕਰਦੇ ਹੋਏ ਕਿਹਾ ਕਿ ਬੇਟਾ ਤੇਰੇ ਕੋਲੋਂ ਇੱਕ ਚੀਜ਼ ਮੰਗਾ, ਤੂੰ ਦੇਵੇਂਗੀ ਮੈਨੂੰ। ਇਸ ''ਤੇ ਮੈਂ ਕਿਹਾ- ਹਾਂ ਮਾਂ ਕੀ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਆਪਣੇ ਪਿਤਾ ਕੋਲ ਲੈ ਚੱਲ, ਮੈਨੂੰ ਸਮਝ ਨਹੀਂ ਆ ਰਿਹਾ ਉਹ ਕਿੱਥੇ ਚਲੇ ਗਏ ਹਨ, ਉਨ੍ਹਾਂ ਨੇ ਖਾਣਾ ਖਾਦਾ ਵੀ ਹੋਵੇਗਾ ਜਾਂ ਨਹੀਂ। ਮੈਨੂੰ ਪਲੀਜ਼ ਉਨ੍ਹਾਂ ਕੋਲ ਲੈ ਚੱਲ।

ਅਜਿਹੇ ਸਮੇਂ ''ਤੇ ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ ਅਤੇ ਕੀ ਕਹਾਂ।

ਮੈਂ ਉਦੋਂ ਤੱਕ ਬੁਰੀ ਤਰ੍ਹਾਂ ਲਾਚਾਰ ਮਹਿਸੂਸ ਕਰਦੀ ਸੀ, ਜਦੋਂ ਤੱਕ ਡਿਮੈਂਸ਼ੀਆ ''ਤੇ ਰਿਸਰਚ ਕਰ ਰਹੇ ਇੱਕ ਸ਼ਖ਼ਸ ਨੇ ਮੈਨੂੰ ਅਜਿਹੇ ਹਾਲਾਤ ਨਾਲ ਨਜਿੱਠਣ ਦਾ ਤਰੀਕਾ ਦੱਸਿਆ। ਉਸ਼ ਤੋਂ ਪਹਿਲਾਂ ਮੈਂ ਸਿਰਫ਼ ਇਹ ਦੁਆਵਾਂ ਮੰਗਦੀ ਸੀ ਕਿ ਮੇਰੀ ਮਾਂ ਨੂੰ ਨੀਂਦ ਆ ਜਾਵੇ। ਇਹ ਉਮੀਦ ਕਰਦੀ ਸੀ ਕਿ ਕੱਲ ਦਾ ਦਿਨ ਨਵਾਂ ਹੋਵੇਗਾ ਅਤੇ ਉਹ ਪੁਰਾਣੀਆਂ ਗੱਲਾਂ ਯਾਦ ਨਹੀਂ ਰੱਖੇਗੀ।

ਕਈ ਦਿਨਾਂ ਤੱਕ ਉਹ ਰਾਤ ਨੂੰ ਜਾਗਦੀ ਸੀ ਅਤੇ ਉਨ੍ਹਾਂ ਨੂੰ ਦੌਰੇ ਪੈਂਦੇ ਸੀ। ਉਹ ਦਿਨ ਬਹੁਤ ਡਰਾਵਨੇ ਹੁੰਦੇ ਸਨ। ਪਰ ਆਖ਼ਰ ਵਿੱਚ ਮੈਂ ਇਸ ਹਾਲਾਤ ਨਾਲ ਸਮਝੌਤਾ ਕਰ ਲਿਆ। ਅਕਸਰ ਮੈਂ ਥੱਕ ਕੇ ਸੌਂ ਜਾਂਦੀ ਸੀ।

ਮੇਰੀ ਮਾਂ ਇੱਕ ਕੰਮਕਾਜੀ ਔਰਤ ਸੀ ਅਤੇ ਉਹ 22 ਸਾਲ ਪਹਿਲਾਂ ਸੇਵਾਮੁਕਤ ਹੋਈ ਸੀ। ਪਰ ਇਹ ਗੱਲ ਹੁਣ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਜ਼ਹਿਨ ਵਿੱਚੋਂ ਮਿਟ ਚੁੱਕੀ ਸੀ।

ਕਈ ਅਜਿਹੇ ਵੀ ਦਿਨ ਵੀ ਹੁੰਦੇ ਹਨ ਕਿ ਉਹ ਦਫ਼ਤਰ ਜਾਣਾ ਚਾਹੁੰਦੀ ਹੈ ਅਤੇ ਜਦੋਂ ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਹ ਤਾਂ ਲੰਬੇ ਸਮੇਂ ਪਹਿਲਾਂ ਰਿਟਾਇਰ ਹੋ ਗਈ ਸੀ ਅਤੇ ਉਨ੍ਹਾਂ ਨੂੰ ਤਾਂ ਹੁਣ ਪੈਂਨਸ਼ਨ ਮਿਲ ਰਹੀ ਹੈ, ਤਾਂ ਉਹ ਬਹੁਤ ਹਿੰਸਕ ਹੋ ਜਾਂਦੀ ਸੀ।

ਧੁੰਦਲੀ ਹੁੰਦੀਆਂ ਮਾਂ ਦੀਆਂ ਯਾਦਾਂ

ਹਾਲਾਂਕਿ, ਇਹ ਬਹੁਤ ਹੀ ਪ੍ਰੇਸ਼ਾਨੀ ਵਾਲੀ ਗੱਲ ਸੀ ਕਿ ਮਾਂ ਹੁਣ ਜ਼ਿਆਦਾਤਰ ਗੱਲਾਂ ਭੁੱਲਦੀ ਜਾ ਰਹੀ ਸੀ। ਪਰ, ਅਚਾਨਕ ਅਜਿਹਾ ਵੀ ਵੇਲਾ ਆਇਆ ਕਿ ਮੈਂ ਉਨ੍ਹਾਂ ਤੋਂ ਉਮੀਦ ਕਰਨਾ ਹੀ ਛੱਡ ਦਿੱਤਾ ਸੀ।

ਦੀਪਾਂਜਨਾ ਸਰਕਾਰ
BBC

ਹੁਣ ਯਾਦਾਂ, ਮੁਹੱਬਤ, ਉਮੀਦਾਂ ਅਤੇ ਨਿਰਭਰਤਾ ਸਭ ਕੁਝ ਮੇਰੇ ਹੱਥੋਂ ਨਿਕਲਦਾ ਜਾ ਰਿਹਾ ਸੀ ਅਤੇ ਮੈਂ ਲਾਚਾਰ ਸੀ। ਕੁਝ ਵੀ ਕਰ ਸਕਣ ਦੀ ਹਾਲਤ ਵਿੱਚ ਨਹੀਂ ਸੀ। ਇਹ ਅਜਿਹੇ ਪਲ ਸਨ ਜਿਨ੍ਹਾਂ ਨੂੰ ਸਮਝਿਆ ਨਹੀਂ ਜਾ ਸਕਦਾ।

ਇੱਕ ਸਾਲ ਤੋਂ ਵੱਧ ਸਮੇਂ ਤੱਕ ਮੇਰੀ ਹਾਲਤ ਅਜਿਹੀ ਸੀ ਕਿ ਮੈਂ ਜਾਂ ਤਾਂ ਇਸ ਸਥਿਤੀ ਨਾਲ ਸੌਂਦੇ ਹੋਏ ਨਜਿੱਠਣਾ ਚਾਹੁੰਦੀ ਸੀ ਜਾਂ ਫਿਰ ਇਸ ਸਭ ਤੋਂ ਦੂਰ ਭੱਜ ਜਾਣਾ ਚਾਹੁੰਦੀ ਸੀ।

ਕਈ ਦਿਨ ਅਜਿਹੇ ਵੀ ਹੁੰਦੇ ਸਨ ਜਦੋਂ ਮੈਂ ਰੋਂਦੀ ਹੀ ਰਹਿੰਦੀ ਸੀ ਤੇ ਰੋਕਣ ''ਤੇ ਵੀ ਮੇਰਾ ਰੋਣਾ ਨਹੀਂ ਰੁਕਦਾ ਸੀ। ਉਸ ਵੇਲੇ ਮੇਰੀ ਮਾਂ ਇਹ ਸੋਚਦੀ ਸੀ ਕਿ ਮੈਂ ਆਪਣੇ ਕਮਰੇ ਵਿੱਚ ਕੋਈ ਕਾਲਾ ਜਾਦੂ ਕਰ ਰਹੀ ਹਾਂ। ਪਰ ਸੱਚ ਤਾਂ ਇਹ ਸੀ ਕਿ ਮੈਂ ਸ਼ਾਇਦ ਆਰਾਮ ਕਰਨਾ ਚਾਹੁੰਦੀ ਸੀ ਤਾਂ ਜੋ ਉਨ੍ਹਾਂ ਦੀ ਮਾਨਸਿਕ ਪ੍ਰੇਸ਼ਾਨੀ ਵਾਲੇ ਪਲਾਂ ਦਾ ਸਾਹਮਣਾ ਕਰ ਸਕਾਂ।

ਚੁਣੌਤੀਆਂ ਅਤੇ ਸ਼ਿਕਾਇਤਾਂ

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਿਲ ਹੈ। ਪਰ ਮੈਂ ਇਸ ਨੂੰ ਆਪਣੀ ਰੂਹਾਨੀ ਜਾਗਰੂਕਤਾ ਦਾ ਇੱਕ ਸਫ਼ਰ ਤੈਅ ਕਰਨ ਵਰਗਾ ਮੰਨਦੀ ਹਾਂ।

ਇਸ ਤਜਰਬੇ ਨੇ ਮੈਨੂੰ ਸਿਖਾਇਆ ਕਿ ਕਿਵੇਂ ਕੁਝ ਸ਼ਿਕਾਇਤਾਂ ਨੂੰ ਪਿੱਛੇ ਛੱਡ ਦੇਣਾ ਚਾਹੀਦਾ ਹੈ। ਮਿਲੇ ਹੋਏ ਮੌਕਿਆਂ ਹੀ ਨਹੀਂ ਚੁਣੌਤੀਆਂ ਦਾ ਵੀ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਚੀਹਦਾ ਹੈ।

ਜ਼ਿੰਦਗੀ ਦੇ ਜਿੰਨੇ ਵੀ ਰੂਪ ਦੇਖਣ ਨੂੰ ਮਿਲਣ, ਉਨ੍ਹਾਂ ਨਾਲ ਸ਼ਿਕਵਾ ਕਰਨ ਦੀ ਬਜਾਇ ਉਨ੍ਹਾਂ ਨੂੰ ਮੰਨ ਲੈਣਾ ਚਾਹੀਦਾ ਹੈ। ਸਾਨੂੰ ਹਰ ਪਲ ਮੌਤ ਨੂੰ ਸਵੀਕਾਰ ਕਰਨ ਨੂੰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਉਸਦੇ ਬਾਅਦ ਹੀ ਪੁਨਰ-ਜਨਮ ਹੁੰਦਾ ਹੈ।

ਦੀਪਾਂਜਨਾ ਸਰਕਾਰ
BBC

ਇਸ ਤਜਰਬੇ ਨੇ ਮੈਨੂੰ ਖਾਮੋਸ਼ੀ ਦੀ ਅਹਿਮੀਅਤ ਦਾ ਅਹਿਸਾਸ ਕਰਵਾਇਆ। ਮੈਨੂੰ ਪਤਾ ਲੱਗਿਆ ਕਿ ਖ਼ੁਦ ਦੇ ਨਾਲ ਹੋਣਾ ਅਤੇ ਉਨ੍ਹਾਂ ਦੇ ਨਾਲ ਹੋਣਾ ਕੀ ਹੁੰਦਾ ਹੈ, ਜਿਹੜੇ ਖ਼ੁਦ ਹੀ ਬਹੁਤ ਲਾਚਾਰ ਹੋਣ। ਖ਼ੁਦ ਨੂੰ ਦੋਸ਼ੀ ਸਮਝੋ ਕਿ ਉਸ ਨੇ ਆਪਣੇ ਕੱਪੜੇ ਗੰਦੇ ਕਰ ਲਏ ਹਨ ਅਤੇ ਇਸ ਗੱਲ ਦਾ ਉਸ ਨੂੰ ਖ਼ੁਦ ਹੀ ਅੰਦਾਜ਼ਾ ਨਹੀਂ ਹੈ।

ਇਸ ਤਜਰਬੇ ਨੇ ਮੈਨੂੰ ਇਸ ਖ਼ੂਬਸੂਰਤ ਅਹਿਸਾਸ ਨਾਲ ਵਾਕਿਫ਼ ਕਰਵਾਇਆ ਕਿ ਕਿਵੇਂ ਕਿਸੇ ਦੀਆਂ ਅੱਖਾਂ ਵਿੱਚ ਪਿਆਰ ਨਾਲ ਅੱਖਾਂ ਪਾ ਕੇ ਵੇਖਦੇ ਹਾਂ ਅਤੇ ਉਸ ਨੂੰ ਇਹ ਭਰੋਸਾ ਦਿੰਦੇ ਹਾਂ ਕਿ ਕਮਜ਼ੋਰ ਜਾਂ ਕਿਸੇ ''ਤੇ ਨਿਰਭਰ ਹੋਣ ਵਿੱਚ ਕੋਈ ਬੁਰਾਈ ਨਹੀਂ ਹੈ।

ਮੈਂ ਸ਼ਾਇਦ ਕਦੇ ਇਹ ਤਜਰਬਾ ਨਹੀਂ ਕੀਤਾ ਹੋਵੇਗਾ ਕਿ ਸਿਰਫ਼ ਹੱਥ ਫੜ ਕੇ ਹੱਸ ਦੇਣ ਨਾਲ ਕਿੰਨੀ ਰਾਹਤ ਮਿਲਦੀ ਹੈ। ਹਾਲਾਂਕਿ ਮੈਂ ਖ਼ੁਦ ਨੂੰ ਮੁਜਰਮ ਮੰਨਣ ਦੇ ਅਹਿਸਾਸ ਵਿੱਚੋਂ ਲੰਘੀ ਹਾਂ।

ਜਦੋਂ ਵੀ ਮੈਨੂੰ ਖਿਆਲ ਆਇਆ ਕਿ ਇਸ ਸਫ਼ਰ ਦੌਰਾਨ ਮੈਂ ਹਮੇਸ਼ਾ ਖੁਸ਼ਨਮਾ ਵਿਹਾਰ ਨਹੀਂ ਕੀਤਾ। ਪਰ ਮੈਂ ਖ਼ੁਦ ਨੂੰ ਦੋਸ਼ੀ ਮੰਨਣ ਦੇ ਉਸ ਦੌਰ ਤੋਂ ਬਾਹਰ ਆਈ, ਤਾਂ ਇਸਦੇ ਲਈ ਸਾਹਸ ਅਤੇ ਤਾਕਤ ਮੈਨੂੰ ਇਸ ਤਜਰਬੇ ਨੇ ਹੀ ਦਿੱਤੀ। ਮੈਨੂੰ ਜੇਕਰ ਅਜਿਹਾ ਤਜਰਬਾ ਨਹੀਂ ਹੁੰਦਾ ਤਾਂ ਮੈਂ ਸ਼ਾਇਦ ਕਦੇ ਇਹ ਨਹੀਂ ਜਾਣ ਸਕਦੀ ਸੀ ਕਿ ਉਮੀਦਾਂ ਨੂੰ ਤਿਆਗ ਕੇ ਬਿਨਾਂ ਸ਼ਰਤ ਕਿਸੇ ਨੂੰ ਸਵੀਕਾਰ ਕਰਨਾ ਕੀ ਹੁੰਦਾ ਹੈ।

ਇਹ ਇੱਕ ਅਜਿਹੀ ਪ੍ਰਕਿਰਿਆ ਨਹੀਂ ਹੈ, ਜੋ ਰਾਤੋਂ-ਰਾਤ ਹੋਵੇ ਅਤੇ ਇਸਦੀ ਸ਼ਾਇਦ ਇਹੀ ਗੱਲ ਸਭ ਤੋਂ ਵੱਧ ਮੁਸ਼ਕਿਲ ਹੈ। ਪਰ ਇਹ ਖ਼ੁਦ ਨੂੰ ਆਜ਼ਾਦ ਕਰਨ ਦਾ ਸਭ ਤੋਂ ਸ਼ਾਨਦਾਰ ਤਜਰਬਾ ਵੀ ਹੈ।

ਇਹ ਸਵੀਕਾਰ ਕਰਨਾ ਸੌਖਾ ਨਹੀਂ ਹੈ ਕਿ ਤੁਹਾਡੀ ਮਾਂ ਸਰੀਰਕ ਤੌਰ ''ਤੇ ਤਾਂ ਮੌਜੂਦ ਹੈ ਪਰ ਜਜ਼ਬਾਤੀ ਅਤੇ ਮਾਨਸਿਕ ਤੌਰ ''ਤੇ ਉਹ ਤੁਹਾਡੇ ਤੋਂ ਦੂਰ ਹੋ ਚੁੱਕੀ ਹੈ।

ਇਹ ਵੀ ਪੜ੍ਹੋ:

ਜਦੋਂ ਮਾਂ ਨੇ ਚੁੱਕੀ ਇੱਕ ਕਿਤਾਬ

ਪਰ, ਇਹ ਹਕੀਕਤ ਕਿ ਉਹ ਅਜੇ ਵੀ ਸਰੀਰਕ ਤੌਰ ''ਤੇ ਨੇੜੇ ਹੈ, ਬਹੁਤ ਰਾਹਤ ਮਿਲਦੀ ਹੈ। ਕਿਉਂਕਿ ਤੁਹਾਡੇ ਕੋਲ ਥਕਾ ਦੇਣ ਵਾਲੇ ਦਿਨ ਤੋਂ ਬਾਅਦ ਘਰ ਪਰਤਣ ''ਤੇ ਉਸਦੇ ਕਰੀਬ ਆਉਣ ਦਾ ਭਰੋਸਾ ਤਾਂ ਹੁੰਦਾ ਹੈ।

ਖੁਸ਼ੀ ਉਹ ਹੈ ਕਿ ਜਦੋਂ ਉਨ੍ਹਾਂ ਨੂੰ ਇਹ ਯਾਦ ਹੋਵੇ ਕਿ ਮੈਨੂੰ ਮੱਛੀ ਬਹੁਤ ਪਸੰਦ ਹੈ ਅਤੇ ਉਹ ਆਪਣੇ ਹਿੱਸੇ ਵਿੱਚੋਂ ਕੁਝ ਬਚਾ ਕੇ ਮੇਰੇ ਲਈ ਰੱਖਦੀ ਹੈ। ਖੁਸ਼ੀ ਉਹ ਹੈ ਜਦੋਂ ਮੈਂ ਦਫ਼ਤਰ ਤੋਂ ਆਉਂਦੀ ਹਾਂ। ਖੁਸ਼ੀ ਉਹ ਹੈ ਜਦੋਂ ਮੈਂ ਦਫ਼ਤਰ ਤੋਂ ਦੇਰੀ ਨਾਲ ਆਉਂਦੀ ਹੈ ਅਤੇ ਇਹ ਦੇਖਦੀ ਹਾਂ ਕਿ ਉਹ ਖਾਣੇ ''ਤੇ ਮੇਰੀ ਉਡੀਕ ਕਰ ਰਹੀ ਹੈ।

ਅਤੇ ਜਦੋਂ ਮੈਂ ਛੇਤੀ ਘਰ ਆ ਜਾਂਦੀ, ਉਹ ਮੈਨੂੰ ਵੇਖ ਕੇ ਖੁਸ਼ ਹੁੰਦੀ ਹੈ ਉਸ ਤੋਂ ਖ਼ੂਬਸੂਰਤ ਅਹਿਸਾਸ ਕੋਈ ਨਹੀਂ ਹੋ ਸਕਦਾ। ਮੈਂ ਕਿੰਨੀ ਵੀ ਥਕੀ ਹੋਈ ਕਿਉਂ ਨਾ ਹੋਵਾਂ ਫਿਰ ਵੀ ਮੈਨੂੰ ਕੰਮ ਕਰਨ ਦੀ ਤਾਕਤ ਮਿਲਦੀ ਹੈ।

ਜਦੋਂ ਮੈਂ ਉਨ੍ਹਾਂ ਲਈ ਕੋਈ ਖਾਸ ਪਸੰਦੀਦਾ ਡਿਸ਼ ਬਣਾਉਂਦੀ ਹਾਂ ਅਤੇ ਉਹ ਉਸਦੀ ਤਾਰੀਫ਼ ਕਰਦੀ ਹੈ।

ਦੀਪਾਂਜਨਾ ਸਰਕਾਰ
BBC

ਮੇਰੀ ਉਮੀਦ ਜਗਦੀ ਹੈ ਜਦੋਂ ਮਹੀਨਿਆਂ ਬਾਅਦ ਮੈਂ ਦੇਖਦੀ ਹਾਂ ਕਿ ਮਾਂ ਨੇ ਕੋਈ ਕਿਤਾਬ ਚੁੱਕੀ ਹੈ ਅਤੇ ਉਹ ਉਸ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਰੋਜ਼ ਸ਼ਾਮ ਨੂੰ ਟੀਵੀ ਦੇਖਣ ਲਗਦੀ ਹੈ।

ਮੈਂ ਉਦੋਂ ਬਹੁਤ ਖੁਸ਼ ਹੋ ਜਾਂਦੀ ਹਾਂ ਜਦੋਂ ਉਹ ਸਾਫ਼ ਤੌਰ ''ਤੇ ਆਪਣੀ ਨਾਖੁਸ਼ੀ ਦਾ ਇਜ਼ਹਾਰ ਕਰਦੀ ਹੈ। ਇਹ ਗੱਲ ਕਿ ਉਹ ਅਜੇ ਵੀ ਮਜ਼ਬੂਤੀ ਨਾਲ ਆਪਣੀ ਗੱਲ ਕਹਿ ਸਕਦੀ ਹੈ, ਖੁਸ਼ੀ ਦੇਣ ਲਈ ਬਹੁਤ ਹੈ।

ਘਰੇਲੂ ਪੱਧਰ ''ਤੇ ਮਾਂ ਦੀ ਦੇਖਭਾਲ ਕਰਨਾ ਮੇਰੇ ਇਕੱਲੇ ਦਾ ਹੀ ਸਫ਼ਰ ਰਿਹਾ ਹੈ। ਇਹ ਅਜਿਹੀ ਲੜਾਈ ਸੀ, ਜੋ ਮੈਂ ਲੜੀ, ਜਿਸ ਵਿੱਚ ਮੈਂ ਕਈ ਵਾਰ ਹਾਰੀ ਵੀ, ਲਾਚਾਰੀ ਵੀ ਮਹਿਸੂਸ ਕੀਤੀ, ਖ਼ੁਦ ਨੂੰ ਦੋਸ਼ੀ ਵੀ ਮੰਨਿਆ, ਖਿਝ ਵੀ ਹੋਈ ਅਤੇ ਕਈ ਵਾਰ ਤਾਂ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕਰਾਂ ਤਾਂ ਆਖ਼ਰ ਕਰਾਂ ਕੀ।

ਇੱਕ ਵੱਖਰੀ ਦੁਨੀਆਂ

ਹਾਲਾਂਕਿ, ਮੈਨੂੰ ਆਪਣੇ ਦੋਸਤਾਂ, ਮੇਰਾ ਭਲਾ ਚਾਹੁਣ ਵਾਲਿਆਂ ਅਤੇ ਖ਼ੁਦ ਨੂੰ ਪਰਿਵਾਰ ਮੰਨਣ ਵਾਲੇ ਲੋਕਾਂ ਤੋਂ ਕਾਫ਼ੀ ਸਹਿਯੋਗ ਮਿਲਿਆ। ਪਰ, ਇਸ ਦੇਖਭਾਲ ਵਾਲੇ ਤਜਰਬੇ ਨੇ ਮੈਨੂੰ ਕਈ ਗੱਲਾਂ ਦਾ ਡੂੰਘਾਈ ਨਾਲ ਅਹਿਸਾਸ ਕਰਵਾਇਆ। ਮੈਂ ਜੇਕਰ ਇਸ ਸਫ਼ਰ ''ਤੇ ਨਹੀਂ ਨਿਕਲੀ ਹੁੰਦੀ ਤਾਂ ਸ਼ਾਇਦ ਮੈਂ ਜ਼ਿੰਦਗੀ ਦੇ ਕਈ ਪਹਿਲੂਆਂ ਤੋਂ ਅਣਜਾਣ ਹੀ ਰਹਿ ਜਾਂਦੀ।

ਹਾਲਾਂਕਿ, ਇਹ ਬੇਹੱਦ ਮੁਸ਼ਕਿਲ ਕੰਮ ਹੈ ਕਿ ਤੁਸੀਂ ਜਿਸ ਵਿਅਕਤੀ ਦਾ ਖਿਆਲ ਰੱਖ ਰਹੇ ਹੋ, ਉਸਦੇ ਹਿਸਾਬ ਨਾਲ ਖ਼ੁਦ ਨੂੰ ਢਾਲੋ। ਪਰ ਇਹ ਤਜਰਬਾ ਤੁਹਾਨੂੰ ਹੌਸਲਾ ਵੀ ਦਿੰਦਾ ਹੈ, ਤੁਹਾਡੀ ਤੇਜ਼ ਰਫ਼ਤਾਰ ਨੂੰ ਵੀ ਹੌਲੀ ਕਰਦਾ ਹੈ। ਇਹ ਤਜਰਬਾ ਤੁਹਾਨੂੰ ਮੌਕਾ ਦਿੰਦਾ ਹੈ ਕਿ ਤੁਸੀਂ ਠਹਿਰ ਕੇ ਕਈ ਅਜਿਹੀਆਂ ਗੱਲ੍ਹਾਂ ''ਤੇ ਧਿਆਨ ਦਿਓ ਜਿਸ ਨੂੰ ਤੁਸੀਂ ਆਮ ਤੌਰ ''ਤੇ ਅਣਗੌਲਿਆਂ ਕਰ ਦਿੰਦੇ ਹੋ।

ਮੈਂ ਇਹ ਸਿੱਖਿਆ ਕਿ ਠਹਿਰਨਾ ਕਿੰਨਾ ਅਹਿਮ ਹੁੰਦਾ ਹੈ। ਇਹ ਅਜਿਹੀ ਚੀਜ਼ ਹੈ ਜੋ ਅਸੀਂ ਆਪਣੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਆਮ ਤੌਰ ''ਤੇ ਨਹੀਂ ਕਰਦੇ। ਮੈਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਲਈ ਠਹਿਰਾਉ ਬਹੁਤ ਮੁਸ਼ਕਿਲ ਹੈ ਕਿਉਂਕਿ ਅਸੀਂ ਸਮਾਜਿਕ ਰੂਪ ਨਾਲ ਇਸਦੇ ਲਈ ਢਲੇ ਹੀ ਨਹੀਂ ਹਾਂ।

ਸ਼ੁਰੂਆਤ ਵਿੱਚ ਮਾਂ ਦੇ ਕੋਲ ਰਹਿਣਾ ਬਹੁਤ ਡਰਾਵਨਾ ਲਗਦਾ ਸੀ। ਖਾਸ ਤੌਰ ''ਤੇ ਜਦੋਂ ਉਨ੍ਹਾਂ ਨੂੰ ਦੌਰੇ ਪੈਂਦੇ ਸਨ। ਉਦੋਂ ਇੱਕ ਦਿਨ ਮੈਂ ਇਸ ਤਜਰਬੇ ਨਾਲ ਸਾਂਝ ਪਾ ਲੈਣ ਦਾ ਫੈਸਲਾ ਕੀਤਾ। ਮੈਂ ਉਨ੍ਹਾਂ ਦੀ ਖਿਆਲੀ ਦੁਨੀਆਂ ਦਾ ਹਿੱਸਾ ਬਣੀ। ਆਖ਼ਰ ਮੈਂ ਹੁੰਦੀ ਕੌਣ ਹਾਂ ਉਨ੍ਹਾਂ ਦੀ ਦੁਨੀਆਂ ਨੂੰ ਖਿਆਲੀ ਕਹਿਣ ਵਾਲੀ।

ਦੇਖ-ਰੇਖ ਕਰਨ ਦੇ ਸਫ਼ਰ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਮੈਂ ਕਿੰਨੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਇਨਸਾਨ ਸੀ ਅਤੇ ਮੈਨੂੰ ਖ਼ੁਦ ਨੂੰ ਰਾਹਤ ਦੇਣ ਦੀ ਕਿੰਨੀ ਸਖ਼ਤ ਲੋੜ ਸੀ ਅਤੇ ਕਿਸੇ ਨੂੰ ਰਾਹਤ ਉਦੋਂ ਮਿਲਦੀ ਹੈ ਜਦੋਂ ਕੋਈ ਉਨ੍ਹਾਂ ਤਾਜ਼ਾ ਜ਼ਖ਼ਮਾਂ ਦੇ ਨਾਲ ਅੱਗੇ ਵਧਦਾ ਹੈ ਅਤੇ ਉਨ੍ਹਾਂ ਦਾ ਅੱਖਾਂ ਵਿੱਚ ਅੱਖਾਂ ਪਾ ਕੇ ਸਾਹਮਣਾ ਕਰਦਾ ਹੈ। ਹਾਲਾਂਕਿ ਇਸ ਵਿੱਚ ਖ਼ੂਨ ਵਹਿੰਦਾ ਹੈ। ਪਰ, ਬਹੁਤ ਸਾਰਾ ਖ਼ੂਨ ਵਹਿ ਜਾਣ ਤੋਂ ਬਾਅਦ ਇਹ ਜ਼ਖ਼ਮ ਭਰ ਵੀ ਜਾਂਦੇ ਹਨ।

ਦੀਪਾਂਜਨਾ ਸਰਕਾਰ
BBC

ਮੈਨੂੰ ਲਗਦਾ ਹੈ ਕਿ ਮਾਂ ਦੀ ਦੇਖ-ਭਾਲ ਦਾ ਇਹ ਸਫ਼ਰ ਜ਼ਿੰਦਗੀ ਵੱਲੋਂ ਮੈਨੂੰ ਇੱਕ ਤੋਹਫ਼ਾ ਹੈ, ਜਿਸਦਾ ਮਾਧਿਅਮ ਮੇਰੀ ਮਾਂ ਬਣੀ। ਇਸ ਨਾਲ ਮੈਨੂੰ ਜ਼ਿੰਦਗੀ ਦੇ ਕਈ ਬੇਸ਼ਕੀਮਤੀ ਸਬਕ ਮਿਲੇ। ਹੋ ਸਕਦਾ ਹੈ ਕਿ ਮੈਂ ਥਕੀ ਹਾਂ।

ਪਰ ਅੱਜ ਮੈਂ ਨਿਸ਼ਚਿਤ ਰੂਪ ਨਾਲ ਇੱਕ ਬਿਹਤਰ ਇਨਸਾਨ ਹਾਂ ਜੋ ਵੱਧ ਜਾਗਰੂਕ ਹੈ। ਜਿਸ ਵਿੱਚ ਵੱਧ ਸਹਿਣ ਸ਼ਕਤੀ ਹੈ, ਤਾਕਤ ਹੈ, ਚੀਜ਼ਾਂ ਜਿਵੇਂ ਹਨ ਉਨ੍ਹਾਂ ਨੂੰ ਓਵੇਂ ਹੀ ਸਵੀਕਾਰ ਕਰਨ ਦੀ ਸਮਰੱਥਾ ਹੈ। ਜਿਸਦੇ ਅੰਦਰ ਦਿਆ ਹੈ, ਹਮਦਰਦੀ ਹੈ। ਜਿਸ ਨੂੰ ਸ਼ਿਕਾਇਤਾਂ ਘੱਟ ਹਨ। ਜੋ ਕਿਸੇ ਬਾਰੇ ਤੁਰੰਤ ਆਪਣੀ ਰਾਇ ਨਹੀਂ ਬਣਾਉਂਦੀ ਅਤੇ ਜਿਸ ਵਿੱਚ ਹਿਚਕ ਨਹੀਂ ਹੈ।

ਜੇਕਰ ਇਹ ਜ਼ਿੰਦਗੀ ਦੇ ਇਨਾਮ ਮੰਨੇ ਜਾਂਦੇ ਹਨ, ਤਾਂ ਹਾਂ ਇਹ ਸਫ਼ਰ ਨਿਸ਼ਚਿਤ ਤੌਰ ''ਤੇ ਬਹੁਤ ਫਾਇਦੇਮੰਦ ਹੈ ਅਤੇ ਤਸੱਲੀ ਦੇਣ ਵਾਲਾ ਰਿਹਾ ਹੈ। ਜਿੱਥੇ ਮੇਰਾ ਦਿਲ ਵਾਰ-ਵਾਰ ਖਾਲੀ ਵੀ ਹੋਇਆ ਹੈ ਅਤੇ ਹਰ ਵਾਰ ਨਵੀਂ ਊਰਜਾ ਅਤੇ ਨਵੀਂ ਰੌਸ਼ਨੀ ਨਾਲ ਭਰਿਆ ਵੀ ਹੈ। ਇਹ ਅਜਿਹਾ ਤਜਰਬਾ ਸੀ ਜਿਸਦੀ ਮੈਂ ਕਲਪਨਾ ਵੀ ਨਹੀਂ ਕਰ ਸਕਦੀ।

(ਭਾਰਤ ਵਿੱਚ ਮਾਨਸਿਕ ਸਿਹਤ ਇੱਕ ਅਜਿਹਾ ਕਿੱਸਾ ਹੈ ਜਿਸ ''ਤੇ ਖੁੱਲ੍ਹ ਕੇ ਗੱਲ ਨਹੀਂ ਹੁੰਦੀ। ਬੀਬੀਸੀ ਦੀ ਕੋਸ਼ਿਸ਼ ਲੋਕਾਂ ਨੂੰ ਮੈਂਟਲ ਹੈਲਥ ਬਾਰੇ ਜਾਗਰੂਕ ਕਰਨ ਦੀ ਹੈ। ਇਸ ਵਿਸ਼ੇਸ਼ ਸੀਰੀਜ਼ ਵਿੱਚ ਅਸੀਂ ਤੁਹਾਨੂੰ ਸਿਲਸਿਲੇ ਵਾਰ ਤਰੀਕੇ ਨਾਲ ਦੱਸ ਰਹੇ ਹਾਂ ਕਿ ਤੁਹਾਨੂੰ ਕਦੋਂ ਮੈਂਟਲ ਹੈਲਥ ਬਾਰੇ ਸੋਚਣ ਦੀ ਲੋੜ ਹੈ। ਮਿਲੋ ਕੁਝ ਅਜਿਹੇ ਲੋਕਾਂ ਨਾਲ ਜੋ ਇਕੱਲੇਪਣ ਅਤੇ ਡਿਪ੍ਰੈਸ਼ਨ ਜਾਂ ਫਿਰ ਕਿਸੇ ਹੋਰ ਮਾਨਸਿਕ ਬਿਮਾਰੀ ਦਾ ਸ਼ਿਕਾਰ ਰਹੇ ਹਨ ਜਾਂ ਜਿਨ੍ਹਾਂ ਨੇ ਆਪਣੇ ਘਰ ਵਿੱਚ ਮੌਜੂਦ ਮਾਨਸਿਕ ਰੋਗੀਆਂ ਦੀ ਦੇਖਭਾਲ ਕਰਦੇ ਹੋਏ ਡਿਪ੍ਰੈਸ਼ਨ ਆਦਿ ਦਾ ਸਾਹਮਣਾ ਕੀਤਾ ਹੈ।)

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=9GcwJaSt3d8

https://www.youtube.com/watch?v=fazWdOUEIx4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News