ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ ਰਹੇ ਅਤੇ 11,000 ਤੋਂ ਵੱਧ ਲੋਕ ਮਾਰੇ ਗਏ

Monday, Feb 05, 2024 - 10:35 AM (IST)

ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ ਰਹੇ ਅਤੇ 11,000 ਤੋਂ ਵੱਧ ਲੋਕ ਮਾਰੇ ਗਏ
ਖਾਣਾ
Getty Images
ਸੰਸਾਰ ''''ਚ ਖਾਣਾ ਖ਼ਤਮ ਹੋਣ ਮਗਰੋਂ ਕੀ ਹੋਵੇਗਾ ਇਹ ਲੇਖ ਇਸ ਬਾਰੇ ਹੈ

ਸਾਡਾ ਆਧੁਨਿਕ ਸੰਸਾਰ ਖ਼ੁਰਾਕ ਲਈ ਪੇਚੀਦਾ ਸਪਲਾਈ ਚੇਨਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਇਹੇ ਇੱਕੋਦਮ ਠੱਪ ਹੋ ਜਾਵੇਗਾ ਤਾਂ ਅਸੀਂ ਅਜਿਹੇ ਹਾਲਾਤਾਂ ਵਿੱਚ ਕੀ ਕਰਾਂਗੇ?

ਰੇਸਾਦ ਟਰਬੋਨਜਾ ਇੱਕ ਆਮ ਅਲ੍ਹੜ ਕੁੜੀ ਸੀ। ਜੋ ਦੁਨੀਆਂ ਦੇ ਫਿਕਰਾਂ ਤੋਂ ਅਛੋਹ ਵੱਡੀ ਹੋ ਰਹੀ ਸੀ ਪਰ ਅਚਾਨਕ ਇੱਕ ਦਿਨ (5 ਅਪ੍ਰੈਲ 1992) ਉਨ੍ਹਾਂ ਦੇ ਸ਼ਹਿਰ ਦਾ ਸੰਪਰਕ ਬਾਹਰੀ ਦੁਨੀਆਂ ਨਾਲੋਂ ਟੁੱਟ ਗਿਆ।

ਉਨ੍ਹਾਂ ਦਾ ਸ਼ਹਿਰ ਕੋਈ ਆਮ ਸ਼ਹਿਰ ਨਹੀਂ ਸੀ ਸਗੋਂ ਉਸ ਨੇ ਕੁਝ ਸਾਲ ਪਹਿਲਾਂ ਹੀ ਸਰਦ ਰੁੱਤ ਦੇ ਉਲੰਪਿਕ ਦੀ ਮੇਜ਼ਬਾਨੀ ਕੀਤੀ ਸੀ।

ਉਨ੍ਹਾਂ ਦੇ ਸ਼ਹਿਰ ਨੂੰ ਬੋਸਨੀਅਨ-ਸਰਬ ਆਰਮੀ ਨੇ ਘੇਰਾ ਪਾ ਲਿਆ ਸੀ। ਇਹ ਇੱਕ ਅਜਿਹੇ ਡਰਾਉਣੇ ਸੁਫ਼ਨੇ ਦੀ ਸ਼ੁਰੂਆਤ ਸੀ ਜੋ ਅਗਲੇ ਚਾਰ ਸਾਲ ਰੇਸਾਦ ਸਮੇਤ ਚਾਰ ਲੱਖ ਸ਼ਹਿਰ ਵਾਸੀਆਂ ਨੂੰ ਡਰਾਉਂਦਾ ਰਿਹਾ।

ਹਾਲਾਤ ਇੰਨੇ ਵਿਗੜ ਗਏ ਸਨ ਕਿ ਸ਼ਹਿਰ ਵਾਸੀ ਆਪਣੇ ਘਰਾਂ ਵਿੱਚ ਕੈਦ ਹੋ ਕੇ ਰਹਿ ਗਏ ਸਨ। ਖਾਣੇ ਲਈ ਕਤਾਰ ਬੰਨ੍ਹ ਕੇ ਖੜ੍ਹਨ ਵਿੱਚ ਵੀ ਜ਼ਿੰਦਗੀ-ਮੌਤ ਦਾ ਖਤਰਾ ਹੋ ਸਕਦਾ ਸੀ।

ਸਮਝ ਨਹੀਂ ਸੀ ਪੈਂਦੀ ਕਿ ਕਿੱਧਰੋਂ ਕੋਈ ਗੋਲੀ ਆ ਕੇ ਕਿਸ ਦਾ ਸਿਰ ਵਿੰਨ੍ਹ ਜਾਵੇਗੀ।

ਸਰਾਜੇਵਿਓ ਬੋਸਨੀਆ ਅਤੇ ਹਰਜ਼ੇਗੋਵੇਨੀਆ ਦੀ ਰਾਜਧਾਨੀ। ਇਸ ਦੇ ਨਾਗਰਿਕਾਂ ਨੂੰ ਬੋਸਨੀਆ ਦੀ ਲੜਾਈ ਦੌਰਾਨ ਲੰਬੇ ਘੇਰੇ ਵਿੱਚ ਰਹਿਣਾ ਪਿਆ।

ਹਾਲਾਂਕਿ ਜਦੋਂ ਉਹ ਗੋਲੀਆਂ ਅਤੇ ਗੋਲੀਬਾਰੀ ਦੇ ਦਿਸਦੇ ਡਰ ਦਾ ਸਾਹਮਣਾ ਕਰ ਰਹੇ ਸਨ ਤਾਂ ਇੱਕ ਹੋਰ ਦੁਸ਼ਮਣ ਸੀ ਜੋ ਚੁੱਪ-ਚੁਪੀਤਾ ਉਨ੍ਹਾਂ ਦੇ ਅੰਦਰ ਸੀ— ਭੁੱਖ।

ਟਰਬੋਨਜਾ ਉਦੋਂ 19 ਸਾਲ ਦੀ ਮੁਟਿਆਰ ਸੀ।

ਉਸ ਸਮੇਂ ਨੂੰ ਯਾਦ ਕਰਕੇ ਉਹ ਦੱਸਦੇ ਹਨ, “ਖਾਣਾ ਲਗਭਗ ਤੁਰੰਤ ਹੀ ਖਤਮ ਹੋਣ ਲੱਗ ਪਿਆ ਸੀ।"

"ਦੁਕਾਨਾਂ ਜੋ ਥੋੜ੍ਹਾ ਬਹੁਤ ਖਾਣਾ ਸੀ ਬੜੀ ਤੇਜ਼ੀ ਨਾਲ ਮੁੱਕ ਗਿਆ ਅਤੇ ਕਈ ਦੁਕਾਨਾਂ ਲੁੱਟੀਆਂ ਗਈਆਂ। ਘਰ ਦੀ ਅਲਮਾਰੀ ਤੁਸੀਂ ਜਾਣਦੇ ਹੋ ਜਦੋਂ ਸਾਰਾ ਪਰਿਵਾਰ ਖਾਣ ਵਾਲਾ ਹੋਵੇ ਤਾਂ ਜ਼ਿਆਦਾ ਦੇਰ ਭਰੀ ਨਹੀਂ ਰਹਿ ਸਕਦੀ। ਇਸ ਲਈ ਜ਼ਿਆਦਾ ਦੇਰ ਨਹੀਂ ਲੱਗੀ ਕਿ ਸਭ ਕੁਝ ਖਤਮ ਹੋ ਗਿਆ।”

ਬੰਬਾਰੀ ਅਤੇ ਗੋਲੀਆਂ ਕਾਰਨ 11,500 ਮੌਤਾਂ

ਸਰਾਜੇਵਿਓ
Getty Images
ਸਰਾਜੇਵਿਓ ਬੋਸਨੀਆ ਅਤੇ ਹਰਜ਼ੇਗੋਵੇਨੀਆ ਦੀ ਰਾਜਧਾਨੀ ਸੀ ਇੱਥੋਂ ਦੇ ਨਾਗਰਿਕਾਂ ਨੂੰ ਬੋਸਨੀਆ ਦੀ ਲੜਾਈ ਦੌਰਾਨ ਲੰਬੇ ਘੇਰੇ ਵਿੱਚ ਰਹਿਣਾ ਪਿਆ।

ਘੇਰਾ 1996 ਵਿੱਚ ਖਤਮ ਹੋਇਆ ਉਦੋਂ ਤੱਕ ਸ਼ਹਿਰ ਵਿੱਚ 11,500 ਮੌਤਾਂ ਹੋ ਚੁੱਕੀਆਂ ਸਨ।

ਬਹੁਤ ਸਾਰੇ ਲੋਕ ਬੰਬਾਰੀ, ਗੋਲੀਆਂ ਕਾਰਨ ਮਰੇ ਤਾਂ ਕਈਆਂ ਨੇ ਠੰਢ ਕਾਰਨ ਆਪਣੀ ਜਾਨ ਗੁਆਈ ਕਿਉਂਕਿ ਬਿਜਲੀ ਅਤੇ ਗੈਸ ਦੀ ਸਪਲਾਈ ਕੱਟ ਦਿੱਤੀ ਗਈ ਸੀ। ਕਈਆਂ ਦੀ ਜਾਨ ਭੁੱਖ ਕਾਰਨ ਵੀ ਗਈ।

ਟਰਬੋਨਜਾ ਯਾਦ ਕਰਦੇ ਹਨ ਕਿ ਮੌਤ ਅਤੇ ਤਬਾਹੀ ਦੇ ਬਾਵਜੂਦ ਸਰਜੇਵਿਓ ਦੇ ਲੋਕ ਬੜੇ ਬਹਾਦਰ ਅਤੇ ਮੁਕਾਬਲਾ ਕਰਨ ਵਾਲੇ ਸਨ।

“ਕਸਬਿਆਂ ਵਿੱਚ ਰਹਿਣ ਵਾਲੇ ਲੋਕ ਆਪਣੀਆਂ ਬਗੀਚੀਆਂ ਵਿੱਚ ਸਬਜ਼ੀਆਂ ਉਗਾਉਂਦੇ ਅਤੇ ਵੰਡਦੇ। ਉਹ ਆਪਣੇ ਗੁਆਂਢੀਆਂ ਨੂੰ ਸਬਜ਼ੀਆਂ ਦੇ ਬੀਜ ਦਿੰਦੇ ਤਾਂ ਜੋ ਉਹ ਗਮਲਿਆਂ ਵਿੱਚ ਥੋੜ੍ਹੀ-ਬਹੁਤ ਸਬਜ਼ ਉਗਾ ਸਕਣ। ਸਾਡੀ ਆਪਣੀ ਬਾਲੋਕਨੀ ਵਿੱਚ ਉੱਗੇ ਟਮਾਟਰਾਂ ਦਾ ਸਵਾਦ ਵੱਖਰਾ ਹੀ ਸੀ।”

ਕੌਮਾਂਤਰੀ ਭਾਈਚਾਰਾ ਅਜੇ ਫੈਸਲਾ ਨਹੀਂ ਕਰ ਪਾ ਰਿਹਾ ਸੀ ਕਿ ਬੋਸਨੀਆ ਦੀ ਦਿਨੋਂ-ਦਿਨ ਵਧ ਰਹੀ ਲੜਾਈ ਵਿੱਚ ਕਿਵੇਂ ਦਖਲ ਦਿੱਤਾ ਜਾਵੇ।

ਇਸੇ ਦੌਰਾਨ ਕੈਨੇਡਾ ਦੀ ਫੌਜ ਜੋ ਕਿ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਾ ਦਾ ਹਿੱਸਾ ਸੀ। ਸਰਵੇਜਿਓ ਦਾ ਹਵਾਈ ਅੱਡਾ ਖੁੱਲ੍ਹਵਾਉਣ ਵਿੱਚ ਕਾਮਯਾਬ ਹੋ ਗਈ ਸੀ।

ਇਹ ਇੱਕ ਬਹੁਤ ਵੱਡੀ ਸਫਲਤਾ ਸੀ। ਇਹ ਲੋਕ 1,60,000 ਟਨ ਖਾਣਾ ਦਵਾਈਆਂ ਅਤੇ ਹੋਰ ਸਮਾਨ ਲੈਕੇ ਪਹੁੰਚੇ ਸਨ।

ਟਰਬੋਨਜਾ ਮੁਤਾਬਕ, “ਜੇ ਮਦਦ ਨਾ ਪਹੁੰਚਦੀ ਤਾਂ ਸਰਵੇਜਿਓ ਅੱਜ ਮੌਜੂਦ ਨਾ ਹੁੰਦਾ। ਸ਼ਹਿਰ ਦੀ ਨੱਬੇ ਫੀਸਦੀ ਅਬਾਦੀ ਇਸ ਖਾਣੇ ਕਰਕੇ ਜਿਉਂਦੀ ਬਚੀ ਰਹਿ ਸਕੀ। ਅਮੀਰ ਲੋਕ ਤਾਂ ਮਹਿੰਗੀਆਂ ਵਸਤਾਂ, ਗਹਿਣਿਆਂ ਦੇ ਬਦਲੇ ਬਲੈਕ ਮਾਰਕਿਟ ਵਿੱਚੋਂ ਵੀ ਖਾਣਾ ਲੈ ਸਕਦੇ ਸਨ।”

ਜਿਨ੍ਹਾਂ ਕੋਲ ਵਟਾਉਣ ਲਈ ਸਮਾਨ ਨਹੀਂ ਸੀ ਉਨ੍ਹਾਂ ਨੇ ਦੂਜੇ ਰਸਤੇ ਅਪਣਾ ਲਏ। ਬਹੁਤ ਸਾਰੇ ਨੌਜਵਾਨਾਂ ਨੇ ਬੰਦੂਕ ਚੁੱਕ ਲਈ। ਰੇਸਾਦ ਨੇ ਵੀ ਹੋਰ ਮੁੰਡਿਆਂ ਵਾਂ ਬੰਦੂਕ ਚੁੱਕੀ।

ਘਰ ਵਾਪਸੀ ਆਉਂਦੇ ਸਮੇਂ ਉਹ ਰਸਤੇ ਵਿੱਚ ਸ਼ਹਿਰ ਦੇ ਹਸਪਤਾਲ ਵਿੱਚ ਖੂਨ ਦਾਨ ਕਰਦੇ ਬਦਲੇ ਵਿੱਚ ਉਨ੍ਹਾਂ ਨੂੰ ਬੀਫ ਦਾ ਇੱਕ ਕੇਨ ਮਿਲਦਾ।

ਉਨ੍ਹਾਂ ਨੂੰ ਹੋਰ ਰਸਤੇ ਵੀ ਲੱਭਣੇ ਪਏ ਸਨ। ਅਸੀਂ ਕਿਤਾਬਾਂ ਵਿੱਚ ਲੱਭਦੇ ਕਿ ਕਹਿੜੇ ਬੂਟੇ ਖਾਧੇ ਜਾ ਸਕਦੇ ਹਨ ਜਾਂ ਕਿਹੜੇ ਫੁੱਲਾਂ ਦਾ ਸਲਾਦ ਬਣਾਇਆ ਜਾ ਸਕਦਾ ਹੈ।

ਇਹ ਉਹ ਸਮਾਂ ਸੀ ਜਦੋਂ ਸਾਡੇ ਕੋਲ ਸਾਰੇ ਦਿਨ ਲਈ ਸਿਰਫ ਇੱਕ ਬਰੈੱਡ ਦਾ ਟੁਕੜਾ ਹੀ ਹੁੰਦਾ ਸੀ।

ਸਰਾਜੇਵਿਓ
Getty Images
ਘੇਰਾ 1996 ਵਿੱਚ ਖਤਮ ਹੋਇਆ ਉਦੋਂ ਤੱਕ ਸ਼ਹਿਰ ਵਿੱਚ 11,500 ਮੌਤਾਂ ਹੋ ਚੁੱਕੀਆਂ ਸਨ

ਰੇਸਾਦ ਦੀ ਗੱਲ ਸੁਣਿਆਂ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਜੋ ਉਹ ਦੱਸ ਰਹੇ ਹਨ ਯੂਰਪ ਦੇ ਕੇਂਦਰ ਵਿੱਚ ਮਿਹਜ਼ ਤੀਹ ਸਾਲ ਪਹਿਲਾਂ ਵਾਪਰਿਆ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਅਜੇ ਪੂਰੀ ਤਰ੍ਹਾਂ ਇਤਿਹਾਸ ਦਾ ਹਿੱਸਾ ਨਹੀਂ ਬਣੀਆਂ ਹਨ।

ਸਿਆਸੀ ਸੰਕਟਾਂ ਸੋਕੇ ਦੇ ਸਦਕਾ ਦੁਨੀਆਂ ਅੱਜ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਦੂਜੇ ਸਭ ਤੋਂ ਭਿਆਨਕ ਅਕਾਲ ਦੇ ਸਨਮੁੱਖ ਖੜ੍ਹੀ ਹੈ।

ਅਮਰੀਕਾ ਦੀ ਮਨੁੱਖੀ ਸੰਕਟਾਂ ਦੀ ਪੇਸ਼ੇਨਗੋਈ ਕਰਨ ਵਾਲੀ ਸੰਸਥਾ ਫੈਮਾਈਨ ਅਰਲੀ ਵਾਰਨਿੰਗ ਸਿਸਟਮ ਮੁਤਾਬਕ 2019 ਵਿੱਚ 46 ਦੇਸ ਖਾਣੇ ਦੀ ਕਮੀ ਨਾਲ ਦੋ ਚਾਰ ਸਨ, ਜਿਨ੍ਹਾਂ ਨੂੰ ਫੌਰੀ ਰਾਹਤ ਦੀ ਲੋੜ ਸੀ।

ਜਦਕਿ ਸੰਯੁਕਤ ਰਾਸ਼ਟਰ ਖੁਰਾਕ ਪ੍ਰੋਗਰਾਮ ਮੁਤਾਬਕ ਲਗਭਗ 12.4 ਕਰੋੜ ਲੋਕ ਖਾਣੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਸਨ।

ਸਾਲ 2015 ਤੋਂ ਖਾਣੇ ਦੀ ਕਮੀ ਕਾਰਨ ਅਕਾਲ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ 80 ਫੀਸਦੀ ਵਧੀ ਹੈ। ਇਨ੍ਹਾਂ ਵਿੱਚ ਅਫ਼ਗਾਨਿਸਤਾਨ, ਯਮਨ, ਸੂਡਾਨ, ਉੱਤਰ-ਪੱਛਮੀ ਨਾਈਜੀਰੀਆ ਅਤੇ ਅਫ਼ਗਾਨਿਸਤਾਨ ਸਭ ਤੋਂ ਜ਼ਿਆਦਾ ਪੀੜਤ ਹਨ।

ਫਿਰ ਵੀ ਸਾਡੇ ਸਮਕਾਲ ਵਿੱਚ ਪੈ ਰਹੇ ਅਕਾਲਾਂ ਵੱਲ ਕੌਮਾਂਤਰੀ ਆਗੂਆਂ ਅਤੇ ਭਾਈਚਾਰਿਆਂ ਦਾ ਬਹੁਤ ਥੋੜ੍ਹਾ ਧਿਆਨ ਹੈ।

ਪੋਸ਼ਣ
Getty Images
ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਵਿੱਚ 82.1 ਕਰੋੜ ਲੋਕਾਂ ਨੂੰ ਜ਼ਰੂਰੀ ਪੋਸ਼ਣ ਨਹੀਂ ਮਿਲਦਾ।

ਇਸ ਦੀ ਇੱਕ ਵਜ੍ਹਾ ਤਾਂ ਸ਼ਾਇਦ ਇਹ ਹੈ ਕਿ ਦੁਨੀਆਂ ਨੇ ਪੱਕਾ ਧਾਰ ਲਿਆ ਹੈ ਕਿ ਹੁਣ – ਕਿਤੇ ਅਕਾਲ ਨਹੀਂ ਪੈਂਦੇ। ਇਹ ਸੱਚ ਹੈ ਕਿ ਅਕਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ।

ਯੂਨੀਵਰਸਿਟੀ ਆਫ ਬੋਸਟਨ, ਮੈਸਾਚਿਊਸਿਟਸ ਦੇ ਐਲਕਸ ਡੀ ਵਾਲ ਮੁਤਾਬਕ 1880 ਤੋਂ 1980 ਦੇ ਸੌ ਸਾਲਾਂ ਦੌਰਾਨ ਅਕਾਲ ਕਾਰਨ ਦੁਨੀਆਂ ਭਰ ਵਿੱਚ ਦਸ ਲੱਖ ਜਾਨਾਂ ਗਈਆਂ।

ਉਹ ਦੱਸਦੇ ਹਨ, ਉਸ ਤੋਂ ਬਾਅਦ ਮੌਤ ਦਰ ਵਿੱਚ 5-10 ਫੀਸਦੀ ਦੀ ਕਮੀ ਆਈ ਹੈ।

ਹੁਣ ਪੂਰੇ ਦੇ ਪੂਰੇ ਸਮਾਜ ਅਕਾਲ ਨਾਲ ਨਹੀਂ ਮਰਦੇ। ਵਿਸ਼ਵੀ ਮੰਡੀਆਂ ਦਾ ਵਿਕਾਸ, ਬੁਨਿਆਦੀ ਢਾਂਚੇ ਵਿੱਚ ਸੁਧਾਰ, ਅਤੇ ਮਨੁੱਖਤਾ ਵਾਦੀ ਪ੍ਰਣਾਲੀਆਂ ਕਾਰਨ ਅਕਾਲ ਲੱਗਭਗ ਖਤਮ ਕੀਤਾ ਜਾ ਸਕਿਆ (ਪਿਛਲੇ ਕੁਝ ਸਾਲਾਂ ਤੱਕ)।

ਮਾੜੀ ਸਿਆਸਤ ਅਤੇ ਜੰਗ ਕਾਰਨ ਅਕਾਲ ਇੱਕ ਵਾਰ ਫਿਰ ਜਨਮ ਲੈ ਰਿਹਾ ਹੈ।

ਪ੍ਰੋਫੈਸਰ ਐਲਕਸ ਮੁਤਾਬਕ, “ਹਿੰਮਤੀ ਲੋਕਾਂ ਨੂੰ ਭੁੱਖ ਨਾਲ ਮਾਰਨਾ ਵਾਕਈ ਮਿਹਨਤ ਵਾਲਾ ਕੰਮ ਹੈ। ਇਸ ਲਈ ਤੁਹਾਨੂੰ ਵਾਕਈ ਬਹੁਤ ਬੁਰੀ ਸਰਕਾਰ ਚਾਹੀਦੀ ਹੈ ਜੋ ਸਰਗਰਮੀ ਨਾਲ ਅਜਿਹੀਆਂ ਨੀਤੀਆਂ ਦੀ ਪਾਲਣਾ ਕਰੇ ਜੋ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਤੋਂ ਮਹਿਦੂਦ ਰੱਖੇ ਅਤੇ ਵਾਤਾਵਰਣ ਨੂੰ ਗੰਧਲਾ ਕਰੇ। ਸੀਰੀਆ, ਸੂਡਾਨ, ਅਤੇ ਯਮਨ ਵਿੱਚ ਅਸੀਂ ਇਹੀ ਦੇਖ ਰਹੇ ਹਾਂ।”

ਇਹ ਸਾਡੀ ਆਧੁਨਿਕ ਦੁਨੀਆਂ ਦੀ ਇੱਕ ਵਿਡੰਬਨਾ ਹੈ। ਵਿਸ਼ਵੀ ਖਾਦ ਲੜੀ ਅਤੇ ਕੌਮਾਂਤਰੀ ਕਾਰੋਬਾਰ ਸਦਕਾ ਅਤੇ ਫਸਲ ਨੂੰ ਕੁਝ ਦਿਨਾਂ ਵਿੱਚ ਹੀ ਸਮੁੰਦਰਾਂ ਤੋਂ ਪਾਰ ਪਹੁੰਚਾ ਸਕਦੇ ਹਾਂ। ਅਸੀਂ ਆਪਣੇ ਸੂਪਰ ਮਾਰਕਿਟ ਦੀਆਂ ਸ਼ੈਲਫਾਂ ਪੂਰੀ ਦੁਨੀਆਂ ਦੇ ਉਤਪਾਦਾਂ ਨਾਲ ਭਰ ਸਕਦੇ ਹਾਂ। ਉਨ੍ਹਾਂ ਦੇਸਾਂ ਤੋਂ ਵੀ ਜਿਨ੍ਹਾਂ ਦੇ ਗੁਆਂਢੀ ਅਕਾਲ ਨਾਲ ਮਰ ਰਹੇ ਹਨ।

ਖਾਣੇ ਦੀ ਕਮੀ ਦਾ ਸੰਕਟ ਵਿਕਸਿਤ ਦੇਸਾਂ ਤੋਂ ਵੀ ਉਨਾਂ ਦੂਰ ਨਹੀਂ ਹੈ ਜਿੰਨਾ ਪ੍ਰਤੀਤ ਹੁੰਦਾ ਹੈ। ਸਾਡੀ ਫੂਡ ਸਪਲਾਈ ਚੇਨ ਦਾ ਸਮਤੋਲ ਬਹੁਤ ਨਾਜ਼ੁਕ ਹੈ।

ਇਸ ਫੂਡ ਸਪਲਾਈ ਚੇਨ ਨੂੰ ਤੋੜਨ ਲਈ ਕਿਸੇ ਜੰਗ ਜਾਂ ਸੋਕੇ ਦੀ ਲੋੜ ਨਹੀਂ ਹੈ।

ਖ਼ੁਰਾਕ
Getty Images

ਵੈਨੇਜ਼ੁਏਲਾ ਕੋਲ ਕੁਦਰਤੀ ਤੇਲ ਦੇ ਭੰਡਾਰ ਹਨ। ਉੱਥੇ ਰਾਕਟ ਵਾਂਗ ਵਧ ਰਹੀ ਮਹਿੰਗਾਈ ਅਤੇ ਸਿਆਸੀ ਸੰਕਟ ਕਾਰਨ ਦਵਾਈਆਂ ਅਤੇ ਖਾਣ ਦੀਆਂ ਵਸਤਾਂ ਦੀ ਕਮੀ ਖੜ੍ਹੀ ਹੋ ਗਈ ਸੀ।

ਪਰਿਵਾਰਾਂ ਨੂੰ ਗਲੇ-ਸੜੇ ਮੀਟ ਉੱਤੇ ਨਿਰਬਾਹ ਕਰਨਾ ਪਿਆ। ਲੱਖਾਂ ਲੋਕਾਂ ਨੂੰ ਦੇਸ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ।

ਇਸੇ ਦੌਰਾਨ ਬੀਮਾਰੀ, ਮਾੜਾ ਮੌਸਮ ਅਤੇ ਵਧਦੀਆਂ ਕੀਮਤਾਂ ਨੇ ਵੀ ਪਿਛਲੇ ਸਾਲਾਂ ਦੌਰਾਨ ਪ੍ਰਚੱਲਿਤ ਫਸਲਾਂ ਦੇ ਝਾੜ ਵਿੱਚ ਕਮੀ ਕੀਤੀ ਹੈ।

ਸਾਲ 2008 ਦੌਰਾਨ ਫਿਲੀਪੀਨਜ਼ ਅਤੇ ਹੋਰ ਏਸ਼ੀਆਈ ਦੇਸਾਂ ਵਿੱਚ ਲੋਕਾਂ ਨੇ ਵਧ ਰਹੀ ਮਹਿੰਗਾਈ ਕਾਰਨ ਡਰ ਕੇ ਉਹ ਖ਼ਰੀਦਾਰੀ ਕੀਤੀ ਕਿ ਸਧਾਰਨ ਖੁਰਾਕੀ ਵਸਤਾਂ ਦੀ ਪੂਰਤੀ ਦਾ ਸੰਕਟ ਖੜ੍ਹਾ ਹੋ ਗਿਆ।

ਸਾਲ 2017 ਦੌਰਾਨ ਯੂਰਪ ਵਿੱਚ ਮਾੜੇ ਮੌਸਮ ਕਾਰਨ ਕਈ ਸਬਜ਼ੀਆਂ ਦਾ ਭਾਅ ਵਧ ਗਏ ਸਨ। ਕਈ ਦੇਸਾਂ ਵਿੱਚ ਐਵੋਕੈਡੋ ਦੀ ਉਪਜ ਮਾੜੀ ਹੋਣ ਕਾਰਨ ਇਸ ਦੀ ਕਮੀ ਮਹਿਸੂਸ ਕੀਤੀ ਗਈ।

ਸੰਨ 2000 ਦੌਰਾਨ ਬ੍ਰਿਟੇਨ ਵਿੱਚ ਈਂਧਣ ਦੀਆਂ ਵਧਦੀਆਂ ਕੀਮਤਾਂ ਖਿਲਾਫ਼ ਹੋਏ ਮੁਜਾਹਰੇ ਜਦੋਂ ਕਿਸਾਨਾਂ ਨੇ ਤੇਲ ਸੋਧਕ ਕਾਰਖ਼ਾਨੇ ਅਤੇ ਡਿੱਪੂਆਂ ਨੂੰ ਘੇਰ ਲਿਆ ਸੀ।

ਅਸਰ ਇੰਨਾ ਪਿਆ ਸੀ ਕਿ ਸੂਪਰ ਮਾਰਕਿਟਾਂ ਨੂੰ ਖੁਰਾਕੀ ਵਸਤਾਂ ਦੀ ਰਾਸ਼ਨਿੰਗ ਸ਼ੁਰੂ ਕਰਨੀ ਪਈ ਸੀ ਕਿਉਂਕਿ ਉਨ੍ਹਾਂ ਤੱਕ ਪਹੁੰਚਣ ਵਾਲੀ ਸਪਲਾਈ ਹੀ ਬੰਦ ਹੋ ਗਈ ਸੀ।

ਇਸ ਤੋਂ ਇਲਾਵਾ ਜਦੋਂ ਬ੍ਰੈਗਜ਼ਿਟ ਸਮੇਂ ਸਕੂਲਾਂ, ਸੰਭਾਲ ਘਰਾਂ, ਹਸਪਤਾਲਾਂ ਨੇ ਖੁਰਾਕੀ ਵਸਤਾਂ ਦੀ ਜ਼ਖੀਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ।

ਉਸ ਸਮੇਂ ਨੇ ਸਾਨੂੰ ਦਿਖਾਇਆ ਸੀ ਕਿ ਖੁਰਾਕੀ ਵਸਤਾਂ ਦੀ ਸੰਭਾਵੀ ਕਮੀ ਹੋਣ ਬਾਰੇ ਸਿਰਫ਼ ਅਫਵਾਹ ਫੈਲਣ ਨਾਲ ਹੀ ਕਿੰਨੀ ਹਫੜਾ-ਤਫੜੀ ਮੱਚ ਸਕਦੀ ਹੈ।

ਇੱਥੇ ਇਹ ਸਾਫ ਕਰ ਦੇਣਾ ਜ਼ਰੂਰੀ ਹੈ ਕਿ ਖੁਰਾਕੀ ਵਸਤਾਂ ਦੀ ਕਮੀ ਕਾਰਨ ਅਕਾਲ ਨਹੀਂ ਪੈਂਦੇ। ਸਗੋਂ ਖੁਰਾਕ ਤੱਕ ਪਹੁੰਚ ਨਾ ਹੋਣ ਕਾਰਨ ਅਕਾਲ ਪੈਂਦੇ ਹਨ।

ਜਦੋਂ ਵਸੋਂ ਦਾ ਇੱਕ ਵੱਡਾ ਹਿੱਸਾ ਭੁੱਖਾ ਮਰਨ ਲੱਗੇ ਤਾਂ ਉਸ ਨੂੰ ਅਕਾਲ ਕਿਹਾ ਜਾਂਦਾ ਹੈ।

ਹਾਲਾਂਕਿ ਖਾਦ ਅਸੁਰੱਖਿਆ ਬਹੁਤ ਆਮ ਤੱਥ ਹੈ। ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆਂ ਵਿੱਚ 82.1 ਕਰੋੜ ਲੋਕਾਂ ਨੂੰ ਜ਼ਰੂਰੀ ਪੋਸ਼ਣ ਨਹੀਂ ਮਿਲਦਾ। ਅਮਰੀਕਾ ਜੋ ਕਿ ਖੁਰਾਕੀ ਵਸਤਾਂ ਦਾ ਦੁਨੀਆਂ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ।

ਉੱਥੇ 12% ਪਰਿਵਾਰ ਖਾਦ ਅਸੁਰੱਖਿਅਤ ਹਨ ਜਦਕਿ 65 ਲੱਖ ਬੱਚਿਆਂ ਨੂੰ ਪੂਰਾ ਖਾਣਾ ਨਹੀਂ ਮਿਲਦਾ।

ਭੁੱਖ ਦਾ ਦਰਦ

ਭੁੱਖ ਤੁਹਾਡੇ ਉੱਪਰ ਕੀ ਅਸਰ ਕਰਦੀ ਹੈ? ਸਪਸ਼ਟ ਹੈ ਕਿ ਇਸ ਬਾਰੇ ਕਿਸੇ ਨੂੰ ਪ੍ਰਯੋਗ ਲਈ ਭੁੱਖਾ ਰੱਖ ਕੇ ਅਤੇ ਭੁੱਖ ਨਾਲ ਮਾਰ ਕੇ ਖੋਜ ਨਹੀਂ ਕੀਤੀ ਜਾ ਸਕਦੀ।

ਇਸ ਲਈ ਸਾਇੰਸਦਾਨ ਭੁੱਖ ਮਰੀ ਅਤੇ ਅਕਾਲ ਝੱਲ ਕੇ ਬਚ ਜਾਣ ਵਾਲਿਆਂ ਦੇ ਅਨੁਭਵਾਂ ਦੇ ਅਧਿਐਨ ਉੱਪਰ ਨਿਰਭਰ ਹਨ।

ਬਰੈਡਲੀ ਇਲੀਅਟ ਯੂਨੀਵਰਸਿਟੀ ਆਫ ਵੈਸਟਮਨਿਸਟਰ ਵਿੱਚ ਸਰੀਰ ਵਿਗਿਆਨੀ ਹਨ। ਉਨ੍ਹਾਂ ਨੇ 50 ਦਿਨਾਂ ਤੱਕ ਭੁੱਖੇ ਰਹਿਣ ਵਾਲੇ ਇੱਕ ਵਿਅਕਤੀ ਦਾ ਅਧਿਐਨ ਕੀਤਾ। ਉਹ ਦੱਸਦੇ ਹਨ, “ਥੋੜ੍ਹੇ ਸਮੇਂ ਵਿੱਚ ਤੁਹਾਡਾ ਭਾਰ ਘਟਦਾ ਹੈ ਕਿਉਂਕਿ ਸਰੀਰ ਮਾਸਪੇਸ਼ੀਆਂ ਅਤੇ ਚਰਬੀ ਨੂੰ ਪਚਾਉਣ ਲੱਗਦਾ ਹੈ।”

ਜਦੋਂ ਸਰੀਰ ਦਾ ਭਾਰ 20% ਤੱਕ ਡਿੱਗ ਜਾਂਦਾ ਹੈ ਤਾਂ ਇਹ 50% ਘੱਟ ਊਰਜਾ ਦੀ ਖਪਤ ਕਰਦੀ ਹੈ। ਸਰੀਰ ਦਾ ਤਾਪਮਾਨ ਡਿੱਗ ਜਾਂਦਾ ਹੈ। ਜਿਵੇਂ ਸਰੀਰ ਬਚੀ-ਖੁਚੀ ਊਰਜਾ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਸੁਸਤੀ ਪੈਣ ਲਗਦੀ ਹੈ। ਦਿਮਾਗ ਨੂੰ ਛੱਡ ਕੇ ਬਾਕੀ ਅੰਗ ਆਪਣੇ-ਆਪ ਨੂੰ ਘੋਲਣ ਲੱਗਦੇ ਹਨ।

ਅਜਿਹਾ ਲਗਦਾ ਹੈ ਕਿ ਜਿਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਵੀ ਪੈਦਾ ਹੋਣ ਲੱਗਦੀਆਂ ਹਨ। ਲਹੂ ਦਾਬ ਉੱਪਰ ਵੀ ਅਸਰ ਪੈਂਦਾ ਹੈ। ਲੋਕ ਜਲਦੀ ਬੇਹੋਸ਼ ਹੋਣ ਲਗਦੇ ਹਨ।

ਵਿਸ਼ਵ ਖੁਰਾਕ ਪ੍ਰੋਗਰਾਮ ਨਾਲ ਜੁੜੇ ਹੋਏ ਰੀਟਾ ਭਾਟੀਆ 1990 ਦੇ ਦਹਾਕੇ ਵਿੱਚ ਉੱਤਰੀ ਕੋਰੀਆ ਵਿੱਚ ਪਏ ਅਕਾਲ ਦੇ ਹਵਾਲੇ ਨਾਲ ਦੱਸਦੇ ਹਨ ਕਿ ਜਿਵੇਂ-ਜਿਵੇਂ ਵਿਟਾਮਿਨ ਅਤੇ ਖਣਿਜਾਂ ਦੀ ਕਮੀ ਦਾ ਅਸਰ ਪੈਣ ਲਗਦਾ ਹੈ। ਸਕਰਵੀ ਅਤੇ ਪਲੇਗਰਾ ਵਰਗੀਆਂ ਬੀਮਾਰੀਆਂ ਆ ਹਾਜ਼ਰ ਹੁੰਦੀਆਂ ਹਨ।

ਬਾਲਗਾਂ ਦੇ ਮੁਕਾਬਲੇ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੁੰਦਾ ਹੈ। ਸਰੀਰ ਦਾ ਘੁਲਣਾ ਅਤੇ ਬੀਮਾਰੀਆਂ ਅੱਗੇ ਸਮਰਪਣ ਦੇ ਲੱਛਣ ਉਨ੍ਹਾਂ ਵਿੱਚ ਜਲਦੀ ਨਜ਼ਰ ਆਉਣ ਲਗਦੇ ਹਨ।

ਖਾਣੇ ਤੋਂ ਬਿਨਾਂ ਬਚੇ ਰਹਿਣ ਦੀ ਸੰਭਾਵਨਾ ਵਿਅਕਤੀ ਦੇ ਭਾਰ ਉੱਪਰ ਨਿਰਭਰ ਕਰਦੀ ਹੈ। ਉਨ੍ਹਾਂ ਦੀ ਚਰਬੀ ਵਿੱਚ ਕਿੰਨੀਆਂ ਕੈਲੋਰੀਆਂ ਜਮ੍ਹਾਂ ਪਈਆਂ ਹਨ। ਸਿਹਤ ਨਾਲ ਜੁੜੀਆਂ ਦੂਜੀਆਂ ਸਥਿਤੀਆਂ ਵੀ ਅਸਰ ਪਾਉਂਦੀਆਂ ਹਨ।

ਔਰਤਾਂ ਦੀ ਭੁੱਖ ਨੂੰ ਬਰਦਾਸ਼ਤ ਕਰਨ ਦੀ ਤਾਕਤ ਵੱਧ

ਔਰਤਾਂ
Getty Images
ਸੰਕੇਤਕ ਤਸਵੀਰ

ਔਰਤਾਂ ਮਰਦਾਂ ਦੇ ਮੁਕਾਬਲੇ ਭੁੱਖ ਜ਼ਿਆਦਾ ਬਰਦਾਸ਼ਤ ਕਰ ਲੈਂਦੀਆਂ ਹਨ।

ਹਾਲਾਂਕਿ ਜੇ ਭਾਰ ਸਧਾਰਨ ਬੀਐਮਆਈ ਤੋਂ ਅੱਧਾ ਰਹਿ ਜਾਵੇ ਤਾਂ ਲੋਕ ਮਰਨੇ ਸ਼ੁਰੂ ਹੋ ਜਾਣਗੇ। ਇਹ ਅਕਸਰ ਭੁੱਖ ਦੇ 54- 61 ਵੇਂ ਦਿਨਾਂ ਦੇ ਦੌਰਾਨ ਹੁੰਦਾ ਹੈ।

ਜੋ ਬਚ ਜਾਂਦੇ ਹਨ ਉਨਾਂ ਉੱਪਰ ਇਸਦੇ ਅਸਰ ਸਾਰੀ ਉਮਰ ਰਹਿ ਸਕਦੇ ਹਨ।

ਲੰਬੀ ਭੁੱਖ ਮਰੀ ਦਾ ਅਸਰ ਲੋਕਾਂ ਦੇ ਕੱਦ-ਕਾਠ ਉੱਤੇ ਵੀ ਪੈਂਦਾ ਹੈ। ਚੀਨ ਦੇ ਮਹਾਨ ਅਕਾਲ ਦੌਰਾਨ ਜਿਹੜੇ ਲੋਕਾਂ ਦੀ ਉਮਰ ਇੱਕ ਤੋਂ ਤਿੰਨ ਸਾਲ ਦੇ ਦਰਮਿਆਨ ਸੀ। ਜਦੋਂ ਉਹ ਵੱਡੇ ਹੋਏ ਤਾਂ ਉਹ ਆਮ ਲੋਕਾਂ ਨਾਲੋਂ ਔਸਤ 2.1 ਸੈਂਟੀਮੀਟਰ ਮਧਰੇ ਸਨ।

ਸੰਨ 1959-61 ਦੌਰਾਨ ਆਏ ਇਸ ਅਕਾਲ ਵਿੱਚ ਤਿੰਨ ਕਰੋੜ ਜਾਨਾਂ ਗਈਆਂ ਸਨ।

ਉਨ੍ਹਾਂ ਦੀਆਂ ਬਾਹਾਂ ਪਤਲੀਆਂ ਸਨ, ਭਾਰ ਘੱਟ ਸੀ ਅਤੇ ਵਿਦਿਅਕ ਪ੍ਰਪਤੀ ਵੀ ਘੱਟ ਸੀ। ਔਰਤਾਂ ਵਿੱਚ ਗਰਭਪਾਤ ਵੀ ਵਧ ਜਾਂਦੇ ਹਨ।

ਉੱਨੀ ਸੌ ਅੱਸੀਵਿਆਂ ਦੌਰਾਨ ਇਥੋਪੀਆ ਵਿੱਚ ਜਿਹੜੇ ਬੱਚੇ ਅਕਾਲ ਤੋਂ ਬਚ ਗਏ ਸਨ। ਵੱਡੇ ਹੋਣ ਤੇ ਉਹ ਦੂਜੇ ਲੋਕਾਂ ਦੇ ਮੁਕਾਬਲੇ ਜ਼ਿਆਦਾ ਬੀਮਾਰ ਰਹਿੰਦੇ ਸਨ। ਉਨ੍ਹਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਦੀ ਇੱਕ ਲੰਬੀ ਸੂਚੀ ਹੈ।

ਭੁੱਖ ਮਰੀ ਦੇ ਅਸਰ ਸਰੀਰਕ ਸਿਹਤ ਤੋਂ ਕਿਤੇ ਦੂਰ ਤੱਕ ਪੈਂਦੇ ਹਨ।

ਚੀਨ ਦੇ ਅਕਾਲ ਦੌਰਾਨ ਮਜ਼ਦੂਰੀ ਵਿੱਚ 25% ਦੀ ਕਮੀ ਆਈ ਜਿਸ ਕਾਰਨ ਦੇਸ ਦੀ ਆਰਥਿਕਤਾ ਨੂੰ ਬਹੁਤ ਬੁਰਾ ਧੱਕਾ ਲੱਗਿਆ। ਇਥੋਪੀਆ ਦੇ ਅਕਾਲ ਵਿੱਚ ਪਲੇ ਬੱਚਿਆਂ ਸਾਰੀ ਉਮਰ 3-8% ਤੱਕ ਘੱਟ ਕਮਾਈ ਕੀਤੀ।

ਇਹ ਅਧਿਐਨ ਸਾਨੂੰ ਕੁਝ ਸੰਕੇਤ ਭੁੱਖ ਮਰੀ ਦੇ ਅਸਰ ਬਾਰੇ ਦਿੰਦੇ ਹਨ ਪਰ ਇਹ ਭੁੱਖ ਦੇ ਉਸ ਦਹਿਲਾ ਦੇਣ ਵਾਲੇ ਦਰਦ ਨੂੰ ਬਿਆਨ ਨਹੀਂ ਕਰਦੇ।

ਗਲਾਸਗੋ ਕਲੇਡੋਨੀਅਨ ਯੂਨੀਵਰਸਿਟੀ ਦੇ ਊਂਘ ਵਾਲੇਸ਼ ਨੇ ਦੇਖਿਆ ਕਿ ਮਾਨੋ ਰੋਗ ਹਸਪਤਾਲਾਂ ਵਿੱਚ ਦਾਖਲ ਕੀਤੇ ਗਏ ਮਰੀਜ਼ਾਂ ਦੀ ਗਿਣਤੀ ਵਿੱਚ ਆਇਰਲੈਂਡ ਦੇ ਅਕਾਲ ਦੌਰਾਨ ਬੇਤਹਾਸ਼ਾ ਵਾਧਾ ਦੇਖਿਆ ਗਿਆ।

ਉਹ ਕਹਿੰਦੇ ਹਨ, “ਉਸ ਦੌਰਾਨ ਅੱਧੀ ਰਹਿ ਗਈ ਅਬਾਦੀ ਵਿੱਚੋਂ ਹਸਪਤਾਲ ਭਰਤੀ ਹੋਣ ਵਾਲਿਆਂ ਦੀ ਗਿਣਤੀ ਵਿੱਚ ਬਹੁਤ ਵਾਧਾ ਹੋਇਆ। ਇਨ੍ਹਾਂ ਵਿੱਚੋਂ ਸ਼ਾਇਦ ਕੁਝ ਲੋਕ ਖਾਣੇ ਲ਼ਈ ਵੀ ਇੱਥੇ ਆਏ ਹੋ ਸਕਦੇ ਹਨ। ਉਨ੍ਹਾਂ ਨੂੰ ਲਗਦਾ ਹੋਵੇਗਾ ਕਿ ਹਸਪਤਾਲ ਵਿੱਚ ਉਨ੍ਹਾਂ ਨੂੰ ਰੱਜਵਾਂ ਖਾਣਾ ਮਿਲੇਗਾ।”

ਉਹ ਦੱਸਦੇ ਹਨ ਕਿ ਆਇਰਲੈਂਡ ਦੇ ਪੱਛਮੀ ਕੰਢੇ ਉੱਤੇ ਜਿੱਥੇ ਮੱਛੀ ਅਤੇ ਸਮੁੰਦਰ ਤੱਕ ਪਹੁੰਚ ਸੀ। ਉੱਥੇ ਆਕਾਲ ਦਾ ਅਸਰ ਸਭ ਤੋਂ ਭਿਆਨਕ ਸੀ।

ਲੋਕਾਂ ਨੇ ਖਾਣੇ ਲਈ— ਆਪਣੀਆਂ ਕਿਸ਼ਤੀਆਂ, ਜਾਲ— ਆਪਣਾ ਸਭ ਕੁਝ ਵੇਚ ਦਿੱਤਾ। ਭੁੱਖੀ ਮਰ ਰਹੀ ਅਬਾਦੀ ਨੇ ਪੰਛੀ ਫੜਨੇ, ਘਾਹ, ਭੰਗ ਅਤੇ ਤੂੜੀ ਖਾਣੀ ਸ਼ੁਰੂ ਕਰ ਦਿੱਤੀ।

ਇਸ ਤੋਂ ਸਾਨੂੰ ਕੁਝ ਸੰਕੇਤ ਮਿਲਦੇ ਹਨ ਕਿ ਜਦੋਂ ਅਚਾਨਕ ਖਾਣਾ ਮਿਲਣਾ ਬੰਦ ਹੋ ਜਾਂਦਾ ਹੈ ਤਾਂ ਲੋਕ ਇਸ ਨਾਲ ਕਿਵੇਂ ਸੰਘਰਸ਼ ਕਰਦੇ ਹਨ।

ਬਚਾਅ ਦੇ ਤਰੀਕੇ

ਲੰਡਨ
Getty Images
ਲੰਡਨ ਦੀਆਂ ਕਈ ਮਸ਼ਹੂਰ ਸ਼ਾਹੀ ਪਾਰਕਾਂ ਨੂੰ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਗ਼ੀਚਿਆਂ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ

ਦੂਜੀ ਵਿਸ਼ਵ ਜੰਗ ਦੌਰਾਨ ਸਾਲ 1944-45 ਵਿੱਚ ਨੀਦਰਲੈਂਡ ਵਿੱਚ ਅਕਾਲ ਫੈਲਣ ਤੋਂ ਬਾਅਦ ਲੋਕਾਂ ਨੇ ਜਿਉਂਦੇ ਰਹਿਣ ਲਈ ਬੂਟਿਆਂ ਅਤੇ ਮਸ਼ਰੂਮਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ।

ਲਿਡਿਨ ਯੂਨੀਵਰਸਿਟੀ ਵਿੱਚ ਬੋਟਨੀ ਦੀ ਪ੍ਰੋਫ਼ੈਸਰ, ਟਿਨਡੇ ਵਨ ਐਂਡੇਲ ਨੇ ਦੱਸਿਆ, "ਨੀਦਰਲੈਂਡ ਵਿੱਚ ਆਬਾਦੀ ਘਣਤਾ ਵੱਧ ਹੈ ਅਤੇ ਉੱਤੇ ਹਰਿਆਵਲ ਬਹੁਤ ਘੱਟ ਹੈ, ਬੂਟਿਆਂ ਨੂੰ ਖਾਣਾ ਇੱਥੇ ਆਮ ਗੱਲ ਨਹੀਂ ਸੀ।"

ਲੋਕਾਂ ਨੂੰ ਇਨ੍ਹਾਂ ਬੂਟਿਆਂ ਤੋਂ ਖਾਣੇ ਬਣਾਉਣ ਲਈ ਪੁਰਾਣੀਆਂ ਕਿਤਾਬਾਂ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ। ਲੋਕ ਬਜ਼ੁਰਗਾਂ ਕੋਲੋਂ ਸੁਰੱਖਿਅਤ ਖਾਣਾ ਇਕੱਠਾ ਕਰਨ ਅਤੇ ਪਕਾਉਣ ਦੇ ਤਰੀਕੇ ਸਿੱਖਣੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਨੇ ਸ਼ੂਗਰ ਬੀਟ, ਟਿਊਲਿਪ ਬਲਬਜ਼, ਆਲੂ ਦੇ ਛਿੱਲੜ, ਜੰਗਲੀ ਮਸ਼ਰੂਮ, ਨੈੱਟਲਜ਼ ਸਣੇ ਹੋਰ ਬੂਟੇ ਖਾਣੇ ਸ਼ੁਰੂ ਕਰ ਦਿੱਤੇ।

ਵਨ ਐਂਡਲ ਕਹਿੰਦੇ ਹਨ ਕਿ ਲੋਕਾਂ ਦੇ ਸਮੂਹ ਜੰਗਲੀ ਇਲਾਕਿਆਂ ਵਿੱਚ ਖਾਣਾ ਤਲਾਸ਼ਣ ਲਈ ਜਾਣ ਲੱਗੇ। ਉਹ ਦੱਸਦੇ ਹਨ, "ਹਰ ਕੋਈ ਜੋ ਜ਼ਮੀਨ ਉੱਤੇ ਕਬਜ਼ਾ ਕਰ ਸਕਦਾ ਸੀ ਉਸ ਨੇ ਜ਼ਮੀਨ ਨੂੰ ਸਬਜ਼ੀਆਂ ਦੇ ਬਾਗ਼ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ, ਲੋਕਾਂ ਨੇ ਆਪਣੇ ਵਿਹੜਿਆਂ ਵਿੱਚ ਖ਼ਰਗੋਸ਼ ਪਾਲਣੇ ਸ਼ੁਰੁ ਕਰ ਦਿੱਤੇ, ਲੋਕਾਂ ਨੇ ਪਸ਼ੂਆਂ ਲਈ ਚਾਰਾ ਖੇਤਾਂ ਵਿੱਚੋਂ ਲਿਆਉਣਾ ਸ਼ੁਰੂ ਕਰ ਦਿੱਤਾ।"

ਲੰਡਨ ਦੀਆਂ ਕਈ ਮਸ਼ਹੂਰ ਸ਼ਾਹੀ ਪਾਰਕਾਂ ਨੂੰ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਦੌਰਾਨ ਬਗ਼ੀਚਿਆਂ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਜੋ ਲੋਕਾਂ ਲਈ ਖਾਣਾ ਪੈਦਾ ਕੀਤਾ ਜਾ ਸਕੇ।

ਰਾਕੇਟ ਨਾਂ ਦਾ ਬੂਟਾ ਜੋ ਅੱਜ ਕੱਲ ਸਲਾਦਾਂ ਵਿੱਚ ਪਾਇਆ ਜਾਂਦਾ ਹੈ, ਇਸ ਦੀ ਸ਼ੁਰੂਆਤ ਦੂਜੀ ਵਿਸ਼ਵ ਜੰਗ ਦੌਰਾਨ ਹੀ ਸ਼ੁਰੂ ਹੋਈ ਸੀ ਜਦੋਂ ਇਟਾਲੀਅਨ ਲੋਕ ਜੰਗਲੀ ਇਲਾਕੇ ਵਿੱਚ ਖਾਣੇ ਦੀ ਭਾਲ ਵਿੱਚ ਗਏ ਸਨ।

ਪਿਛਲੇ ਸਮੇਂ ਦੌਰਾਨ ਖਾਣਾ ਖ਼ਤਮ ਹੋਣ ਦੇ ਖ਼ਤਰੇ ਨੇ ਲੋਕਾਂ ਨੂੰ ਰਵਾਇਤੀ ਕਿੱਤੇ ਅਪਣਾਉਣ ਲਈ ਮਜਬੂਰ ਕੀਤਾ।

ਗਰੀਸ ਵਿੱਚ ਆਰਥਿਕ ਮੰਦਵਾੜੇ ਤੋਂ ਬਾਅਦ ਖਾਣੇ ਦੀ ਘਾਟ ਦੀ ਘਾਟ ਤੋਂ ਬਾਅਦ ਖੇਤੀ ਦੀ ਸਿਖਲਾਈ ਦੇਣ ਵਾਲੇ ਕੇਂਦਰਾਂ ਵਿੱਚ ਦਾਖ਼ਲੇ ਲਈ ਅਰਜ਼ੀਆਂ ਵਿੱਚ ਵਾਧਾ ਹੋ ਗਿਆ।

ਇਸ ਨਾਲ ਉਨ੍ਹਾਂ ਦਾ ਬਚਾਅ ਵੀ ਹੋਇਆ।

ਐਲਕਸ ਡੇ ਵਾਲ ਕਹਿੰਦੇ ਹਨ, ਅਕਾਲ ਦਾ ਮੁਕਾਬਲਾ ਸ਼ਹਿਰੀ ਲੋਕਾਂ ਨਾਲੋਂ ਪੇਂਡੂ ਲੋਕ ਵੱਧ ਚੰਗੇ ਤਰੀਕੇ ਨਾਲ ਕਰ ਸਕਦੇ ਹਨ।

"ਰਵਾਇਤੀ ਤੌਰ ਉੱਤੇ ਅਕਾਲ ਦਾ ਖ਼ਤਰਾ ਝੱਲਣ ਵਾਲੇ ਇਲਾਕਿਆਂ ਵਿੱਚ ਲੋਕਾਂ ਦੇ ਆਪਣੇ ਖੇਤ ਹਨ ਅਤੇ ਬਚਾਅ ਦੇ ਆਪਣੇ ਤਰੀਕੇ ਹਨ।"

ਉਨ੍ਹਾਂ ਕੋਲ ਗਿਆਨ ਦਾ ਭੰਡਾਰ ਹੁੰਦਾ ਹੈ, ਅਫਰੀਕਾ ਵਿੱਚ ਦਾਦੀਆਂ ਨੂੰ ਪਤਾ ਹੁੰਦਾ ਹੈ ਕਿ ਉਹ ਜੰਗਲ ਵਿੱਚੋਂ ਕਿਹੜੇ ਫ਼ਲ, ਖਾਣੇ ਅਤੇ ਗਿਰੀ ਵਾਲੇ ਫ਼ਲ ਹਾਸਲ ਕਰ ਸਕਦੇ ਹਨ, ਇੱਥੇ ਲੋਕਾਂ ਦੀ ਸਥਿਤੀ ਬਿਹਤਰ ਹੁੰਦੀ ਹੈ।

ਰੇਸਾਦ ਕਹਿੰਦੇ ਹਨ ਕਿ 1992 ਵਿੱਚ ਸ਼ੁਰੂ ਹੋਏ 47 ਮਹੀਨੇ ਲੰਬੇ ਉਸ ਡਰਾਉਣੇ ਸੁਪਨੇ ਦੀ ਯਾਦ ਉਨ੍ਹਾਂ ਨੂੰ ਕਦੇ ਵੀ ਨਹੀਂ ਭੁੱਲੇਗੀ। ਉਹ ਇਹ ਮੰਨਦੇ ਹਨ ਕਿ ਸ਼ਹਿਰ ਨੇ ਜੰਗ ਅਤੇ ਅਕਾਲ ਦਾ ਮੁਕਾਬਲਾ ਵੱਖਰੇ ਤਰੀਕੇ ਦੇ ਪੋਸ਼ਣ ਨਾਲ ਕੀਤਾ।

ਉਹ ਦੱਸਦੇ ਹਨ, "ਸਾਡਾ ਸਾਰਾਜੇਵੋ ਸ਼ਹਿਰ ਇੱਕ ਵੱਡਾ ਪਰਿਵਾਰ ਬਣ ਗਿਆ।"

ਉਹ ਦੱਸਦੇ ਹਨ, "ਅਸੀਂ ਇੱਕ ਦੂਜਾ ਨਾਲ ਪਿਆਰ ਨਾਲ ਪੇਸ਼ ਆਉਣ ਲੱਗੇ ਅਤੇ ਇੱਕ ਦੂਜੇ ਨਾਲ ਚੀਜ਼ਾਂ ਸਾਂਝੀਆਂ ਕਰਨ ਲੱਗੇ, ਅਜਿਹਾ ਮੈਂ ਕਦੇ ਨਹੀਂ ਦੇਖਿਆ ਸੀ, ਮੈਂ ਖ਼ੁਦ ਨੂੰ ਬਹੁਤ ਖ਼ੁਸ਼ਕਿਸਤਮਤ ਮਹਿਸੂਸ ਕਰਦੀ ਹਾਂ ਕਿ ਮੈਂ ਉਸ ਅਤਿ ਦੇ ਮਾੜੇ ਅਤੇ ਗੁਰਬਤ ਦੇ ਮਾਹੌਲ ਵਿੱਚ ਵੀ ਸ਼ਾਰਾਜੇਵੋ ਨੂੰ ਸਭ ਤੋਂ ਖੂਬਸੂਰਤ ਸਮੇਂ ਵਿੱਚ ਦੇਖ ਸਕੀ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News